ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ 'ਚ ਖਪਾਏ ₹84 ਹਜ਼ਾਰ ਕਰੋੜ, 7 ਮਹੀਨਿਆਂ ਦੇ ਸਿਖਰ 'ਤੇ ਪੁੱਜਾ ਰੁਪਿਆ; ਹੁਣ ਵਧਣਗੀਆਂ ਡਾਲਰ ਦੀਆਂ ਮੁਸ਼ਕਲਾਂ ?
Rupee vs Dollor Today : ਨਵੰਬਰ 'ਚ ਹੁਣ ਤੱਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਦੀਵਾਲੀ ਦੇ ਵਿਸ਼ੇਸ਼ ਕਾਰੋਬਾਰੀ ਸੈਸ਼ਨ ਨੂੰ ਛੱਡ ਕੇ ਹਰ ਕਾਰੋਬਾਰੀ ਦਿਨ ਖਰੀਦਦਾਰੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਸ਼ੇਅਰ ਬਾਜ਼ਾਰ 'ਚ ਕੁੱਲ 84,167.40 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਰੁਪਏ ਨੂੰ ਲਗਾਤਾਰ ਮਜ਼ਬੂਤੀ ਮਿਲ ਰਹੀ ਹੈ।
Publish Date: Tue, 17 Nov 2026 01:37 PM (IST)
Updated Date: Tue, 17 Nov 2026 02:39 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : Dollar VS Rupee Today: ਭਾਰਤੀ ਰੁਪਏ ਨੇ ਡਾਲਰ ਦੇ ਮੁਕਾਬਲੇ ਲਗਪਗ 7 ਮਹੀਨਿਆਂ ਦਾ ਸਭ ਤੋਂ ਮਜ਼ਬੂਤ ਪੱਧਰ ਹਾਸਲ ਕਰ ਲਿਆ ਹੈ। ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਖਰੀਦਦਾਰੀ, ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਅਮਰੀਕੀ ਡਾਲਰ ਦੀ ਕਮਜ਼ੋਰੀ ਨੇ ਰੁਪਏ ਨੂੰ ਵੱਡੀ ਮਜ਼ਬੂਤੀ ਦਿੱਤੀ ਹੈ। ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਇਆ 93.52 ਪ੍ਰਤੀ ਡਾਲਰ ਤੱਕ ਪਹੁੰਚ ਗਿਆ। ਇਹ ਪਿਛਲੇ ਕਾਰੋਬਾਰੀ ਸੈਸ਼ਨ ਦੇ ਬੰਦ ਪੱਧਰ ਦੇ ਮੁਕਾਬਲੇ ਲਗਪਗ 0.4 ਫ਼ੀਸਦੀ ਦਾ ਵਾਧਾ ਹੈ। ਅਪ੍ਰੈਲ ਤੋਂ ਬਾਅਦ ਰੁਪਏ ਦਾ ਇਹ ਸਭ ਤੋਂ ਮਜ਼ਬੂਤ ਪੱਧਰ ਹੈ।
ਰੁਪਏ ਦੀ ਇਸ ਤੇਜ਼ੀ ਪਿੱਛੇ ਸਭ ਤੋਂ ਵੱਡਾ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਵਿਦੇਸ਼ੀ ਨਿਵੇਸ਼ਕਾਂ ਦੀ ਵਧਦੀ ਦਿਲਚਸਪੀ ਹੈ। ਨਵੰਬਰ 'ਚ ਹੁਣ ਤੱਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਦੀਵਾਲੀ ਦੇ ਵਿਸ਼ੇਸ਼ ਕਾਰੋਬਾਰੀ ਸੈਸ਼ਨ ਨੂੰ ਛੱਡ ਕੇ ਹਰ ਕਾਰੋਬਾਰੀ ਦਿਨ ਖਰੀਦਦਾਰੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਸ਼ੇਅਰ ਬਾਜ਼ਾਰ 'ਚ ਕੁੱਲ 84,167.40 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਰੁਪਏ ਨੂੰ ਲਗਾਤਾਰ ਮਜ਼ਬੂਤੀ ਮਿਲ ਰਹੀ ਹੈ।
AI ਕੰਪਨੀਆਂ ਦੇ ਸ਼ੇਅਰਾਂ 'ਚ ਵਿਕਰੀ ਦਾ ਦਬਾਅ
ਭਾਰਤੀ ਬਾਜ਼ਾਰ 'ਚ ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ ਵਧਣ ਦਾ ਇਕ ਕਾਰਨ ਵਿਸ਼ਵ ਪੱਧਰ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਜਾਰੀ ਵਿਕਰੀ ਵੀ ਹੈ। ਅਮਰੀਕਾ ਅਤੇ ਏਸ਼ੀਆ ਦੇ ਕਈ ਬਾਜ਼ਾਰਾਂ 'ਚ ਤਕਨਾਲੋਜੀ ਕੰਪਨੀਆਂ ਦੇ ਸ਼ੇਅਰ ਦਬਾਅ ਹੇਠ ਹਨ। ਇਸ ਦੇ ਮੁਕਾਬਲੇ ਭਾਰਤੀ ਸ਼ੇਅਰ ਬਾਜ਼ਾਰ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਭਾਰਤ ਦੇ ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਵੀ ਕਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕਾਰੋਬਾਰ 'ਚ ਭਾਰਤ ਦੀ ਸੀਮਤ ਭਾਗੀਦਾਰੀ ਫਿਲਹਾਲ ਬਾਜ਼ਾਰ ਦੇ ਰੁਖ਼ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ ਦੇ ਪੱਖ 'ਚ ਕੰਮ ਕਰ ਰਹੀ ਹੈ।
ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਵੀ ਵੱਡਾ ਕਾਰਨ
ਰੁਪਏ ਨੂੰ ਦੂਜੀ ਵੱਡੀ ਰਾਹਤ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਮਿਲੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਬ੍ਰੈਂਟ ਕੱਚਾ ਤੇਲ ਲਗਪਗ ਇਕ ਫ਼ੀਸਦੀ ਡਿੱਗ ਗਿਆ। ਇਸ ਦਾ ਕਾਰਨ ਵਿਸ਼ਵ ਬਾਜ਼ਾਰ 'ਚ ਤੇਲ ਦੀ ਸਪਲਾਈ ਵਧਣ ਦੀ ਉਮੀਦ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ ਮੁਤਾਬਕ, ਮੱਧ ਪੂਰਬ ਤੋਂ ਤੇਲ ਦੀ ਬਰਾਮਦ 'ਚ ਤੇਜ਼ੀ ਨਾਲ ਸੁਧਾਰ ਅਤੇ ਮੰਗ ਦੀ ਰਫ਼ਤਾਰ ਹੌਲੀ ਰਹਿਣ ਕਾਰਨ ਇਸ ਸਾਲ ਦੀ ਚੌਥੀ ਤਿਮਾਹੀ 'ਚ ਤੇਲ ਬਾਜ਼ਾਰ 'ਚ ਵਾਧੂ ਸਪਲਾਈ ਹੋ ਸਕਦੀ ਹੈ।
ਭਾਰਤ ਆਪਣੀ ਲੋੜ ਦਾ ਵੱਡਾ ਹਿੱਸਾ ਕੱਚੇ ਤੇਲ ਦੀ ਦਰਾਮਦ ਰਾਹੀਂ ਪੂਰਾ ਕਰਦਾ ਹੈ। ਅਜਿਹੇ 'ਚ ਸਸਤਾ ਕੱਚਾ ਤੇਲ ਦੇਸ਼ ਦੇ ਦਰਾਮਦ ਬਿੱਲ ਅਤੇ ਰੁਪਏ ਦੋਵਾਂ ਲਈ ਰਾਹਤ ਲੈ ਕੇ ਆਉਂਦਾ ਹੈ। ਘਰੇਲੂ ਬਾਜ਼ਾਰ 'ਚ 19 ਨਵੰਬਰ ਨੂੰ ਮਿਆਦ ਪੂਰੀ ਹੋਣ ਵਾਲਾ ਕੱਚੇ ਤੇਲ ਦਾ ਫਿਊਚਰਜ਼ ਕੰਟਰੈਕਟ ਵੀ ਲਗਪਗ 1.53 ਫ਼ੀਸਦੀ ਡਿੱਗ ਕੇ 7,955 ਰੁਪਏ ਦੇ ਨੇੜੇ ਆ ਗਿਆ।
ਡਾਲਰ ਇੰਡੈਕਸ 19 ਮਹੀਨਿਆਂ ਦੇ ਉੱਚ ਪੱਧਰ ਤੋਂ ਤਿਲਕਿਆ
ਇਸ ਦੌਰਾਨ ਡਾਲਰ ਇੰਡੈਕਸ 19 ਮਹੀਨਿਆਂ ਦੇ ਉੱਚ ਪੱਧਰ 103.70 ਤੋਂ ਫਿਸਲ ਕੇ 103.4 'ਤੇ ਆ ਗਿਆ। ਹਾਲਾਂਕਿ, ਅਮਰੀਕੀ ਕੇਂਦਰੀ ਬੈਂਕ ਦੇ ਸਖ਼ਤ ਰੁਖ਼ ਕਾਰਨ ਡਾਲਰ 'ਚ ਮੁੜ ਮਜ਼ਬੂਤੀ ਆਉਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਹੁਣ ਬਾਜ਼ਾਰ ਦੀ ਨਜ਼ਰ ਦਸੰਬਰ 'ਚ ਅਮਰੀਕੀ ਕੇਂਦਰੀ ਬੈਂਕ ਅਤੇ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਸਮੀਖਿਆ 'ਤੇ ਹੈ। ਦੋਵਾਂ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। UBS ਦੇ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਰਿਜ਼ਰਵ ਬੈਂਕ ਦਸੰਬਰ ਅਤੇ ਫਰਵਰੀ 'ਚ 0.25-0.25 ਫ਼ੀਸਦੀ ਦਾ ਵਾਧਾ ਕਰ ਸਕਦਾ ਹੈ। ਇਸ ਨਾਲ ਨੀਤੀਗਤ ਵਿਆਜ ਦਰ 6 ਫ਼ੀਸਦੀ ਤੱਕ ਪਹੁੰਚ ਸਕਦੀ ਹੈ। ਤਕਨੀਕੀ ਸੰਕੇਤਾਂ ਮੁਤਾਬਕ, ਡਾਲਰ ਦੇ ਮੁਕਾਬਲੇ ਰੁਪਏ ਲਈ 93 ਦਾ ਪੱਧਰ ਅਹਿਮ ਸਹਾਰਾ ਹੈ, ਜਦਕਿ 94.10 ਦਾ ਪੱਧਰ ਡਾਲਰ ਲਈ ਸ਼ੁਰੂਆਤੀ ਰੁਕਾਵਟ ਮੰਨਿਆ ਜਾ ਰਿਹਾ ਹੈ।