ਗੰਨੇ ਤੋਂ ਬਣੇਗਾ ਪਲਾਸਟਿਕ! ਇਸ ਜ਼ਿਲ੍ਹੇ 'ਚ ਬਣ ਰਿਹਾ ਦੇਸ਼ ਦਾ ਪਹਿਲਾ ਅਨੋਖਾ ਪਲਾਂਟ, ਚੀਨ ਵੀ ਰਹਿ ਜਾਵੇਗਾ ਹੈਰਾਨ ਜ਼ਿਲ੍ਹਾ ਮੈਜਿਸਟ੍ਰੇਟ ਨੇ ਗੰਨੇ ਤੋਂ ਚੀਨੀ ਤੇ ਫਿਰ PLA ਬਾਇਓਪਲਾਸਟਿਕ ਬਣਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ ਤੇ ਤਕਨੀਕੀ ਪਹਿਲੂਆਂ ਤੇ ਉਤਪਾਦਨ ਦੀ ਵਰਕਫਲੋ ਬਾਰੇ ਜਾਣਕਾਰੀ ਮੰਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪਲਾਂਟ ਦੀ ਇਕ ਵੱਡੀ ਖਾਸੀਅਤ ਇਸ ਦਾ ਜ਼ੀਰੋ ਲਿਕਵਿਡ ਡਿਸਚਾਰਜ (ZLD) ਸਿਸਟਮ ਹੈ ਜਿਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਕੋਈ ਵੀ ਨੁਕਸਾਨਦੇਹ ਤਰਲ ਕਚਰਾ ਨਦੀਆਂ ਜਾਂ ਨਾਲਿਆਂ ਵਿੱਚ ਨਾ ਵਹਾਇਆ ਜਾਵੇ।
Publish Date: Fri, 21 Aug 2026 02:55 PM (IST)
Updated Date: Fri, 21 Aug 2026 03:00 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਦਾ ਪਹਿਲਾ ਵੱਡੇ ਪੱਧਰ ਦਾ ਬਾਇਓ-ਪਾਲੀਮਰ ਪਲਾਂਟ ਬਣ ਰਿਹਾ ਹੈ ਜਿਸ ਦੇ ਅਕਤੂਬਰ 'ਚ ਚਾਲੂ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਲਾਂਟ ਲਖੀਮਪੁਰ ਖੀਰੀ ਜ਼ਿਲ੍ਹੇ 'ਚ 3,080 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣ ਰਿਹਾ ਹੈ। ਖੀਰੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਅੰਜਨੀ ਕੁਮਾਰ ਸਿੰਘ ਨੇ ਵੀਰਵਾਰ ਨੂੰ ਉਸਾਰੀ ਅਧੀਨ ਪਲਾਂਟ ਦਾ ਨਿਰੀਖਣ ਕੀਤਾ ਅਤੇ ਅਕਤੂਬਰ 'ਚ ਇਸ ਦੇ ਤਜਵੀਜ਼ਸ਼ੁਦਾ ਉਦਘਾਟਨ ਤੋਂ ਪਹਿਲਾਂ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਨਿਰੀਖਣ ਦੌਰਾਨ ਪਲਾਂਟ ਦੇ ਅਧਿਕਾਰੀਆਂ ਨੇ ਸੁਵਿਧਾ ਦੇ ਲੇਆਉਟ ਅਤੇ ਉਤਪਾਦਨ ਦੇ ਵੱਖ-ਵੱਖ ਪੜਾਵਾਂ ਬਾਰੇ ਪ੍ਰਜ਼ੈਂਟੇਸ਼ਨ ਦਿੱਤੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਗੰਨੇ ਤੋਂ ਚੀਨੀ ਤੇ ਫਿਰ PLA ਬਾਇਓਪਲਾਸਟਿਕ ਬਣਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ ਤੇ ਤਕਨੀਕੀ ਪਹਿਲੂਆਂ ਤੇ ਉਤਪਾਦਨ ਦੀ ਵਰਕਫਲੋ ਬਾਰੇ ਜਾਣਕਾਰੀ ਮੰਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪਲਾਂਟ ਦੀ ਇਕ ਵੱਡੀ ਖਾਸੀਅਤ ਇਸ ਦਾ ਜ਼ੀਰੋ ਲਿਕਵਿਡ ਡਿਸਚਾਰਜ (ZLD) ਸਿਸਟਮ ਹੈ ਜਿਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਕੋਈ ਵੀ ਨੁਕਸਾਨਦੇਹ ਤਰਲ ਕਚਰਾ ਨਦੀਆਂ ਜਾਂ ਨਾਲਿਆਂ ਵਿੱਚ ਨਾ ਵਹਾਇਆ ਜਾਵੇ।
ਸਥਾਨਕ ਪੱਧਰ 'ਤੇ ਉਗਾਏ ਗਏ ਗੰਨੇ ਤੋਂ ਲੈ ਕੇ ਪੌਲੀਲੈਕਟਿਕ ਐਸਿਡ (PLA)-ਆਧਾਰਿਤ ਬਾਇਓ-ਪਲਾਸਟਿਕ ਬਣਾਉਣ ਤਕ ਦੀ ਪੂਰੀ ਮੈਨੂਫੈਕਚਰਿੰਗ ਪ੍ਰਕਿਰਿਆ ਇੱਕੋ ਕੈਂਪਸ 'ਚ ਹੋਵੇਗੀ। ਉਨ੍ਹਾਂ ਕਿਹਾ, 'ਇਹ ਅਨੋਖਾ ਪ੍ਰਾਜੈਕਟ ਖੀਰੀ ਦੇ ਖੇਤੀਬਾੜੀ ਆਧਾਰਤ ਉਦਯੋਗਿਕ ਵਿਕਾਸ 'ਚ ਇਕ ਨਵਾਂ ਅਧਿਆਇ ਜੋੜੇਗਾ ਤੇ ਇਲਾਕੇ 'ਚ ਟਿਕਾਊ ਤੇ ਵਾਤਾਵਰਣ-ਅਨੁਕੂਲ ਉਦਯੋਗਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ।'
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ 22 ਫਰਵਰੀ 2025 ਨੂੰ ਗੋਲਾ ਗੋਕਰਨਨਾਥ 'ਚ ਬਲਰਾਮਪੁਰ ਚੀਨੀ ਮਿਲਜ਼ ਦੀ ਕੁੰਭੀ ਚੀਨੀ ਇਕਾਈ 'ਚ ਇਸ ਪਲਾਂਟ ਦਾ ਨੀਂਹ ਪੱਥਰ ਰੱਖਿਆ ਸੀ। ਆਪਣੇ ਦੌਰੇ ਦੌਰਾਨ ਆਦਿਤਿਆਨਾਥ ਨੇ ਕਿਹਾ ਸੀ ਕਿ ਇਹ ਪ੍ਰਾਜੈਕਟ ਵਾਤਾਵਰਨ-ਅਨੁਕੂਲ ਉਤਪਾਦਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ।
ਬਲਰਾਮਪੁਰ ਚੀਨੀ ਮਿਲਜ਼ ਲਿਮਟਿਡ (BCML) ਭਾਰਤ ਦੀਆਂ ਸਭ ਤੋਂ ਵੱਡੀਆਂ ਇੰਟੀਗ੍ਰੇਟਿਡ ਚੀਨੀ ਕੰਪਨੀਆਂ 'ਚੋਂ ਇਕ ਹੈ। ਕੰਪਨੀ ਦੇ ਸਹਾਇਕ ਕਾਰੋਬਾਰਾਂ ਵਿੱਚ ਡਿਸਟਿਲਰੀ ਆਪਰੇਸ਼ਨ ਅਤੇ ਬਿਜਲੀ ਦਾ ਕੋ-ਜਨਰੇਸ਼ਨ ਸ਼ਾਮਲ ਹੈ।