- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਲ ਨੀਨੋ ਕਾਰਨ ਕਮਜ਼ੋਰ ਮੌਨਸੂਨ ਦੇ ਅਨੁਮਾਨ ਅਤੇ ਅਗਲੇ ਸੀਜ਼ਨ ਦੇ ਖੰਡ ਉਤਪਾਦਨ 'ਤੇ ਪੈਣ ਵਾਲੇ ਪ੍ਰਭਾਵ ਦਾ ਖ਼ਦਸ਼ਾ ਜਤਾਉਂਦੇ ਹੋਏ ਭਾਰਤ ਦੇ ਵਿਦੇਸ਼ ਵਪਾਰ ਮਹਾਨਿਰਦੇਸ਼ਕ (DGFT) ਨੇ ਘਰੇਲੂ ਸਟਾਕ ਨੂੰ ਮਜ਼ਬੂਤ ਰੱਖਣ ਤੇ ਖੰਡ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਵਿਦੇਸ਼ੀ ਬਰਾਮਦ 'ਤੇ ਰੋਕ ਲਗਾ ਦਿੱਤੀ ਸੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਨੇਪਾਲ ਵਿਚਕਾਰ ਲਗਾਤਾਰ ਵਪਾਰਕ ਰਿਸ਼ਤਿਆਂ 'ਚ ਉਤਰਾਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਹੁਣ ਭਾਰਤ ਵੱਲੋਂ ਖੰਡ ਦੀ ਬਰਾਮਦ ਨੂੰ ਰੋਕਣ ਤੋਂ ਬਾਅਦ ਨੇਪਾਲ 'ਚ ਮਹਿੰਗਾਈ ਜ਼ੋਰ ਫੜਨ ਲੱਗੀ ਹੈ। ਨੇਪਾਲ ਦੀ ਬਾਲੇਨ ਸ਼ਾਹ ਸਰਕਾਰ ਨੇ ਬੇਸ਼ੱਕ ਆਪਣੇ ਨਾਗਰਿਕਾਂ ਨੂੰ ਖੰਡ ਦਾ ਲੋੜੀਂਦਾ ਸਟਾਕ ਹੋਣ ਦੀ ਗੱਲ ਕਹੀ ਹੈ, ਪਰ ਲੋਕਲ ਮਾਰਕੀਟ 'ਚ ਖੰਡ ਦੇ ਵਧਦੇ ਭਾਅ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਹਨ।
1 ਮਹੀਨੇ 'ਚ ਰਾਕੇਟ ਬਣੀ ਖੰਡ ਦੀ ਕੀਮਤ
ਅਲ ਨੀਨੋ ਕਾਰਨ ਕਮਜ਼ੋਰ ਮੌਨਸੂਨ ਦੇ ਅਨੁਮਾਨ ਅਤੇ ਅਗਲੇ ਸੀਜ਼ਨ ਦੇ ਖੰਡ ਉਤਪਾਦਨ 'ਤੇ ਪੈਣ ਵਾਲੇ ਪ੍ਰਭਾਵ ਦਾ ਖ਼ਦਸ਼ਾ ਜਤਾਉਂਦੇ ਹੋਏ ਭਾਰਤ ਦੇ ਵਿਦੇਸ਼ ਵਪਾਰ ਮਹਾਨਿਰਦੇਸ਼ਕ (DGFT) ਨੇ ਘਰੇਲੂ ਸਟਾਕ ਨੂੰ ਮਜ਼ਬੂਤ ਰੱਖਣ ਤੇ ਖੰਡ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਵਿਦੇਸ਼ੀ ਬਰਾਮਦ 'ਤੇ ਰੋਕ ਲਗਾ ਦਿੱਤੀ ਸੀ। ਇਹ ਰੋਕ 30 ਸਤੰਬਰ, 2026 ਤਕ ਜਾਰੀ ਰਹੇਗੀ। ਇਸ ਫੈਸਲੇ ਦਾ ਨੇਪਾਲ 'ਤੇ ਬੁਰਾ ਅਸਰ ਦੇਖਣ ਨੂੰ ਮਿਲਿਆ ਹੈ।
ਨੇਪਾਲ 'ਚ ਬੀਤੇ 1 ਮਹੀਨੇ 'ਚ ਖੰਡ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਉਛਾਲ ਦੇਖਿਆ ਗਿਆ ਹੈ। ਨੇਪਾਲੀ ਮੀਡੀਆ 'ਦ ਕਾਠਮੰਡੂ ਪੋਸਟ' ਅਨੁਸਾਰ ਕੀਮਤਾਂ 'ਚ ਕਰੀਬ ₹15 ਦਾ ਵਾਧਾ ਦੇਖਿਆ ਜਾ ਰਿਹਾ ਹੈ। ਜਿਹੜੀ ਖੰਡ ਪਿਛਲੇ ਮਹੀਨੇ ₹95 ਪ੍ਰਤੀ ਕਿੱਲੋ ਵਿਕ ਰਹੀ ਸੀ, ਉਸ ਦੀ ਕੀਮਤ ਹੁਣ ₹110 ਪ੍ਰਤੀ ਕਿੱਲੋ ਤਕ ਪਹੁੰਚ ਗਈ ਹੈ।
ਭਾਰਤ ਦੇ ਖੰਡ ਬਰਾਮਦ 'ਤੇ ਬੈਨ ਦਾ ਅਸਰ ਨੇਪਾਲ 'ਤੇ ਸਿੱਧੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਨੇਪਾਲ 'ਚ ਪਹਿਲਾਂ ਹਰ ਸਾਲ ਲਗਪਗ 1.55 ਲੱਖ ਟਨ ਖੰਡ ਦਾ ਉਤਪਾਦਨ ਹੁੰਦਾ ਸੀ, ਪਰ ਖੰਡ ਮਿੱਲਾਂ ਵੱਲੋਂ ਕਿਸਾਨਾਂ ਨੂੰ ਭੁਗਤਾਨ 'ਚ ਦੇਰੀ ਤੇ ਹੋਰ ਸਮੱਸਿਆਵਾਂ ਦੇ ਚਲਦਿਆਂ ਕਈ ਕਿਸਾਨਾਂ ਨੇ ਗੰਨੇ ਦੀ ਖੇਤੀ ਛੱਡ ਦਿੱਤੀ। ਇਸ ਕਾਰਨ ਉਤਪਾਦਨ ਘਟ ਕੇ ਕਰੀਬ 1.2 ਲੱਖ ਟਨ ਰਹਿ ਗਿਆ ਹੈ। ਉੱਥੇ ਹੀ, ਨੇਪਾਲ 'ਚ ਹਰ ਸਾਲ ਦੱਖਣੀ ਸਰਹੱਦ ਤੋਂ 40 ਤੋਂ 50 ਹਜ਼ਾਰ ਟਨ ਖੰਡ ਦੀ ਗੈਰ-ਕਾਨੂੰਨੀ ਤਸਕਰੀ ਹੋਣ ਦਾ ਵੀ ਅਨੁਮਾਨ ਲਗਾਇਆ ਜਾਂਦਾ ਹੈ।
ਉਦਯੋਗ ਮੰਤਰਾਲੇ ਦੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ 'ਦ ਕਾਠਮੰਡੂ ਪੋਸਟ' ਨੂੰ ਦੱਸਿਆ ਕਿ ਸਟੇਕਹੋਲਡਰਾਂ ਨਾਲ ਹੋਈ ਚਰਚਾ ਤੋਂ ਪਤਾ ਲੱਗਿਆ ਹੈ ਕਿ ਘਰੇਲੂ ਪੱਧਰ 'ਤੇ ਉਤਪਾਦਿਤ ਤੇ ਦਰਾਮਦ ਕੀਤੀ ਗਈ ਖੰਡ ਦਾ ਮੌਜੂਦਾ ਭੰਡਾਰ ਅਕਤੂਬਰ ਤਕ ਕਾਫ਼ੀ ਹੋਵੇਗਾ। ਉਨ੍ਹਾਂ ਕਿਹਾ, "ਅਸੀਂ ਫਿਲਹਾਲ ਭਾਰਤ ਤੋਂ ਖੰਡ ਦੀ ਸਪਲਾਈ ਦੀ ਬੇਨਤੀ ਨਹੀਂ ਕਰ ਰਹੇ ਹਾਂ। ਬਾਜ਼ਾਰ 'ਚ ਨਕਲੀ ਕਮੀ ਪੈਦਾ ਕਰਨ ਦਾ ਕੋਈ ਮਤਲਬ ਨਹੀਂ ਹੈ।" ਅਧਿਕਾਰੀ ਨੇ ਚਿਤਾਵਨੀ ਦਿੱਤੀ ਕਿ ਬਾਜ਼ਾਰ 'ਚ ਹੇਰਾਫੇਰੀ ਕਰਦੇ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ, ਮੰਤਰਾਲੇ ਨੇ ਕਿਹਾ ਕਿ ਜੇਕਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਮੰਗ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਹੈ ਤਾਂ ਉਹ ਭਾਰਤ ਨਾਲ ਸੰਪਰਕ ਕਰ ਸਕਦਾ ਹੈ।