- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
FSB ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਾਵਲ ਡੁਰੋਵ ਖਿਲਾਫ ਅੰਤਰਰਾਸ਼ਟਰੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਮਾਮਲੇ 'ਚ ਹੁਣ ਤਕ ਨਾ ਤਾਂ ਡੁਰੋਵ ਅਤੇ ਨਾ ਹੀ ਟੈਲੀਗ੍ਰਾਮ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਆਈਏਐੱਨਐੱਸ, ਨਵੀਂ ਦਿੱਲੀ: ਰੂਸ ਦੀ ਫੈਡਰਲ ਸਿਕਿਓਰਿਟੀ ਸਰਵਿਸ (FSB) ਨੇ ਬੁੱਧਵਾਰ ਨੂੰ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ ਦੇ ਸੰਸਥਾਪਕ ਪਾਵਲ ਡੁਰੋਵ 'ਤੇ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ। ਏਜੰਸੀ ਦਾ ਕਹਿਣਾ ਹੈ ਕਿ ਟੈਲੀਗ੍ਰਾਮ ਨੇ ਅਜਿਹੇ ਕੰਟੈਂਟ ਨੂੰ ਹਟਾਉਣ ਵਿੱਚ ਅਸਫਲਤਾ ਦਿਖਾਈ, ਜਿਸ ਦਾ ਇਸਤੇਮਾਲ ਰੂਸ ਦੇ ਅੰਦਰ ਤੋੜ-ਫੋੜ, ਅੱਤਵਾਦੀ ਗਤੀਵਿਧੀਆਂ ਅਤੇ ਸਾਈਬਰ ਧੋਖਾਧੜੀ ਦੇ ਸੰਚਾਲਨ ਲਈ ਕੀਤਾ ਜਾ ਰਿਹਾ ਸੀ।
ਐੱਫਐੱਸਬੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਾਵਲ ਡੁਰੋਵ ਖਿਲਾਫ ਅੰਤਰਰਾਸ਼ਟਰੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਮਾਮਲੇ 'ਚ ਹੁਣ ਤਕ ਨਾ ਤਾਂ ਡੁਰੋਵ ਅਤੇ ਨਾ ਹੀ ਟੈਲੀਗ੍ਰਾਮ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਐੱਫਐੱਸਬੀ ਅਨੁਸਾਰ, ਦੋਸ਼ ਇਸ ਗੱਲ ਨਾਲ ਜੁੜੇ ਹਨ ਕਿ ਟੈਲੀਗ੍ਰਾਮ ਨੇ ਅਜਿਹੇ ਕੰਟੈਂਟ ਨੂੰ ਨਹੀਂ ਹਟਾਇਆ, ਜਿਸ ਦਾ ਇਸਤੇਮਾਲ ਕਥਿਤ ਤੌਰ 'ਤੇ ਯੂਕ੍ਰੇਨ ਦੀਆਂ ਵਿਸ਼ੇਸ਼ ਏਜੰਸੀਆਂ ਅਤੇ ਅੱਤਵਾਦੀ ਤੇ ਉਗਰਵਾਦੀ ਸੰਗਠਨਾਂ ਦੁਆਰਾ ਰੂਸ ਦੇ ਅੰਦਰ ਤੋੜ-ਫੋੜ, ਅੱਤਵਾਦੀ ਹਮਲਿਆਂ, ਸਮੂਹਕ ਹੱਤਿਆਵਾਂ ਅਤੇ ਸਾਈਬਰ ਫਰੌਡ ਵਰਗੀਆਂ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਦੇ ਤਾਲਮੇਲ ਲਈ ਕੀਤਾ ਗਿਆ।
ਫੋਰਬਸ ਦੀ ਰੀਅਲ ਟਾਈਮ ਬਿਲੀਅਨੇਅਰ ਲਿਸਟ ਅਨੁਸਾਰ ਪਾਵਲ ਡੁਰੋਵ (Who is Pavel Durov) ਦੀ ਨੈੱਟਵਰਥ 6.6 ਬਿਲੀਅਨ ਡਾਲਰ (Pavel Durov Net Worth) ਹੈ। ਭਾਰਤੀ ਰੁਪਏ 'ਚ ਇਹ ਕਰੀਬ 63 ਹਜ਼ਾਰ ਕਰੋੜ ਰੁਪਏ ਹੈ।
ਪਾਵਲ ਡੁਰੋਵ ਕੋਲ ਕੋਈ ਰੀਅਲ ਅਸਟੇਟ, ਕਾਰ ਜਾਂ ਜ਼ਮੀਨ ਨਹੀਂ ਹੈ। ਇਸ ਦੀ ਬਜਾਏ, ਉਹ ਕਿਰਾਏ ਦੇ ਘਰਾਂ 'ਚ ਰਹਿੰਦੇ ਹਨ ਅਤੇ ਇਕ ਮੋਬਾਈਲ ਲਾਈਫਸਟਾਈਲ ਅਪਣਾਉਂਦੇ ਹਨ। ਅਰਬਾਂ ਡਾਲਰ ਦੀ ਨੈੱਟ ਵਰਥ ਹੋਣ ਦੇ ਬਾਵਜੂਦ, ਉਹ ਦੁਬਈ ਵਿੱਚ ਇੱਕ ਲਗਜ਼ਰੀ ਵਿਲਾ ਕਿਰਾਏ 'ਤੇ ਲੈਂਦੇ ਹਨ ਅਤੇ ਸਥਾਈ ਤੌਰ 'ਤੇ ਕੋਈ ਪ੍ਰੋਪਰਟੀ ਖਰੀਦਣ ਤੋਂ ਬਚਦੇ ਹਨ।
ਸਾਲ 2013 'ਚ ਪਾਵਲ ਡੁਰੋਵ ਦੁਆਰਾ ਲਾਂਚ ਕੀਤਾ ਗਿਆ ਟੈਲੀਗ੍ਰਾਮ ਅੱਜ ਦੁਨੀਆ ਦੇ ਸਭ ਤੋਂ ਵੱਡੇ ਮੈਸੇਜਿੰਗ ਪਲੇਟਫਾਰਮਾਂ 'ਚ ਸ਼ਾਮਲ ਹੈ ਜਿਸ ਦੇ ਦੁਨੀਆ ਭਰ 'ਚ 1 ਅਰਬ ਤੋਂ ਵੱਧ ਐਕਟਿਵ ਯੂਜ਼ਰਜ਼ ਹਨ।
ਰੂਸ-ਯੂਕ੍ਰੇਨ ਯੁੱਧ ਦੌਰਾਨ ਜਾਣਕਾਰੀ ਸਾਂਝੀ ਕਰਨ ਵਿੱਚ ਇਸ ਪਲੇਟਫਾਰਮ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਅਤੇ ਇਸ ਦਾ ਉਪਯੋਗ ਦੋਵਾਂ ਦੇਸ਼ਾਂ ਦੇ ਲੋਕ ਵਿਆਪਕ ਰੂਪ 'ਚ ਕਰਦੇ ਰਹੇ ਹਨ। ਰਿਪੋਰਟ ਅਨੁਸਾਰ, ਇਹ ਕਾਰਵਾਈ ਮਾਸਕੋ ਦੁਆਰਾ ਟੈਲੀਗ੍ਰਾਮ 'ਤੇ ਕੰਟਰੋਲ ਵਧਾਉਣ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਤਾਜ਼ਾ ਕਦਮ ਹੈ।
ਰੂਸੀ ਪ੍ਰਸ਼ਾਸਨ ਲੰਬੇ ਸਮੇਂ ਤੋਂ ਟੈਲੀਗ੍ਰਾਮ ਦੇ ਪ੍ਰਭਾਵ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਸਰਕਾਰ ਸਮਰਥਿਤ ਮੈਕਸ ਮੈਸੇਜਿੰਗ ਸੇਵਾ ਨੂੰ ਘਰੇਲੂ ਬਦਲ ਦੇ ਰੂਪ ਵਿੱਚ ਉਤਸ਼ਾਹਿਤ ਕਰ ਰਿਹਾ ਹੈ। ਰੂਸ ਵਿੱਚ ਜਨਮੇ ਪਾਵਲ ਡੁਰੋਵ ਬਾਅਦ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਫਰਾਂਸ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਹਨ।
ਟੈਲੀਗ੍ਰਾਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਰੂਸ ਦੀ ਪ੍ਰਸਿੱਧ ਸੋਸ਼ਲ ਨੈੱਟਵਰਕਿੰਗ ਸਾਈਟ ਵੀਕੌਨਟੈਕਟ (VKontakte) ਦੀ ਸਥਾਪਨਾ ਕੀਤੀ ਸੀ। ਹਾਲਾਂਕਿ, ਰੂਸੀ ਅਧਿਕਾਰੀਆਂ ਦੇ ਵਧਦੇ ਦਬਾਅ ਤੋਂ ਬਾਅਦ ਉਨ੍ਹਾਂ ਨੇ ਸਾਲ 2014 ਵਿੱਚ ਕੰਪਨੀ ਵਿੱਚ ਆਪਣੀ ਬਚੀ ਹੋਈ ਹਿੱਸੇਦਾਰੀ ਵੇਚ ਦਿੱਤੀ ਸੀ। ਪਾਵਲ ਡੁਰੋਵ ਨੇ ਸੀਕਰੇਟ ਸਰਵਿਸ ਨਾਲ ਸਹਿਯੋਗ ਕਰਨ ਅਤੇ ਆਪਣੇ ਪਹਿਲੇ ਸੋਸ਼ਲ ਨੈੱਟਵਰਕ ਦੇ ਯੂਜ਼ਰਸ ਦਾ ਐਨਕ੍ਰਿਪਟਡ ਡਾਟਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਰੂਸ ਛੱਡ ਦਿੱਤਾ। ਰੂਸ ਵਿੱਚ 2018 ਤੋਂ 2021 ਤਕ ਟੈਲੀਗ੍ਰਾਮ 'ਤੇ ਬੈਨ ਲੱਗਿਆ ਹੋਇਆ ਸੀ।
ਫਰਾਂਸ ਵਿੱਚ ਵੀ ਉਨ੍ਹਾਂ ਦੇ ਖਿਲਾਫ ਵੱਖਰੇ ਤੌਰ 'ਤੇ ਜਾਂਚ ਚੱਲ ਰਹੀ ਹੈ। ਫਰਾਂਸੀਸੀ ਅਧਿਕਾਰੀਆਂ ਦਾ ਦੋਸ਼ ਹੈ ਕਿ ਟੈਲੀਗ੍ਰਾਮ ਨੇ ਆਪਣੇ ਪਲੇਟਫਾਰਮ 'ਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਪੂਰੇ ਕਦਮ ਨਹੀਂ ਚੁੱਕੇ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਲੋੜੀਂਦਾ ਸਹਿਯੋਗ ਵੀ ਨਹੀਂ ਕੀਤਾ। ਹਾਲਾਂਕਿ, ਪਾਵਲ ਡੁਰੋਵ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਹਨ।