- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਨਿਯਮਾਂ ਤਹਿਤ ਬਿਮਾਰੀ ਅਤੇ ਜਣੇਪਾ ਲਾਭਾਂ ਦੇ ਦਾਅਵਿਆਂ ਦਾ ਆਪਣੇ ਆਪ ਨਿਪਟਾਰਾ ਤਿੰਨ ਸ਼ਰਤਾਂ ਪੂਰੀਆਂ ਹੋਣ 'ਤੇ ਹੋਵੇਗਾ - ਈਐੱਸਆਈਸੀ ਦੀ ਸੂਚਨਾ ਪ੍ਰਣਾਲੀ ਤੋਂ ਮੈਡੀਕਲ ਸਰਟੀਫਿਕੇਟ ਬਣਿਆ ਹੋਵੇ, ਰੁਜ਼ਗਾਰਦਾਤਾ ਨੇ ਪੋਰਟਲ 'ਤੇ ਮਹੀਨਾਵਾਰ ਵੇਰਵਾ ਜਮ੍ਹਾਂ ਕਰਵਾਇਆ ਹੋਵੇ ਅਤੇ ਕਾਮੇ ਦਾ ਬੈਂਕ ਖਾਤਾ ਤੇ ਬੀਮਾ ਨੰਬਰ ਆਧਾਰ ਨਾਲ ਜੁੜਿਆ ਹੋਵੇ।

ਨਵੀਂ ਦਿੱਲੀ (ਆਈਏਐੱਨਐੱਸ) : ਜਦੋਂ ਕੋਈ ਮਿਹਨਤਕਸ਼ ਕਾਮਾ ਬਿਮਾਰੀ, ਜਣੇਪੇ ਜਾਂ ਕੰਮ ਵਾਲੀ ਥਾਂ 'ਤੇ ਕਿਸੇ ਹਾਦਸੇ ਦੇ ਦਰਦ ਵਿੱਚੋਂ ਲੰਘ ਰਿਹਾ ਹੁੰਦਾ ਹੈ, ਉਦੋਂ ਦਫ਼ਤਰਾਂ ਦੇ ਚੱਕਰ ਅਤੇ ਕਾਗਜ਼ੀ ਰਸਮਾਂ ਉਸ ਦੀ ਪੀੜ ਨੂੰ ਹੋਰ ਵਧਾ ਦਿੰਦੀਆਂ ਹਨ। ਕਾਮਿਆਂ ਦੀ ਇਸੇ ਵਿਹਾਰਕ ਮੁਸ਼ਕਲ ਨੂੰ ਸਮਝਦਿਆਂ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਨੇ ਐਤਵਾਰ ਨੂੰ ਨਵੇਂ ਨਿਯਮਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ‘ਕਰਮਚਾਰੀ ਰਾਜ ਬੀਮਾ (ਆਮ) ਨਿਯਮ, 2026’ ਤਹਿਤ ਯੋਗ ਮੁਲਾਜ਼ਮ ਹੁਣ ਬਿਮਾਰੀ, ਜਣੇਪੇ ਅਤੇ ਕੰਮ ਦੌਰਾਨ ਲੱਗੀ ਸੱਟ ਨਾਲ ਜੁੜੇ ਨਕਦ ਲਾਭ ਸਿੱਧੇ ਆਪਣੇ ਬੈਂਕ ਖਾਤੇ ਵਿਚ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀਬੀਟੀ) ਰਾਹੀਂ ਪ੍ਰਾਪਤ ਕਰ ਸਕਣਗੇ। ਇਸ ਲਈ ਵੱਖਰੇ ਤੌਰ 'ਤੇ ਦਾਅਵਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। ਇਹ ਨਵੇਂ ਨਿਯਮ 1950 ਦੇ ਪੁਰਾਣੇ ਨਿਯਮਾਂ ਦੀ ਥਾਂ ਲੈਣਗੇ ਅਤੇ ਸਮਾਜਿਕ ਸੁਰੱਖਿਆ ਕੋਡ, 2020 ਦੇ ਪ੍ਰਬੰਧਾਂ ਨੂੰ ਪ੍ਰਭਾਵਸ਼ਾਲੀ ਬਣਾਉਣਗੇ।
ਨਵੇਂ ਨਿਯਮਾਂ ਤਹਿਤ ਬਿਮਾਰੀ ਅਤੇ ਜਣੇਪਾ ਲਾਭਾਂ ਦੇ ਦਾਅਵਿਆਂ ਦਾ ਆਪਣੇ ਆਪ ਨਿਪਟਾਰਾ ਤਿੰਨ ਸ਼ਰਤਾਂ ਪੂਰੀਆਂ ਹੋਣ 'ਤੇ ਹੋਵੇਗਾ - ਈਐੱਸਆਈਸੀ ਦੀ ਸੂਚਨਾ ਪ੍ਰਣਾਲੀ ਤੋਂ ਮੈਡੀਕਲ ਸਰਟੀਫਿਕੇਟ ਬਣਿਆ ਹੋਵੇ, ਰੁਜ਼ਗਾਰਦਾਤਾ ਨੇ ਪੋਰਟਲ 'ਤੇ ਮਹੀਨਾਵਾਰ ਵੇਰਵਾ ਜਮ੍ਹਾਂ ਕਰਵਾਇਆ ਹੋਵੇ ਅਤੇ ਕਾਮੇ ਦਾ ਬੈਂਕ ਖਾਤਾ ਤੇ ਬੀਮਾ ਨੰਬਰ ਆਧਾਰ ਨਾਲ ਜੁੜਿਆ ਹੋਵੇ। ਕੰਮ ਦੌਰਾਨ ਸੱਟ ਲੱਗਣ 'ਤੇ ਹੁਣ ਅਸਥਾਈ ਜਾਂ ਸਥਾਈ ਅਪੰਗਤਾ ਅਤੇ ਮੌਤ ਦੀ ਸਥਿਤੀ ਵਿਚ ਆਸ਼ਰਿਤਾਂ ਦੇ ਲਾਭਾਂ ਲਈ ਰੁਜ਼ਗਾਰਦਾਤਾ ਦੀ ਹਾਦਸੇ ਦੀ ਰਿਪੋਰਟ ਹੀ ਦਾਅਵਾ ਮੰਨੀ ਜਾਵੇਗੀ। ਯੋਗ ਕਾਮਿਆਂ ਕੋਲ ਖੁਦ ਇਲੈਕਟ੍ਰਾਨਿਕ ਜਾਂ ਹੋਰ ਮਾਧਿਅਮ ਰਾਹੀਂ ਦਾਅਵਾ ਕਰਨ ਦਾ ਵਿਕਲਪ ਵੀ ਬਣਿਆ ਰਹੇਗਾ। ਹਾਲਾਂਕਿ, ਡੀਮਡ ਕਲੇਮ ਅਤੇ ਸੱਟ ਨਾਲ ਜੁੜੇ ਪ੍ਰਬੰਧ ਈਐੱਸਆਈਸੀ ਦੇ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਸਿੰਘ ਵੱਲੋਂ ਨਿਰਧਾਰਤ ਮਿਤੀ ਤੋਂ ਲਾਗੂ ਹੋਣਗੇ।
ਨਵੇਂ ਪ੍ਰਬੰਧਾਂ ਵਿਚ ਜਣੇਪੇ ਦੀ ਸੰਭਾਵਿਤ ਮਿਤੀ ਤੋਂ ਪਹਿਲਾਂ ਜਣੇਪਾ ਲਾਭ ਦਾ ਦਾਅਵਾ ਕਰਨ ਦੀ ਮਿਆਦ 50 ਦਿਨਾਂ ਤੋਂ ਵਧਾ ਕੇ 56 ਦਿਨ ਕਰ ਦਿੱਤੀ ਗਈ ਹੈ, ਜਦਕਿ ਦੋ ਜਾਂ ਇਸ ਤੋਂ ਵੱਧ ਜਿਉਂਦੇ ਬੱਚਿਆਂ ਵਾਲੀਆਂ ਔਰਤਾਂ ਲਈ ਇਹ ਮਿਆਦ 42 ਦਿਨ ਹੋਵੇਗੀ। ਰੁਜ਼ਗਾਰਦਾਤਾ ਵੱਲੋਂ ਸਮੇਂ ਸਿਰ ਵੇਰਵਾ ਜਾਂ ਤਸਦੀਕ ਨਾ ਕਰਨ 'ਤੇ ਮੁਲਾਜ਼ਮ ਦਾ ਲਾਭ ਨਹੀਂ ਰੋਕਿਆ ਜਾਵੇਗਾ, ਸਗੋਂ ਈਐੱਸਆਈਸੀ ਖ਼ੁਦ ਰੁਜ਼ਗਾਰਦਾਤਾ ਤੋਂ ਜਾਣਕਾਰੀ ਇਕੱਠੀ ਕਰੇਗੀ। ਤਕਨੀਕੀ ਜਾਂ ਬੈਂਕ ਖਾਤੇ ਦੀ ਸਮੱਸਿਆ ਕਾਰਨ ਡੀਬੀਟੀ ਅਸਫ਼ਲ ਹੋਣ 'ਤੇ ਕਾਰਨ ਦਰਜ ਕਰ ਕੇ ਹੋਰ ਮਾਧਿਅਮ ਰਾਹੀਂ ਭੁਗਤਾਨ ਕੀਤਾ ਜਾ ਸਕੇਗਾ। ਪੂਰਾ ਦਾਅਵਾ ਮਿਲਣ 'ਤੇ ਸੱਤ ਦਿਨਾਂ ਵਿਚ ਬਿਮਾਰੀ ਲਾਭ ਅਤੇ 14 ਦਿਨਾਂ ਵਿਚ ਜਣੇਪਾ ਲਾਭ ਦੀ ਪਹਿਲੀ ਕਿਸ਼ਤ ਦੇਣੀ ਪਵੇਗੀ।
ਇਨ੍ਹਾਂ ਸੁਧਾਰਾਂ ਨਾਲ ਲਗਪਗ ਚਾਰ ਕਰੋੜ ਬੀਮਾਯੁਕਤ ਕਾਮਿਆਂ ਅਤੇ ਲਗਪਗ 15 ਕਰੋੜ ਲਾਭਪਾਤਰੀਆਂ ਨੂੰ ਸਹਾਰਾ ਮਿਲੇਗਾ। 10 ਜਾਂ ਇਸ ਤੋਂ ਵੱਧ ਮੁਲਾਜ਼ਮਾਂ ਵਾਲੇ ਅਦਾਰਿਆਂ 'ਤੇ ਲਾਗੂ ਇਹ ਯੋਜਨਾ 21 ਹਜ਼ਾਰ ਰੁਪਏ (ਅਪੰਗ ਵਿਅਕਤੀਆਂ ਲਈ 25 ਹਜ਼ਾਰ ਰੁਪਏ) ਮਹੀਨਾਵਾਰ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਨੂੰ ਮੈਡੀਕਲ, ਬਿਮਾਰੀ, ਜਣੇਪਾ, ਅਪੰਗਤਾ, ਆਸ਼ਰਿਤ ਅਤੇ ਬੇਰੁਜ਼ਗਾਰੀ ਸਮੇਤ ਛੇ ਸਮਾਜਿਕ ਸੁਰੱਖਿਆ ਲਾਭ ਪ੍ਰਦਾਨ ਕਰਦੀ ਹੈ। ਹੁਣ ਰਜਿਸਟ੍ਰੇਸ਼ਨ ਤੋਂ ਲੈ ਕੇ ਦਾਅਵਿਆਂ ਦੇ ਨਿਪਟਾਰੇ ਤੱਕ ਦੀਆਂ ਸਾਰੀਆਂ ਪ੍ਰਸ਼ਾਸਕੀ ਪ੍ਰਕਿਰਿਆਵਾਂ ਪੂਰੀ ਤਰ੍ਹਾਂ ਡਿਜੀਟਲ ਪ੍ਰਣਾਲੀ ਵੱਲ ਵਧਣਗੀਆਂ।