- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰ.ਬੀ.ਆਈ. ਵੱਲੋਂ ਪੌਲੀਮਰ ਨੋਟਾਂ ਨੂੰ ਚਲਣ ਵਿੱਚ ਲਿਆਉਣ ਦੀ ਕੋਸ਼ਿਸ਼ ਪਹਿਲੀ ਵਾਰ ਨਹੀਂ ਕੀਤੀ ਜਾ ਰਹੀ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਕਰੀਬ 60 ਦੇਸ਼ਾਂ ਵਿੱਚ ਪੌਲੀਮਰ ਨੋਟ ਚਲਣ ਵਿੱਚ ਹਨ।

ਨਵੀਂ ਦਿੱਲੀ: ਭਾਰਤ ਵਿੱਚ ਜਲਦੀ ਹੀ ਕਾਗਜ਼ ਦੀ ਬਜਾਏ ਪਲਾਸਟਿਕ ਦੇ ਨੋਟ ਚੱਲਣ ਵਾਲੇ ਹਨ! ਪਿਛਲੇ ਮਹੀਨਿਆਂ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਰਿਜ਼ਰਵ ਬੈਂਕ (RBI) ਪੌਲੀਮਰ ਨੋਟਾਂ ਨੂੰ ਚਲਣ ਵਿੱਚ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਹੁਣ ਮੀਡੀਆ ਸੂਤਰਾਂ ਦੀ ਮੰਨੀਏ ਤਾਂ ਆਰ.ਬੀ.ਆਈ. ਜਲਦ ਹੀ ਦੇਸ਼ ਵਿੱਚ ਪੌਲੀਮਰ ਨੋਟਾਂ ਦੇ ਸੰਚਾਲਨ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਲਈ ਇੱਕ ਵੱਡੀ ਤਿਆਰੀ ਵੀ ਸਾਹਮਣੇ ਆਈ ਹੈ।
ਕੱਚੇ ਮਾਲ ਲਈ ਗਲੋਬਲ ਟੈਂਡਰ ਜਾਰੀ
ਦੇਸ਼ ਦੇ ਕਰੰਸੀ ਸਿਸਟਮ ਵਿੱਚ ਵੱਡੇ ਸੁਧਾਰ ਦੀ ਦਿਸ਼ਾ ਵੱਲ ਕਦਮ ਵਧਾਉਂਦੇ ਹੋਏ, RBI ਨੇ ਪੌਲੀਮਰ ਨੋਟਾਂ ਨੂੰ ਚਲਣ ਵਿੱਚ ਲਿਆਉਣ ਦੇ ਪਾਇਲਟ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। NDTV ਨੇ ਅਧਿਕਾਰਤ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ, ਇਸ ਪ੍ਰੋਜੈਕਟ ਦੇ ਤਹਿਤ RBI ਦੀ ਨੋਟ ਛਪਾਈ ਸ਼ਾਖਾ ਨੇ ਨੋਟਾਂ ਦੀ ਛਪਾਈ ਲਈ ਓਪੇਸੀਫਾਈਡ ਪੌਲੀਮਰ ਸਬਸਟ੍ਰੇਟ ਸ਼ੀਟਾਂ ਲਈ ਇੱਕ ਗਲੋਬਲ ਟੈਂਡਰ ਵੀ ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ EOI (ਐਕਸਪ੍ਰੈਸ਼ਨ ਆਫ਼ ਇੰਟਰਸਟ) ਦੇ ਤਹਿਤ ਬੋਲੀ ਜਮ੍ਹਾਂ ਕਰਾਉਣ ਦੀ ਆਖ਼ਰੀ ਤਾਰੀਖ਼ 18 ਅਗਸਤ ਤੈਅ ਕੀਤੀ ਗਈ ਹੈ।
ਕਦੋਂ ਤੋਂ ਚਲਣ ਵਿੱਚ ਆਉਣਗੇ ਇਹ ਨੋਟ?
ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਨੇ ਪੌਲੀਮਰ ਨੋਟਾਂ ਨੂੰ ਚਲਣ ਵਿੱਚ ਲਿਆਉਣ ਦੀ ਤਿਆਰੀ ਤੇਜ਼ ਕਰ ਦਿੱਤੀ ਹੈ। ਅਤੇ ₹10-₹20 ਦੇ ਨੋਟਾਂ ਨਾਲ ਇਸ ਦਾ ਸੰਚਾਲਨ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਹਾਲਾਂਕਿ ਹੁਣ ਤੱਕ ਇਸ ਦੇ ਚਲਣ ਦੀ ਤਾਰੀਖ਼ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਲਾਸਟਿਕ ਨੋਟਾਂ ਦਾ ਪੂਰੇ ਪੱਧਰ 'ਤੇ ਰੋਲਆਊਟ (Full-Scale Rollout) ਸਾਲ 2027 ਤੋਂ ਸ਼ੁਰੂ ਹੋ ਸਕਦਾ ਹੈ।
ਪਲਾਸਟਿਕ ਦੇ ਨੋਟ ਕਾਗਜ਼ੀ ਨੋਟਾਂ ਨਾਲੋਂ ਕਿੰਨੇ ਵੱਖਰੇ ਹਨ?
ਪਲਾਸਟਿਕ ਦੇ ਨੋਟ ਕਾਗਜ਼ੀ ਕਰੰਸੀ ਦੇ ਮੁਕਾਬਲੇ ਕਿਤੇ ਜ਼ਿਆਦਾ ਟਿਕਾਊ ਹੁੰਦੇ ਹਨ। ਉਨ੍ਹਾਂ ਉੱਤੇ ਗੰਦਗੀ ਅਤੇ ਨਮੀ ਦਾ ਅਸਰ ਕਾਗਜ਼ੀ ਨੋਟਾਂ ਦੀ ਤੁਲਨਾ ਵਿੱਚ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਇਨ੍ਹਾਂ ਦੀ ਉਮਰ ਲੰਬੀ ਹੁੰਦੀ ਹੈ। ਹਾਲਾਂਕਿ ਪਲਾਸਟਿਕ ਨੋਟਾਂ ਦੀ ਛਪਾਈ ਦਾ ਸ਼ੁਰੂਆਤੀ ਖਰਚਾ ਮੌਜੂਦਾ ਨੋਟਾਂ ਨਾਲੋਂ ਜ਼ਿਆਦਾ ਹੋ ਸਕਦਾ ਹੈ, ਪਰ ਇਨ੍ਹਾਂ ਦੀ ਉਮਰ ਲੰਬੀ ਹੋਣ ਕਾਰਨ ਇਨ੍ਹਾਂ ਨੂੰ ਵਾਰ-ਵਾਰ ਛਾਪਣ ਦੀ ਲੋੜ ਨਹੀਂ ਪੈਂਦੀ। ਜਿਸ ਕਰਕੇ ਸਮੇਂ ਦੇ ਨਾਲ ਇਸ ਦੀ ਲਾਗਤ ਵਿੱਚ ਵੀ ਕਮੀ ਆ ਸਕਦੀ ਹੈ।
60 ਦੇਸ਼ਾਂ ਵਿੱਚ ਚੱਲਦੇ ਹਨ ਪਲਾਸਟਿਕ ਦੇ ਨੋਟ
ਆਰ.ਬੀ.ਆਈ. ਵੱਲੋਂ ਪੌਲੀਮਰ ਨੋਟਾਂ ਨੂੰ ਚਲਣ ਵਿੱਚ ਲਿਆਉਣ ਦੀ ਕੋਸ਼ਿਸ਼ ਪਹਿਲੀ ਵਾਰ ਨਹੀਂ ਕੀਤੀ ਜਾ ਰਹੀ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਕਰੀਬ 60 ਦੇਸ਼ਾਂ ਵਿੱਚ ਪੌਲੀਮਰ ਨੋਟ ਚਲਣ ਵਿੱਚ ਹਨ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਹੋਈ ਸੀ, ਜਿਸ ਤੋਂ ਬਾਅਦ ਕੈਨੇਡਾ, ਯੂਨਾਈਟਿਡ ਕਿੰਗਡਮ (UK), ਸਿੰਗਾਪੁਰ, ਨਿਊਜ਼ੀਲੈਂਡ, ਮਲੇਸ਼ੀਆ, ਥਾਈਲੈਂਡ, ਰੋਮਾਨੀਆ ਅਤੇ ਬਰੂਨੇਈ ਵਰਗੇ ਦੇਸ਼ਾਂ ਵਿੱਚ ਵੀ ਇਹ ਨੋਟ ਚਲਣ ਵਿੱਚ ਆਏ। ਹੁਣ ਭਾਰਤ ਵਿੱਚ ਵੀ ਇਸ ਨੂੰ ਚਲਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।