ਮਹਿੰਗਾਈ ਵਧਣ ਦਾ ਅਸਰ: ਅਕਤੂਬਰ ਤੇ ਦਸੰਬਰ ’ਚ RBI ਵਧਾ ਸਕਦੈ ਰੈਪੋ ਰੇਟ, ਤੁਹਾਡੀ EMI ’ਚ ਹੋਵੇਗਾ ਵਾਧਾ ਨੋਮੁਰਾ ਨੇ ਵਿੱਤੀ ਸਾਲ 2026-27 ਲਈ ਭਾਰਤ ਦੀ GDP ਵਿਕਾਸ ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ ਜਦਕਿ ਆਉਣ ਵਾਲੇ ਮਹੀਨਿਆਂ 'ਚ ਮਹਿੰਗਾਈ 6 ਫੀਸਦੀ ਤੋਂ ਪਾਰ ਜਾ ਸਕਦੀ ਹੈ। ਸੁੱਬਾਰਮਣ ਨੇ ਕਿਹਾ ਕਿ ਭਾਰਤ ਕੋਲ ਗਲੋਬਲ ਨਿਵੇਸ਼ ਆਕਰਸ਼ਿਤ ਕਰਨ ਅਤੇ ਗਲੋਬਲ ਵੈਲਿਊ ਚੇਨ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਦੀਆਂ ਸੰਭਾਵਨਾਵਾਂ ਹਨ।
Publish Date: Tue, 22 Sep 2026 02:50 PM (IST)
Updated Date: Tue, 22 Sep 2026 03:00 PM (IST)
ਏਜੰਸੀ, ਨਵੀਂ ਦਿੱਲੀ : ਗਲੋਬਲ ਵਿੱਤੀ ਸੇਵਾ ਕੰਪਨੀ ਨੋਮੁਰਾ ਦੇ ਗਲੋਬਲ ਮੈਕਰੋ ਰਿਸਰਚ ਮੁਖੀ ਰੌਬ ਸੁੱਬਾਰਮਣ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮਹਿੰਗਾਈ ਦਾ ਦਬਾਅ ਵਧਣ ਕਾਰਨ ਭਾਰਤੀ ਰਿਜ਼ਰਵ ਬੈਂਕ (RBI) ਆਉਣ ਵਾਲੀਆਂ ਦੋਵੇਂ ਮੁਦਰਾ ਨੀਤੀ ਬੈਠਕਾਂ (ਅਕਤੂਬਰ ਤੇ ਦਸੰਬਰ) 'ਚ ਵਿਆਜ ਦਰਾਂ ’ਚ ਵਾਧਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕ ਵਿਕਾਸ ਦਰ ਮਜ਼ਬੂਤ ਬਣੀ ਹੋਈ ਹੈ। ਨੋਮੁਰਾ ਨੇ ਵਿੱਤੀ ਸਾਲ 2026-27 ਲਈ ਭਾਰਤ ਦੀ GDP ਵਿਕਾਸ ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ ਜਦਕਿ ਆਉਣ ਵਾਲੇ ਮਹੀਨਿਆਂ 'ਚ ਮਹਿੰਗਾਈ 6 ਫੀਸਦੀ ਤੋਂ ਪਾਰ ਜਾ ਸਕਦੀ ਹੈ।
ਹਿੱਸੇਦਾਰੀ ਵਧਾਉਣ ਦੀਆਂ ਸੰਭਾਵਨਾਵਾਂ ਸੁੱਬਾਰਮਣ ਨੇ ਕਿਹਾ ਕਿ ਭਾਰਤ ਕੋਲ ਗਲੋਬਲ ਨਿਵੇਸ਼ ਆਕਰਸ਼ਿਤ ਕਰਨ ਅਤੇ ਗਲੋਬਲ ਵੈਲਿਊ ਚੇਨ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਦੀਆਂ ਸੰਭਾਵਨਾਵਾਂ ਹਨ। ਭਾਰਤ ਕੋਲ ਵੱਖ-ਵੱਖ ਖੇਤਰਾਂ ਵਿੱਚ ਵੱਡੇ ਮੌਕੇ ਹਨ, ਪਰ ਜੇ ਅਮਰੀਕਾ ਅਤੇ ਉੱਤਰ-ਪੂਰਬੀ ਏਸ਼ੀਆ ਵਿੱਚ AI ਨਿਵੇਸ਼ ਦੀ ਕਹਾਣੀ ਬਹੁਤ ਮਜ਼ਬੂਤ ਬਣੀ ਰਹਿੰਦੀ ਹੈ ਤਾਂ ਕੁਝ ਚੁਣਿੰਦਾ ਖੇਤਰਾਂ ਵਿੱਚ ਭਾਰਤ ਪਿੱਛੇ ਰਹਿ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਹੋਰ ਪੂੰਜੀ ਆਕਰਸ਼ਿਤ ਕਰ ਸਕਦਾ ਹੈ। FCNR-B ਜਮ੍ਹਾਂ ਵਿੱਚ ਉਮੀਦ ਤੋਂ ਬਿਹਤਰ ਪ੍ਰਵਾਹ ਦੇਖਣ ਨੂੰ ਮਿਲਿਆ ਹੈ ਅਤੇ ਮਜ਼ਬੂਤ ਭੁਗਤਾਨ ਸੰਤੁਲਨ ਸਰਪਲੱਸ ਦੀ ਵੀ ਸੰਭਾਵਨਾ ਹੈ। ਸੁੱਬਾਰਮਣ ਨੇ ਦੱਸਿਆ ਕਿ ਬਾਜ਼ਾਰਾਂ ਦੀ ਨਜ਼ਰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਹੋਣ ਵਾਲੀਆਂ ਕੂਟਨੀਤਕ ਗਤੀਵਿਧੀਆਂ ਅਤੇ ਇਸ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਸੰਭਾਵੀ ਬੈਠਕ ’ਤੇ ਹੈ।
US Fed ਵੀ ਕਰ ਸਕਦਾ ਹੈ ਵਾਧਾ ਗਲੋਬਲ ਮੁਦਰਾ ਨੀਤੀ ’ਤੇ ਸੁੱਬਾਰਮਣ ਨੇ ਕਿਹਾ ਕਿ ਇਸ ਸਾਲ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਘੱਟੋ-ਘੱਟ ਇੱਕ ਹੋਰ ਵਿਆਜ ਦਰ ਵਾਧੇ ਦੀ ਉਮੀਦ ਹੈ, ਜੋ ਸੰਭਵ ਤੌਰ ’ਤੇ ਦਸੰਬਰ ਵਿਚ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਮਹਿੰਗਾਈ ਉੱਚੀ ਬਣੀ ਰਹਿੰਦੀ ਹੈ ਤਾਂ ਦਰਾਂ ਵਿੱਚ ਹੋਰ ਵਾਧੇ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ FOMC ਦੇ ਤਾਜ਼ਾ ਅਨੁਮਾਨ ਵਿਆਪਕ ਤੌਰ ’ਤੇ ਸਖ਼ਤ ਮੁਦਰਾ ਨੀਤੀ ਦੀ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ। 18 ਨੀਤੀ ਘਾੜਿਆਂ 'ਚੋਂ 12 ਨੇ ਇਸ ਸਾਲ ਇਕ ਹੋਰ ਦਰ ਵਾਧੇ ਦੀ ਉਮੀਦ ਜਤਾਈ ਹੈ, ਜਦਕਿ ਚਾਰ ਨੇ ਦੋ ਹੋਰ ਵਾਧਿਆਂ ਦਾ ਅਨੁਮਾਨ ਲਗਾਇਆ ਹੈ ਅਤੇ ਸਿਰਫ਼ ਦੋ ਨੇ ਅੱਗੇ ਕਿਸੇ ਵਾਧੇ ਦੀ ਉਮੀਦ ਨਹੀਂ ਕੀਤੀ ਹੈ।
ਗੈਸੋਲੀਨ ਦੀ ਕੀਮਤ ਕਰੀਬ 4.50 ਡਾਲਰ ਅਮਰੀਕੀ ਫੈਡ ਨੇ ਪਿਛਲੇ ਹਫ਼ਤੇ ਆਪਣੀ ਨੀਤੀਗਤ ਵਿਆਜ ਦਰ 'ਚ 25 ਬੇਸਿਸ ਪੁਆਇੰਟ ਦਾ ਵਾਧਾ ਕਰਕੇ ਇਸ ਨੂੰ 3.75 ਫੀਸਦੀ ਤੋਂ 4 ਫੀਸਦੀ ਦੀ ਰੇਂਜ ਵਿੱਚ ਕਰ ਦਿੱਤਾ ਸੀ। ਸੁੱਬਾਰਮਣ ਨੇ ਕਿਹਾ ਕਿ ਬਾਜ਼ਾਰਾਂ ਨੂੰ ਉਮੀਦ ਹੈ ਕਿ ਕੂਟਨੀਤੀ ਗਲੋਬਲ ਤਣਾਅ ਅਤੇ ਅਮਰੀਕਾ-ਚੀਨ ਵਪਾਰਕ ਪਾਬੰਦੀਆਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ, ਜਿਸ ਨਾਲ ਊਰਜਾ ਦੀ ਲਾਗਤ ਅਤੇ ਲੰਬੇ ਸਮੇਂ ਦੀ ਬਾਂਡ ਯੀਲਡ 'ਚ ਕਮੀ ਆ ਸਕਦੀ ਹੈ।
ਉਨ੍ਹਾਂ ਕਿਹਾ ਕਿ ਈਰਾਨ ਕੋਲ ਅਜੇ ਵੀ ਦਬਾਅ ਬਣਾਉਣ ਦੀ ਸਮਰੱਥਾ ਹੈ ਕਿਉਂਕਿ ਉੱਚੀਆਂ ਊਰਜਾ ਕੀਮਤਾਂ ਅਮਰੀਕੀ ਅਰਥਵਿਵਸਥਾ ’ਤੇ ਦਬਾਅ ਪਾ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਈਂਧਨ ਦੀਆਂ ਉੱਚੀਆਂ ਕੀਮਤਾਂ ਡਾਊਨਸਟ੍ਰੀਮ ਤੇਲ ਕਾਰੋਬਾਰ ’ਤੇ ਦਬਾਅ ਪਾ ਰਹੀਆਂ ਹਨ। ਅਮਰੀਕਾ 'ਚ ਗੈਸੋਲੀਨ ਦੀ ਕੀਮਤ ਕਰੀਬ 4.50 ਡਾਲਰ ਅਤੇ ਡੀਜ਼ਲ ਦੀ ਕੀਮਤ ਰਿਕਾਰਡ ਪੱਧਰ ਦੇ ਨੇੜੇ 6.50 ਡਾਲਰ ਪ੍ਰਤੀ ਗੈਲਨ ਤਕ ਪਹੁੰਚ ਗਈ ਹੈ।