- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਪੀਐੱਫ ਖਾਤੇ ਵਿੱਚ ਇੱਕ ਵਿੱਤੀ ਸਾਲ ਦੌਰਾਨ ਘੱਟੋ-ਘੱਟ 500 ਰੁਪਏ ਅਤੇ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਸ ਯੋਜਨਾ ਦੀ ਮੈਚਿਓਰਿਟੀ ਮਿਆਦ 15 ਸਾਲ ਹੈ। ਹਾਲਾਂਕਿ, ਨਿਵੇਸ਼ਕ ਚਾਹੁਣ ਤਾਂ ਨਿਰਧਾਰਤ ਨਿਯਮਾਂ ਮੁਤਾਬਕ ਇਸ ਨੂੰ ਪੰਜ-ਪੰਜ ਸਾਲ ਦੇ ਬਲਾਕ ਵਿੱਚ ਅੱਗੇ ਵੀ ਵਧਾ ਸਕਦੇ ਹਨ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ। PPF Scheme History: ਅੱਜ ਵੀ ਬਹੁਤ ਸਾਰੇ ਭਾਰਤੀ ਆਪਣਾ ਪੈਸਾ ਸੁਰੱਖਿਅਤ ਥਾਂ ’ਤੇ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਸ਼ੇਅਰ ਬਾਜ਼ਾਰ ਦੀ ਬਜਾਏ ਕਈ ਲੋਕ ਬੈਂਕ ਐੱਫਡੀ ਅਤੇ ਹੋਰ ਸਰਕਾਰੀ ਯੋਜਨਾਵਾਂ ਵਿੱਚ ਪੈਸਾ ਲਗਾਉਂਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਪਬਲਿਕ ਪ੍ਰੋਵੀਡੈਂਟ ਫੰਡ (PPF), ਜਿਸ ਨੂੰ ਜਨਤਕ ਭਵਿੱਖ ਨਿਧੀ ਵੀ ਕਿਹਾ ਜਾਂਦਾ ਹੈ।
ਇਸ ਯੋਜਨਾ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਨਿਵੇਸ਼ ਕਰਨ ’ਤੇ ਸੁਰੱਖਿਅਤ ਰਿਟਰਨ ਮਿਲਦਾ ਹੈ ਅਤੇ ਟੈਕਸ ਬਚਾਉਣ ਦਾ ਲਾਭ ਵੀ ਮਿਲਦਾ ਹੈ। ਇਸੇ ਕਾਰਨ ਨੌਕਰੀਪੇਸ਼ਾ ਲੋਕਾਂ ਤੋਂ ਲੈ ਕੇ ਛੋਟੇ ਨਿਵੇਸ਼ਕਾਂ ਤੱਕ ਵਿੱਚ ਇਹ ਯੋਜਨਾ ਕਾਫ਼ੀ ਪਸੰਦ ਕੀਤੀ ਜਾਂਦੀ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਪੀਪੀਐੱਫ ਦੀ ਸ਼ੁਰੂਆਤ ਕਦੋਂ ਹੋਈ ਸੀ ਅਤੇ ਸ਼ੁਰੂਆਤੀ ਦੌਰ ਵਿੱਚ ਇਸ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਕਿੰਨਾ ਵਿਆਜ ਮਿਲਦਾ ਸੀ? ਆਓ ਜਾਣਦੇ ਹਾਂ ਇਸ ਯੋਜਨਾ ਦੇ ਇਤਿਹਾਸ ਅਤੇ ਮੌਜੂਦਾ ਵਿਆਜ ਦਰ ਬਾਰੇ।
ਭਾਰਤ ਸਰਕਾਰ ਨੇ ਪਬਲਿਕ ਪ੍ਰੋਵੀਡੈਂਟ ਫੰਡ ਯੋਜਨਾ ਦੀ ਸ਼ੁਰੂਆਤ 1 ਜੁਲਾਈ 1968 ਨੂੰ ਕੀਤੀ ਸੀ। ਇਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਲੰਬੇ ਸਮੇਂ ਤੱਕ ਬੱਚਤ ਕਰਨ ਦੀ ਆਦਤ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਰਿਟਾਇਰਮੈਂਟ ਲਈ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣਾ ਸੀ। ਸ਼ੁਰੂਆਤ ਵਿੱਚ ਇਸ ਯੋਜਨਾ ’ਤੇ ਨਿਵੇਸ਼ਕਾਂ ਨੂੰ ਸਾਲਾਨਾ 4.8 ਫ਼ੀਸਦੀ ਵਿਆਜ ਮਿਲਦਾ ਸੀ। ਉਸ ਸਮੇਂ ਨਿਵੇਸ਼ ਦੀ ਹੱਦ ਵੀ ਅੱਜ ਦੇ ਮੁਕਾਬਲੇ ਕਾਫ਼ੀ ਘੱਟ ਸੀ।
ਪੀਪੀਐੱਫ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਸਭ ਤੋਂ ਲਾਹੇਵੰਦ ਦੌਰ 1986 ਵਿੱਚ ਸ਼ੁਰੂ ਹੋਇਆ। ਸਰਕਾਰ ਨੇ 1 ਅਪ੍ਰੈਲ 1986 ਤੋਂ ਇਸ ਯੋਜਨਾ ਦੀ ਵਿਆਜ ਦਰ ਵਧਾ ਕੇ ਸਾਲਾਨਾ 12 ਫ਼ੀਸਦੀ ਕਰ ਦਿੱਤੀ ਸੀ। ਇਹ ਦਰ ਮਾਰਚ 1999 ਤੱਕ ਲਾਗੂ ਰਹੀ। ਇਸ ਤਰ੍ਹਾਂ ਲਗਭਗ 13 ਸਾਲਾਂ ਤੱਕ ਨਿਵੇਸ਼ਕਾਂ ਨੂੰ 12 ਫ਼ੀਸਦੀ ਵਿਆਜ ਮਿਲਦਾ ਰਿਹਾ।
ਜਿਨ੍ਹਾਂ ਲੋਕਾਂ ਨੇ ਯੋਜਨਾ ਦੀ ਸ਼ੁਰੂਆਤ ਵਿੱਚ ਨਿਵੇਸ਼ ਕੀਤਾ ਸੀ ਅਤੇ 15 ਸਾਲਾਂ ਬਾਅਦ ਵੀ ਆਪਣਾ ਪੈਸਾ ਨਹੀਂ ਕਢਵਾਇਆ, ਉਨ੍ਹਾਂ ਨੂੰ ਇਸ ਦਾ ਕਾਫ਼ੀ ਲਾਭ ਮਿਲਿਆ। ਇਸ ਦੌਰਾਨ ਨਿਯਮਿਤ ਤੌਰ ’ਤੇ ਪੀਪੀਐੱਫ ਵਿੱਚ ਪੈਸਾ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਕੰਪਾਊਂਡਿੰਗ ਦਾ ਵੀ ਵੱਡਾ ਫ਼ਾਇਦਾ ਹੋਇਆ। ਵਿਆਜ ’ਤੇ ਵਿਆਜ ਜੁੜਨ ਕਾਰਨ ਉਨ੍ਹਾਂ ਦੀ ਜਮ੍ਹਾਂ ਰਕਮ ਤੇਜ਼ੀ ਨਾਲ ਵਧੀ। ਇਸੇ ਕਰਕੇ ਉਸ ਸਮੇਂ ਪੀਪੀਐੱਫ ਨੂੰ ਲੰਬੇ ਸਮੇਂ ਵਿੱਚ ਪੈਸਾ ਬਣਾਉਣ ਦਾ ਇੱਕ ਵਧੀਆ ਆਪਸ਼ਨ ਮੰਨਿਆ ਜਾਂਦਾ ਸੀ।
ਹਾਲਾਂਕਿ, ਸਾਲ 2000 ਤੋਂ ਬਾਅਦ ਸਰਕਾਰ ਨੇ ਹੌਲੀ-ਹੌਲੀ ਇਸ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ। ਜਨਵਰੀ 2000 ਵਿੱਚ ਵਿਆਜ ਦਰ ਘਟਾ ਕੇ 11 ਫ਼ੀਸਦੀ ਅਤੇ ਮਾਰਚ 2001 ਵਿੱਚ 9.5 ਫ਼ੀਸਦੀ ਕਰ ਦਿੱਤੀ ਗਈ। ਇਸ ਤੋਂ ਬਾਅਦ ਵੀ ਕਈ ਵਾਰ ਵਿਆਜ ਦਰ ਵਿੱਚ ਬਦਲਾਅ ਕੀਤਾ ਗਿਆ।
ਫਿਲਹਾਲ ਪੀਪੀਐੱਫ ਯੋਜਨਾ ’ਤੇ ਨਿਵੇਸ਼ਕਾਂ ਨੂੰ ਸਾਲਾਨਾ 7.1 ਫ਼ੀਸਦੀ ਵਿਆਜ ਮਿਲ ਰਿਹਾ ਹੈ। ਕੇਂਦਰ ਸਰਕਾਰ ਨੇ ਵਿੱਤੀ ਸਾਲ 2026-27 ਦੀ ਅਕਤੂਬਰ-ਦਸੰਬਰ ਤਿਮਾਹੀ ਲਈ ਵੀ ਇਸ ਵਿਆਜ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਤਰ੍ਹਾਂ ਲਗਾਤਾਰ ਕਈ ਤਿਮਾਹੀਆਂ ਤੋਂ ਪੀਪੀਐੱਫ ਦੀ ਵਿਆਜ ਦਰ 7.1 ਫ਼ੀਸਦੀ ’ਤੇ ਕਾਇਮ ਹੈ।
| ਸਮਾਂ | ਵਿਆਜ ਦਰ |
|---|---|
| 1968-69 ਤੋਂ 1969-70 ਤੱਕ | 4.8% |
| 1970-71 ਤੋਂ 1972-73 ਤੱਕ | 5% |
| 1973-74 | 5.3% |
| 01.04.1974 ਤੋਂ 31.07.1974 ਤੱਕ | 5.8% |
| 01.08.1974 ਤੋਂ 31.03.1975 ਤੱਕ | 7% |
| 1975-76 ਤੋਂ 1976-77 ਤੱਕ | 7% |
| 1977-78 ਤੋਂ 1979-80 ਤੱਕ | 7.5% |
| 1980-81 | 8% |
| 1981-82 ਤੋਂ 1982-83 ਤੱਕ | 8.5% |
| 1983-84 | 9% |
| 1984-85 | 9.5% |
| 1985-86 | 10% |
| 1986-87 ਤੋਂ 1998-99 ਤੱਕ | 12% |
| 01.04.1999 ਤੋਂ 14.01.2000 ਤੱਕ | 12% |
| 15.01.2000 ਤੋਂ 28.02.2001 ਤੱਕ | 11% |
| 01.03.2001 ਤੋਂ 28.02.2002 ਤੱਕ | 9.5% |
| 01.03.2002 ਤੋਂ 28.02.2003 ਤੱਕ | 9% |
| 01.03.2003 ਤੋਂ 30.11.2011 ਤੱਕ | 8% |
| 01.12.2011 ਤੋਂ 31.03.2012 ਤੱਕ | 8.6% |
| 01.04.2012 ਤੋਂ 31.03.2013 ਤੱਕ | 8.8% |
| 01.04.2013 ਤੋਂ 31.03.2016 ਤੱਕ | 8.7% |
| 01.04.2016 ਤੋਂ 30.09.2016 ਤੱਕ | 8.1% |
| 01.10.2016 ਤੋਂ 31.03.2017 ਤੱਕ | 8% |
| 01.04.2017 ਤੋਂ 30.06.2017 ਤੱਕ | 7.9% |
| 01.07.2017 ਤੋਂ 31.12.2017 ਤੱਕ | 7.8% |
| 01.01.2018 ਤੋਂ 30.09.2018 ਤੱਕ | 7.6% |
| 01.10.2018 ਤੋਂ 31.06.2019 ਤੱਕ | 8% |
| 01.07.2019 ਤੋਂ 31.03.2020 ਤੱਕ | 7.9% |
| 01.04.2020 ਤੋਂ 30.09.2026 ਤੱਕ ਹਾਲੇ ਇਹ ਚੱਲ ਰਿਹੈ | 7.1% |
ਪੀਪੀਐੱਫ ਖਾਤੇ ਵਿੱਚ ਇੱਕ ਵਿੱਤੀ ਸਾਲ ਦੌਰਾਨ ਘੱਟੋ-ਘੱਟ 500 ਰੁਪਏ ਅਤੇ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਸ ਯੋਜਨਾ ਦੀ ਮੈਚਿਓਰਿਟੀ ਮਿਆਦ 15 ਸਾਲ ਹੈ। ਹਾਲਾਂਕਿ, ਨਿਵੇਸ਼ਕ ਚਾਹੁਣ ਤਾਂ ਨਿਰਧਾਰਤ ਨਿਯਮਾਂ ਮੁਤਾਬਕ ਇਸ ਨੂੰ ਪੰਜ-ਪੰਜ ਸਾਲ ਦੇ ਬਲਾਕ ਵਿੱਚ ਅੱਗੇ ਵੀ ਵਧਾ ਸਕਦੇ ਹਨ।
ਇਸ ਯੋਜਨਾ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਸਰਕਾਰੀ ਸੁਰੱਖਿਆ ਅਤੇ ਟੈਕਸ ਲਾਭ ਹਨ। ਪੁਰਾਣੀ ਟੈਕਸ ਵਿਵਸਥਾ ਵਿੱਚ ਪੀਪੀਐੱਫ ਵਿੱਚ ਕੀਤੇ ਨਿਵੇਸ਼ ’ਤੇ ਆਮਦਨ ਕਰ ਕਾਨੂੰਨ ਦੀ ਧਾਰਾ 80C ਤਹਿਤ 1.5 ਲੱਖ ਰੁਪਏ ਤੱਕ ਦੀ ਕਟੌਤੀ ਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ, ਪੀਪੀਐੱਫ ’ਤੇ ਮਿਲਣ ਵਾਲਾ ਵਿਆਜ ਅਤੇ ਮੈਚਿਓਰਿਟੀ ਦੀ ਰਕਮ ਵੀ ਟੈਕਸ ਮੁਕਤ ਹੁੰਦੀ ਹੈ।