ਰੂਸ ਭਾਰਤ ਨੂੰ ਦੇਵੇਗਾ ਆਪਣੀ ਗੁਪਤ ਤਕਨੀਕ! ਹੁਣ ਦੇਸ਼ 'ਚ ਹੀ ਬਣਨਗੇ ਜਹਾਜ਼, ਤਕਨੀਕੀ ਆਤਮਨਿਰਭਰਤਾ ਨੂੰ ਮਿਲੇਗਾ ਹੁਲਾਰਾ
ਰੂਸ ਦਾ ਨਵਾਂ ਪ੍ਰਸਤਾਵ ਦੋਵਾਂ ਦੇਸ਼ਾਂ ਵਿਚਾਲੇ ਉਦਯੋਗਿਕ ਸਹਿਯੋਗ ਨੂੰ ਅਗਲੇ ਪੱਧਰ 'ਤੇ ਲਿਜਾਣ ਦੀ ਕੋਸ਼ਿਸ਼ ਹੈ। ਇਸ ਤਹਿਤ ਸਿਰਫ਼ ਤਿਆਰ ਉਤਪਾਦਾਂ ਦੇ ਵਪਾਰ ਦੀ ਬਜਾਏ ਭਾਰਤ 'ਚ ਹੀ ਗੁੰਝਲਦਾਰ ਉਤਪਾਦਾਂ ਦਾ ਨਿਰਮਾਣ ਕਰਨ ਅਤੇ ਤਕਨੀਕੀ ਮਾਹਿਰਤਾ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਇਸ ਨਾਲ ਭਾਰਤ ਨੂੰ ਘਰੇਲੂ ਨਿਰਮਾਣ ਸਮਰੱਥਾ ਅਤੇ ਤਕਨੀਕੀ ਆਤਮਨਿਰਭਰਤਾ ਵਧਾਉਣ 'ਚ ਮਦਦ ਮਿਲ ਸਕਦੀ ਹੈ।
Publish Date: Wed, 18 Nov 2026 04:14 PM (IST)
Updated Date: Wed, 18 Nov 2026 04:16 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਰੂਸ ਦੀ ਦੋਸਤੀ ਤੇ ਵਪਾਰਕ ਭਾਈਵਾਲੀ ਕਾਫ਼ੀ ਮਜ਼ਬੂਤ ਹੈ। ਦੋਵਾਂ ਦੇਸ਼ਾਂ ਵਿਚਾਲੇ ਤੇਲ ਤੋਂ ਲੈ ਕੇ ਕਈ ਅਹਿਮ ਉਤਪਾਦਾਂ ਦਾ ਆਯਾਤ-ਨਿਰਯਾਤ ਹੁੰਦਾ ਹੈ। ਰੂਸ ਭਾਰਤ ਨਾਲ ਉਦਯੋਗਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਥੇ ਜਹਾਜ਼ਾਂ ਸਮੇਤ ਗੁੰਝਲਦਾਰ ਉਤਪਾਦਾਂ ਦੇ ਨਿਰਮਾਣ ਨੂੰ ਸਥਾਨਕ ਪੱਧਰ 'ਤੇ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਰੂਸ ਦੇ ਵਪਾਰ ਮੰਤਰੀ ਐਂਟਨ ਅਲੀਖਾਨੋਵ ਨੇ ਹਾਲ ਹੀ 'ਚ ਮਾਸਕੋ ਵਿਖੇ ਇਕ ਉਦਯੋਗਿਕ ਬੈਠਕ ਦੌਰਾਨ ਦੱਸਿਆ ਕਿ ਇਸ ਭਾਈਵਾਲੀ ਤਹਿਤ ਰੂਸ ਭਾਰਤ ਨੂੰ ਅਜਿਹੀਆਂ ਤਕਨੀਕਾਂ ਦੇਣ 'ਤੇ ਵੀ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਨੂੰ ਉਹ ਆਮ ਤੌਰ 'ਤੇ ਦੂਜੇ ਦੇਸ਼ਾਂ ਨਾਲ ਸਾਂਝਾ ਨਹੀਂ ਕਰਦਾ।
ਰੂਸ ਤਿਆਰ ਕਰ ਰਿਹਾ ਹੈ ਪ੍ਰਸਤਾਵ
ਮੀਡੀਆ 'ਚ ਪ੍ਰਕਾਸ਼ਿਤ ਜਾਣਕਾਰੀ ਮੁਤਾਬਕ ਅਲੀਖਾਨੋਵ ਨੇ ਕਿਹਾ ਕਿ ਰੂਸ ਇਸ ਸਬੰਧੀ ਇਕ ਪ੍ਰਸਤਾਵ ਤਿਆਰ ਕਰ ਰਿਹਾ ਹੈ। ਇਸ ਦਾ ਉਦੇਸ਼ ਭਾਰਤ ਨੂੰ ਤਕਨੀਕੀ ਆਤਮਨਿਰਭਰਤਾ ਵਧਾਉਣ ਅਤੇ ਨਵੀਆਂ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਨ ਦਾ ਮੌਕਾ ਦੇਣਾ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਭਾਰਤ ਨੂੰ ਤਕਨੀਕੀ ਪ੍ਰਭੂਸੱਤਾ (Technological Sovereignty) ਅਤੇ ਮਾਹਿਰਤਾ ਹਾਸਲ ਕਰਨ 'ਚ ਮਦਦ ਮਿਲ ਸਕੇ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ, ਰੂਸ ਭਾਰਤ 'ਚ ਜਹਾਜ਼ਾਂ ਦੇ ਨਿਰਮਾਣ ਨੂੰ ਸਥਾਨਕ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਪ੍ਰਸਤਾਵ ਤਿਆਰ ਕਰ ਰਿਹਾ ਹੈ। ਇਸ 'ਚ ਗੁੰਝਲਦਾਰ ਉਤਪਾਦਾਂ ਦੇ ਨਿਰਮਾਣ ਦਾ ਵਿਸਥਾਰ ਕਰਨ ਅਤੇ ਉਨ੍ਹਾਂ ਨਾਲ ਜੁੜੀ ਤਕਨੀਕ ਭਾਰਤ ਨੂੰ ਸੌਂਪਣ ਦੀਆਂ ਸੰਭਾਵਨਾਵਾਂ ਵੀ ਸ਼ਾਮਲ ਹਨ।
ਸਤੰਬਰ 'ਚ ਭਾਰਤ ਆਏ ਸਨ ਰੂਸੀ ਮੰਤਰੀ
ਅਲੀਖਾਨੋਵ ਸਤੰਬਰ 'ਚ ਭਾਰਤ ਆਏ ਸਨ। ਇਸ ਦੌਰਾਨ ਉਨ੍ਹਾਂ ਨੇ INNOPROM ਦੇ ਭਾਰਤੀ ਐਡੀਸ਼ਨ 'ਚ ਹਿੱਸਾ ਲਿਆ ਅਤੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਕੀਤੀ ਸੀ। ਦੋਵਾਂ ਆਗੂਆਂ ਵਿਚਾਲੇ ਭਾਰਤ ਤੋਂ ਰੂਸ ਨੂੰ ਨਿਰਯਾਤ ਵਧਾਉਣ, ਉਦਯੋਗਿਕ ਪ੍ਰਾਜੈਕਟ ਵਿਕਸਿਤ ਕਰਨ ਅਤੇ ਭਾਰਤ-ਯੂਰੇਸ਼ੀਅਨ ਆਰਥਿਕ ਸੰਘ (EAEU) ਵਿਚਾਲੇ ਮੁਕਤ ਵਪਾਰ ਸਮਝੌਤੇ (FTA) ਦੀ ਪ੍ਰਕਿਰਿਆ ਤੇਜ਼ ਕਰਨ ਬਾਰੇ ਚਰਚਾ ਹੋਈ ਸੀ।
ਰੂਸ ਦਾ ਨਵਾਂ ਪ੍ਰਸਤਾਵ ਦੋਵਾਂ ਦੇਸ਼ਾਂ ਵਿਚਾਲੇ ਉਦਯੋਗਿਕ ਸਹਿਯੋਗ ਨੂੰ ਅਗਲੇ ਪੱਧਰ 'ਤੇ ਲਿਜਾਣ ਦੀ ਕੋਸ਼ਿਸ਼ ਹੈ। ਇਸ ਤਹਿਤ ਸਿਰਫ਼ ਤਿਆਰ ਉਤਪਾਦਾਂ ਦੇ ਵਪਾਰ ਦੀ ਬਜਾਏ ਭਾਰਤ 'ਚ ਹੀ ਗੁੰਝਲਦਾਰ ਉਤਪਾਦਾਂ ਦਾ ਨਿਰਮਾਣ ਕਰਨ ਅਤੇ ਤਕਨੀਕੀ ਮਾਹਿਰਤਾ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਇਸ ਨਾਲ ਭਾਰਤ ਨੂੰ ਘਰੇਲੂ ਨਿਰਮਾਣ ਸਮਰੱਥਾ ਅਤੇ ਤਕਨੀਕੀ ਆਤਮਨਿਰਭਰਤਾ ਵਧਾਉਣ 'ਚ ਮਦਦ ਮਿਲ ਸਕਦੀ ਹੈ।