ਬੰਦ ਉਡਾਣਾਂ ਦੀਆਂ ਵੀ ਟਿਕਟਾਂ ਵੇਚ ਰਹੀ SpiceJet, 74% ਫਲਾਈਟਾਂ ਰੱਦ; ਫਿਰ ਵੀ ਧੜੱਲੇ ਨਾਲ ਹੋ ਰਹੀ ਬੁਕਿੰਗ
Spicejet ਦੀਵਾਲੀਆ ਹੋਣ ਦੀ ਕਗਾਰ 'ਤੇ ਹੈ। ਕੰਪਨੀ ਦੇ ਪ੍ਰਮੋਟਰ ਨੇ 5,500 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਤਿਆਰ ਕੀਤੀ ਹੈ, ਪਰ ਹੁਣ ਤੱਕ ਕਿਸੇ ਵੀ ਨਿਵੇਸ਼ਕ ਨੇ ਪੈਸਾ ਲਗਾਉਣ 'ਚ ਦਿਲਚਸਪੀ ਨਹੀਂ ਦਿਖਾਈ ਹੈ। ਦੁਬਈ ਹਵਾਈ ਅੱਡੇ 'ਤੇ ਸਪਾਈਸਜੈੱਟ ਦੀ ਚੈੱਕ-ਇਨ ਸਹੂਲਤ ਬੰਦ ਕਰ ਦਿੱਤੀ ਗਈ ਹੈ।
Publish Date: Sun, 22 Nov 2026 02:50 PM (IST)
Updated Date: Sun, 22 Nov 2026 02:53 PM (IST)
ਬਿਜ਼ਨੈੱਸ ਡੈਸਕ : ਸਪਾਈਸਜੈੱਟ ਏਅਰਲਾਈਨ ਇਸ ਸਮੇਂ ਸੰਕਟ ਨਾਲ ਜੂਝ ਰਹੀ ਹੈ। ਕੰਪਨੀ 'ਤੇ 4,200 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਹੁਣ ਇਸ ਕੋਲ ਸਿਰਫ਼ 13 ਉਡਾਣਾਂ ਹੀ ਬਚੀਆਂ ਹਨ ਜੋ ਚੱਲ ਰਹੀਆਂ ਹਨ। ਹਰ ਰੋਜ਼ ਸਪਾਈਸਜੈੱਟ ਦੀਆਂ ਫਲਾਈਟਾਂ ਰੱਦ ਹੋ ਰਹੀਆਂ ਹਨ ਤੇ ਕਈ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ। ਬਕਾਇਆ ਰਕਮ ਕਾਰਨ ਕਈ ਹਵਾਈ ਅੱਡਿਆਂ 'ਤੇ ਟੇਕ-ਆਫ ਅਤੇ ਲੈਂਡਿੰਗ ਦੀ ਇਜਾਜ਼ਤ ਨਹੀਂ ਮਿਲ ਰਹੀ, ਜਿਸ ਕਾਰਨ ਸਪਾਈਸਜੈੱਟ ਦੀਆਂ ਉਡਾਣਾਂ ਰੱਦ ਹੋ ਰਹੀਆਂ ਹਨ। ਪਰ ਟਿਕਟਾਂ ਦੀ ਬੁਕਿੰਗ ਅਜੇ ਤੱਕ ਬੰਦ ਨਹੀਂ ਕੀਤੀ ਗਈ ਹੈ। ਫਲਾਈਟਾਂ ਉਡਾਣ ਭਰਨਗੀਆਂ ਜਾਂ ਨਹੀਂ, ਇਹ ਪਤਾ ਹੀ ਨਹੀਂ ਹੈ, ਪਰ ਟਿਕਟਾਂ ਦੀ ਵਿਕਰੀ ਜਾਰੀ ਹੈ।
ਸਪਾਈਸਜੈੱਟ ਦੀਵਾਲੀਆ ਹੋਣ ਦੀ ਕਗਾਰ 'ਤੇ ਹੈ। ਕੰਪਨੀ ਦੇ ਪ੍ਰਮੋਟਰ ਨੇ 5,500 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਤਿਆਰ ਕੀਤੀ ਹੈ, ਪਰ ਹੁਣ ਤੱਕ ਕਿਸੇ ਵੀ ਨਿਵੇਸ਼ਕ ਨੇ ਪੈਸਾ ਲਗਾਉਣ 'ਚ ਦਿਲਚਸਪੀ ਨਹੀਂ ਦਿਖਾਈ ਹੈ। ਦੁਬਈ ਹਵਾਈ ਅੱਡੇ 'ਤੇ ਸਪਾਈਸਜੈੱਟ ਦੀ ਚੈੱਕ-ਇਨ ਸਹੂਲਤ ਬੰਦ ਕਰ ਦਿੱਤੀ ਗਈ ਹੈ। ਮੁੰਬਈ, ਦਿੱਲੀ ਅਤੇ ਬੈਂਗਲੁਰੂ ਦੀਆਂ 74% ਉਡਾਣਾਂ ਰੱਦ ਹਨ। ਅਜਿਹੇ 'ਚ ਜਦੋਂ ਇਹ ਤੈਅ ਹੀ ਨਹੀਂ ਹੈ ਕਿ ਫਲਾਈਟ ਟੇਕ-ਆਫ ਕਰੇਗੀ ਜਾਂ ਨਹੀਂ, ਤਾਂ ਟਿਕਟਾਂ ਦੀ ਬੁਕਿੰਗ ਜਾਰੀ ਰੱਖਣਾ ਯਾਤਰੀਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।
ਫਲਾਈਟਾਂ ਰੱਦ ਹੋਣ ਜਾਂ ਦੇਰੀ ਨਾਲ ਚੱਲਣ ਕਾਰਨ ਯਾਤਰੀ ਹਵਾਈ ਅੱਡਿਆਂ 'ਤੇ ਪਰੇਸ਼ਾਨ ਹੋ ਰਹੇ ਹਨ, ਜਿਸ ਨਾਲ ਭਾਰੀ ਭੀੜ ਇਕੱਠੀ ਹੋ ਰਹੀ ਹੈ। ਟਿਕਟਾਂ ਦੇ ਰਿਫੰਡ ਲਈ ਵੀ ਤੁਹਾਨੂੰ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਜਿਹੇ 'ਚ ਸਵਾਲ ਉੱਠ ਰਿਹਾ ਹੈ ਕਿ ਸਪਾਈਸਜੈੱਟ ਦੀਆਂ ਲਗਾਤਾਰ ਉਡਾਣਾਂ ਰੱਦ ਹੋਣ ਦੇ ਬਾਵਜੂਦ ਏਅਰਲਾਈਨ ਦੀ ਟਿਕਟ ਬੁਕਿੰਗ ਸਹੂਲਤ ਜਾਰੀ ਕਿਉਂ ਰੱਖੀ ਗਈ ਹੈ।
ਸਪਾਈਸਜੈੱਟ ਦੀ ਵੈੱਬਸਾਈਟ 'ਤੇ ਦਿੱਲੀ-ਦੁਬਈ ਅਤੇ ਦਿੱਲੀ-ਮੁੰਬਈ ਦੀਆਂ 24 ਨਵੰਬਰ ਦੀਆਂ ਉਡਾਣਾਂ ਦੀ ਬੁਕਿੰਗ ਬਿਨਾਂ ਕਿਸੇ ਚਿਤਾਵਨੀ ਦੇ ਆਸਾਨੀ ਨਾਲ ਹੋ ਰਹੀ ਹੈ, ਜਦਕਿ ਇਸ ਰੂਟ 'ਤੇ ਸਪਾਈਸਜੈੱਟ ਦੀ ਸਥਿਤੀ ਸਭ ਤੋਂ ਵੱਧ ਗੰਭੀਰ ਹੈ। ਹੁਣ ਤੱਕ ਇਸ ਰੂਟ 'ਤੇ ਸਪਾਈਸਜੈੱਟ ਦੀਆਂ 8 ਤੋਂ ਵੱਧ ਫਲਾਈਟਾਂ ਰੱਦ ਹੋ ਚੁੱਕੀਆਂ ਹਨ।
ਏਵੀਏਸ਼ਨ ਪੱਤਰਕਾਰ ਅਰਿੰਦਮ ਮਜੂਮਦਾਰ ਨੇ ਟਵੀਟ ਕੀਤਾ ਹੈ ਕਿ, "ਇਹ ਸਿਰਫ਼ ਇੱਕ ਉਦਾਹਰਨ ਹੈ ਕਿ ਸਪਾਈਸਜੈੱਟ ਹੁਣ ਕਿਵੇਂ ਗ਼ਲਤ ਤਰੀਕੇ ਨਾਲ ਯਾਤਰੀਆਂ ਤੋਂ ਪੈਸੇ ਕਮਾ ਰਹੀ ਹੈ। SG-5060 ਪਿਛਲੇ 7 ਦਿਨਾਂ ਤੋਂ ਦੁਬਈ ਲਈ ਉਡਾਣ ਨਹੀਂ ਭਰ ਰਹੀ, ਕਿਉਂਕਿ ਭੁਗਤਾਨ 'ਚ ਡਿਫਾਲਟ ਕਾਰਨ ਦੁਬਈ ਹਵਾਈ ਅੱਡੇ ਨੇ ਇਸ ਦਾ ਸੰਚਾਲਨ ਮੁਅੱਤਲ ਕਰ ਦਿੱਤਾ ਹੈ।" ਉਨ੍ਹਾਂ ਅੱਗੇ ਕਿਹਾ, "ਅਜਿਹੀਆਂ ਕਈ ਫਲਾਈਟਾਂ ਵਿਕਰੀ ਲਈ ਖੁੱਲ੍ਹੀਆਂ ਹਨ, ਜਿਨ੍ਹਾਂ ਨੂੰ ਏਅਰਲਾਈਨ ਚਲਾਉਣ ਦਾ ਇਰਾਦਾ ਹੀ ਨਹੀਂ ਰੱਖਦੀ ਸੀ।"
ਇੱਕ ਉਦਯੋਗਪਤੀ ਸੰਜੇ ਬਾਫਨਾ ਨੇ ਟਵੀਟ ਕਰਕੇ ਦੱਸਿਆ ਕਿ ਰੋਜ਼ਾਨਾ ਲਗਭਗ 15 ਫਲਾਈਟਾਂ ਚਲਾਉਣ ਦੇ ਬਾਵਜੂਦ, ਸਪਾਈਸਜੈੱਟ ਆਪਣੇ ਪੂਰੇ ਪ੍ਰਕਾਸ਼ਿਤ ਸਮਾਂ-ਸਾਰਣੀ ਮੁਤਾਬਕ ਟਿਕਟਾਂ ਵੇਚ ਰਹੀ ਸੀ।
ਇੱਕ ਹੋਰ ਪਰੇਸ਼ਾਨ ਯਾਤਰੀ ਨੇ ਸ਼ਿਕਾਇਤ ਕੀਤੀ ਕਿ "ਉਹ ਵੀ ਇਸੇ ਜਾਲ 'ਚ ਫਸ ਗਿਆ ਸੀ"। ਯੂਜ਼ਰ ਸ਼ਿਵ ਕੁਮਾਰ ਨੇ ਕਿਹਾ, "ਸਪਾਈਸਜੈੱਟ ਨੇ ਮੇਰੀ SG-720 ਫਲਾਈਟ ਦੋ ਵਾਰ ਰੱਦ ਕਰ ਦਿੱਤੀ, ਜਿਸ ਕਾਰਨ ਮੇਰਾ ਪਰਿਵਾਰ ਫਸ ਗਿਆ। ਉਹ X 'ਤੇ ਚੁੱਪ ਰਹਿੰਦੇ ਹਨ, ਹੈਲਪਲਾਈਨ ਬੰਦ ਹਨ, ਜਦਕਿ OTA ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦਾ ਹੈ।"