- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹੇ ਕਰਜ਼ੇ ਦੇ ਮਾਮਲੇ ਵਿਚ ਜ਼ਿਆਦਾਤਰ ਬੈਂਕ ਜਾਂ ਵਿੱਤੀ ਸੰਸਥਾਵਾਂ ਖਪਤਕਾਰਾਂ ਨੂੰ ਆਟੋ-ਡੈਬਿਟ (ਖਾਤੇ ਤੋਂ ਆਪਣੇ ਆਪ ਪੈਸਾ ਕੱਟਣਾ) ਦਾ ਬਦਲ ਦਿੰਦੇ ਹਨ। ਸਮੇਂ ’ਤੇ ਮਹੀਨਾਵਾਰ ਕਿਸ਼ਤ ਦੇ ਭੁਗਤਾਨ ਲਈ ਆਪਣੇ ਸਬੰਧਤ ਬੈਂਕ ਖਾਤੇ ਵਿਚ ਏਨੀ ਰਕਮ ਰੱਖੋ।

ਬਿਜ਼ਨਸ ਡੈਸਕ: ਅੱਜਕਲ੍ਹ ਬਹੁਤ ਸਾਰੇ ਲੋਕ ਖਪਤਕਾਰੀ ਵਾਲੀਆਂ ਵਸਤੂਆਂ, ਜਿਵੇਂ ਕਿ ਫਰਿੱਜ, ਟੀਵੀ, ਵਾਸ਼ਿੰਗ ਮਸ਼ੀਨ, ਏਅਰ ਕੰਡੀਸ਼ਨਰ ਤੇ ਸਮਾਰਟਫੋਨ ਕਰਜ਼ੇ ’ਤੇ ਖਰੀਦਦੇ ਹਨ। ਇਸ ਨੂੰ ਕੰਜਿਊਮਰ ਡਿਊਰੇਬਲਜ਼ ਕਰਜ਼ਾ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਕਰਜ਼ੇ ਲੈਣ ਵਾਲਿਆਂ ਵਿਚ ਨਵੇਂ ਖਪਤਕਾਰਾਂ ਜਾਂ ਪਹਿਲੀ ਵਾਰ ਕਰਜ਼ਾ ਲੈਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਹੈ। ਕਈ ਕੰਪਨੀਆਂ ਖਪਤਕਾਰ ਵਸਤੂਆਂ ’ਤੇ ਜ਼ੀਰੋ ਵਿਆਜ ਜਾਂ ਬਿਨਾਂ ਵਿਆਜ ਕਰਜ਼ੇ ਦੀ ਪੇਸ਼ਕਸ਼ਮ ਦਿੰਦੀਆਂ ਹਨ। ਇਸ ਤਰ੍ਹਾਂ ਦੇ ਕਰਜ਼ੇ ਬਹੁਤ ਆਸਾਨੀ ਨਾਲ ਮਿਲ ਜਾਂਦੇ ਹਨ। ਹਾਲਾਂਕਿ, ਕਈ ਵਾਰ ਅਜਿਹੇ ਕਰਜ਼ੇ ’ਤੇ ਭੁਗਤਾਨ ਕੀਤੀ ਗਈ ਰਕਮ ਕੰਪਨੀ ਦੇ ਆਫਰ ਤੋਂ ਵੱਧ ਹੋ ਸਕਦੀ ਹੈ। ਖਪਤਕਾਰ ਵਸਤੂਆਂ ’ਤੇ ਕਰਜ਼ਾ ਲੈਂਦੇ ਸਮੇਂ ਧਿਆਨ ਰੱਖਣ ਵਾਲੀਆਂ ਗੱਲਾਂ ਬਾਰੇ ਮਨੋਜ ਕੁਮਾਰ ਜਾਣਕਾਰੀ ਦੇ ਰਹੇ ਹਨ।
ਵਾਧੂ ਲਾਗਤ
ਖਪਤਕਾਰ ਵਸਤੂ ਵੇਚਣ ਵਾਲੀਆਂ ਕੰਪਨੀਆਂ ਕਈ ਵਾਰ ਬਿਨਾਂ ਵਿਆਜ ਸਮਾਨ ਮਹੀਨਾਵਾਰ ਕਿਸ਼ਤ (ਈਐੱਮਆਈ) ਦੀ ਪੇਸ਼ਕਸ਼ ਕਰਦੀਆਂ ਹਨ। ਅਜਿਹੇ ਮਾਮਲਿਆਂ ਵਿਚ ਸਾਮਾਨ ਖਰੀਦਣ ਵਾਲੇ ਖਪਤਕਾਰਾਂ ਨੂੰ ਕੋਈ ਵਿਆਜ ਨਹੀਂ ਦੇਣਾ ਪੈਂਦਾ, ਬਲਕਿ ਨਿਰਮਾਤਾ ਅਤੇ ਵਪਾਰੀ ਖ਼ਰੀਦ ਦੇ ਸਮੇਂ ਵਿਆਜ ਨੂੰ ਸਬਸਿਡੀ ਦੇ ਤੌਰ ’ਤੇ ਉਧਾਰ ਦੇਣ ਵਾਲੇ ਬੈਂਕ ਜਾਂ ਵਿੱਤੀ ਸੰਸਥਾ ਨੂੰ ਦਿੰਦੇ ਹਨ ਪਰ ਉਪਭੋਗਤਾਵਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੈਣ-ਦੇਣ ਵਿਚ ਕੋਈ ਵਾਧੂ ਲਾਗਤ ਤਾਂ ਨਹੀਂ ਹੈ। ਬਿਨਾਂ ਵਿਆਜ ਵਾਲੇ ਈਐੱਮਆਈ ਪ੍ਰਸਤਾਵ ਵਿਚ ਖਪਤਕਾਰਾਂ ਤੋਂ ਪ੍ਰੋਸੈਸਿੰਗ ਫੀਸ ਜਾਂ ਸਾਮਾਨ ’ਤੇ ਮਿਲਣ ਵਾਲੀ ਛੋਟ ਨੂੰ ਖ਼ਤਮ ਕਰ ਕੇ ਵਿਆਜ ਦੀ ਵਸੂਲੀ ਕੀਤੀ ਜਾ ਸਕਦੀ ਹੈ। ਇਸ ਲਈ ਕਰਜ਼ਾ ਲੈਣ ਤੋਂ ਪਹਿਲਾਂ ਪ੍ਰੋਸੈਸਿੰਗ ਫੀਸ, ਸਹੂਲਤ ਚਾਰਜ, ਲਾਗੂ ਕਰ ਅਤੇ ਭੁਗਤਾਨ ਤੋਂ ਪਹਿਲਾਂ ਦੀ ਫੀਸ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ।
-----------
ਕਰਜ਼ਾ ਦੇਣ ਵਾਲੇ ਅਦਾਰੇ ਦੀ ਜਾਂਚ
ਜਾਣਕਾਰਾਂ ਦਾ ਕਹਿਣਾ ਹੈ ਕਿ ਖਪਤਕਾਰਾਂ ਨੂੰ ਇਸ ਤਰ੍ਹਾਂ ਦੀਆਂ ਵਸਤੂਆਂ ’ਤੇ ਕਰਜ਼ਾ ਦੇਣ ਵਾਲੇ ਅਦਾਰੇ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ। ਖਪਤਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਰਜ਼ਾ ਦੇਣ ਵਾਲਾ ਅਦਾਰਾ ਆਰਬੀਆਈ ਕੋਲ ਰਜਿਸਟ੍ਰਡ ਬੈਂਕ ਜਾਂ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨਬੀਐੱਫਸੀ) ਹੋਵੇ। ਜੇ ਉਧਾਰ ਦੇਣ ਵਾਲਾ ਬੈਂਕ ਜਾਂ ਐੱਨਬੀਐੱਫਸੀ ਆਰਬੀਆਈ ਕੋਲ ਰਜਿਸਟ੍ਰਡ ਨਹੀਂ ਹੈ, ਤਾਂ ਉਹ ਤੁਹਾਡੇ ਡੇਟਾ ਨਾਲ ਖਿਲਵਾੜ ਕਰ ਸਕਦਾ ਹੈ, ਜਿਸ ਨਾਲ ਤੁਹਾਡੀ ਵਿੱਤੀ ਸੁਰੱਖਿਆ ਨੂੰ ਖ਼ਤਰਾ ਦਰਪੇਸ਼ ਹੋ ਸਕਦਾ ਹੈ। ਨਾਲ ਹੀ, ਕਰਜ਼ਾ ਦੇਣ ਵਾਲੇ ਬੈਂਕ ਜਾਂ ਐੱਨਬੀਐੱਫਸੀ ਨੂੰ ਸਿਰਫ਼ ਜਰੂਰੀ ਡਿਜੀਟਲ ਡਾਟਾ ਦੀ ਸਹਿਮਤੀ ਪ੍ਰਦਾਨ ਕਰੋ।
-------------
ਕਰਜ਼ੇ ’ਤੇ ਖਰੀਦਦਾਰੀ ਜ਼ਰੂਰਤ ’ਤੇ ਹੀ ਕਰੋ
ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਆਧੁਨਿਕ ਵਿੱਤੀ ਪ੍ਰਣਾਲੀ ਵਿਚ ਦਾਖ਼ਲ ਹੋਣ ਲਈ ਖਪਤਕਾਰ ਵਸਤੂਆਂ ਲਈ ਕਰਜ਼ਾ ਚੰਗਾ ਬਦਲ ਹੈ। ਅਜਿਹੇ ਕਰਜ਼ੇ ਦੀ ਵੇਲੇ ਸਿਰ ਅਦਾਇਗੀ ਦੇ ਜ਼ਰੀਏ ਖਪਤਕਾਰ ਆਪਣਾ ਚੰਗਾ ਕ੍ਰੈਡਿਟ ਪ੍ਰੋਫਾਈਲ ਬਣਾ ਸਕਦਾ ਹੈ ਪਰ ਕਈ ਵਾਰ ਅਜਿਹੇ ਵਿਚ ਕਰਜ਼ੇ ਵਿਚ ਲੁਕੀ ਹੋਈ ਲਾਗਤ ਹੁੰਦੀ ਹੈ ਜਿਹੜੀ ਇਸ ਨੂੰ ਕਾਫੀ ਮਹਿੰਗਾ ਬਣਾ ਦਿੰਦੀ ਹੈ ਅਤੇ ਮੁੜ ਭੁਗਤਾਨ ਵਿਚ ਮੁਸ਼ਕਲ ਪੈ ਸਕਦੀ ਹੈ। ਇਸ ਲਈ, ਜ਼ਰੂਰਤ ਪੈਣ ’ਤੇ ਹੀ ਕਰਜ਼ੇ ’ਤੇ ਸਾਮਾਨ ਖ਼ਰੀਦੋ। ਜੇ ਜ਼ਰੂਰੀ ਨਾ ਹੋਵੇ, ਤਾਂ ਅਜਿਹੀਆਂ ਖ਼ਰੀਦਦਾਰੀਆਂ ਨੂੰ ਟਾਲਣਾ ਵਧੀਆ ਫੈਸਲਾ ਹੋ ਸਕਦਾ ਹੈ।
--------------
40 ਫ਼ੀਸਦ ਤੋਂ ਵੱਧ ਨਾ ਹੋਵੇ ਕੁੱਲ ਈਐੱਮਆਈ
ਕਈ ਵਾਰ ਲੋਕ ਪਹਿਲਾਂ ਹੀ ਈਐੱਮਆਈ ਭੁਗਤਾਨ ਕਰ ਰਹੇ ਹੁੰਦੇ ਹਨ ਅਤੇ ਨਵਾਂ ਸਾਮਾਨ ਕਰਜ਼ੇ ’ਤੇ ਲੈਣ ਦੀ ਯੋਜਨਾ ਬਣਾਉਂਦੇ ਹਨ। ਬਹੁਤ ਸਾਰੇ ਵਿੱਤੀ ਸਲਾਹਕਾਰਾਂ ਦਾ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ’ਤੇ ਉਸ ਦੀ ਕੁੱਲ ਆਮਦਨ ਦਾ 40 ਫ਼ੀਸਦ ਤੋਂ ਵੱਧ ਈਐੱਮਆਈ ਨਹੀਂ ਹੋਣੀਆਂ ਚਾਹੀਦੀਆਂ। ਇਸ ਲਈ, ਕਰਜ਼ੇ ’ਤੇ ਖਪਤ ਲਈ ਸਾਮਾਨ ਲੈਣ ਤੋਂ ਪਹਿਲਾਂ ਆਪਣੀ ਪੁਰਾਣੀ ਈਐੱਮਆਈ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨਵਾਂ ਕਰਜ਼ਾ ਲੈਣ ਤੋਂ ਬਾਅਦ ਕੁੱਲ ਈਐੱਮਆਈ ਕਮਾਈ ਦਾ 40 ਫ਼ੀਸਦੀ ਤੋਂ ਵੱਧ ਨਾ ਹੋਵੇ।
--------------
ਖਾਤੇ ’ਚ ਢੁਕਵੀਂ ਰਕਮ ਹੋਵੇ
ਅਜਿਹੇ ਕਰਜ਼ੇ ਦੇ ਮਾਮਲੇ ਵਿਚ ਜ਼ਿਆਦਾਤਰ ਬੈਂਕ ਜਾਂ ਵਿੱਤੀ ਸੰਸਥਾਵਾਂ ਖਪਤਕਾਰਾਂ ਨੂੰ ਆਟੋ-ਡੈਬਿਟ (ਖਾਤੇ ਤੋਂ ਆਪਣੇ ਆਪ ਪੈਸਾ ਕੱਟਣਾ) ਦਾ ਬਦਲ ਦਿੰਦੇ ਹਨ। ਸਮੇਂ ’ਤੇ ਮਹੀਨਾਵਾਰ ਕਿਸ਼ਤ ਦੇ ਭੁਗਤਾਨ ਲਈ ਆਪਣੇ ਸਬੰਧਤ ਬੈਂਕ ਖਾਤੇ ਵਿਚ ਏਨੀ ਰਕਮ ਰੱਖੋ। ਜੇਕਰ ਕਿਸੇ ਵਜ੍ਹਾ ਨਾਲ ਆਟੋ-ਡੈਬਿਟ ਫੇਲ ਹੋ ਜਾਂਦਾ ਹੈ, ਤਾਂ 24-48 ਘੰਟਿਆਂ ਦੇ ਅੰਦਰ ਮੈਨੁਅਲ ਭੁਗਤਾਨ ਕਰ ਕੇ ਬੈਂਕ ਜਾਂ ਵਿੱਤੀ ਸੰਸਥਾ ਨੂੰ ਸੂਚਿਤ ਕਰੋ। ਅਗਲੇ ਕ੍ਰੈਡਿਟ-ਬਿਊਰੋ ਰਿਪੋਰਟਿੰਗ ਚੱਕਰ ਤੋਂ ਪਹਿਲਾਂ ਬਕਾਇਆ ਚੁੱਕਣ ਨਾਲ ਖਰਚੇ ਅਤੇ ਕਰੈਡਿਟ ਸਕੋਰ ਦੇ ਨੁਕਸਾਨ ਨੂੰ ਸੀਮਤ ਕੀਤਾ ਜਾ ਸਕਦਾ ਹੈ।