ਟਾਟਾ ਗਰੁੱਪ 'ਚ ਮੁੜ ਛਿੜਿਆ ਵਿਵਾਦ! ਨੋਏਲ ਟਾਟਾ ਨੇ ਐੱਨ. ਚੰਦਰਸ਼ੇਖਰਨ ਦੀ ਮੁੜ ਨਿਯੁਕਤੀ 'ਤੇ ਚੁੱਕੇ ਸਵਾਲ, 7 ਦਿਨਾਂ 'ਚ ਮੰਗੇ ਅਹਿਮ ਦਸਤਾਵੇਜ਼
ਨੋਏਲ ਟਾਟਾ ਨੇ ਟਾਟਾ ਸੰਨਜ਼ ਦੇ ਆਰਟੀਕਲਜ਼ ਆਫ਼ ਐਸੋਸੀਏਸ਼ਨ ਦਾ ਹਵਾਲਾ ਦਿੰਦਿਆਂ ਇਹ ਵੀ ਪੁੱਛਿਆ ਹੈ ਕਿ ਚੇਅਰਮੈਨ ਦੀ ਚੋਣ ਲਈ ਲੋੜੀਂਦੀ ਚੋਣ ਕਮੇਟੀ ਦਾ ਗਠਨ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਦਾ ਦਾਅਵਾ ਹੈ ਕਿ ਕੰਪਨੀ ਦੇ ਨਿਯਮਾਂ ਤਹਿਤ ਕੁਝ ਖ਼ਾਸ ਡਾਇਰੈਕਟਰਾਂ ਦੀ ਸਹਿਮਤੀ ਲਾਜ਼ਮੀ ਸੀ, ਪਰ ਇਸ ਪ੍ਰਕਿਰਿਆ ਨੂੰ ਵੀ ਪੂਰਾ ਨਹੀਂ ਕੀਤਾ ਗਿਆ।
Publish Date: Tue, 27 Oct 2026 03:51 PM (IST)
Updated Date: Tue, 27 Oct 2026 03:54 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ 'ਚ ਲੀਡਰਸ਼ਿਪ ਨੂੰ ਲੈ ਕੇ ਵਿਵਾਦ ਡੂੰਘਾ ਹੁੰਦਾ ਦਿਖਾਈ ਦੇ ਰਿਹਾ ਹੈ। ਨੋਏਲ ਟਾਟਾ ਨੇ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਐੱਨ. ਚੰਦਰਸ਼ੇਖਰਨ ਦੀ ਮੁੜ ਨਿਯੁਕਤੀ ਨੂੰ ਚੁਣੌਤੀ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਸ ਫ਼ੈਸਲੇ 'ਚ ਕਈ ਪ੍ਰਕਿਰਿਆਤਮਕ ਖ਼ਾਮੀਆਂ ਹਨ ਅਤੇ ਸੰਭਾਵਿਤ ਹਿੱਤਾਂ ਦੇ ਟਕਰਾਅ ਨਾਲ ਜੁੜੇ ਸਵਾਲਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਕੰਪਨੀ ਦੇ ਸਕੱਤਰ ਸੁਪ੍ਰਕਾਸ਼ ਮੁਖੋਪਾਧਿਆਏ ਨੂੰ ਭੇਜੇ ਗਏ ਇੱਕ ਪੱਤਰ 'ਚ ਨੋਏਲ ਟਾਟਾ ਨੇ ਸੱਤ ਦਿਨਾਂ ਦੇ ਅੰਦਰ ਕਈ ਅਹਿਮ ਦਸਤਾਵੇਜ਼ ਅਤੇ ਜਾਣਕਾਰੀਆਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਪ੍ਰਸਤਾਵ ਰਾਹੀਂ ਚੰਦਰਸ਼ੇਖਰਨ ਨੂੰ 21 ਫਰਵਰੀ 2027 ਤੋਂ ਅਗਲੇ ਪੰਜ ਸਾਲਾਂ ਲਈ ਮੁੜ ਨਿਯੁਕਤ ਕੀਤਾ ਗਿਆ, ਉਸ ਨੂੰ ਜਾਇਜ਼ ਨਹੀਂ ਮੰਨਿਆ ਜਾ ਸਕਦਾ।
ਨੋਏਲ ਟਾਟਾ ਨੇ ਚੁੱਕੇ ਕਈ ਅਹਿਮ ਸਵਾਲ
ਨੋਏਲ ਟਾਟਾ ਦਾ ਦੋਸ਼ ਹੈ ਕਿ ਬੋਰਡ ਦੀ ਮੀਟਿੰਗ ਦੇ ਮੂਲ ਏਜੰਡੇ ਅਤੇ ਸੋਧੇ ਹੋਏ ਏਜੰਡੇ, ਦੋਵਾਂ 'ਚ ਕਾਰਜਕਾਰੀ ਚੇਅਰਮੈਨ ਦੀ ਮੁੜ ਨਿਯੁਕਤੀ ਨਾਲ ਸਬੰਧਤ ਕਿਸੇ ਪ੍ਰਸਤਾਵ ਦਾ ਸਪੱਸ਼ਟ ਜ਼ਿਕਰ ਨਹੀਂ ਸੀ। ਉਨ੍ਹਾਂ ਮੁਤਾਬਕ, ਏਜੰਡੇ ਦੇ ਆਈਟਮ-7 ਨੂੰ ਸਿਰਫ਼ ਨਾਮਜ਼ਦਗੀ ਅਤੇ ਮਿਹਨਤਾਨਾ ਕਮੇਟੀ (NRC) ਦੀ ਰਿਪੋਰਟ ਜਾਂ ਚਰਚਾ ਵਜੋਂ ਦਰਸਾਇਆ ਗਿਆ ਸੀ, ਪਰ ਇਸੇ ਨੁਕਤੇ ਤਹਿਤ ਮੁੜ ਨਿਯੁਕਤੀ ਦਾ ਪ੍ਰਸਤਾਵ ਪੇਸ਼ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਕਮੇਟੀ ਦੀ ਮੀਟਿੰਗ ਦਾ ਏਜੰਡਾ ਅਤੇ ਕਾਰਵਾਈ ਦਾ ਵੇਰਵਾ (ਮਿੰਟਸ) ਪਹਿਲਾਂ ਹੀ ਡਾਇਰੈਕਟਰਾਂ ਨਾਲ ਸਾਂਝਾ ਨਹੀਂ ਕੀਤਾ ਗਿਆ ਸੀ। ਇਸ ਕਾਰਨ ਫ਼ੈਸਲਾ ਲੈਣ ਦੀ ਪ੍ਰਕਿਰਿਆ ਦੀ ਪਾਰਦਰਸ਼ਤਾ 'ਤੇ ਸਵਾਲ ਖੜ੍ਹੇ ਹੁੰਦੇ ਹਨ।
ਨੋਏਲ ਟਾਟਾ ਨੇ ਟਾਟਾ ਸੰਨਜ਼ ਦੇ ਆਰਟੀਕਲਜ਼ ਆਫ਼ ਐਸੋਸੀਏਸ਼ਨ ਦਾ ਹਵਾਲਾ ਦਿੰਦਿਆਂ ਇਹ ਵੀ ਪੁੱਛਿਆ ਹੈ ਕਿ ਚੇਅਰਮੈਨ ਦੀ ਚੋਣ ਲਈ ਲੋੜੀਂਦੀ ਚੋਣ ਕਮੇਟੀ ਦਾ ਗਠਨ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਦਾ ਦਾਅਵਾ ਹੈ ਕਿ ਕੰਪਨੀ ਦੇ ਨਿਯਮਾਂ ਤਹਿਤ ਕੁਝ ਖ਼ਾਸ ਡਾਇਰੈਕਟਰਾਂ ਦੀ ਸਹਿਮਤੀ ਲਾਜ਼ਮੀ ਸੀ, ਪਰ ਇਸ ਪ੍ਰਕਿਰਿਆ ਨੂੰ ਵੀ ਪੂਰਾ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਕੰਪਨੀ ਸਕੱਤਰ ਵੱਲੋਂ ਬੋਰਡ ਮੀਟਿੰਗ ਦੇ ਅੰਤਿਮ ਮਿੰਟਸ ਤਿਆਰ ਹੋਣ ਤੋਂ ਪਹਿਲਾਂ ਹੀ ਪ੍ਰਸਤਾਵ ਨੂੰ ਪ੍ਰਮਾਣਿਤ ਕਰਨ ਅਤੇ ਕੰਪਨੀ ਰਜਿਸਟਰਾਰ ਕੋਲ ਦਾਖ਼ਲ ਕਰਨ 'ਤੇ ਵੀ ਇਤਰਾਜ਼ ਜਤਾਇਆ ਹੈ।
ਆਪਣੇ ਪੱਤਰ 'ਚ ਨੋਏਲ ਟਾਟਾ ਨੇ 17 ਸਤੰਬਰ ਨੂੰ ਹੋਈ ਬੋਰਡ ਮੀਟਿੰਗ ਦੀ ਮੂਲ ਆਡੀਓ-ਵੀਡੀਓ ਰਿਕਾਰਡਿੰਗ, ਉਸ ਦੀ ਲਿਖਤੀ ਪ੍ਰਤੀ (ਟ੍ਰਾਂਸਕ੍ਰਿਪਟ), ਅੰਤਿਮ ਮਿੰਟਸ, ਹਰੇਕ ਡਾਇਰੈਕਟਰ ਦੇ ਵੋਟਿੰਗ ਰਿਕਾਰਡ ਅਤੇ ਬੋਰਡ ਦੇ ਦਸਤਾਵੇਜ਼ਾਂ 'ਚ ਕੀਤੀਆਂ ਤਬਦੀਲੀਆਂ ਦਾ ਪੂਰਾ ਆਡਿਟ ਟ੍ਰੇਲ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਵਿਵਾਦ ਦਾ ਦੂਜਾ ਪਹਿਲੂ ਹੈਨੋਵਨ ਵੇਅਰਹਾਊਸਿੰਗ (Hanover Warehousing) ਨਾਮ ਦੀ ਕੰਪਨੀ ਨਾਲ ਜੁੜਿਆ ਹੈ। ਨੋਏਲ ਟਾਟਾ ਨੇ ਸਵਾਲ ਉਠਾਇਆ ਹੈ ਕਿ ਇਸ ਕੰਪਨੀ 'ਚ ਐੱਨ. ਚੰਦਰਸ਼ੇਖਰਨ ਦੀ ਪਤਨੀ ਅਤੇ ਪੁੱਤਰ ਡਾਇਰੈਕਟਰ ਹਨ। ਉਨ੍ਹਾਂ ਨੇ ਇਹ ਵੀ ਪੁੱਛਿਆ ਹੈ ਕਿ ਕੀ ਇਨ੍ਹਾਂ ਕਾਰੋਬਾਰੀ ਸਬੰਧਾਂ ਬਾਰੇ ਮੁੜ ਨਿਯੁਕਤੀ 'ਤੇ ਵਿਚਾਰ ਕਰਨ ਤੋਂ ਪਹਿਲਾਂ ਟਾਟਾ ਸੰਨਜ਼ ਦੇ ਬੋਰਡ ਨੂੰ ਜਾਣਕਾਰੀ ਦਿੱਤੀ ਗਈ ਸੀ।
ਵੇਣੂ ਸ਼੍ਰੀਨਿਵਾਸਨ ਦੀ ਭੂਮਿਕਾ 'ਤੇ ਵੀ ਸਵਾਲ
ਨੋਏਲ ਟਾਟਾ ਨੇ ਟੀਵੀਐੱਸ ਮੋਟਰ ਦੇ ਚੇਅਰਮੈਨ ਐਮੇਰਿਟਸ ਅਤੇ ਟਾਟਾ ਸੰਨਜ਼ ਦੀ ਨਾਮਜ਼ਦਗੀ ਤੇ ਮਿਹਨਤਾਨਾ ਕਮੇਟੀ ਦੇ ਮੈਂਬਰ ਵੇਣੂ ਸ਼੍ਰੀਨਿਵਾਸਨ ਦੀ ਭੂਮਿਕਾ 'ਤੇ ਵੀ ਸਵਾਲ ਚੁੱਕੇ ਹਨ। ਨੋਏਲ ਟਾਟਾ ਦਾ ਕਹਿਣਾ ਹੈ ਕਿ ਸ਼੍ਰੀਨਿਵਾਸਨ ਨੇ 3 ਸਤੰਬਰ ਨੂੰ ਹੋਈਆਂ ਚਰਚਾਵਾਂ 'ਚ ਹਿੱਸਾ ਲਿਆ ਅਤੇ ਵੋਟਿੰਗ ਵੀ ਕੀਤੀ। ਉਨ੍ਹਾਂ ਮੁਤਾਬਕ, ਸ਼੍ਰੀਨਿਵਾਸਨ ਨੂੰ ਕਥਿਤ ਕਾਰੋਬਾਰੀ ਸਬੰਧਾਂ ਦਾ ਖ਼ੁਲਾਸਾ ਕਰਨ ਅਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਤੋਂ ਖ਼ੁਦ ਨੂੰ ਵੱਖ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਸੀ।
ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਟਾਟਾ ਗਰੁੱਪ 'ਚ ਲੀਡਰਸ਼ਿਪ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਲੈ ਕੇ ਉੱਠੇ ਸਵਾਲ ਕਾਰਪੋਰੇਟ ਗਵਰਨੈਂਸ ਬਾਰੇ ਬਹਿਸ ਨੂੰ ਹੋਰ ਤੇਜ਼ ਕਰ ਸਕਦੇ ਹਨ। ਫ਼ਿਲਹਾਲ, ਟਾਟਾ ਸੰਨਜ਼ ਵੱਲੋਂ ਇਨ੍ਹਾਂ ਦੋਸ਼ਾਂ ਬਾਰੇ ਕੋਈ ਜਨਤਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।