ਕੱਪੜੇ ਧੋਣਾ ਹੋਇਆ ਮਹਿੰਗਾ: ਸਰਫ ਐਕਸਲ, ਰਿਨ ਤੇ ਵ੍ਹੀਲ ਦੇ ਵਧੇ ਭਾਅ, ਚੈੱਕ ਕਰੋ ਸਾਬਣ ਤੇ ਡਿਟਰਜੈਂਟ ਦੀ ਨਵੀਂ ਰੇਟ ਲਿਸਟ
ਵੱਖ-ਵੱਖ ਪੈਕਟਾਂ ਦੇ ਆਕਾਰ ਦੇ ਆਧਾਰ 'ਤੇ ਕੀਮਤਾਂ 'ਚ ਸੋਧ ਕੀਤੀ ਗਈ ਹੈ। ਇਨ੍ਹਾਂ 'ਚ 1 ਰੁਪਏ ਤੋਂ ਲੈ ਕੇ 10 ਰੁਪਏ ਤੱਕ ਦਾ ਵਾਧਾ ਹੋਇਆ ਹੈ। ਕੰਪਨੀ ਨੇ ਸਰਫ ਐਕਸਲ ਕੁਇੱਕ ਵਾਸ਼ ਦੇ ਇਕ ਕਿਲੋਗ੍ਰਾਮ ਵਾਲੇ ਪੈਕ ਦੀ ਕੀਮਤ 235 ਰੁਪਏ ਤੋਂ ਵਧਾ ਕੇ 245 ਰੁਪਏ ਕਰ ਦਿੱਤੀ ਹੈ।
Publish Date: Tue, 10 Nov 2026 10:32 AM (IST)
Updated Date: Tue, 10 Nov 2026 10:36 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਨੇ ਲਾਗਤ ਦਾ ਦਬਾਅ ਬਣੇ ਰਹਿਣ ਅਤੇ ਮੁਨਾਫ਼ੇ ਦੇ ਮਾਰਜਿਨ ਨੂੰ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਦਰਮਿਆਨ ਆਪਣੇ ਰੋਜ਼ਾਨਾ ਵਰਤੋਂ ਵਾਲੇ ਉਤਪਾਦਾਂ ਦੀ ਸ਼੍ਰੇਣੀ 'ਚ ਸਰਫ ਐਕਸਲ, ਰਿਨ ਅਤੇ ਵ੍ਹੀਲ ਵਰਗੇ ਪ੍ਰਸਿੱਧ ਡਿਟਰਜੈਂਟ ਬ੍ਰਾਂਡਾਂ ਦੇ ਕਈ ਉਤਪਾਦਾਂ ਦੇ ਵੱਧ ਤੋਂ ਵੱਧ ਪ੍ਰਚੂਨ ਮੁੱਲ (MRP) 'ਚ 11 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ।
ਪਿਛਲੇ ਮਹੀਨੇ HUL ਦੀ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਪ੍ਰਿਆ ਨਾਇਰ ਨੇ ਕਿਹਾ ਸੀ ਕਿ ਕੰਪਨੀ ਕੱਚੇ ਮਾਲ ਦੀ ਲਾਗਤ 'ਚ ਉਤਾਰ-ਚੜ੍ਹਾਅ ਦੇ ਆਧਾਰ 'ਤੇ ਕੀਮਤਾਂ 'ਚ ਸੋਚ-ਸਮਝ ਕੇ ਵਾਧਾ ਜਾਰੀ ਰੱਖੇਗੀ। ਉਨ੍ਹਾਂ ਕਿਹਾ ਸੀ ਕਿ ਵਸਤੂਆਂ ਦੀਆਂ ਉੱਚੀਆਂ ਕੀਮਤਾਂ ਕਾਰਨ ਮਹਿੰਗਾਈ ਚੁਣੌਤੀ ਬਣੀ ਹੋਈ ਹੈ, ਹਾਲਾਂਕਿ ਬਾਜ਼ਾਰ 'ਚ ਮੰਗ ਮਜ਼ਬੂਤ ਬਣੀ ਹੋਈ ਹੈ।
ਕਿੰਨੇ ਵਧੇ ਭਾਅ?
ਵੱਖ-ਵੱਖ ਪੈਕਟਾਂ ਦੇ ਆਕਾਰ ਦੇ ਆਧਾਰ 'ਤੇ ਕੀਮਤਾਂ 'ਚ ਸੋਧ ਕੀਤੀ ਗਈ ਹੈ। ਇਨ੍ਹਾਂ 'ਚ 1 ਰੁਪਏ ਤੋਂ ਲੈ ਕੇ 10 ਰੁਪਏ ਤੱਕ ਦਾ ਵਾਧਾ ਹੋਇਆ ਹੈ। ਕੰਪਨੀ ਨੇ ਸਰਫ ਐਕਸਲ ਕੁਇੱਕ ਵਾਸ਼ ਦੇ ਇਕ ਕਿਲੋਗ੍ਰਾਮ ਵਾਲੇ ਪੈਕ ਦੀ ਕੀਮਤ 235 ਰੁਪਏ ਤੋਂ ਵਧਾ ਕੇ 245 ਰੁਪਏ ਕਰ ਦਿੱਤੀ ਹੈ। ਇਸੇ ਤਰ੍ਹਾਂ 500 ਗ੍ਰਾਮ ਵਾਲੇ ਪੈਕ ਦੀ ਕੀਮਤ 123 ਰੁਪਏ ਤੋਂ ਵਧਾ ਕੇ 128 ਰੁਪਏ ਕਰ ਦਿੱਤੀ ਗਈ ਹੈ। ਸਰਫ ਐਕਸਲ ਈਜ਼ੀ ਵਾਸ਼ ਦੇ ਇਕ ਕਿਲੋਗ੍ਰਾਮ ਵਾਲੇ ਪੈਕ ਦੀ ਕੀਮਤ 167 ਰੁਪਏ ਤੋਂ 5 ਰੁਪਏ ਵਧਾ ਕੇ 172 ਰੁਪਏ ਅਤੇ 500 ਗ੍ਰਾਮ ਵਾਲੇ ਪੈਕ ਦੀ ਕੀਮਤ 85 ਰੁਪਏ ਤੋਂ ਵਧਾ ਕੇ 87 ਰੁਪਏ ਕਰ ਦਿੱਤੀ ਗਈ ਹੈ।
ਨਵੀਂ ਰੇਟ ਲਿਸਟ
- ਸਰਫ ਐਕਸਲ ਸਾਬਣ (250 ਗ੍ਰਾਮ) ਦੀ ਕੀਮਤ 3 ਰੁਪਏ ਵਧਾ ਕੇ 45 ਰੁਪਏ ਕਰ ਦਿੱਤੀ ਗਈ ਹੈ।
- 200-200 ਗ੍ਰਾਮ ਦੇ ਚਾਰ ਸਾਬਣਾਂ ਵਾਲੇ ਪੈਕ ਦੀ ਕੀਮਤ 10 ਰੁਪਏ ਵਧਾ ਕੇ 155 ਰੁਪਏ ਕਰ ਦਿੱਤੀ ਗਈ ਹੈ।
- ਰਿਨ ਆਲਾ (500 ਮਿਲੀਲੀਟਰ) ਦੀ ਕੀਮਤ 5 ਰੁਪਏ ਵਧਾ ਕੇ 95 ਰੁਪਏ ਕਰ ਦਿੱਤੀ ਗਈ ਹੈ।
- ਰਿਨ ਡਿਟਰਜੈਂਟ ਪਾਊਡਰ ਦੇ ਇਕ ਕਿਲੋਗ੍ਰਾਮ ਅਤੇ 500 ਗ੍ਰਾਮ ਵਾਲੇ ਪੈਕ ਦੀਆਂ ਕੀਮਤਾਂ ਕ੍ਰਮਵਾਰ 3 ਰੁਪਏ ਅਤੇ 2 ਰੁਪਏ ਵਧਾ ਕੇ 123 ਰੁਪਏ ਅਤੇ 63 ਰੁਪਏ ਕਰ ਦਿੱਤੀਆਂ ਗਈਆਂ ਹਨ।
- ਵ੍ਹੀਲ ਡਿਟਰਜੈਂਟ ਪਾਊਡਰ ਦੇ ਇਕ ਕਿਲੋਗ੍ਰਾਮ ਵਾਲੇ ਪੈਕ ਦੀ ਕੀਮਤ 3 ਰੁਪਏ ਵਧਾ ਕੇ 93 ਰੁਪਏ ਕਰ ਦਿੱਤੀ ਗਈ ਹੈ।
- ਵ੍ਹੀਲ ਡਿਟਰਜੈਂਟ ਪਾਊਡਰ ਦੇ 500 ਗ੍ਰਾਮ ਵਾਲੇ ਪੈਕ ਦੀ ਕੀਮਤ 46 ਰੁਪਏ ਤੋਂ ਵਧਾ ਕੇ 47 ਰੁਪਏ ਕਰ ਦਿੱਤੀ ਗਈ ਹੈ।
- HUL ਨੇ ਮੋਤੀ ਗੁਲਾਬ ਸਾਬਣ (150 ਗ੍ਰਾਮ) ਦੀ ਕੀਮਤ ਵੀ 74 ਰੁਪਏ ਤੋਂ ਵਧਾ ਕੇ 82 ਰੁਪਏ ਕਰ ਦਿੱਤੀ ਹੈ। ਇਸ ਦੀ ਕੀਮਤ 'ਚ 10 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ।
ਇਹ ਕੀਮਤਾਂ ਅਜਿਹੇ ਸਮੇਂ ਵਧਾਈਆਂ ਗਈਆਂ ਹਨ, ਜਦੋਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਬਣਾਉਣ ਵਾਲੀਆਂ ਕੰਪਨੀਆਂ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਦੇ ਪ੍ਰਭਾਵ ਨਾਲ ਨਜਿੱਠਣ ਲਈ ਵੱਖ-ਵੱਖ ਉਤਪਾਦ ਸ਼੍ਰੇਣੀਆਂ 'ਚ ਕੀਮਤਾਂ 'ਚ ਬਦਲਾਅ ਕਰ ਰਹੀਆਂ ਹਨ। ਇਸ ਦੇ ਨਾਲ ਹੀ ਕੰਪਨੀਆਂ ਮੁਕਾਬਲੇਬਾਜ਼ੀ ਵਾਲੇ ਬਾਜ਼ਾਰ 'ਚ ਵਿਕਰੀ ਦੀ ਮਾਤਰਾ 'ਚ ਵਾਧਾ ਬਰਕਰਾਰ ਰੱਖਣ ਦੀ ਵੀ ਕੋਸ਼ਿਸ਼ ਕਰ ਰਹੀਆਂ ਹਨ।