ਪ੍ਰਧਾਨ ਮੰਤਰੀ ਮੋਦੀ ਦੀ ਕਾਰਪੋਰੇਟ ਘਰਾਣਿਆਂ ਨੂੰ ਫਟਕਾਰ, ਟੈਕਸ ਛੋਟ ਨੂੰ ਲੈ ਕੇ ਉਦਯੋਗ ਜਗਤ 'ਚ ਵਧੀ ਚਿੰਤਾ; ਭਵਿੱਖ 'ਚ ਹੋਰ ਰਾਹਤ ਨਾ ਮਿਲਣ ਦੇ ਸੰਕੇਤ!
FICCI ਦੇ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਦੀ "ਛੋਟ ਹਾਸਲ ਕਰਨ ਦੀ ਕਦੇ ਨਾ ਖ਼ਤਮ ਹੋਣ ਵਾਲੀ ਭੁੱਖ" ਵਾਲੀ ਟਿੱਪਣੀ ਨੇ ਉਦਯੋਗ ਜਗਤ ਦੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ। ਉੱਥੇ ਮੌਜੂਦ ਕਈ ਲੋਕਾਂ ਨੂੰ ਬਾਅਦ 'ਚ ਸਮਝ ਆਇਆ ਕਿ ਮੋਦੀ ਦੀ ਇਸ ਟਿੱਪਣੀ ਦੇ ਕੀ ਮਾਇਨੇ ਸਨ।
Publish Date: Sat, 21 Nov 2026 03:03 PM (IST)
Updated Date: Sat, 21 Nov 2026 03:08 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ FICCI ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਰਪੋਰੇਟ ਘਰਾਣਿਆਂ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਟੈਕਸ 'ਚ ਕਟੌਤੀ ਦਾ ਫਾਇਦਾ ਨੌਕਰੀਆਂ ਅਤੇ ਬਿਹਤਰ ਤਨਖ਼ਾਹਾਂ ਦੇ ਰੂਪ 'ਚ ਨਾ ਦੇਣ ਲਈ ਕਾਰਪੋਰੇਟ ਜਗਤ ਦੀ ਸਖ਼ਤ ਆਲੋਚਨਾ ਕੀਤੀ। ਹੁਣ ਇਸ ਦੇ ਇਕ ਦਿਨ ਬਾਅਦ ਵੀ ਹੈਰਾਨ-ਪਰੇਸ਼ਾਨ ਕਾਰਪੋਰੇਟ ਦਿੱਗਜ ਇਸ ਫਟਕਾਰ ਦੇ ਮਾਇਨੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ, ਕਈ ਲੋਕਾਂ ਨੂੰ ਚਿੰਤਾ ਹੈ ਕਿ ਸਰਕਾਰ ਹੁਣ ਟੈਕਸ 'ਚ ਛੋਟ ਦੀ ਕਿਸੇ ਵੀ ਮੰਗ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਸਕਦੀ ਹੈ। FICCI ਦੇ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਦੀ "ਛੋਟ ਹਾਸਲ ਕਰਨ ਦੀ ਕਦੇ ਨਾ ਖ਼ਤਮ ਹੋਣ ਵਾਲੀ ਭੁੱਖ" ਵਾਲੀ ਟਿੱਪਣੀ ਨੇ ਉਦਯੋਗ ਜਗਤ ਦੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ। ਉੱਥੇ ਮੌਜੂਦ ਕਈ ਲੋਕਾਂ ਨੂੰ ਬਾਅਦ 'ਚ ਸਮਝ ਆਇਆ ਕਿ ਮੋਦੀ ਦੀ ਇਸ ਟਿੱਪਣੀ ਦੇ ਕੀ ਮਾਇਨੇ ਸਨ।
ਉਦਯੋਗ ਜਗਤ 'ਚ ਵਧੀ ਚਿੰਤਾ
ਮੀਡੀਆ ਰਿਪੋਰਟਾਂ ਮੁਤਾਬਕ, ਕੁਝ ਅਧਿਕਾਰੀਆਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਇਹ ਇਕ ਸੰਕੇਤ ਹੈ ਕਿ ਸਰਕਾਰ ਹੁਣ ਕੋਈ ਰਾਹਤ ਦੇਣ ਦੇ ਮੂਡ 'ਚ ਨਹੀਂ ਹੈ। ਇਹ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਕਿ ਇਹ ਬਜਟ ਤੋਂ ਪਹਿਲਾਂ ਸਰਕਾਰ ਵੱਲੋਂ ਪਿੱਛੇ ਹਟਣ ਦਾ ਸੰਕੇਤ ਹੋ ਸਕਦਾ ਹੈ। ਹਾਲਾਂਕਿ, ਇਹ ਵੀ ਸੰਭਵ ਹੈ ਕਿ ਆਉਣ ਵਾਲੇ ਹਫ਼ਤਿਆਂ 'ਚ ਉਦਯੋਗ ਜਗਤ ਅਜਿਹੇ ਅੰਕੜੇ ਤਿਆਰ ਕਰੇ, ਜਿਨ੍ਹਾਂ ਰਾਹੀਂ ਇਹ ਸਾਬਤ ਕੀਤਾ ਜਾ ਸਕੇ ਕਿ ਨੌਕਰੀਆਂ ਦੀ ਗਿਣਤੀ ਵਧੀ ਹੈ ਅਤੇ ਤਨਖ਼ਾਹਾਂ 'ਚ ਵੀ ਵਾਧਾ ਹੋਇਆ ਹੈ।
ਉਦਯੋਗ ਜਗਤ ਦੇ ਰਵੱਈਏ ਤੋਂ ਨਿਰਾਸ਼ਾ
ਮੀਡੀਆ ਰਿਪੋਰਟਾਂ ਮੁਤਾਬਕ, ਈਂਧਨ ਤੇ ਹੋਰ ਕੱਚੇ ਮਾਲ ਦੀ ਲਾਗਤ 'ਚ ਵਾਧੇ ਅਤੇ ਕੁਝ ਹਫ਼ਤੇ ਪਹਿਲਾਂ ਤੱਕ ਰੁਪਏ ਦੀ ਕਮਜ਼ੋਰੀ ਦੇ ਪ੍ਰਭਾਵ ਕਾਰਨ ਉਦਯੋਗ ਜਗਤ ਭਾਰੀ ਦਬਾਅ ਦਾ ਸਾਹਮਣਾ ਕਰ ਰਿਹਾ ਸੀ। ਹਾਲਾਂਕਿ ਸਰਕਾਰ ਨੇ ਇਨ੍ਹਾਂ ਸਮੱਸਿਆਵਾਂ ਨੂੰ ਸਵੀਕਾਰ ਕੀਤਾ, ਪਰ ਨਾਲ ਹੀ ਇਹ ਵੀ ਕਿਹਾ ਕਿ ਸਰਕਾਰ ਨੇ ਉਦਯੋਗ ਜਗਤ ਨੂੰ ਅੱਗੇ ਵਧਣ ਅਤੇ ਕੌਮਾਂਤਰੀ ਪੱਧਰ 'ਤੇ ਮੁਕਾਬਲਾ ਕਰਨ 'ਚ ਮਦਦ ਦਿੱਤੀ ਸੀ, ਜਿਸ ਦੇ ਬਦਲੇ ਉਦਯੋਗ ਜਗਤ ਹੋਰ ਵੀ ਬਹੁਤ ਕੁਝ ਕਰ ਸਕਦਾ ਸੀ। ਉਦਯੋਗ ਜਗਤ ਦੇ ਰਵੱਈਏ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਨਿਰਾਸ਼ਾ ਵਧ ਰਹੀ ਸੀ।
ਮੁਨਾਫ਼ਾ ਵਧਿਆ, ਪਰ ਖ਼ਰਚ ਨਹੀਂ
ਸਰਕਾਰੀ ਅਧਿਕਾਰੀਆਂ ਦਾ ਤਰਕ ਹੈ ਕਿ ਟੈਕਸ ਦਰਾਂ (ਡਾਇਰੈਕਟ ਟੈਕਸ ਅਤੇ GST ਦੋਵਾਂ) 'ਚ ਕਟੌਤੀ ਤੋਂ ਲੈ ਕੇ ਕਾਰੋਬਾਰ ਕਰਨਾ ਆਸਾਨ ਬਣਾਉਣ ਤੱਕ, ਸਰਕਾਰ ਨੇ ਉਦਯੋਗ ਜਗਤ ਲਈ ਤੇਜ਼ੀ ਨਾਲ ਵਿਕਾਸ ਕਰਨ ਦਾ ਮਾਹੌਲ ਤਿਆਰ ਕੀਤਾ ਸੀ। ਮੋਦੀ ਦੇ ਬਿਆਨ ਨੂੰ ਲੋਕਾਂ ਦੀ ਅਸਲ ਆਮਦਨ ਵਧਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਕੋਵਿਡ ਤੋਂ ਬਾਅਦ ਇਹ ਕਰਮਚਾਰੀਆਂ ਅਤੇ ਕਾਮਿਆਂ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਰਿਹਾ ਹੈ। ਇਕ ਹੋਰ ਗੱਲ ਇਹ ਹੈ ਕਿ 2025 ਦੇ ਆਰਥਿਕ ਸਰਵੇਖਣ 'ਚ ਦੱਸਿਆ ਗਿਆ ਸੀ ਕਿ ਸਾਲ 2024 'ਚ ਕਾਰਪੋਰੇਟ ਮੁਨਾਫ਼ਾ 15 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ, ਪਰ ਕਰਮਚਾਰੀਆਂ 'ਤੇ ਹੋਣ ਵਾਲੇ ਖ਼ਰਚ 'ਚ ਵਾਧੇ ਦੀ ਰਫ਼ਤਾਰ ਹੌਲੀ ਰਹੀ।