ਸਮੁੰਦਰ 'ਚ 3 ਦਿੱਗਜ ਕੰਪਨੀਆਂ ਦੀ ਵੱਡੀ ਸਾਂਝੇਦਾਰੀ: ONGC, ਰਿਲਾਇੰਸ ਤੇ BP ਮਿਲ ਕੇ ਸਮੁੰਦਰ 'ਚੋਂ ਕੱਢਣਗੀਆਂ 'ਖ਼ਜ਼ਾਨਾ', 1 ਅਰਬ ਡਾਲਰ ਦੀ ਮੈਗਾ ਤਿਆਰੀ!
North Sea ਸਮੇਤ ਕਈ ਖੇਤਰਾਂ 'ਚ ਇਸ ਤਰ੍ਹਾਂ ਦੀਆਂ ਸਾਂਝੀਆਂ ਇਨਫ੍ਰਾਸਟ੍ਰਕਚਰ ਸਹੂਲਤਾਂ ਪਹਿਲਾਂ ਤੋਂ ਕੰਮ ਕਰ ਰਹੀਆਂ ਹਨ। ਇਸ ਵਿਵਸਥਾ ਤਹਿਤ ਦੋ ਜਾਂ ਦੋ ਤੋਂ ਵੱਧ ਕੰਪਨੀਆਂ ਮਿਲ ਕੇ ਇਨਫ੍ਰਾਸਟ੍ਰਕਚਰ ਤਿਆਰ ਕਰਦੀਆਂ ਹਨ, ਜਿਸ ਦੀ ਵਰਤੋਂ ਬਾਅਦ 'ਚ ਹੋਰ ਉਤਪਾਦਕ ਵੀ 'ਟੋਲਿੰਗ' (ਫ਼ੀਸ ਦੇ ਕੇ ਵਰਤੋਂ ਕਰਨ) ਦੇ ਆਧਾਰ 'ਤੇ ਕਰ ਸਕਦੇ ਹਨ।
Publish Date: Mon, 09 Nov 2026 11:21 AM (IST)
Updated Date: Mon, 09 Nov 2026 11:30 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਸਰਕਾਰੀ ਕੰਪਨੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ONGC), BP ਅਤੇ ਰਿਲਾਇੰਸ ਇੰਡਸਟਰੀਜ਼ (RIL) ਮਹਾਨਦੀ ਬੇਸਿਨ 'ਚ 1 ਅਰਬ ਡਾਲਰ ਦੀ ਸਾਂਝੀ ਆਫਸ਼ੋਰ (ਸਮੁੰਦਰ 'ਚ ਮੌਜੂਦ) ਇਨਫ੍ਰਾਸਟ੍ਰਕਚਰ ਸਹੂਲਤ ਬਣਾਉਣ 'ਤੇ ਵਿਚਾਰ ਕਰ ਰਹੀਆਂ ਹਨ। ਇਸ ਦਾ ਮਕਸਦ ਡੂੰਘੇ ਅਤੇ ਬੇਹੱਦ ਡੂੰਘੇ ਸਮੁੰਦਰੀ ਖੇਤਰਾਂ (ਡੀਪਵਾਟਰ ਅਤੇ ਅਲਟਰਾ-ਡੀਪਵਾਟਰ) 'ਚੋਂ ਕੁਦਰਤੀ ਗੈਸ ਅਤੇ ਕੰਡੇਨਸੇਟ ਕੱਢਣਾ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਪੇਸ਼ ਕੀਤਾ ਗਿਆ ਇਹ ਪ੍ਰਸਤਾਵ ਅਜੇ ਸ਼ੁਰੂਆਤੀ ਚਰਚਾ ਦੇ ਪੜਾਅ 'ਚ ਹੈ। ਜਲਦ ਹੀ ਇਸ ਲਈ ਤਕਨੀਕੀ ਸਲਾਹਕਾਰਾਂ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ।
ਪ੍ਰੋਜੈਕਟ ਦੀ ਲਾਗਤ ਘਟਾਉਣ 'ਚ ਮਿਲੇਗੀ ਮਦਦ
ਇਸ ਸਾਂਝੇ ਇਨਫ੍ਰਾਸਟ੍ਰਕਚਰ ਮਾਡਲ ਦਾ ਮਕਸਦ ਵਿਕਾਸ ਦੀ ਲਾਗਤ ਘਟਾਉਣਾ, ਛੋਟੀਆਂ ਖੋਜਾਂ ਲਈ ਵੱਖ-ਵੱਖ ਇਨਫ੍ਰਾਸਟ੍ਰਕਚਰ ਦੀ ਲੋੜ ਖ਼ਤਮ ਕਰਨਾ ਅਤੇ ਸੰਚਾਲਨ ਕੁਸ਼ਲਤਾ ਤੇ ਵਪਾਰਕ ਵਿਵਹਾਰਕਤਾ 'ਚ ਸੁਧਾਰ ਕਰਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਸਹੂਲਤ ਦਾ ਟੀਚਾ ਡੂੰਘੇ ਅਤੇ ਬੇਹੱਦ ਡੂੰਘੇ ਸਮੁੰਦਰੀ ਖੇਤਰਾਂ 'ਚ ਕੀਤੀਆਂ ਖੋਜਾਂ ਨੂੰ ਵਪਾਰਕ ਤੌਰ 'ਤੇ ਲਾਹੇਵੰਦ ਬਣਾਉਣਾ ਹੈ। ਇਸ ਤਹਿਤ ਕਈ ਕੰਪਨੀਆਂ ਵੱਖ-ਵੱਖ ਇਨਫ੍ਰਾਸਟ੍ਰਕਚਰ 'ਚ ਨਿਵੇਸ਼ ਕਰਨ ਦੀ ਬਜਾਏ ਇਕ ਹੀ ਸਾਂਝੇ ਢਾਂਚੇ ਦੀ ਵਰਤੋਂ ਕਰ ਸਕਣਗੀਆਂ, ਜਿਸ ਨਾਲ ਪ੍ਰੋਜੈਕਟ ਦੀ ਲਾਗਤ ਕਾਫ਼ੀ ਘੱਟ ਹੋ ਸਕਦੀ ਹੈ।
ਭਾਰੀ ਪੂੰਜੀ ਨਿਵੇਸ਼ ਅਤੇ ਗੁੰਝਲਦਾਰ ਇਨਫ੍ਰਾਸਟ੍ਰਕਚਰ ਦੀ ਲੋੜ
ਨਵੇਂ ਪ੍ਰੋਜੈਕਟ ਨਾਲ ਹਾਈਡ੍ਰੋਕਾਰਬਨ ਨੂੰ ਕੁਸ਼ਲਤਾ ਨਾਲ ਇਕੱਠਾ ਕਰਨ ਅਤੇ ਬਾਹਰ ਕੱਢਣ 'ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਛੋਟੀਆਂ ਅਤੇ ਘੱਟ ਮਹੱਤਵਪੂਰਨ ਖੋਜਾਂ ਤੋਂ ਕਮਾਈ ਸ਼ੁਰੂ ਕਰਨ ਦੀ ਪ੍ਰਕਿਰਿਆ ਵੀ ਤੇਜ਼ ਹੋਵੇਗੀ। ਇਹ ਪਹਿਲ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਡੂੰਘੇ ਅਤੇ ਬੇਹੱਦ ਡੂੰਘੇ ਸਮੁੰਦਰ 'ਚ ਕੰਮ ਕਰਨ ਲਈ ਭਾਰੀ ਪੂੰਜੀ ਨਿਵੇਸ਼ ਅਤੇ ਗੁੰਝਲਦਾਰ ਇਨਫ੍ਰਾਸਟ੍ਰਕਚਰ ਦੀ ਲੋੜ ਹੁੰਦੀ ਹੈ। ਅਕਸਰ ਇਹ ਚੀਜ਼ਾਂ ਪ੍ਰੋਜੈਕਟਾਂ ਨੂੰ ਵਪਾਰਕ ਤੌਰ 'ਤੇ ਲਾਹੇਵੰਦ ਬਣਾਉਣ 'ਚ ਰੁਕਾਵਟ ਬਣਦੀਆਂ ਹਨ।
ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਇਹ ਸਹੂਲਤ 'ਫਲੋਟਿੰਗ ਪ੍ਰੋਡਕਸ਼ਨ, ਸਟੋਰੇਜ ਐਂਡ ਆਫਲੋਡਿੰਗ' (FPSO) ਹੋਵੇਗੀ ਜਾਂ ਸਮੁੰਦਰ 'ਚ ਸਥਾਈ ਤੌਰ 'ਤੇ ਸਥਾਪਤ ਕੀਤਾ ਜਾਣ ਵਾਲਾ ਕੋਈ ਢਾਂਚਾ (ਫਿਕਸਡ ਆਫਸ਼ੋਰ ਇੰਸਟਾਲੇਸ਼ਨ) ਹੋਵੇਗਾ।
FPSO ਆਧਾਰਿਤ ਹੱਲ ਪਹਿਲਾਂ ਤੋਂ ਤਿਆਰ ਹੋ ਕੇ ਪਹੁੰਚ ਸਕਦਾ
FPSO ਆਧਾਰਿਤ ਹੱਲ ਨੂੰ ਪਹਿਲਾਂ ਤੋਂ ਤਿਆਰ ਕਰਕੇ ਸਾਈਟ 'ਤੇ ਲਿਆਂਦਾ ਜਾ ਸਕਦਾ ਹੈ, ਜਦਕਿ ਸਮੁੰਦਰ 'ਚ ਸਥਾਈ ਢਾਂਚਾ ਬਣਾਉਣ 'ਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇੰਨੇ ਵੱਡੇ ਪੱਧਰ 'ਤੇ ਇਨਫ੍ਰਾਸਟ੍ਰਕਚਰ ਤਿਆਰ ਕਰਨ 'ਚ ਘੱਟੋ-ਘੱਟ ਤਿੰਨ ਤੋਂ ਚਾਰ ਸਾਲ ਦਾ ਸਮਾਂ ਲੱਗੇਗਾ। ਇਸ ਸਹੂਲਤ ਦਾ ਮੁੱਖ ਕੰਮ ਕੁਦਰਤੀ ਗੈਸ ਨੂੰ ਸੰਭਾਲਣਾ ਹੋਵੇਗਾ। ਇਸ ਦੇ ਨਾਲ ਹੀ ਕੁਝ ਮਾਤਰਾ 'ਚ ਕੰਡੇਨਸੇਟ ਵੀ ਕੱਢਿਆ ਜਾ ਸਕੇਗਾ। ਇਹ ਤਰੀਕਾ ਕੌਮਾਂਤਰੀ ਪੱਧਰ 'ਤੇ ਪਹਿਲਾਂ ਤੋਂ ਸਥਾਪਤ ਮਾਡਲ 'ਤੇ ਆਧਾਰਿਤ ਹੈ। ਉੱਤਰੀ ਸਾਗਰ (ਨੌਰਥ ਸੀ) ਸਮੇਤ ਕਈ ਖੇਤਰਾਂ 'ਚ ਇਸ ਤਰ੍ਹਾਂ ਦੀਆਂ ਸਾਂਝੀਆਂ ਇਨਫ੍ਰਾਸਟ੍ਰਕਚਰ ਸਹੂਲਤਾਂ ਪਹਿਲਾਂ ਤੋਂ ਕੰਮ ਕਰ ਰਹੀਆਂ ਹਨ। ਇਸ ਵਿਵਸਥਾ ਤਹਿਤ ਦੋ ਜਾਂ ਦੋ ਤੋਂ ਵੱਧ ਕੰਪਨੀਆਂ ਮਿਲ ਕੇ ਇਨਫ੍ਰਾਸਟ੍ਰਕਚਰ ਤਿਆਰ ਕਰਦੀਆਂ ਹਨ, ਜਿਸ ਦੀ ਵਰਤੋਂ ਬਾਅਦ 'ਚ ਹੋਰ ਉਤਪਾਦਕ ਵੀ 'ਟੋਲਿੰਗ' (ਫ਼ੀਸ ਦੇ ਕੇ ਵਰਤੋਂ ਕਰਨ) ਦੇ ਆਧਾਰ 'ਤੇ ਕਰ ਸਕਦੇ ਹਨ।