- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿਉਹਾਰਾਂ ਦੇ ਸੀਜ਼ਨ ਦੌਰਾਨ ਕੰਪਨੀਆਂ ਅਕਸਰ ਲੋਕਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੀਆਂ ਛੋਟਾਂ ਦਿੰਦੀਆਂ ਹਨ। ਇਸ ਦੇ ਨਾਲ ਹੀ ਕ੍ਰੈਡਿਟ ਕਾਰਡ ਰਾਹੀਂ ਖ਼ਰੀਦਦਾਰੀ ’ਤੇ ਵੀ ਵੱਖ-ਵੱਖ ਆਫ਼ਰ ਮਿਲਦੇ ਹਨ। ਅਜਿਹੀਆਂ ਛੋਟਾਂ ਲੋਕਾਂ ਨੂੰ ਬਿਨਾਂ ਸੋਚੇ-ਸਮਝੇ ਖ਼ਰੀਦਦਾਰੀ ਕਰਨ ਅਤੇ ਗ਼ਲਤ ਵਿੱਤੀ ਫ਼ੈਸਲੇ ਲੈਣ ਲਈ ਉਕਸਾ ਸਕਦੀਆਂ ਹਨ।

ਭਲਕੇ ਪੂਰੇ ਦੇਸ਼ ’ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਭਗਵਾਨ ਸ੍ਰੀਰਾਮ ਨੇ ਇਸੇ ਦਿਨ ਰਾਵਣ ਦਾ ਵਧ ਕੀਤਾ ਸੀ। ਇਸ ਨੂੰ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਧਾਰਮਿਕ ਮਹੱਤਵ ਤੋਂ ਇਲਾਵਾ ਇਹ ਤਿਉਹਾਰ ਲੋਕਾਂ ਨੂੰ ਆਪਣੀਆਂ ਉਨ੍ਹਾਂ ਵਿੱਤੀ ਆਦਤਾਂ ਨੂੰ ਖ਼ਤਮ ਕਰਨ ਦਾ ਮੌਕਾ ਵੀ ਦਿੰਦਾ ਹੈ, ਜੋ ਉਨ੍ਹਾਂ ਦੀ ਲੰਮੇ ਸਮੇਂ ਦੀ ਆਰਥਿਕ ਤਰੱਕੀ ਅਤੇ ਖ਼ੁਸ਼ਹਾਲੀ ’ਚ ਰੁਕਾਵਟ ਬਣ ਰਹੀਆਂ ਹੋ ਸਕਦੀਆਂ ਹਨ। ਉਪ-ਸਮਾਚਾਰ ਸੰਪਾਦਕ ਮਨੋਜ ਕੁਮਾਰ ਦੱਸ ਰਹੇ ਹਨ ਕਿ ਕਿਹੜੀਆਂ ਵਿੱਤੀ ਆਦਤਾਂ ਨੂੰ ਛੱਡ ਕੇ ਤੁਸੀਂ ਵੀ ਆਪਣੀ ਜ਼ਿੰਦਗੀ ’ਚ ਖ਼ੁਸ਼ੀਆਂ ਲਿਆ ਸਕਦੇ ਹੋ।
ਬਿਨਾਂ ਲੋੜ ਦੇ ਸਾਮਾਨ ਖ਼ਰੀਦਣਾ
ਤਿਉਹਾਰਾਂ ਦੇ ਸੀਜ਼ਨ ਦੌਰਾਨ ਕੰਪਨੀਆਂ ਅਕਸਰ ਲੋਕਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੀਆਂ ਛੋਟਾਂ ਦਿੰਦੀਆਂ ਹਨ। ਇਸ ਦੇ ਨਾਲ ਹੀ ਕ੍ਰੈਡਿਟ ਕਾਰਡ ਰਾਹੀਂ ਖ਼ਰੀਦਦਾਰੀ ’ਤੇ ਵੀ ਵੱਖ-ਵੱਖ ਆਫ਼ਰ ਮਿਲਦੇ ਹਨ। ਅਜਿਹੀਆਂ ਛੋਟਾਂ ਲੋਕਾਂ ਨੂੰ ਬਿਨਾਂ ਸੋਚੇ-ਸਮਝੇ ਖ਼ਰੀਦਦਾਰੀ ਕਰਨ ਅਤੇ ਗ਼ਲਤ ਵਿੱਤੀ ਫ਼ੈਸਲੇ ਲੈਣ ਲਈ ਉਕਸਾ ਸਕਦੀਆਂ ਹਨ। ਇਸ ਤੋਂ ਬਚਣ ਅਤੇ ਸਮਝਦਾਰੀ ਨਾਲ ਕੰਮ ਲੈਣ ਲਈ ਸਭ ਤੋਂ ਪਹਿਲਾਂ ਆਪਣੇ ਖ਼ਰਚਿਆਂ ਦੀ ਹੱਦ ਤੈਅ ਕਰੋ। ਆਪਣੀਆਂ ਲੋੜਾਂ ਨੂੰ ਤਰਜੀਹ ਦਿਓ। ਸਿਰਫ਼ ਇਸ ਲਈ ਕੋਈ ਚੀਜ਼ ਨਾ ਖ਼ਰੀਦੋ ਕਿ ਉਹ ਸੇਲ ’ਚ ਸਸਤੀ ਮਿਲ ਰਹੀ ਹੈ, ਭਾਵੇਂ ਉਹ ਤੁਹਾਡੇ ਕੰਮ ਆਵੇ ਜਾਂ ਨਾ।
ਬੱਚਤ ਅਤੇ ਨਿਵੇਸ਼ ’ਚ ਦੇਰੀ ਕਰਨਾ
ਚੰਗੀ ਜ਼ਿੰਦਗੀ ਜਿਊਣ ਅਤੇ ਕਰੀਅਰ ’ਚ ਤਰੱਕੀ ਕਰਨ ਲਈ ਪੈਸੇ ਦੀ ਬੱਚਤ ਕਰਨੀ ਜ਼ਰੂਰੀ ਹੈ। ਬੱਚਤ ਨੂੰ ਟਾਲਦੇ ਰਹਿਣ ਨਾਲ ਲੰਮੇ ਸਮੇਂ ਦੇ ਵਿੱਤੀ ਟੀਚਿਆਂ ’ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਲਈ ਨਿਯਮਤ ਤੌਰ ’ਤੇ ਕੁਝ ਪੈਸੇ ਬਚਾਉਣਾ ਯਕੀਨੀ ਬਣਾਓ। ਤਿਉਹਾਰਾਂ ਦੌਰਾਨ ਵੀ ਬੱਚਤ ਜਾਰੀ ਰੱਖੋ। ਇਸ ਰਕਮ ਨੂੰ ਸਹੀ ਥਾਂ ਨਿਵੇਸ਼ ਕਰੋ, ਤਾਂ ਜੋ ਬਿਹਤਰ ਰਿਟਰਨ ਮਿਲ ਸਕੇ। ਗ਼ੈਰ-ਜ਼ਰੂਰੀ ਖ਼ਰਚੇ ਵਧਾਉਣ ਤੋਂ ਪਹਿਲਾਂ ਐਮਰਜੈਂਸੀ ਫੰਡ ਵੀ ਜ਼ਰੂਰ ਤਿਆਰ ਕਰੋ, ਤਾਂ ਜੋ ਲੋੜ ਪੈਣ ’ਤੇ ਕਰਜ਼ਾ ਲੈਣ ਤੋਂ ਬਚਿਆ ਜਾ ਸਕੇ।
ਬੀਮੇ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਨਾ
ਅੱਜਕੱਲ੍ਹ ਬਿਹਤਰ ਇਲਾਜ ਕਰਵਾਉਣਾ ਕਾਫ਼ੀ ਮਹਿੰਗਾ ਹੋ ਗਿਆ ਹੈ। ਅਜਿਹੇ ’ਚ ਕੋਈ ਗੰਭੀਰ ਬਿਮਾਰੀ ਕਿਸੇ ਵਿਅਕਤੀ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਵਿਗਾੜ ਸਕਦੀ ਹੈ। ਇਸ ਸਥਿਤੀ ਤੋਂ ਬਚਣ ਲਈ ਲੋੜੀਂਦਾ ਸਿਹਤ ਬੀਮਾ ਅਤੇ ਹੋਰ ਢੁੱਕਵਾਂ ਵਿੱਤੀ ਬੀਮਾ ਲੈਣ ’ਚ ਦੇਰੀ ਨਾ ਕਰੋ। ਇਸ ਤਿਉਹਾਰੀ ਸੀਜ਼ਨ ’ਚ ਆਪਣੇ ਬੀਮਾ ਕਵਰ ਦੀ ਸਮੀਖਿਆ ਕਰੋ ਅਤੇ ਯਕੀਨੀ ਬਣਾਓ ਕਿ ਇਹ ਤੁਹਾਡੀਆਂ ਅਤੇ ਤੁਹਾਡੇ ’ਤੇ ਨਿਰਭਰ ਲੋਕਾਂ ਦੀਆਂ ਲੋੜਾਂ ਮੁਤਾਬਕ ਢੁੱਕਵਾਂ ਹੈ। ਇਸ ਨਾਲ ਐਮਰਜੈਂਸੀ ਵੇਲੇ ਅਣਚਾਹਾ ਕਰਜ਼ਾ ਲੈਣ ਦੀ ਨੌਬਤ ਤੋਂ ਬਚਿਆ ਜਾ ਸਕਦਾ ਹੈ।
ਗ਼ੈਰ-ਜ਼ਰੂਰੀ ਕਰਜ਼ਾ ਲੈਣਾ
ਕਈ ਵਾਰ ਲੋਕ ਦੂਜਿਆਂ ਨੂੰ ਦੇਖ ਕੇ ਜਾਂ ਆਪਣੀ ਜੀਵਨਸ਼ੈਲੀ ਦੇ ਦਿਖਾਵੇ ਲਈ ਗ਼ੈਰ-ਜ਼ਰੂਰੀ ਚੀਜ਼ਾਂ ਕਰਜ਼ੇ ’ਤੇ ਖ਼ਰੀਦ ਲੈਂਦੇ ਹਨ। ਅਜਿਹੀ ਕਿਸੇ ਵੀ ਚੀਜ਼ ਜਾਂ ਸੇਵਾ ਲਈ ਬਹੁਤ ਜ਼ਿਆਦਾ ਕਰਜ਼ਾ ਨਾ ਲਓ, ਜਿਸ ਦੀ ਅਸਲ ’ਚ ਲੋੜ ਨਾ ਹੋਵੇ। ਖ਼ਾਸ ਤੌਰ ’ਤੇ ਉਹ ਚੀਜ਼ਾਂ ਖ਼ਰੀਦਣ ਤੋਂ ਬਚੋ, ਜਿਨ੍ਹਾਂ ਲਈ ਤੁਹਾਡੀ ਆਰਥਿਕ ਹਾਲਤ ਇਜਾਜ਼ਤ ਨਹੀਂ ਦਿੰਦੀ। ਕ੍ਰੈਡਿਟ ਕਾਰਡ ਦੇ ਬਕਾਏ ਵਰਗੇ ਉੱਚੀ ਵਿਆਜ ਦਰ ਵਾਲੇ ਕਰਜ਼ੇ ਤੁਹਾਡੇ ਮਹੀਨਾਵਾਰ ਬਜਟ ’ਤੇ ਭਾਰੀ ਪੈ ਸਕਦੇ ਹਨ। ਅਜਿਹਾ ਕਰਜ਼ਾ ਤੁਹਾਡੇ ਕ੍ਰੈਡਿਟ ਸਕੋਰ ਜਾਂ ਕ੍ਰੈਡਿਟ ਪ੍ਰੋਫ਼ਾਈਲ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਭਵਿੱਖ ’ਚ ਕਰਜ਼ਾ ਮਿਲਣਾ ਮੁਸ਼ਕਲ ਹੋ ਸਕਦਾ ਹੈ।
ਸ਼ੇਅਰ ਬਾਜ਼ਾਰ ’ਚ ਵਾਰ-ਵਾਰ ਦਾਅ ਲਾਉਣਾ
ਘੱਟ ਸਮੇਂ ’ਚ ਵੱਧ ਮੁਨਾਫ਼ਾ ਕਮਾਉਣਾ ਜਾਂ ਬਹੁਤ ਸਾਰਾ ਪੈਸਾ ਬਣਾਉਣਾ ਹਰ ਕਿਸੇ ਨੂੰ ਚੰਗਾ ਲੱਗ ਸਕਦਾ ਹੈ। ਪਰ ਇਸ ਲਈ ਸ਼ੇਅਰ ਬਾਜ਼ਾਰ ’ਚ ਵਾਰ-ਵਾਰ ਟ੍ਰੇਡਿੰਗ ਕਰਨ ਜਾਂ ਜੋਖ਼ਮ ਭਰੇ ਦਾਅ ਲਾਉਣ ਤੋਂ ਬਚੋ। ਅਜਿਹਾ ਕਰਨ ਨਾਲ ਤੁਹਾਨੂੰ ਭਾਰੀ ਵਿੱਤੀ ਨੁਕਸਾਨ ਹੋ ਸਕਦਾ ਹੈ। ਇਸ ਦੀ ਬਜਾਏ ਪ੍ਰਮਾਣਿਤ ਵਿੱਤੀ ਸਲਾਹਕਾਰ ਜਾਂ ਮਾਹਿਰ ਦੀ ਸਲਾਹ ਲੈ ਕੇ ਨਿਵੇਸ਼ ਕਰੋ। ਆਪਣੇ ਲੰਮੇ ਸਮੇਂ ਦੇ ਵਿੱਤੀ ਟੀਚਿਆਂ, ਜੋਖ਼ਮ ਸਹਿਣ ਦੀ ਸਮਰੱਥਾ ਅਤੇ ਨਿਵੇਸ਼ ਦੀ ਮਿਆਦ ਨੂੰ ਧਿਆਨ ’ਚ ਰੱਖ ਕੇ ਯੋਜਨਾ ਬਣਾਓ।
ਸੋਸ਼ਲ ਮੀਡੀਆ ਦੀ ਸਲਾਹ ’ਤੇ ਨਿਵੇਸ਼ ਕਰਨਾ
ਅੱਜਕੱਲ੍ਹ ਸੋਸ਼ਲ ਮੀਡੀਆ ਦਾ ਕਾਫ਼ੀ ਪਸਾਰ ਹੋ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਪਲੇਟਫਾਰਮਾਂ ’ਤੇ ਨਿਵੇਸ਼ ਦੀ ਸਲਾਹ ਦੇਣ ਵਾਲਿਆਂ ਦੀ ਵੀ ਭਰਮਾਰ ਹੋ ਗਈ ਹੈ। ਧਿਆਨ ਰੱਖੋ ਕਿ ਸੋਸ਼ਲ ਮੀਡੀਆ ’ਤੇ ਸ਼ੇਅਰ ਖ਼ਰੀਦਣ ਦੀਆਂ ਸਿਫ਼ਾਰਸ਼ਾਂ ਜਾਂ ਜਲਦੀ ਮੁਨਾਫ਼ਾ ਕਮਾਉਣ ਦੇ ਵਾਅਦੇ ਗੁੰਮਰਾਹਕੁਨ ਹੋ ਸਕਦੇ ਹਨ। ਅਜਿਹੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਨਿਵੇਸ਼ ਕਰਨ ਨਾਲ ਵਿੱਤੀ ਨੁਕਸਾਨ ਹੋ ਸਕਦਾ ਹੈ। ਇਸ ਤਿਉਹਾਰੀ ਸੀਜ਼ਨ ’ਚ ਅਜਿਹੇ ਝਾਂਸਿਆਂ ਤੋਂ ਬਚੋ। ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰੋ ਅਤੇ ਜੋਖ਼ਮਾਂ ਦਾ ਮੁਲਾਂਕਣ ਕਰੋ। ਲੋੜ ਪੈਣ ’ਤੇ ਵਿੱਤੀ ਸਲਾਹਕਾਰ ਨਾਲ ਸਲਾਹ-ਮਸ਼ਵਰਾ ਕਰੋ।