AI Guidelines: ਨਿਵੇਸ਼ਕਾਂ ਦੇ ਪੈਸੇ ਦੀ ਸੁਰੱਖਿਆ ਲਈ SEBI ਦਾ ਵੱਡਾ ਕਦਮ, AI ਮਾਡਲਾਂ ਦੀ ਜਵਾਬਦੇਹੀ ਹੋਵੇਗੀ ਤੈਅ ਪ੍ਰਸਤਾਵਿਤ ਦਿਸ਼ਾ-ਨਿਰਦੇਸ਼ਾਂ ਤਹਿਤ ਬਾਜ਼ਾਰ ਦੇ ਭਾਈਵਾਲਾਂ ਵੱਲੋਂ ਏਆਈ ਅਪਣਾਉਣ ਲਈ ਢੁਕਵੇਂ ਸੁਰੱਖਿਆ ਉਪਾਅ ਤੈਅ ਕੀਤੇ ਜਾਣਗੇ। ਇਨ੍ਹਾਂ ਵਿਚ ਲਾਜ਼ਮੀ ਜਾਣਕਾਰੀ ਦੇਣ, ਨਿਯਮਾਂ ਅਧੀਨ ਆਉਣ ਵਾਲੀਆਂ ਸੰਸਥਾਵਾਂ ਦੀ ਜਵਾਬਦੇਹੀ ਅਤੇ ਇਹ ਯਕੀਨੀ ਬਣਾਉਣ ਲਈ ‘ਮਨੁੱਖੀ ਨਿਗਰਾਨੀ’ ਦੀ ਵਿਵਸਥਾ ਸ਼ਾਮਲ ਹੋਵੇਗੀ ਕਿ ਅਹਿਮ ਫ਼ੈਸਲੇ ਮਨੁੱਖਾਂ ਦੀ ਦੇਖ-ਰੇਖ ਹੇਠ ਹੀ ਲਏ ਜਾਣ।
Publish Date: Tue, 17 Nov 2026 10:46 AM (IST)
Updated Date: Tue, 17 Nov 2026 10:48 AM (IST)
ਨਵੀਂ ਦਿੱਲੀ (ਆਈਏਐੱਨਐੱਸ) : ਬਾਜ਼ਾਰਾਂ ਦੇ ਰੈਗੂਲੇਟਰ ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਵੱਲੋਂ ਪੂੰਜੀ ਬਾਜ਼ਾਰਾਂ ਵਿਚ ਆਰਟੀਫ਼ੀਸ਼ਲ ਇੰਟੈਲੀਜੈਂਸ (ਏਆਈ) ਦੀ ਜ਼ਿੰਮੇਵਾਰ ਵਰਤੋਂ ਬਾਰੇ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਜਲਦੀ ਜਾਰੀ ਕੀਤੇ ਜਾਣਗੇ। ਚੇਅਰਮੈਨ ਤੁਹਿਨ ਕਾਂਤਾ ਪਾਂਡੇ ਨੇ ਕਿਹਾ ਕਿ ਇਨ੍ਹਾਂ ਵਿਚ ਨਿਵੇਸ਼ਕਾਂ ਦੀ ਸੁਰੱਖਿਆ, ਜਵਾਬਦੇਹੀ ਅਤੇ ਮਨੁੱਖੀ ਨਿਗਰਾਨੀ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ।
ਪ੍ਰਸਤਾਵਿਤ ਦਿਸ਼ਾ-ਨਿਰਦੇਸ਼ਾਂ ਤਹਿਤ ਬਾਜ਼ਾਰ ਦੇ ਭਾਈਵਾਲਾਂ ਵੱਲੋਂ ਏਆਈ ਅਪਣਾਉਣ ਲਈ ਢੁਕਵੇਂ ਸੁਰੱਖਿਆ ਉਪਾਅ ਤੈਅ ਕੀਤੇ ਜਾਣਗੇ। ਇਨ੍ਹਾਂ ਵਿਚ ਲਾਜ਼ਮੀ ਜਾਣਕਾਰੀ ਦੇਣ, ਨਿਯਮਾਂ ਅਧੀਨ ਆਉਣ ਵਾਲੀਆਂ ਸੰਸਥਾਵਾਂ ਦੀ ਜਵਾਬਦੇਹੀ ਅਤੇ ਇਹ ਯਕੀਨੀ ਬਣਾਉਣ ਲਈ ‘ਮਨੁੱਖੀ ਨਿਗਰਾਨੀ’ ਦੀ ਵਿਵਸਥਾ ਸ਼ਾਮਲ ਹੋਵੇਗੀ ਕਿ ਅਹਿਮ ਫ਼ੈਸਲੇ ਮਨੁੱਖਾਂ ਦੀ ਦੇਖ-ਰੇਖ ਹੇਠ ਹੀ ਲਏ ਜਾਣ।
ਭਾਰਤ ਵਪਾਰ ਪ੍ਰੋਤਸਾਹਨ ਸੰਗਠਨ (ਆਈਟੀਪੀਓ) ਵੱਲੋਂ ਕਰਵਾਏ ਜਾ ਰਹੇ 45ਵੇਂ ਭਾਰਤ ਕੌਮਾਂਤਰੀ ਵਪਾਰ ਮੇਲੇ (ਆਈਆਈਟੀਐੱਫ) 2026 ਵਿਚ ਸੇਬੀ ਦੇ ਪੈਵੇਲੀਅਨ ਦੇ ਉਦਘਾਟਨ ਮੌਕੇ ਪਾਂਡੇ ਨੇ ਕਿਹਾ ਕਿ ਰੈਗੂਲੇਟਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ ਕਿ ਤਕਨੀਕੀ ਨਵੀਨਤਾ ਨਾਲ ਬਾਜ਼ਾਰ ਦੀ ਭਰੋਸੇਯੋਗਤਾ, ਨਿਵੇਸ਼ਕਾਂ ਦੀ ਸੁਰੱਖਿਆ ਜਾਂ ਵਿੱਤੀ ਸਥਿਰਤਾ ਨਾਲ ਸਮਝੌਤਾ ਨਾ ਹੋਵੇ।
ਜੂਨ 2025 ਵਿਚ ਸੇਬੀ ਨੇ ਪ੍ਰਤੀਭੂਤੀ ਬਾਜ਼ਾਰ ਵਿਚ ਆਰਟੀਫ਼ੀਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ (ਐੱਮਐੱਲ) ਐਪਲੀਕੇਸ਼ਨਾਂ ਤੇ ਮਾਡਲਾਂ ਦੀ ਜ਼ਿੰਮੇਵਾਰ ਵਰਤੋਂ ਲਈ ਸੇਧਾਂ ਦਾ ਪ੍ਰਸਤਾਵ ਰੱਖਦਿਆਂ ਸਲਾਹ-ਮਸ਼ਵਰੇ ਲਈ ਇਕ ਪੇਪਰ ਜਾਰੀ ਕੀਤਾ ਸੀ। ਇਸ ਢਾਂਚੇ ਦਾ ਮਕਸਦ ਉਭਰਦੀਆਂ ਤਕਨੀਕਾਂ ਦੇ ਲਾਭ ਵਧਾਉਣਾ ਅਤੇ ਉਨ੍ਹਾਂ ਨਾਲ ਜੁੜੇ ਖ਼ਤਰਿਆਂ ਨੂੰ ਘੱਟ ਕਰਨਾ ਹੈ।
ਵਿੱਤੀ ਖੇਤਰ ਸਾਹਮਣੇ ਵਧ ਰਹੀਆਂ ਸਾਈਬਰ ਸੁਰੱਖਿਆ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਪਾਂਡੇ ਨੇ ਕਿਹਾ ਕਿ ਸੇਬੀ ਨਵੇਂ ਖ਼ਤਰਿਆਂ ਨਾਲ ਨਜਿੱਠਣ ਲਈ ਆਪਣੇ ਸਾਈਬਰ ਸੁਰੱਖਿਆ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਇਨ੍ਹਾਂ ਖ਼ਤਰਿਆਂ ਵਿਚ ਵਿੱਤੀ ਸੰਸਥਾਵਾਂ ਅਤੇ ਕ੍ਰਿਪਟੋਕਰੰਸੀ ਪਲੇਟਫਾਰਮਾਂ ’ਤੇ ਸਾਈਬਰ ਹਮਲੇ, ਨਾਲ ਹੀ ਸੋਸ਼ਲ ਮੀਡੀਆ ਪ੍ਰਭਾਵਕਾਂ ਨਾਲ ਜੁੜੇ ਡਿਜੀਟਲ ਧੋਖਾਧੜੀ ਦੇ ਮਾਮਲੇ ਸ਼ਾਮਲ ਹਨ।
ਸਾਈਬਰ ਸੁਰੱਖਿਆ ਘਟਨਾਵਾਂ ਦੀ ਰਿਪੋਰਟਿੰਗ ਅਤੇ ਮੈਨੇਜਮੈਂਟ ਨੂੰ ਬਿਹਤਰ ਬਣਾਉਣ ਲਈ ਰੈਗੂਲੇਟਰ ਨੇ ਇਸ ਸਾਲ ਮਈ ਵਿਚ ਇਕ ਸੁਚੱਜਾ ਘਟਨਾ-ਜਵਾਬੀ ਪ੍ਰਬੰਧ ਸ਼ੁਰੂ ਕੀਤਾ ਸੀ। ਇਹ ਵਿੱਤੀ ਸਥਿਰਤਾ ਬੋਰਡ ਦੇ ਫਾਇਰ ਰਿਪੋਰਟਿੰਗ ਫਾਰਮੈਟ ਮੁਤਾਬਕ ਹੈ।
ਕੁਆਂਟਮ ਕੰਪਿਊਟਿੰਗ ਨਾਲ ਜੁੜੇ ਸੰਭਾਵੀ ਖ਼ਤਰਿਆਂ ਬਾਰੇ ਸੇਬੀ ਚੇਅਰਮੈਨ ਨੇ ਕਿਹਾ ਕਿ ਰੈਗੂਲੇਟਰ ਕ੍ਰਿਪਟੋਗ੍ਰਾਫ਼ਿਕ ਪ੍ਰਣਾਲੀਆਂ ਦੀ ਸੂਚੀ ਤਿਆਰ ਕਰ ਰਿਹਾ ਹੈ ਅਤੇ ਇਹ ਪਤਾ ਲਾ ਰਿਹਾ ਹੈ ਕਿ ਕਿਹੜੇ ਖੇਤਰਾਂ ਵਿਚ ਕ੍ਰਿਪਟੋਗ੍ਰਾਫ਼ੀ ਵਰਤੀ ਜਾ ਰਹੀ ਹੈ, ਤਾਂ ਜੋ ਸੰਭਾਵੀ ਕਮਜ਼ੋਰੀਆਂ ਦਾ ਮੁਲਾਂਕਣ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਬਾਜ਼ਾਰ ਕੁਆਂਟਮ ਕੰਪਿਊਟਿੰਗ ਕਾਰਨ ਪੈਦਾ ਹੋਣ ਵਾਲੀਆਂ ਸੁਰੱਖਿਆ ਚੁਣੌਤੀਆਂ ਲਈ ਤਿਆਰੀ ਕਰ ਰਹੇ ਹਨ ਅਤੇ ਇਹ ਖ਼ਤਰੇ 2032 ਤੋਂ 2035 ਦੇ ਨੇੜੇ ਹੋਰ ਗੰਭੀਰ ਹੋ ਸਕਦੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਲੋੜੀਂਦੀਆਂ ਤਿਆਰੀਆਂ ਕਾਫ਼ੀ ਪਹਿਲਾਂ ਪੂਰੀਆਂ ਕਰ ਲੈਣੀਆਂ ਚਾਹੀਦੀਆਂ ਹਨ।
ਪਾਂਡੇ ਨੇ ਨਿਗਰਾਨੀ ਦੇ ਕੰਮਾਂ ਵਿਚ ਏਆਈ ਦੀ ਵਰਤੋਂ ਲਈ ਸੇਬੀ ਦੇ ਯਤਨਾਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ‘ਸੁਦਰਸ਼ਨ’ ਟੂਲ ਦਾ ਜ਼ਿਕਰ ਕੀਤਾ, ਜਿਸ ਨੂੰ ਕੌਮਾਂਤਰੀ ਰੈਗੂਲੇਟਰੀ ਮੰਚਾਂ ’ਤੇ ਪੇਸ਼ ਕੀਤਾ ਜਾ ਰਿਹਾ ਹੈ। ਰੈਗੂਲੇਟਰ ਕੌਮਾਂਤਰੀ ਪਹਿਲਕਦਮੀਆਂ ਅਤੇ ਨਿਗਰਾਨੀ ਸਬੰਧੀ ਟੂਲਕਿੱਟਾਂ ਰਾਹੀਂ ਆਪਣੀ ਏਆਈ ਸਮਰੱਥਾ ਵੀ ਵਧਾ ਰਿਹਾ ਹੈ।
ਸਟਾਰਟਅੱਪਸ ਦੀ ਸੂਚੀਬੱਧਤਾ ਦੇ ਢਾਂਚੇ ਬਾਰੇ ਵੱਖਰੇ ਤੌਰ ’ਤੇ ਗੱਲ ਕਰਦਿਆਂ ਪਾਂਡੇ ਨੇ ਕਿਹਾ ਕਿ ਸੇਬੀ ਨੇ ਇਨੋਵੇਟਰਜ਼ ਗ੍ਰੋਥ ਪਲੇਟਫ਼ਾਰਮ (ਆਈਜੀਪੀ) ਨੂੰ ਹੋਰ ਆਕਰਸ਼ਕ ਬਣਾਉਣ ਦੇ ਤਰੀਕਿਆਂ ਦੀ ਜਾਂਚ ਲਈ ਇਕ ਕਾਰਜਕਾਰੀ ਸਮੂਹ ਬਣਾਇਆ ਹੈ। ਇਸ ਦਾ ਖ਼ਾਸ ਟੀਚਾ ਡੀਪ-ਟੈਕ ਅਤੇ ਬਾਇਓਟੈਕਨਾਲੋਜੀ ਕੰਪਨੀਆਂ ਨੂੰ ਵਧੇਰੇ ਖਿੱਚਣਾ ਹੈ।