- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਈਥਾਨੌਲ ਉਤਪਾਦਨ 'ਚ ਮੱਕੀ ਦੀ ਹਿੱਸੇਦਾਰੀ ਲਗਪਗ 37 ਫ਼ੀਸਦੀ ਹੈ। ਇਸ ਤੋਂ ਇਲਾਵਾ ਪੋਲਟਰੀ, ਸਟਾਰਚ ਉਦਯੋਗ ਅਤੇ ਦੱਖਣੀ ਭਾਰਤ 'ਚ ਲਗਾਤਾਰ ਮੰਗ ਕਾਰਨ ਕੀਮਤਾਂ ਮਜ਼ਬੂਤ ਬਣੀਆਂ ਹੋਈਆਂ ਹਨ। ਇਸ ਦੇ ਨਾਲ ਹੀ ਕਿਸਾਨ ਵੀ ਮੱਕੀ ਵੇਚਣ 'ਚ ਘੱਟ ਦਿਲਚਸਪੀ ਦਿਖਾ ਰਹੇ ਹਨ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੇਸ਼ ਵਿਚ ਚਿਕਨ ਤੇ ਆਂਡਿਆਂ ਦੀਆਂ ਕੀਮਤਾਂ 'ਚ ਕਾਫ਼ੀ ਤੇਜ਼ੀ ਦੇਖਣ ਨੂੰ ਮਿਲੀ ਹੈ, ਜਿਸ ਦਾ ਮੁੱਖ ਕਾਰਨ ਪੋਲਟਰੀ ਫੀਡ ਦਾ ਮਹਿੰਗਾ ਹੋਣਾ ਦੱਸਿਆ ਜਾ ਰਿਹਾ ਹੈ। ਕਈ ਸੂਬਿਆਂ 'ਚ ਘੱਟ ਮੀਂਹ ਕਾਰਨ ਸਾਉਣੀ ਦੀਆਂ ਫ਼ਸਲਾਂ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ। ਅਕਤੂਬਰ ਦੀ ਸ਼ੁਰੂਆਤ 'ਚ ਪੂਰੇ ਭਾਰਤ 'ਚ ਮੱਕੀ ਦਾ ਔਸਤ ਥੋਕ ਭਾਅ ਲਗਭਗ 25,750 ਰੁਪਏ ਪ੍ਰਤੀ ਟਨ ਸੀ, ਜਦਕਿ ਸਰਕਾਰ ਵੱਲੋਂ ਸਾਉਣੀ ਦੀ ਫ਼ਸਲ ਲਈ ਐਲਾਨਿਆ ਘੱਟੋ-ਘੱਟ ਸਮਰਥਨ ਮੁੱਲ (MSP) 24,100 ਰੁਪਏ ਪ੍ਰਤੀ ਟਨ ਹੈ।
ਸਤੰਬਰ ਦੇ ਮੱਧ ਤੱਕ ਮੱਕੀ ਦਾ ਥੋਕ ਭਾਅ ਲਗਪਗ 27,000 ਰੁਪਏ ਪ੍ਰਤੀ ਟਨ ਤੱਕ ਪਹੁੰਚ ਗਿਆ ਸੀ, ਜੋ ਮਈ-ਜੂਨ ਦੇ ਪੱਧਰ ਨਾਲੋਂ ਕਰੀਬ 30 ਫ਼ੀਸਦੀ ਵੱਧ ਹੈ। ਪੋਲਟਰੀ ਫੀਡ ਲਈ ਮੱਕੀ ਦੀ ਕੀਮਤ ਅਪ੍ਰੈਲ 'ਚ 25,000 ਰੁਪਏ ਪ੍ਰਤੀ ਟਨ ਤੋਂ ਵਧ ਕੇ ਲਗਭਗ 28,500 ਤੋਂ 29,000 ਰੁਪਏ ਪ੍ਰਤੀ ਟਨ ਹੋ ਗਈ ਹੈ। ਵਪਾਰੀਆਂ ਮੁਤਾਬਕ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ 'ਚ ਫ਼ਸਲ ਦੇ ਵਿਕਾਸ ਦੇ ਅਹਿਮ ਪੜਾਵਾਂ ਦੌਰਾਨ ਲੋੜੀਂਦਾ ਮੀਂਹ ਨਾ ਪੈਣ ਕਾਰਨ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ।
ਭਾਰਤ ਦੇ ਈਥਾਨੌਲ ਉਤਪਾਦਨ 'ਚ ਮੱਕੀ ਦੀ ਹਿੱਸੇਦਾਰੀ ਲਗਪਗ 37 ਫ਼ੀਸਦੀ ਹੈ। ਇਸ ਤੋਂ ਇਲਾਵਾ ਪੋਲਟਰੀ, ਸਟਾਰਚ ਉਦਯੋਗ ਅਤੇ ਦੱਖਣੀ ਭਾਰਤ 'ਚ ਲਗਾਤਾਰ ਮੰਗ ਕਾਰਨ ਕੀਮਤਾਂ ਮਜ਼ਬੂਤ ਬਣੀਆਂ ਹੋਈਆਂ ਹਨ। ਇਸ ਦੇ ਨਾਲ ਹੀ ਕਿਸਾਨ ਵੀ ਮੱਕੀ ਵੇਚਣ 'ਚ ਘੱਟ ਦਿਲਚਸਪੀ ਦਿਖਾ ਰਹੇ ਹਨ।
ਸਾਉਣੀ ਦੀ ਮੱਕੀ ਦਾ ਉਤਪਾਦਨ ਘਟਣ ਦੀ ਸੰਭਾਵਨਾ ਦੇ ਮੱਦੇਨਜ਼ਰ ਬਾਜ਼ਾਰ ਦੇ ਮਾਹਿਰਾਂ ਦਾ ਅਨੁਮਾਨ ਹੈ ਕਿ ਆਫ਼-ਸੀਜ਼ਨ ਦੌਰਾਨ ਇਸ ਦੀ ਕੀਮਤ 30,000 ਰੁਪਏ ਪ੍ਰਤੀ ਟਨ ਤੱਕ ਪਹੁੰਚ ਸਕਦੀ ਹੈ। ਜੇਕਰ ਅਲ ਨੀਨੋ ਦਾ ਪ੍ਰਭਾਵ 2027 ਦੀ ਸ਼ੁਰੂਆਤ ਤੱਕ ਬਣਿਆ ਰਹਿੰਦਾ ਹੈ, ਤਾਂ ਮੱਕੀ ਦੀ ਉਪਲਬਧਤਾ ਅਤੇ ਕੀਮਤਾਂ 'ਤੇ ਦਬਾਅ ਹੋਰ ਵਧ ਸਕਦਾ ਹੈ। ਪੁਰਾਣਾ ਸਟਾਕ ਕੁਝ ਰਾਹਤ ਦੇ ਸਕਦਾ ਹੈ, ਪਰ ਸੰਭਾਵੀ ਕਮੀ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਕਰ ਸਕੇਗਾ।
ਘੱਟ ਮੀਂਹ ਕਾਰਨ ਸੋਇਆਬੀਨ ਦੀ ਪੈਦਾਵਾਰ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਮੰਤਰਾਲੇ ਅਨੁਸਾਰ, ਇਸ ਸਾਲ ਸਾਉਣੀ ਦੇ ਸੀਜ਼ਨ ਦੌਰਾਨ ਸੋਇਆਬੀਨ ਦੀ ਬਿਜਾਈ 12.31 ਮਿਲੀਅਨ ਹੈਕਟੇਅਰ ਰਕਬੇ 'ਚ ਹੋਈ ਹੈ, ਜੋ ਪਿਛਲੇ ਸਾਲ ਮਹਾਰਾਸ਼ਟਰ 'ਚ ਦਰਜ ਕੀਤੇ ਗਏ 12.33 ਮਿਲੀਅਨ ਹੈਕਟੇਅਰ ਰਕਬੇ ਨਾਲੋਂ ਥੋੜ੍ਹੀ ਘੱਟ ਹੈ। ਹਾਲਾਂਕਿ, ਮੁੱਖ ਉਤਪਾਦਕ ਖੇਤਰਾਂ 'ਚ ਮਾਨਸੂਨ ਦੀ ਅਸਮਾਨ ਬਾਰਿਸ਼ ਕਾਰਨ ਪ੍ਰਮੁੱਖ ਤੇਲ ਬੀਜ ਫ਼ਸਲਾਂ ਦੀ ਉਤਪਾਦਕਤਾ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਇਸ ਦੇ ਬਾਵਜੂਦ ਖੇਤੀਬਾੜੀ ਮੰਤਰਾਲੇ ਨੂੰ ਇਸ ਸੀਜ਼ਨ 'ਚ ਸੋਇਆਬੀਨ ਦੇ ਉਤਪਾਦਨ 'ਚ ਕਿਸੇ ਵੱਡੀ ਗਿਰਾਵਟ ਦੀ ਉਮੀਦ ਨਹੀਂ ਹੈ।
ਮਹਾਰਾਸ਼ਟਰ ਦੇ 265 ਤਾਲੁਕਿਆਂ 'ਚ ਸੋਕੇ ਦਾ ਐਲਾਨ ਕੀਤਾ ਗਿਆ ਹੈ ਅਤੇ ਸੋਇਆਬੀਨ ਸੂਬੇ ਦੀਆਂ ਸਭ ਤੋਂ ਵੱਧ ਪ੍ਰਭਾਵਿਤ ਫ਼ਸਲਾਂ 'ਚੋਂ ਇਕ ਹੈ। ਫ਼ਸਲ 'ਤੇ ਯੈਲੋ ਮੋਜ਼ੇਕ ਕੀਟ ਦਾ ਹਮਲਾ ਵੀ ਦੇਖਣ ਨੂੰ ਮਿਲਿਆ ਹੈ। ਮਰਾਠਵਾੜਾ ਖੇਤਰ ਦੇ ਬੀਡ ਅਤੇ ਜਾਲਨਾ ਜ਼ਿਲ੍ਹਿਆਂ 'ਚ ਫ਼ਸਲ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਜੋ ਸੋਇਆਬੀਨ ਦੇ ਪ੍ਰਮੁੱਖ ਉਤਪਾਦਕ ਖੇਤਰਾਂ 'ਚੋਂ ਇਕ ਹੈ, ਸ਼ੁਰੂਆਤੀ ਮੀਂਹ ਦੇਰ ਨਾਲ ਪੈਣ ਕਾਰਨ ਕਿਸਾਨਾਂ ਨੂੰ ਦੋ ਤੋਂ ਤਿੰਨ ਵਾਰ ਮੁੜ ਬਿਜਾਈ ਕਰਨੀ ਪਈ। ਬਾਅਦ 'ਚ ਲਗਾਤਾਰ ਮੀਂਹ ਪੈਣ ਕਾਰਨ ਖੇਤਾਂ 'ਚ ਪਾਣੀ ਭਰਨ, ਜੜ੍ਹਾਂ ਗਲਣ ਅਤੇ ਕੀਟਾਂ ਦਾ ਹਮਲਾ ਵਧਣ ਵਰਗੀਆਂ ਸਮੱਸਿਆਵਾਂ ਸਾਹਮਣੇ ਆਈਆਂ।
ਸੋਇਆਬੀਨ ਬੀਜ ਦੀ ਮੌਜੂਦਾ ਕੀਮਤ ਮੱਧ ਪ੍ਰਦੇਸ਼ 'ਚ 66,000 ਤੋਂ 67,000 ਰੁਪਏ ਪ੍ਰਤੀ ਟਨ (GST ਵੱਖਰਾ) ਤੇ ਮਹਾਰਾਸ਼ਟਰ 'ਚ 69,000 ਤੋਂ 70,000 ਰੁਪਏ ਪ੍ਰਤੀ ਟਨ (GST ਵੱਖਰਾ) ਹੈ। ਪਿਛਲੇ ਸੱਤ ਸਾਲਾਂ ਦੌਰਾਨ ਸੀਜ਼ਨ ਦੇ ਇਸ ਸਮੇਂ 'ਚ ਇੰਨੀ ਤੇਜ਼ੀ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ।
ਸੋਇਆਬੀਨ ਮੀਲ (46 ਫ਼ੀਸਦੀ ਪ੍ਰੋਟੀਨ) ਦੀ ਕੀਮਤ ਮੱਧ ਪ੍ਰਦੇਸ਼ ਦੇ ਪਲਾਂਟ ਤੋਂ 56,000 ਰੁਪਏ ਪ੍ਰਤੀ ਟਨ (GST ਵੱਖਰਾ) ਅਤੇ ਹਾਈ-ਪ੍ਰੋਟੀਨ 50 ਫ਼ੀਸਦੀ ਸੋਇਆਬੀਨ ਮੀਲ ਦੀ ਕੀਮਤ 60,000 ਰੁਪਏ ਪ੍ਰਤੀ ਟਨ (GST ਵੱਖਰਾ) ਹੈ।
ਭਾਰਤ ਦੇ ਪੋਲਟਰੀ ਉਦਯੋਗ ਲਈ ਇਹ ਚਿੰਤਾ ਦਾ ਗੰਭੀਰ ਵਿਸ਼ਾ ਹੈ। ਮੱਕੀ ਅਤੇ ਸੋਇਆਬੀਨ ਮੀਲ ਪੋਲਟਰੀ ਫੀਡ ਦੇ ਮੁੱਖ ਹਿੱਸੇ ਹਨ। ਇਨ੍ਹਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਸਿੱਧੇ ਤੌਰ 'ਤੇ ਫੀਡ ਦੀ ਲਾਗਤ, ਉਤਪਾਦਨ ਦੇ ਖ਼ਰਚੇ ਅਤੇ ਅੰਤ 'ਚ ਪੋਲਟਰੀ ਉਤਪਾਦਾਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ।
ਪੋਲਟਰੀ ਉਦਯੋਗ ਨੂੰ ਉੱਚੀਆਂ ਲਾਗਤਾਂ ਦੇ ਇਸ ਦੌਰ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰ ਰਹਿਣਾ ਚਾਹੀਦਾ ਹੈ। ਇਸ ਲਈ ਖ਼ਰੀਦ ਰਣਨੀਤੀ ਨੂੰ ਮਜ਼ਬੂਤ ਕਰਨਾ, ਸਪਲਾਈ ਚੇਨ ਨੂੰ ਬਿਹਤਰ ਬਣਾਉਣਾ ਅਤੇ ਜਿੱਥੇ ਤਕਨੀਕੀ ਤੇ ਆਰਥਿਕ ਤੌਰ 'ਤੇ ਸੰਭਵ ਹੋਵੇ, ਉੱਥੇ ਫੀਡ ਲਈ ਬਦਲਵੇਂ ਕੱਚੇ ਮਾਲ ਦੇ ਸਰੋਤ ਲੱਭਣੇ ਜ਼ਰੂਰੀ ਹਨ।
ਨੀਤੀ ਦੇ ਪੱਧਰ 'ਤੇ ਹੁਣ ਇਹ ਸਮਝਣਾ ਜ਼ਰੂਰੀ ਹੈ ਕਿ ਫੀਡ ਦੀ ਸੁਰੱਖਿਅਤ ਅਤੇ ਭਰੋਸੇਯੋਗ ਸਪਲਾਈ ਨੂੰ ਵੀ ਖੁਰਾਕ ਸੁਰੱਖਿਆ ਜਿੰਨੀ ਹੀ ਅਹਿਮੀਅਤ ਦਿੱਤੀ ਜਾਵੇ। ਫੀਡ ਸਮੱਗਰੀ ਦੀ ਭਰੋਸੇਯੋਗ ਅਤੇ ਸਸਤੀ ਸਪਲਾਈ ਨਾ ਸਿਰਫ਼ ਪੋਲਟਰੀ ਖੇਤਰ ਦੀ ਸਥਿਰਤਾ ਲਈ ਜ਼ਰੂਰੀ ਹੈ, ਸਗੋਂ ਖਪਤਕਾਰਾਂ ਨੂੰ ਸਸਤਾ ਅਤੇ ਭਰੋਸੇਯੋਗ ਪ੍ਰੋਟੀਨ ਮੁਹੱਈਆ ਕਰਵਾਉਣ ਲਈ ਵੀ ਲਾਜ਼ਮੀ ਹੈ।
ਭਾਰਤ ਦਾ ਪੋਲਟਰੀ ਖੇਤਰ ਪੋਸ਼ਣ, ਰੁਜ਼ਗਾਰ ਅਤੇ ਪੇਂਡੂ ਅਰਥਵਿਵਸਥਾ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਖੇਤਰ ਦੀ ਲੰਬੇ ਸਮੇਂ ਦੀ ਮਜ਼ਬੂਤੀ ਲਈ ਅਜਿਹੀ ਦੂਰਅੰਦੇਸ਼ੀ ਪਹੁੰਚ ਦੀ ਲੋੜ ਹੈ, ਜੋ ਘਰੇਲੂ ਖੇਤੀਬਾੜੀ ਦੀਆਂ ਤਰਜੀਹਾਂ ਅਤੇ ਫੀਡ ਦੀ ਭਰੋਸੇਯੋਗ ਸਪਲਾਈ ਵਿਚਕਾਰ ਸੰਤੁਲਨ ਬਣਾਈ ਰੱਖੇ।
ਸੰਦੇਸ਼ ਸਪੱਸ਼ਟ ਹੈ ਕਿ ਫੀਡ ਦੀ ਸਪਲਾਈ ਯਕੀਨੀ ਬਣਾਉਣਾ ਸਿਰਫ਼ ਉਦਯੋਗ ਦੀ ਚਿੰਤਾ ਨਹੀਂ ਹੈ, ਸਗੋਂ ਇਹ ਭਾਰਤ ਦੀ ਵਿਆਪਕ ਖੁਰਾਕ ਅਤੇ ਪੋਸ਼ਣ ਸੁਰੱਖਿਆ ਰਣਨੀਤੀ ਦਾ ਅਨਿੱਖੜਵਾਂ ਹਿੱਸਾ ਹੈ।
ਲੇਖਕ: ਰਿੱਕੀ ਥਾਪਰ, ਜੁਆਇੰਟ ਸਕੱਤਰ, ਪੋਲਟਰੀ ਫੈਡਰੇਸ਼ਨ ਆਫ਼ ਇੰਡੀਆ