ਸਾਊਦੀ-UAE ਲੱਭ ਰਹੇ Strait of Hormuz ਦਾ ਬਦਲ, ਭਾਰਤੀ ਕੰਪਨੀ EIL ਨੂੰ ਮਿਲ ਸਕਦੈ 1 ਅਰਬ ਡਾਲਰ ਦਾ ਵੱਡਾ ਪ੍ਰੋਜੈਕਟ EIL ਲਈ ਪੱਛਮੀ ਏਸ਼ੀਆ 'ਚ ਆਰਡਰਾਂ 'ਚ ਆਈ ਸੁਸਤੀ ਮਹੱਤਵਪੂਰਨ ਹੈ, ਕਿਉਂਕਿ ਕੰਪਨੀ ਦੇ ਵਿਕਾਸ 'ਚ ਅੰਤਰਰਾਸ਼ਟਰੀ ਕਾਰੋਬਾਰ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਕੰਪਨੀ ਦੀ ਕੁੱਲ ਆਰਡਰ ਬੁੱਕ 'ਚ ਵਿਦੇਸ਼ੀ ਪ੍ਰੋਜੈਕਟਾਂ ਦੀ ਹਿੱਸੇਦਾਰੀ ਕਰੀਬ 43 ਫ਼ੀਸਦੀ ਹੈ।
Publish Date: Sat, 19 Sep 2026 03:35 PM (IST)
Updated Date: Sat, 19 Sep 2026 03:37 PM (IST)
ਏਜੰਸੀ, ਨਵੀਂ ਦਿੱਲੀ : ਪਬਲਿਕ ਸੈਕਟਰ ਦੀ ਕੰਪਨੀ ਇੰਜੀਨੀਅਰਜ਼ ਇੰਡੀਆ ਲਿਮਟਿਡ (EIL) ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (UAE) ਨਾਲ ਤੇਲ ਅਤੇ ਗੈਸ ਇੰਫ੍ਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਲੈ ਕੇ ਸ਼ੁਰੂਆਤੀ ਗੱਲਬਾਤ ਕਰ ਰਹੀ ਹੈ। ਇਸ ਦਾ ਮਕਸਦ ਖਾੜੀ ਦੇਸ਼ਾਂ ਦੀ Strait of Hormuz 'ਤੇ ਨਿਰਭਰਤਾ ਘਟਾਉਣਾ ਅਤੇ ਹੋਰ ਵਿਕਲਪਾਂ ਦੀ ਭਾਲ ਕਰਨਾ ਹੈ। ਈਰਾਨ ਨਾਲ ਜੁੜੇ ਟਕਰਾਅ ਕਾਰਨ Strait of Hormuz ਰਾਹੀਂ ਹੋਣ ਵਾਲੀ ਆਵਾਜਾਈ 'ਤੇ ਕਾਫ਼ੀ ਬੁਰਾ ਅਸਰ ਪਿਆ ਹੈ।
EIL ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਤੁਲ ਗੁਪਤਾ ਨੇ ਕੰਪਨੀ ਦੀ ਸਾਲਾਨਾ ਆਮ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਊਦੀ ਅਰਬ ਅਤੇ UAE ਵਿਕਲਪਿਕ ਰਸਤਿਆਂ ਰਾਹੀਂ ਕੱਚਾ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਕਰੀਬ 1 ਅਰਬ ਡਾਲਰ ਦੇ ਨਿਵੇਸ਼ ਦੀ ਯੋਜਨਾ ਬਣਾ ਰਹੇ ਹਨ। ਇਸ ਤਹਿਤ ਪਾਈਪਲਾਈਨ, ਸਟੋਰੇਜ ਸਹੂਲਤਾਂ, ਤੇਲ ਟਰਮੀਨਲ ਅਤੇ ਹੋਰ ਸਬੰਧਤ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਸਕਦਾ ਹੈ।
ਗੁਪਤਾ ਨੇ ਕਿਹਾ, “ਉਹ ਅਜੇ ਯੋਜਨਾ ਬਣਾਉਣ ਦੇ ਪੜਾਅ 'ਚ ਹਨ ਅਤੇ ਅਸੀਂ ਵੀ ਇਸੇ ਪੱਧਰ 'ਤੇ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਾਂ।”
EIL ਇਨ੍ਹਾਂ ਪ੍ਰੋਜੈਕਟਾਂ ਲਈ ਪ੍ਰੋਜੈਕਟ ਕੰਸਲਟੈਂਸੀ ਅਤੇ ਫ਼ੀਜ਼ੀਬਿਲਟੀ ਸਟੱਡੀ ਨਾਲ ਜੁੜੇ ਕੰਮ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਈਰਾਨ-ਅਮਰੀਕਾ ਸੰਘਰਸ਼ ਕਾਰਨ ਹਾਰਮੁਜ਼ ਜਲਡਮਰੂਮੱਧ ਰਾਹੀਂ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਹ ਰਸਤਾ ਦੁਨੀਆ ਦੇ ਪ੍ਰਮੁੱਖ ਊਰਜਾ ਆਵਾਜਾਈ ਮਾਰਗਾਂ 'ਚ ਸ਼ਾਮਲ ਹੈ। ਲੰਬੇ ਸਮੇਂ ਤੱਕ ਕਿਸੇ ਤਰ੍ਹਾਂ ਦੀ ਰੁਕਾਵਟ ਦੀ ਸੰਭਾਵਨਾ ਦੇ ਮੱਦੇਨਜ਼ਰ ਖਾੜੀ ਦੇ ਤੇਲ ਉਤਪਾਦਕ ਦੇਸ਼ ਵਿਕਲਪਿਕ ਬੁਨਿਆਦੀ ਢਾਂਚੇ ਅਤੇ ਨਿਰਯਾਤ ਮਾਰਗ ਵਿਕਸਤ ਕਰਨ 'ਤੇ ਵਿਚਾਰ ਕਰ ਰਹੇ ਹਨ।
ਗੁਪਤਾ ਨੇ ਕਿਹਾ ਕਿ ਸੰਘਰਸ਼ ਤੋਂ ਬਾਅਦ ਇਸ ਖੇਤਰ ਤੋਂ ਨਵੇਂ ਠੇਕੇ ਮਿਲਣ ਦੀ ਰਫ਼ਤਾਰ ਫਿਲਹਾਲ ਹੌਲੀ ਹੋਈ ਹੈ। ਹਾਲਾਂਕਿ, ਉਨ੍ਹਾਂ ਉਮੀਦ ਜਤਾਈ ਕਿ ਤੀਜੀ ਅਤੇ ਚੌਥੀ ਤਿਮਾਹੀ 'ਚ ਠੇਕੇ ਮਿਲਣ ਦੀ ਰਫ਼ਤਾਰ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਨੇ ਕੰਪਨੀ ਲਈ ਨਵੇਂ ਮੌਕੇ ਵੀ ਪੈਦਾ ਕੀਤੇ ਹਨ।
EIL ਲਈ ਪੱਛਮੀ ਏਸ਼ੀਆ 'ਚ ਆਰਡਰਾਂ 'ਚ ਆਈ ਸੁਸਤੀ ਮਹੱਤਵਪੂਰਨ ਹੈ, ਕਿਉਂਕਿ ਕੰਪਨੀ ਦੇ ਵਿਕਾਸ 'ਚ ਅੰਤਰਰਾਸ਼ਟਰੀ ਕਾਰੋਬਾਰ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਕੰਪਨੀ ਦੀ ਕੁੱਲ ਆਰਡਰ ਬੁੱਕ 'ਚ ਵਿਦੇਸ਼ੀ ਪ੍ਰੋਜੈਕਟਾਂ ਦੀ ਹਿੱਸੇਦਾਰੀ ਕਰੀਬ 43 ਫ਼ੀਸਦੀ ਹੈ।
ਵਿੱਤੀ ਸਾਲ 2025-26 'ਚ ਕੰਪਨੀ ਨੂੰ ਮਿਲੇ ਨਵੇਂ ਕਾਰੋਬਾਰ 'ਚ ਅੰਤਰਰਾਸ਼ਟਰੀ ਕੰਸਲਟੈਂਸੀ ਸੇਵਾਵਾਂ ਦਾ ਯੋਗਦਾਨ ਕਰੀਬ 4,929 ਕਰੋੜ ਰੁਪਏ, ਯਾਨੀ ਲਗਭਗ 62 ਫ਼ੀਸਦੀ ਰਿਹਾ। EIL ਦੀ ਪੱਛਮੀ ਏਸ਼ੀਆ 'ਚ ਮਜ਼ਬੂਤ ਮੌਜੂਦਗੀ ਹੈ। ਕੰਪਨੀ ਸਾਊਦੀ ਅਰਬ, UAE, ਬਹਿਰੀਨ ਅਤੇ ਕੁਵੈਤ 'ਚ ਵੱਖ-ਵੱਖ ਪ੍ਰੋਜੈਕਟਾਂ ਅਤੇ ਕਾਰੋਬਾਰੀ ਗਤੀਵਿਧੀਆਂ ਨਾਲ ਜੁੜੀ ਹੋਈ ਹੈ। ਕੰਪਨੀ ਨੇ ਸਾਊਦੀ ਅਰਬ 'ਚ ਆਪਣਾ ਦਫ਼ਤਰ ਵੀ ਖੋਲ੍ਹਿਆ ਹੈ।