MSME ਸੈਕਟਰ ਨੂੰ ਆਸਾਨੀ ਨਾਲ ਮਿਲੇ ਫੰਡ, ਮੈਨੂਫੈਕਚਰਿੰਗ ਪ੍ਰਬੰਧ ਤੇ ਆਰਥਿਕ ਵਿਕਾਸ 'ਤੇ RBI ਗਵਰਨਰ ਦਾ ਜ਼ੋਰ
RBI ਦੇ ਇਕ ਪ੍ਰੋਗਰਾਮ ਦੌਰਾਨ ਮਲਹੋਤਰਾ ਨੇ ਕਿਹਾ ਕਿ MSME ਦੇਸ਼ ਦੀ ਵੈਲਿਊ ਚੇਨ ਦਾ ਅਨਿੱਖੜਵਾਂ ਹਿੱਸਾ ਹਨ। ਇਹ ਵੱਡੇ ਉਦਯੋਗਾਂ ਦੀ ਕਾਰਜਕੁਸ਼ਲਤਾ ਅਤੇ ਮੁਕਾਬਲੇਬਾਜ਼ੀ ਵਧਾਉਣ 'ਚ ਸਿੱਧਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰ ਦੇਸ਼ ਦੇ ਮੈਨੂਫੈਕਚਰਿੰਗ ਪ੍ਰਬੰਧ ਨੂੰ ਮਜ਼ਬੂਤ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।
Publish Date: Fri, 27 Nov 2026 04:05 PM (IST)
Updated Date: Fri, 27 Nov 2026 04:06 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਮੈਨੂਫੈਕਚਰਿੰਗ ਦੇ ਖੇਤਰ 'ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਿਸ ਕਾਰਨ ਦੇਸ਼ ਦੇ ਨਿਰਯਾਤ 'ਚ ਵੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਦੇਸ਼ 'ਚ ਛੋਟੇ ਉਦਯੋਗਾਂ ਨੇ ਵੀ ਤੇਜ਼ੀ ਨਾਲ ਤਰੱਕੀ ਕੀਤੀ ਹੈ। ਪਰ ਛੋਟੇ ਕਾਰੋਬਾਰੀਆਂ ਲਈ ਫੰਡ ਦੀ ਚਿੰਤਾ ਅਜੇ ਵੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸੰਜੇ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਮੈਨੂਫੈਕਚਰਿੰਗ ਪ੍ਰਬੰਧ ਅਤੇ ਆਰਥਿਕ ਵਿਕਾਸ 'ਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (MSME) ਦੀ ਭੂਮਿਕਾ ਨੂੰ ਅਹਿਮ ਦੱਸਿਆ। ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰਾਂ ਲਈ ਵਿੱਤੀ ਮਦਦ ਅਤੇ ਕਰਜ਼ਾ ਹਾਸਲ ਕਰਨਾ ਆਸਾਨ ਬਣਾਉਣ ਦੀ ਲੋੜ ਹੈ।
RBI ਦੇ ਇਕ ਪ੍ਰੋਗਰਾਮ ਦੌਰਾਨ ਮਲਹੋਤਰਾ ਨੇ ਕਿਹਾ ਕਿ MSME ਦੇਸ਼ ਦੀ ਵੈਲਿਊ ਚੇਨ ਦਾ ਅਨਿੱਖੜਵਾਂ ਹਿੱਸਾ ਹਨ। ਇਹ ਵੱਡੇ ਉਦਯੋਗਾਂ ਦੀ ਕਾਰਜਕੁਸ਼ਲਤਾ ਅਤੇ ਮੁਕਾਬਲੇਬਾਜ਼ੀ ਵਧਾਉਣ 'ਚ ਸਿੱਧਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰ ਦੇਸ਼ ਦੇ ਮੈਨੂਫੈਕਚਰਿੰਗ ਪ੍ਰਬੰਧ ਨੂੰ ਮਜ਼ਬੂਤ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ, ਪਹਿਲੀ ਵਾਰ ਕਾਰੋਬਾਰ ਸ਼ੁਰੂ ਕਰਨ ਵਾਲੇ ਉੱਦਮੀਆਂ ਨੂੰ ਸ਼ੁਰੂਆਤ 'ਚ ਕਈ ਤਰ੍ਹਾਂ ਦੇ ਜੋਖ਼ਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ MSME ਸੈਕਟਰ ਸਿਰਫ਼ ਸਰਕਾਰ ਦੀ ਤਰਜੀਹ ਵਾਲਾ ਖੇਤਰ ਨਹੀਂ ਹੈ, ਸਗੋਂ ਭਾਰਤ ਦੇ ਆਰਥਿਕ ਬਦਲਾਅ ਦਾ ਇਕ ਕੇਂਦਰੀ ਹਿੱਸਾ ਹੈ।
MSME ਦੇ ਉਤਪਾਦਨ ਨੂੰ ਵਧਾਉਣ 'ਤੇ ਜ਼ੋਰ
ਸੰਜੇ ਮਲਹੋਤਰਾ ਨੇ ਕਿਹਾ ਕਿ ਆਤਮਨਿਰਭਰਤਾ ਅਤੇ ਆਰਥਿਕ ਮਜ਼ਬੂਤੀ ਵੱਲ ਭਾਰਤ ਦੀ ਯਾਤਰਾ 'ਚ MSME ਦੀ ਅਹਿਮ ਭੂਮਿਕਾ ਹੈ। ਛੋਟੇ ਉੱਦਮ ਨਿਰਮਾਤਾ, ਸਪਲਾਇਰ, ਸੇਵਾ ਪ੍ਰਦਾਤਾ ਅਤੇ ਤਕਨਾਲੋਜੀ ਭਾਈਵਾਲ ਵਜੋਂ ਵੀ ਕੰਮ ਕਰ ਸਕਦੇ ਹਨ।
RBI ਗਵਰਨਰ ਨੇ ਇਲੈਕਟ੍ਰੋਨਿਕਸ ਸੈਕਟਰ ਨੂੰ ਉਨ੍ਹਾਂ ਖੇਤਰਾਂ 'ਚ ਸ਼ਾਮਲ ਕੀਤਾ, ਜਿੱਥੇ MSME ਲਈ ਕਾਰੋਬਾਰ ਦੇ ਵੱਡੇ ਮੌਕੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਕਿਰਤ-ਆਧਾਰਿਤ ਉਦਯੋਗਾਂ ਨੂੰ ਵੀ ਵਪਾਰ ਦੇ ਵਧਦੇ ਮੌਕਿਆਂ ਦਾ ਲਾਭ ਮਿਲ ਸਕਦਾ ਹੈ। ਉਨ੍ਹਾਂ ਮੁਤਾਬਕ ਘੱਟ ਕੀਮਤ 'ਤੇ ਚੰਗੀ ਗੁਣਵੱਤਾ ਵਾਲਾ ਕੱਚਾ ਮਾਲ ਅਤੇ ਹੋਰ ਜ਼ਰੂਰੀ ਸਮੱਗਰੀ ਉਪਲਬਧ ਕਰਵਾਉਣ ਨਾਲ MSME ਦੀ ਉਤਪਾਦਕਤਾ ਵਧਾਈ ਜਾ ਸਕਦੀ ਹੈ।
ਛੋਟੇ ਕਾਰੋਬਾਰਾਂ ਤਕ ਕਰਜ਼ਾ ਪਹੁੰਚਾਉਣਾ ਤਰਜੀਹ
RBI ਗਵਰਨਰ ਨੇ ਵਿੱਤੀ ਸਮਾਵੇਸ਼ (Financial Inclusion) ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਿੱਤੀ ਵਿਵਸਥਾ ਨਾਲ ਵੱਧ ਤੋਂ ਵੱਧ ਲੋਕਾਂ ਅਤੇ ਛੋਟੇ ਕਾਰੋਬਾਰਾਂ ਨੂੰ ਜੋੜਨਾ ਇਕ ਪ੍ਰਮੁੱਖ ਤਰਜੀਹ ਹੈ। ਵਿੱਤੀ ਸਮਾਵੇਸ਼ ਨੂੰ ਵਧਾਉਣ ਲਈ ਸੂਖਮ ਉੱਦਮਾਂ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਛੋਟੇ ਕਾਰੋਬਾਰਾਂ ਲਈ ਕਰਜ਼ੇ ਤੱਕ ਪਹੁੰਚ ਆਸਾਨ ਬਣਾਉਣਾ ਵੀ ਤਰਜੀਹ ਹੈ।
ਮਲਹੋਤਰਾ ਨੇ ਕਿਹਾ ਕਿ ਵਿੱਤੀ ਸੰਸਥਾਵਾਂ ਨੂੰ ਸੂਖਮ ਅਤੇ ਛੋਟੇ ਕਾਰੋਬਾਰਾਂ ਨੂੰ ਕਰਜ਼ਾ ਦੇਣ ਲਈ ਆਪਣਾ ਸਹਿਯੋਗ ਮਜ਼ਬੂਤ ਕਰਨਾ ਚਾਹੀਦਾ ਹੈ। ਆਸਾਨੀ ਨਾਲ ਵਿੱਤੀ ਮਦਦ ਮਿਲਣ 'ਤੇ ਛੋਟੇ ਉੱਦਮੀ ਆਪਣਾ ਕਾਰੋਬਾਰ ਵਧਾ ਸਕਦੇ ਹਨ ਅਤੇ ਆਪਣੀ ਕਾਰੋਬਾਰੀ ਸਮਰੱਥਾ ਦੀ ਬਿਹਤਰ ਵਰਤੋਂ ਕਰ ਸਕਦੇ ਹਨ।