SBI ਕ੍ਰੈਡਿਟ ਕਾਰਡ ਧਾਰਕਾਂ ਨੂੰ ਝਟਕਾ! 1 ਦਸੰਬਰ ਤੋਂ ਫਿਊਲ ਤੇ ਟਰਾਂਸਪੋਰਟੇਸ਼ਨ ਦੇ ਖ਼ਰਚਿਆਂ 'ਤੇ ਲੱਗੇਗਾ 1% ਵਾਧੂ ਚਾਰਜ
SBI Credit Card ਯੂਜ਼ਰਜ਼ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, 1 ਦਸੰਬਰ 2026 ਤੋਂ ਕ੍ਰੈਡਿਟ ਕਾਰਡ ਰਾਹੀਂ ਫਿਊਲ ਅਤੇ ਟਰਾਂਸਪੋਰਟੇਸ਼ਨ 'ਤੇ ਕੀਤੇ ਜਾਣ ਵਾਲੇ ਭੁਗਤਾਨਾਂ 'ਤੇ 1 ਫ਼ੀਸਦੀ ਵਾਧੂ ਚਾਰਜ ਵਸੂਲਿਆ ਜਾਵੇਗਾ। ਆਓ ਜਾਣਦੇ ਹਾਂ ਕਿ ਇਸ ਦਾ ਤੁਹਾਡੇ 'ਤੇ ਕੀ ਅਸਰ ਪਵੇਗਾ।
Publish Date: Wed, 28 Oct 2026 04:24 PM (IST)
Updated Date: Wed, 28 Oct 2026 04:26 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਐੱਸਬੀਆਈ ਕਾਰਡ ਧਾਰਕਾਂ (SBI Credit Card Rules) ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, 1 ਦਸੰਬਰ 2026 ਤੋਂ ਕ੍ਰੈਡਿਟ ਕਾਰਡ ਰਾਹੀਂ ਫਿਊਲ ਅਤੇ ਟਰਾਂਸਪੋਰਟੇਸ਼ਨ 'ਤੇ ਕੀਤੇ ਜਾਣ ਵਾਲੇ ਭੁਗਤਾਨਾਂ 'ਤੇ 1 ਫ਼ੀਸਦੀ ਵਾਧੂ ਚਾਰਜ ਵਸੂਲਿਆ ਜਾਵੇਗਾ। ਆਓ ਜਾਣਦੇ ਹਾਂ ਕਿ ਇਸ ਦਾ ਤੁਹਾਡੇ 'ਤੇ ਕੀ ਅਸਰ ਪਵੇਗਾ।
ਟਰਾਂਸਪੋਰਟੇਸ਼ਨ ਟ੍ਰਾਂਜ਼ੈਕਸ਼ਨ 'ਤੇ ਕੀ ਬਦਲੇਗਾ?
ਨਵੇਂ ਨਿਯਮਾਂ ਮੁਤਾਬਕ, ਜੇਕਰ ਤੁਸੀਂ ਆਪਣੇ ਐੱਸਬੀਆਈ ਕ੍ਰੈਡਿਟ ਕਾਰਡ ਰਾਹੀਂ ਕਿਸੇ ਵੀ ਟਰਾਂਸਪੋਰਟੇਸ਼ਨ ਟ੍ਰਾਂਜ਼ੈਕਸ਼ਨ (ਭਾਵ ਆਵਾਜਾਈ ਨਾਲ ਸਬੰਧਤ ਭੁਗਤਾਨ) ਲਈ 3,000 ਰੁਪਏ ਤੋਂ ਵੱਧ ਦਾ ਭੁਗਤਾਨ ਕਰਦੇ ਹੋ, ਤਾਂ ਹਰ ਟ੍ਰਾਂਜ਼ੈਕਸ਼ਨ 'ਤੇ ਤੁਹਾਨੂੰ 1 ਫ਼ੀਸਦੀ ਵਾਧੂ ਚਾਰਜ ਦੇਣਾ ਪਵੇਗਾ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਨਿਯਮ ਪੂਰੇ ਮਹੀਨੇ ਦੇ ਬਿਲਿੰਗ ਸਾਈਕਲ ਦੇ ਕੁੱਲ ਖ਼ਰਚ 'ਤੇ ਨਹੀਂ, ਸਗੋਂ ਹਰ ਇੱਕ ਟ੍ਰਾਂਜ਼ੈਕਸ਼ਨ 'ਤੇ ਵੱਖਰੇ ਤੌਰ 'ਤੇ ਲਾਗੂ ਹੋਵੇਗਾ।
ਫਿਊਲ ਟ੍ਰਾਂਜ਼ੈਕਸ਼ਨ ਲਈ ਕੀ ਹੈ ਨਿਯਮ?
ਪੈਟਰੋਲ-ਡੀਜ਼ਲ ਦੇ ਖ਼ਰਚਿਆਂ ਨੂੰ ਲੈ ਕੇ ਵੀ ਬੈਂਕ ਨੇ ਇੱਕ ਵੱਖਰਾ ਮਾਪਦੰਡ ਤੈਅ ਕੀਤਾ ਹੈ। ਜੇਕਰ ਇੱਕ ਬਿਲਿੰਗ ਸਾਈਕਲ ਦੌਰਾਨ ਤੁਹਾਡੇ ਸਾਰੇ ਫਿਊਲ ਟ੍ਰਾਂਜ਼ੈਕਸ਼ਨਾਂ ਦੀ ਕੁੱਲ ਰਕਮ 50,000 ਰੁਪਏ ਤੋਂ ਵੱਧ ਹੋ ਜਾਂਦੀ ਹੈ, ਤਾਂ ਫਿਊਲ ਦੇ ਖ਼ਰਚ 'ਤੇ 1 ਫ਼ੀਸਦੀ ਚਾਰਜ ਲਗਾਇਆ ਜਾਵੇਗਾ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਫੀਸ ਸਿਰਫ਼ ਤੈਅ ਕੀਤੀ ਗਈ ਸੀਮਾ ਤੋਂ ਵੱਧ ਖ਼ਰਚ ਹੋਣ 'ਤੇ ਹੀ ਲੱਗੇਗੀ। ਉਦਾਹਰਨ ਵਜੋਂ, ਜੇਕਰ ਤੁਹਾਡਾ ਪੂਰੇ ਮਹੀਨੇ ਦਾ ਫਿਊਲ ਖ਼ਰਚ 60,000 ਰੁਪਏ ਹੈ ਅਤੇ 50,000 ਰੁਪਏ ਤੱਕ ਕੋਈ ਚਾਰਜ ਨਹੀਂ ਲੱਗਦਾ, ਤਾਂ ਤੁਹਾਨੂੰ ਸਿਰਫ਼ ਬਾਕੀ ਬਚੇ 10,000 ਰੁਪਏ 'ਤੇ ਹੀ 1 ਫ਼ੀਸਦੀ ਚਾਰਜ ਦੇਣਾ ਪਵੇਗਾ।
ਕਿਹੜੇ ਗਾਹਕਾਂ 'ਤੇ ਪਵੇਗਾ ਸਭ ਤੋਂ ਵੱਧ ਅਸਰ?
ਇਸ ਬਦਲਾਅ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਕਾਰਪੋਰੇਟ ਗਾਹਕਾਂ, ਕਮਰਸ਼ੀਅਲ ਫਲੀਟ ਆਪਰੇਟਰਾਂ ਜਾਂ ਉਨ੍ਹਾਂ ਲੋਕਾਂ 'ਤੇ ਪਵੇਗਾ, ਜੋ ਆਪਣੇ ਵਾਹਨਾਂ 'ਚ ਵੱਡੀ ਮਾਤਰਾ 'ਚ ਈਂਧਨ ਭਰਵਾਉਂਦੇ ਹਨ ਜਾਂ ਕ੍ਰੈਡਿਟ ਕਾਰਡ ਰਾਹੀਂ ਵੱਡੇ ਟਰਾਂਸਪੋਰਟ ਬਿੱਲਾਂ ਦਾ ਭੁਗਤਾਨ ਕਰਦੇ ਹਨ। ਹਾਲਾਂਕਿ, ਆਮ ਲੋਕਾਂ ਜਾਂ ਉਨ੍ਹਾਂ ਗਾਹਕਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ, ਜਿਨ੍ਹਾਂ ਦਾ ਮਹੀਨਾਵਾਰ ਫਿਊਲ ਖ਼ਰਚ 50,000 ਰੁਪਏ ਤੋਂ ਘੱਟ ਹੈ।