RBI ਨੇ ਸੋਨਾ ਖਰੀਦਿਆ ਨਹੀਂ, ਫਿਰ ਵੀ ਭਾਰਤ ਕਿਵੇਂ ਆਇਆ 60 ਟਨ ਸੋਨਾ? ਕੀ ਹੁਣ ਸੋਨੇ ਦੀਆਂ ਕੀਮਤਾਂ ’ਤੇ ਪਵੇਗਾ ਅਸਰ? ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੇ ਸੋਨੇ ਦੇ ਭੰਡਾਰ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਕੇਂਦਰੀ ਬੈਂਕ ਨੇ ਅਪ੍ਰੈਲ ਤੋਂ ਸਤੰਬਰ 2026 ਦਰਮਿਆਨ 60.08 ਟਨ ਸੋਨਾ ਵਿਦੇਸ਼ਾਂ ਤੋਂ ਵਾਪਸ ਲਿਆ ਕੇ ਭਾਰਤ ਵਿੱਚ ਰੱਖਿਆ ਹੈ। ਇਸ ਨਾਲ ਦੇਸ਼ ਵਿੱਚ ਰੱਖੇ ਸੋਨੇ ਦਾ ਭੰਡਾਰ ਵਧ ਕੇ 740.13 ਟਨ ਹੋ ਗਿਆ ਹੈ, ਜਦਕਿ ਮਾਰਚ 2026 ਵਿੱਚ ਇਹ 680.05 ਟਨ ਸੀ।
Publish Date: Thu, 26 Nov 2026 10:54 AM (IST)
Updated Date: Thu, 26 Nov 2026 10:55 AM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੇ ਸੋਨੇ ਦੇ ਭੰਡਾਰ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਕੇਂਦਰੀ ਬੈਂਕ ਨੇ ਅਪ੍ਰੈਲ ਤੋਂ ਸਤੰਬਰ 2026 ਦਰਮਿਆਨ 60.08 ਟਨ ਸੋਨਾ ਵਿਦੇਸ਼ਾਂ ਤੋਂ ਵਾਪਸ ਲਿਆ ਕੇ ਭਾਰਤ ਵਿੱਚ ਰੱਖਿਆ ਹੈ। ਇਸ ਨਾਲ ਦੇਸ਼ ਵਿੱਚ ਰੱਖੇ ਸੋਨੇ ਦਾ ਭੰਡਾਰ ਵਧ ਕੇ 740.13 ਟਨ ਹੋ ਗਿਆ ਹੈ, ਜਦਕਿ ਮਾਰਚ 2026 ਵਿੱਚ ਇਹ 680.05 ਟਨ ਸੀ।
RBI ਵੱਲੋਂ ਵਿਦੇਸ਼ੀ ਮੁਦਰਾ ਭੰਡਾਰ ਦੇ ਪ੍ਰਬੰਧਨ ਬਾਰੇ ਜਾਰੀ ਅੱਧ-ਸਾਲਾ ਰਿਪੋਰਟ ਮੁਤਾਬਕ, ਸਤੰਬਰ 2026 ਤੱਕ ਕੇਂਦਰੀ ਬੈਂਕ ਕੋਲ ਕੁੱਲ 880.52 ਟਨ ਸੋਨਾ ਸੀ। ਇਸ ਵਿੱਚੋਂ ਲਗਭਗ 84.06 ਫ਼ੀਸਦੀ ਸੋਨਾ ਹੁਣ ਭਾਰਤ ਵਿੱਚ ਹੀ ਰੱਖਿਆ ਗਿਆ ਹੈ। ਮਾਰਚ 2026 ਵਿੱਚ ਇਹ ਹਿੱਸੇਦਾਰੀ 77.23 ਫ਼ੀਸਦੀ ਸੀ। ਹਾਲਾਂਕਿ, ਇਸ ਦੌਰਾਨ RBI ਦੇ ਕੁੱਲ ਸੋਨੇ ਦੇ ਭੰਡਾਰ ਵਿੱਚ ਕੋਈ ਤਬਦੀਲੀ ਨਹੀਂ ਹੋਈ।
RBI ਆਪਣਾ ਸੋਨਾ ਵਾਪਸ ਕਿਉਂ ਲਿਆ ਰਿਹਾ ਹੈ?
ਦੁਨੀਆ ਭਰ ਵਿੱਚ ਵਧਦੀ ਅਨਿਸ਼ਚਿਤਤਾ ਅਤੇ ਭੂ-ਸਿਆਸੀ ਤਣਾਅ ਦਰਮਿਆਨ RBI ਲਗਾਤਾਰ ਆਪਣਾ ਸੋਨਾ ਦੇਸ਼ ਵਿੱਚ ਵਾਪਸ ਲਿਆ ਰਿਹਾ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2025-26 ਦੀ ਦੂਜੀ ਛਿਮਾਹੀ ਦੌਰਾਨ ਵੀ 104 ਟਨ ਸੋਨਾ ਭਾਰਤ ਲਿਆਂਦਾ ਗਿਆ ਸੀ।
ਰਿਪੋਰਟ ਮੁਤਾਬਕ, ਸਤੰਬਰ 2026 ਤੱਕ 140.39 ਟਨ ਸੋਨਾ ਬੈਂਕ ਆਫ਼ ਇੰਗਲੈਂਡ ਅਤੇ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ (BIS) ਕੋਲ ਸੁਰੱਖਿਅਤ ਰੱਖਿਆ ਗਿਆ ਸੀ।
ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸੋਨੇ ਦੀ ਹਿੱਸੇਦਾਰੀ ਘਟੀ ਸੋਨੇ ਦੀ ਮਾਤਰਾ ਵਧਣ ਦੇ ਬਾਵਜੂਦ ਵਿਦੇਸ਼ੀ ਮੁਦਰਾ ਭੰਡਾਰ ਦੀ ਕੁੱਲ ਕੀਮਤ ਵਿੱਚ ਇਸ ਦੀ ਹਿੱਸੇਦਾਰੀ ਘਟੀ ਹੈ। ਅਮਰੀਕੀ ਡਾਲਰ ਵਿੱਚ ਮੁੱਲ ਦੇ ਆਧਾਰ ’ਤੇ ਸਤੰਬਰ 2026 ਦੇ ਅੰਤ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸੋਨੇ ਦੀ ਹਿੱਸੇਦਾਰੀ 14.38 ਫ਼ੀਸਦੀ ਰਹਿ ਗਈ, ਜਦਕਿ ਮਾਰਚ 2026 ਵਿੱਚ ਇਹ 16.70 ਫ਼ੀਸਦੀ ਸੀ।
ਕੌਮਾਂਤਰੀ ਬਾਜ਼ਾਰ ਵਿੱਚ ਸੋਨਾ 9 ਫ਼ੀਸਦੀ ਤੱਕ ਸਸਤਾ ਅਪ੍ਰੈਲ ਤੋਂ ਸਤੰਬਰ 2026 ਦੌਰਾਨ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਇਸ ਸਮੇਂ ਦੌਰਾਨ ਕੁੱਲ ਮਿਲਾ ਕੇ ਸੋਨੇ ਦੇ ਭਾਅ ਹੇਠਾਂ ਆਏ। ਸਤੰਬਰ ਵਿੱਚ ਸੋਨੇ ਦੀ ਔਸਤ ਕੀਮਤ ਲਗਭਗ 9 ਫ਼ੀਸਦੀ ਘਟ ਕੇ 4,319 ਡਾਲਰ ਪ੍ਰਤੀ ਟ੍ਰਾਏ ਔਂਸ ਰਹਿ ਗਈ, ਜਦਕਿ ਅਪ੍ਰੈਲ ਵਿੱਚ ਇਹ ਕਰੀਬ 4,721 ਡਾਲਰ ਪ੍ਰਤੀ ਟ੍ਰਾਏ ਔਂਸ ਸੀ।
ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਮੁੱਖ ਕਾਰਨਾਂ ਵਿੱਚ ਅਮਰੀਕੀ ਟ੍ਰੇਜ਼ਰੀ ਬਾਂਡਾਂ ’ਤੇ ਵਧਦਾ ਰਿਟਰਨ, ਡਾਲਰ ਦੀ ਮਜ਼ਬੂਤੀ ਅਤੇ ਵਿਆਜ ਦਰਾਂ ਵਿੱਚ ਸਖ਼ਤੀ ਦੀ ਸੰਭਾਵਨਾ ਸ਼ਾਮਲ ਰਹੀ। ਹਾਲਾਂਕਿ, ਸੁਰੱਖਿਅਤ ਨਿਵੇਸ਼ ਅਤੇ ਨਿਵੇਸ਼ ਪੋਰਟਫੋਲੀਓ ਵਿੱਚ ਵਿਭਿੰਨਤਾ ਲਿਆਉਣ ਲਈ ਸੋਨੇ ਦੀ ਮੰਗ ਬਣੀ ਰਹੀ। ਇਸ ਦੇ ਬਾਵਜੂਦ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ’ਤੇ ਦਬਾਅ ਦੇਖਣ ਨੂੰ ਮਿਲਿਆ।