- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰ 15 ਦਿਨਾਂ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਉਸ ਦਾ ਕ੍ਰੈਡਿਟ ਸਕੋਰ ਨਹੀਂ ਵਧਿਆ। ਉਸ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਆਓ, ਜਾਣਦੇ ਹਾਂ ਕਿ ਮਨੀਸ਼ ਰੰਜਨ ਦਾ ਕ੍ਰੈਡਿਟ ਸਕੋਰ ਕਿਉਂ ਨਹੀਂ ਵਧਿਆ ਅਤੇ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਹੈ।

ਨੋਇਡਾ ਦੇ ਰਹਿਣ ਵਾਲੇ ਮਨੀਸ਼ ਰੰਜਨ ਨੇ ਕਰੀਬ ਇਕ ਸਾਲ ਪਹਿਲਾਂ ਦੋ ਲੱਖ ਰੁਪਏ ਦਾ ਪਰਸਨਲ ਲੋਨ ਲਿਆ ਸੀ। ਹੁਣ ਉਹ ਮਕਾਨ ਲਈ ਕਰਜ਼ਾ (ਹੋਮ ਲੋਨ) ਲੈਣ ਦੀ ਯੋਜਨਾ ਬਣਾ ਰਿਹਾ ਹੈ। ਪਰ ਕ੍ਰੈਡਿਟ ਸਕੋਰ ਘੱਟ ਹੋਣ ਕਾਰਨ ਉਸ ਨੂੰ ਕਰਜ਼ਾ ਲੈਣ ’ਚ ਦਿੱਕਤ ਆ ਰਹੀ ਹੈ। ਵਿੱਤੀ ਮਾਹਿਰਾਂ ਨੇ ਮਨੀਸ਼ ਨੂੰ ਦੱਸਿਆ ਕਿ ਜੇਕਰ ਉਹ ਪਰਸਨਲ ਲੋਨ ਦੀ ਪੂਰੀ ਅਦਾਇਗੀ ਕਰ ਦੇਵੇ ਤਾਂ ਉਸ ਦਾ ਕ੍ਰੈਡਿਟ ਸਕੋਰ ਵਧ ਜਾਵੇਗਾ ਅਤੇ ਮਕਾਨ ਲਈ ਕਰਜ਼ਾ ਲੈਣ ’ਚ ਆ ਰਹੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਇਸ ’ਤੇ ਮਨੀਸ਼ ਨੇ ਪਰਸਨਲ ਲੋਨ ਦੀ ਸਾਰੀ ਬਕਾਇਆ ਰਕਮ ਅਦਾ ਕਰ ਦਿੱਤੀ। ਪਰ 15 ਦਿਨਾਂ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਉਸ ਦਾ ਕ੍ਰੈਡਿਟ ਸਕੋਰ ਨਹੀਂ ਵਧਿਆ। ਉਸ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਆਓ, ਜਾਣਦੇ ਹਾਂ ਕਿ ਮਨੀਸ਼ ਰੰਜਨ ਦਾ ਕ੍ਰੈਡਿਟ ਸਕੋਰ ਕਿਉਂ ਨਹੀਂ ਵਧਿਆ ਅਤੇ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਹੈ।
ਤੁਰੰਤ ਕਿਉਂ ਨਹੀਂ ਵਧਦਾ ਕ੍ਰੈਡਿਟ ਸਕੋਰ
ਪਰਸਨਲ ਲੋਨ ਸਮੇਤ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਦੀ ਪੂਰੀ ਅਦਾਇਗੀ ਕਰਨ ਜਾਂ ਉਸ ਨੂੰ ਬੰਦ ਕਰਨ ਨਾਲ ਕੁੱਲ ਕਰਜ਼ਾ ਘਟਦਾ ਹੈ ਅਤੇ ਪੈਸੇ ਮੋੜਨ ਦਾ ਤਣਾਅ ਘਟਦਾ ਹੈ। ਪਰ ਇਸ ਨਾਲ ਕਰਜ਼ਾ ਲੈਣ ਵਾਲੇ ਦੇ ਕ੍ਰੈਡਿਟ ਸਕੋਰ ’ਚ ਤੁਰੰਤ ਸੁਧਾਰ ਹੋ ਜਾਵੇ, ਅਜਿਹਾ ਜ਼ਰੂਰੀ ਨਹੀਂ ਹੈ। ਦਰਅਸਲ, ਕ੍ਰੈਡਿਟ ਬਿਊਰੋ ਸਿਰਫ਼ ਕਰਜ਼ੇ ਦੀ ਪੂਰੀ ਅਦਾਇਗੀ ਦੇ ਆਧਾਰ ’ਤੇ ਕ੍ਰੈਡਿਟ ਸਕੋਰ ’ਚ ਸੁਧਾਰ ਨਹੀਂ ਕਰਦੇ। ਇਹ ਕਰਜ਼ਾ ਮੋੜਨ ਦੇ ਪਿਛਲੇ ਰਿਕਾਰਡ (ਰੀਪੇਮੈਂਟ ਹਿਸਟਰੀ), ਕੁੱਲ ਕ੍ਰੈਡਿਟ ਦੀ ਵਰਤੋਂ, ਮਾਸਿਕ ਕਿਸ਼ਤ ਦੀ ਅਦਾਇਗੀ ’ਚ ਦੇਰੀ, ਨਵੇਂ ਕਰਜ਼ੇ ਦੀ ਮੰਗ ਜਾਂ ਉਸ ਲਈ ਕੀਤੀ ਗਈ ਪੁੱਛਗਿੱਛ ਆਦਿ ਕਾਰਕਾਂ ’ਤੇ ਆਧਾਰਤ ਹੁੰਦਾ ਹੈ। ਇਹੀ ਕਾਰਨ ਹੈ ਕਿ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਦੀ ਪੂਰੀ ਅਦਾਇਗੀ ਤੋਂ ਬਾਅਦ ਵੀ ਕ੍ਰੈਡਿਟ ਸਕੋਰ ਨਹੀਂ ਵਧਦਾ।
ਬੈਂਕਾਂ ਵੱਲੋਂ ਵੀ ਹੁੰਦੀ ਹੈ ਦੇਰੀ
ਕਰਜ਼ਾ ਦੇਣ ਵਾਲੀਆਂ ਸੰਸਥਾਵਾਂ (ਬੈਂਕ ਅਤੇ ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ) ਆਮ ਤੌਰ ’ਤੇ ਇਕ ਨਿਰਧਾਰਤ ਅੰਤਰਾਲ ਤੋਂ ਬਾਅਦ ਕਰਜ਼ਾ ਬੰਦ ਹੋਣ ਦੀ ਜਾਣਕਾਰੀ ਕ੍ਰੈਡਿਟ ਬਿਊਰੋ ਨੂੰ ਭੇਜਦੀਆਂ ਹਨ। ਇਸ ਲਈ ਕ੍ਰੈਡਿਟ ਰਿਪੋਰਟ ’ਚ ਕਰਜ਼ਾ ਬੰਦ ਹੋਣ ਦੀ ਜਾਣਕਾਰੀ ਅਪਡੇਟ ਹੋਣ ’ਚ ਕਈ ਹਫ਼ਤੇ ਲੱਗ ਸਕਦੇ ਹਨ। ਆਮ ਤੌਰ ’ਤੇ ਕ੍ਰੈਡਿਟ ਰਿਪੋਰਟ ’ਚ ਕਰਜ਼ਾ ਬੰਦ ਹੋਣ ਦੀ ਜਾਣਕਾਰੀ ਅਪਡੇਟ ਹੋਣ ’ਚ 30 ਤੋਂ 45 ਦਿਨ ਲੱਗ ਸਕਦੇ ਹਨ। ਕਈ ਮਾਮਲਿਆਂ ’ਚ ਇਸ ਨੂੰ ਦੋ ਮਹੀਨੇ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ। ਇਸ ਤੋਂ ਇਲਾਵਾ, ਵੱਖ-ਵੱਖ ਬਿਊਰੋ ਦਾ ਕ੍ਰੈਡਿਟ ਰਿਪੋਰਟ ਅਪਡੇਟ ਕਰਨ ਦਾ ਸਮਾਂ ਵੀ ਵੱਖ-ਵੱਖ ਹੋ ਸਕਦਾ ਹੈ। ਧਿਆਨ ਰੱਖੋ ਕਿ ਕ੍ਰੈਡਿਟ ਸਕੋਰ ਨੂੰ ਬਿਹਤਰ ਬਣਾਈ ਰੱਖਣ ਲਈ ਇਕ ਕ੍ਰੈਡਿਟ ਕਾਰਡ ਜ਼ਰੂਰ ਸਰਗਰਮ ਰੱਖੋ। ਇਸ ਦੀ ਨਿਯਮਤ ਵਰਤੋਂ ਕਰੋ ਅਤੇ ਸਮੇਂ ਸਿਰ ਬਿੱਲ ਦਾ ਭੁਗਤਾਨ ਕਰੋ।
ਖ਼ਪਤਕਾਰ ਨੂੰ ਕੀ ਕਰਨਾ ਚਾਹੀਦਾ ਹੈ
ਬੈਂਕ ਜਾਂ ਗ਼ੈਰ-ਬੈਂਕਿੰਗ ਵਿੱਤੀ ਕੰਪਨੀ ਦਾ ਰਿਪੋਰਟਿੰਗ ਚੱਕਰ ਪੂਰਾ ਹੋਣ ਤੋਂ ਬਾਅਦ ਕਰਜ਼ਾ ਲੈਣ ਵਾਲਿਆਂ ਨੂੰ ਆਪਣੇ ਕ੍ਰੈਡਿਟ ਸਕੋਰ ਅਤੇ ਕ੍ਰੈਡਿਟ ਰਿਪੋਰਟ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਤੋਂ ਇਹ ਪਤਾ ਲੱਗ ਸਕੇਗਾ ਕਿ ਉਨ੍ਹਾਂ ਦੇ ਕਰਜ਼ੇ ਦਾ ਬੰਦ ਹੋਣਾ ਜਾਂ ਨਿਪਟਾਏ ਗਏ ਕਰਜ਼ੇ ਵਜੋਂ ਦਰਜ ਕੀਤਾ ਗਿਆ ਹੈ ਜਾਂ ਨਹੀਂ ਅਤੇ ਕੋਈ ਰਕਮ ਬਕਾਇਆ ਨਹੀਂ ਹੈ। ਜੇਕਰ ਕਰਜ਼ੇ ਦੀ ਸਥਿਤੀ ਗ਼ਲਤ ਤਰੀਕੇ ਨਾਲ ਦਰਜ ਕੀਤੀ ਗਈ ਹੈ ਤਾਂ ਕਰਜ਼ਾ ਲੈਣ ਵਾਲੇ ਨੂੰ ਤੁਰੰਤ ਬੈਂਕ ਜਾਂ ਵਿੱਤੀ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਬੰਧਤ ਕ੍ਰੈਡਿਟ ਬਿਊਰੋ ਕੋਲ ਵੀ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ।
ਇਹ ਹਨ ਕ੍ਰੈਡਿਟ ਬਿਊਰੋ
- ਟ੍ਰਾਂਸਯੂਨੀਅਨ ਸਿਬਿਲ
- ਐਕਸਪੀਰੀਅਨ ਇੰਡੀਆ
- ਇਕਿਵਫੈਕਸ ਇੰਡੀਆ
- ਸੀਆਰਆਈਐੱਫ ਹਾਈ ਮਾਰਕ
300 ਤੋਂ 900 ਅੰਕਾਂ ਦੇ ਦਾਇਰੇ ’ਚ ਹੁੰਦਾ ਹੈ ਕ੍ਰੈਡਿਟ ਸਕੋਰ
ਭਾਰਤ ’ਚ ਕ੍ਰੈਡਿਟ ਸਕੋਰ ਦੀ ਸ਼ੁਰੂਆਤ 300 ਅੰਕਾਂ ਤੋਂ ਹੁੰਦੀ ਹੈ ਅਤੇ ਇਹ ਵੱਧ ਤੋਂ ਵੱਧ 900 ਅੰਕਾਂ ਤੱਕ ਹੋ ਸਕਦਾ ਹੈ। 300 ਤੋਂ 549 ਅੰਕਾਂ ਤੱਕ ਦੇ ਕ੍ਰੈਡਿਟ ਸਕੋਰ ਨੂੰ ਖ਼ਰਾਬ ਮੰਨਿਆ ਜਾਂਦਾ ਹੈ। ਆਮ ਤੌਰ ’ਤੇ ਇਸ ਸਕੋਰ ’ਤੇ ਕਰਜ਼ਾ ਨਹੀਂ ਮਿਲਦਾ। 550 ਤੋਂ 649 ਅੰਕਾਂ ਤੱਕ ਦੇ ਕ੍ਰੈਡਿਟ ਸਕੋਰ ਨੂੰ ਔਸਤ ਮੰਨਿਆ ਜਾਂਦਾ ਹੈ। ਇਸ ਸਕੋਰ ’ਤੇ ਕਰਜ਼ਾ ਮਿਲ ਸਕਦਾ ਹੈ, ਪਰ ਵਿਆਜ ਦਰ ਵੱਧ ਹੋ ਸਕਦੀ ਹੈ। 650 ਤੋਂ 749 ਅੰਕਾਂ ਦੇ ਸਕੋਰ ਨੂੰ ਚੰਗਾ ਮੰਨਿਆ ਜਾਂਦਾ ਹੈ ਅਤੇ ਇਸ ’ਤੇ ਆਮ ਵਿਆਜ ਦਰਾਂ ਨਾਲ ਕਰਜ਼ਾ ਮਿਲ ਸਕਦਾ ਹੈ। 750 ਤੋਂ 799 ਅੰਕਾਂ ਦੇ ਕ੍ਰੈਡਿਟ ਸਕੋਰ ਨੂੰ ਕਾਫ਼ੀ ਚੰਗਾ ਮੰਨਿਆ ਜਾਂਦਾ ਹੈ। ਇਸ ਸਕੋਰ ਵਾਲੇ ਲੋਕਾਂ ਨੂੰ ਆਕਰਸ਼ਕ ਵਿਆਜ ਦਰਾਂ ’ਤੇ ਕਰਜ਼ਾ ਮਿਲ ਸਕਦਾ ਹੈ। 800 ਤੋਂ 900 ਅੰਕਾਂ ਦੇ ਕ੍ਰੈਡਿਟ ਸਕੋਰ ਨੂੰ ਸ਼ਾਨਦਾਰ ਮੰਨਿਆ ਜਾਂਦਾ ਹੈ ਅਤੇ ਅਜਿਹੇ ਲੋਕਾਂ ਨੂੰ ਬਾਜ਼ਾਰ ਦੀਆਂ ਆਮ ਦਰਾਂ ਨਾਲੋਂ ਘੱਟ ਵਿਆਜ ’ਤੇ ਕਰਜ਼ਾ ਮਿਲ ਸਕਦਾ ਹੈ।