ਬ੍ਰੀਚ ਕੈਂਡੀ 'ਚ ਸਥਿਤ JK House ਇਕ 30-ਮੰਜ਼ਿਲਾ ਆਲੀਸ਼ਾਨ ਇਮਾਰਤ ਹੈ ਜਦੋਂਕਿ ਮੁਕੇਸ਼ ਅੰਬਾਨੀ ਦੇ 'ਐਂਟੀਲੀਆ' 'ਚ 27 ਫ਼ਲੋਰ ਹਨ। ਜੇਕੇ ਹਾਊਸ ਦੀ ਕੀਮਤ ਲਗਪਗ ₹6,000 ਕਰੋੜ ਹੈ ਅਤੇ ਇਹ ਰੇਮੰਡ ਗਰੁੱਪ ਦੇ ਚੇਅਰਮੈਨ ਗੌਤਮ ਸਿੰਘਾਨੀਆ ਦੀ ਜਾਇਦਾਦ ਹੈ।

ਨਵੀਂ ਦਿੱਲੀ: ਰੇਮੰਡ ਗਰੁੱਪ ਦੇ ਸਾਬਕਾ ਚੇਅਰਮੈਨ ਵਿਜੈਪਤ ਸਿੰਘਾਨੀਆ ਦਾ 28 ਮਾਰਚ 2026 ਨੂੰ ਮੁੰਬਈ 'ਚ 87 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ 29 ਮਾਰਚ, 2026 ਨੂੰ ਚੰਦਨਵਾੜੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਦੱਸ ਦੇਈਏ ਕਿ ਉਨ੍ਹਾਂ ਖ਼ੁਦ ਨੂੰ ਇਕ ਅਜਿਹੇ ਕਾਰੋਬਾਰੀ ਵਜੋਂ ਸਥਾਪਿਤ ਕੀਤਾ ਜਿਸ ਨੇ ਟੈਕਸਟਾਈਲ ਦਾ ਇਕ ਵਿਸ਼ਾਲ ਸਾਮਰਾਜ ਖੜ੍ਹਾ ਕੀਤਾ। ਦੌਲਤ ਕਮਾਉਣ ਤੋਂ ਲੈ ਕੇ ਆਪਣੇ ਬੇਟੇ ਗੌਤਮ ਸਿੰਘਾਨੀਆ ਨਾਲ ਵਿਵਾਦਾਂ ਤਕ, ਉਨ੍ਹਾਂ ਦਾ ਇਹ ਸਫ਼ਰ ਉਚਾਈਆਂ ਤੇ ਸੰਘਰਸ਼ ਭਰਿਆ ਰਿਹਾ। ਉਨ੍ਹਾਂ ਦੇ ਪਰਿਵਾਰ ਕੋਲ ਭਾਰਤ ਦਾ ਦੂਜਾ ਸਭ ਤੋਂ ਮਹਿੰਗਾ ਘਰ ਵੀ ਹੈ ਜਿਸ ਨੂੰ ਲੈ ਕੇ ਕਾਫੀ ਵਿਵਾਦ ਰਿਹਾ।
ਮੁੰਬਈ ਦੇ ਬ੍ਰੀਚ ਕੈਂਡੀ 'ਚ ਸਥਿਤ 'ਜੇਕੇ ਹਾਊਸ' (JK House) ਇਕ 30-ਮੰਜ਼ਿਲਾ ਆਲੀਸ਼ਾਨ ਇਮਾਰਤ ਹੈ ਜਦੋਂਕਿ ਮੁਕੇਸ਼ ਅੰਬਾਨੀ ਦੇ 'ਐਂਟੀਲੀਆ' 'ਚ 27 ਫ਼ਲੋਰ ਹਨ। ਜੇਕੇ ਹਾਊਸ ਦੀ ਕੀਮਤ ਲਗਪਗ ₹6,000 ਕਰੋੜ ਹੈ ਅਤੇ ਇਹ ਰੇਮੰਡ ਗਰੁੱਪ ਦੇ ਚੇਅਰਮੈਨ ਗੌਤਮ ਸਿੰਘਾਨੀਆ ਦੀ ਜਾਇਦਾਦ ਹੈ। ਇਹ ਭਾਰਤ ਦਾ ਦੂਜਾ ਸਭ ਤੋਂ ਮਹਿੰਗਾ ਰਿਹਾਇਸ਼ੀ ਘਰ ਹੈ, ਜਿਸ ਵਿਚ ਇਕ ਪ੍ਰਾਈਵੇਟ ਹੈਲੀਪੈਡ ਤੇ ਕਾਰਾਂ ਲਈ 5 ਮੰਜ਼ਿਲਾਂ ਹਨ। ਇਸੇ ਪ੍ਰਾਪਰਟੀ ਨੂੰ ਲੈ ਕੇ ਪਿਤਾ ਵਿਜੈਪਤ ਅਤੇ ਪੁੱਤਰ ਗੌਤਮ ਵਿਚਾਲੇ ਵਿਵਾਦ ਰਿਹਾ।
ਜੇਕੇ ਹਾਊਸ ਨੂੰ ਦੁਬਾਰਾ ਬਣਾਉਣ ਤੋਂ ਪਹਿਲਾਂ, ਇਹ 1960 ਦੇ ਦਹਾਕੇ 'ਚ ਬ੍ਰੀਚ ਕੈਂਡੀ 'ਚ 1 ਏਕੜ ਜ਼ਮੀਨ 'ਤੇ ਬਣੀ 14-ਮੰਜ਼ਿਲਾ ਇਮਾਰਤ ਸੀ। ਇਹ ਸਿੰਘਾਨੀਆ ਪਰਿਵਾਰ ਦੇ ਰਹਿਣ ਤੇ ਦਫ਼ਤਰ ਵਜੋਂ ਵਰਤੀ ਜਾਂਦੀ ਸੀ, ਪਰ 2007 ਤਕ ਇਸ ਨੂੰ ਢਾਂਚਾਗਤ ਪੱਖੋਂ ਅਸੁਰੱਖਿਅਤ ਪਾਇਆ ਗਿਆ, ਜਿਸ ਤੋਂ ਬਾਅਦ ਇਸ ਨੂੰ ਦੁਬਾਰਾ ਬਣਾਉਣ ਦਾ ਫ਼ੈਸਲਾ ਲਿਆ ਗਿਆ।
ਜੇਕੇ ਹਾਊਸ ਬਣਨ 'ਤੇ ਵਿਜੈਪਤ ਸਿੰਘਾਨੀਆ ਨੂੰ ਇਸ ਵਿਚ ਇੱਕ ਡੁਪਲੈਕਸ ਅਪਾਰਟਮੈਂਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਰਿਪੋਰਟਾਂ ਅਨੁਸਾਰ ਵਿਜੈਪਤ ਨੇ ਦਾਅਵਾ ਕੀਤਾ ਸੀ ਕਿ ਉਹ ਘਰ ਵਿਚ ਦਾਖਲ ਨਹੀਂ ਹੋ ਸਕੇ। ਉਨ੍ਹਾਂ ਨੇ ਇਸ ਦਾ ਦੋਸ਼ ਆਪਣੇ ਪੁੱਤਰ 'ਤੇ ਲਾਇਆ ਸੀ। ਨਤੀਜੇ ਵਜੋਂ ਕਾਨੂੰਨੀ ਕਾਰਵਾਈ ਸ਼ੁਰੂ ਹੋਈ ਜੋ ਅਦਾਲਤ ਤਕ ਪਹੁੰਚੀ।
ਇਸ ਘਰ ਦੀ ਆਰਕੀਟੈਕਟ 'ਤਲਾਤੀ ਪੰਥਕੀ ਐਸੋਸੀਏਟਸ' ਸੀ। ਇਸ ਘਰ ਦੀ ਦਿੱਖ ਕੁਝ ਹੱਦ ਤਕ ਐਂਟੀਲੀਆ ਨਾਲ ਮਿਲਦੀ-ਜੁਲਦੀ ਹੈ, ਪਰ ਵੱਡਾ ਫਰਕ ਇਹ ਹੈ ਕਿ ਜੇਕੇ ਹਾਊਸ ਨੂੰ 'ਵ੍ਹਾਈਟ ਥੀਮ' 'ਤੇ ਤਿਆਰ ਕੀਤਾ ਗਿਆ ਹੈ। 145 ਮੀਟਰ ਉੱਚੀ ਇਹ ਇਮਾਰਤ 1.45 ਲੱਖ ਵਰਗ ਫੁੱਟ ਵਿੱਚ ਫੈਲੀ ਹੋਈ ਹੈ।