Nvidia ਨੂੰ ₹144 ਲੱਖ ਕਰੋੜ ਦਾ ਨੁਕਸਾਨ, ਅੰਬਾਨੀ-ਅਡਾਨੀ ਲਈ ਬਣਿਆ ਫਾਇਦੇ ਦਾ ਸੌਦਾ! 200 ਅਰਬ ਡਾਲਰ ਦੇ ਨਿਵੇਸ਼ ਨੂੰ ਮਿਲੇਗੀ ਰਫ਼ਤਾਰ
ਊਰਜਾ ਦੀ ਵੱਡੀ ਖਪਤ ਕਰਨ ਵਾਲੇ ਡਾਟਾ ਸੈਂਟਰਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ ਲੋੜੀਂਦੇ ਬੁਨਿਆਦੀ ਢਾਂਚੇ 'ਤੇ ਅਡਾਨੀ ਦਾ ਕੰਟਰੋਲ ਹੈ, ਜਦਕਿ ਅੰਬਾਨੀ ਕੋਲ 5 ਕਰੋੜ ਤੋਂ ਵੱਧ ਟੈਲੀਕਾਮ ਗਾਹਕ ਹਨ, ਜੋ AI ਸੇਵਾਵਾਂ ਲਈ ਇਕ ਸੰਭਾਵਿਤ ਬਾਜ਼ਾਰ ਬਣ ਸਕਦੇ ਹਨ।
Publish Date: Fri, 20 Nov 2026 01:30 PM (IST)
Updated Date: Fri, 20 Nov 2026 01:35 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : Nvidia ਦੇ ਸ਼ੇਅਰਾਂ (Nvidia Share Crash) 'ਚ ਆਈ ਭਾਰੀ ਗਿਰਾਵਟ ਭਾਵੇਂ ਅਮਰੀਕਾ ਦੀ ਸਿਲੀਕਾਨ ਵੈਲੀ ਲਈ ਵੱਡਾ ਝਟਕਾ ਹੈ, ਪਰ ਭਾਰਤ ਦੇ ਸਭ ਤੋਂ ਵੱਡੇ ਕਾਰਪੋਰੇਟ ਸਮੂਹਾਂ ਲਈ ਇਹ ਗਿਰਾਵਟ ਫਾਇਦੇਮੰਦ ਸਾਬਤ ਹੋ ਸਕਦੀ ਹੈ। ਅਕਤੂਬਰ 2026 ਦੇ ਸਭ ਤੋਂ ਉੱਚੇ ਪੱਧਰ ਤੋਂ Nvidia ਦੇ ਸ਼ੇਅਰਾਂ 'ਚ ਆਈ ਭਾਰੀ ਗਿਰਾਵਟ ਕਾਰਨ ਕੰਪਨੀ ਦੇ ਮਾਰਕੀਟ ਕੈਪ 'ਚ ਲਗਪਗ 1.7 ਤੋਂ 1.8 ਟ੍ਰਿਲੀਅਨ ਡਾਲਰ (ਕਰੀਬ 144 ਲੱਖ ਕਰੋੜ ਰੁਪਏ) ਦੀ ਕਮੀ ਆਈ ਹੈ।
ਚਿਪ ਬਣਾਉਣ ਵਾਲੀ ਕੰਪਨੀ ਦੇ ਸਿੰਗਾਪੁਰ ਸਥਿਤ ਕਲਾਊਡ ਪਾਰਟਨਰ ਨਾਲ ਜੁੜੇ ਇਕ ਘੁਟਾਲੇ ਤੋਂ ਬਾਅਦ ਜੇਨਸਨ ਹੁਆਂਗ ਨੂੰ Nvidia Corp ਤੋਂ ਹਟਾਏ ਜਾਣ ਮਗਰੋਂ ਵਾਸ਼ਿੰਗਟਨ ਦੱਖਣ-ਪੂਰਬੀ ਏਸ਼ੀਆ ਦੇ ਉਨ੍ਹਾਂ ਡਾਟਾ ਸੈਂਟਰਾਂ 'ਤੇ ਸਖ਼ਤੀ ਕਰ ਰਿਹਾ ਹੈ, ਜਿਨ੍ਹਾਂ 'ਤੇ ਚੀਨ ਨੂੰ ਕੰਪਿਊਟਿੰਗ ਸਮਰੱਥਾ ਮੁਹੱਈਆ ਕਰਵਾਉਣ ਦਾ ਸ਼ੱਕ ਹੈ। ਇਸ ਕਾਰਵਾਈ ਨਾਲ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਨੂੰ ਅਚਾਨਕ ਵੱਡਾ ਫਾਇਦਾ ਮਿਲ ਸਕਦਾ ਹੈ।
RIL ਤੇ ਅਡਾਨੀ ਸਮੂਹ ਦਾ ਵੱਡਾ ਨਿਵੇਸ਼
ਇਨ੍ਹਾਂ ਦਿੱਗਜ ਉਦਯੋਗਪਤੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਬੁਨਿਆਦੀ ਢਾਂਚਾ ਤਿਆਰ ਕਰਨ ਲਈ 200 ਅਰਬ ਡਾਲਰ ਤੋਂ ਵੱਧ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਇਸ 'ਚ ਅਮਰੀਕੀ ਟੈਕ ਕੰਪਨੀਆਂ ਲਈ ਵੱਡੇ ਡਾਟਾ ਸੈਂਟਰ ਬਣਾਉਣਾ ਵੀ ਸ਼ਾਮਲ ਹੈ। ਹੁਣ ਇਹ ਦੋਵੇਂ ਸਮੂਹ ਪੱਛਮੀ ਦੇਸ਼ਾਂ ਦੀ ਅਤਿ-ਆਧੁਨਿਕ ਤਕਨੀਕ ਲਈ ਏਸ਼ੀਆ 'ਚ ਇਕ ਭਰੋਸੇਮੰਦ ਭਾਈਵਾਲ ਵਜੋਂ ਸਾਹਮਣੇ ਆ ਰਹੇ ਹਨ।
ਜੇਕਰ ਇਨ੍ਹਾਂ ਦੀਆਂ ਸਹੂਲਤਾਂ ਵਾਸ਼ਿੰਗਟਨ ਦੀ 'ਪੈਕਸ ਸਿਲਿਕਾ' (Pax Silica) ਪਹਿਲਕਦਮੀ ਦੇ ਅਨੁਕੂਲ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਅਮਰੀਕੀ ਵਣਜ ਵਿਭਾਗ ਤੋਂ ਵੱਡਾ ਫਾਇਦਾ ਮਿਲ ਸਕਦਾ ਹੈ। ਇਹ ਪਹਿਲਕਦਮੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਆਰਥਿਕ ਰਣਨੀਤੀ ਦਾ ਅਹਿਮ ਹਿੱਸਾ ਹੈ, ਜਿਸ ਦਾ ਉਦੇਸ਼ AI ਸਪਲਾਈ ਚੇਨ ਨੂੰ ਚੀਨ ਦੇ ਪ੍ਰਭਾਵ ਤੋਂ ਬਚਾਉਣਾ ਹੈ।
ਸਿੰਗਾਪੁਰ, ਮਲੇਸ਼ੀਆ, ਥਾਈਲੈਂਡ ਅਤੇ ਇੰਡੋਨੇਸ਼ੀਆ 'ਚ ਹਾਈ-ਐਂਡ ਚਿਪਸ ਦੀ ਬਰਾਮਦ ਲਈ 'ਕੇਸ-ਦਰ-ਕੇਸ' ਲਾਇਸੈਂਸਿੰਗ ਲਾਗੂ ਕਰਕੇ ਅਤੇ ਚੀਨ ਨਾਲ ਜੁੜੀਆਂ ਇਕਾਈਆਂ ਲਈ ਰਿਮੋਟ ਐਕਸੈੱਸ ਸੀਮਤ ਕਰਕੇ ਅਮਰੀਕੀ ਬਿਊਰੋ ਆਫ ਇੰਡਸਟਰੀ ਐਂਡ ਸਕਿਓਰਿਟੀ ਨੇ ਨਿਯਮਾਂ ਦੇ ਅੰਤਰ ਦਾ ਫਾਇਦਾ ਉਠਾਉਣ ਦੀ ਉਸ ਪ੍ਰਕਿਰਿਆ 'ਤੇ ਕਾਫ਼ੀ ਹੱਦ ਤੱਕ ਰੋਕ ਲਗਾ ਦਿੱਤੀ ਹੈ, ਜਿਸ ਨੇ ਇਸ ਖੇਤਰ 'ਚ ਡਾਟਾ ਸੈਂਟਰਾਂ ਦੇ ਤੇਜ਼ੀ ਨਾਲ ਵਿਕਾਸ ਨੂੰ ਹੁਲਾਰਾ ਦਿੱਤਾ ਸੀ।
ਦੂਜੇ ਪਾਸੇ, ਭਾਰਤ ਨੇ 'ਪੈਕਸ ਸਿਲਿਕਾ' (Pax Silica) ਦਾ ਆਧਾਰ ਬਣਨ ਵਾਲੇ 'ਸੈਨ ਫਰਾਂਸਿਸਕੋ ਐਲਾਨਨਾਮੇ' 'ਤੇ ਦਸਤਖ਼ਤ ਕਰਨ ਲਈ ਵਾਸ਼ਿੰਗਟਨ ਅਤੇ ਹੋਰ ਇੰਡੋ-ਪੈਸੀਫਿਕ ਭਾਈਵਾਲਾਂ ਦਾ ਸਾਥ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਉਨ੍ਹਾਂ 'ਹਾਈ-ਰਿਸਕ' ਦੇਸ਼ਾਂ ਦੀ ਸੂਚੀ 'ਚ ਵੀ ਸ਼ਾਮਲ ਨਹੀਂ ਹੈ, ਜਿਨ੍ਹਾਂ 'ਤੇ ਸ਼ੱਕੀ ਗਤੀਵਿਧੀਆਂ ਦਾ ਸ਼ੱਕ ਹੈ।
ਅੰਬਾਨੀ-ਅਡਾਨੀ ਨੂੰ ਕਿਵੇਂ ਹੋਵੇਗਾ ਫਾਇਦਾ?
ਇਸ ਪੂਰੇ ਘਟਨਾਕ੍ਰਮ ਨਾਲ ਮੁਕੇਸ਼ ਅੰਬਾਨੀ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ। ਉਨ੍ਹਾਂ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਨੇ ਗੀਗਾਵਾਟ ਪੱਧਰ ਦਾ AI ਹੱਬ ਬਣਾਉਣ ਲਈ ਸੱਤ ਸਾਲਾਂ 'ਚ 10 ਟ੍ਰਿਲੀਅਨ ਰੁਪਏ (107 ਅਰਬ ਡਾਲਰ) ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਉੱਥੇ ਹੀ, ਅਡਾਨੀ ਸਮੂਹ ਨੇ 2035 ਤੱਕ 100 ਅਰਬ ਡਾਲਰ ਦੇ ਡਾਟਾ ਸੈਂਟਰ ਪ੍ਰਾਜੈਕਟ 'ਚ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।
ਇਹ ਦੋਵੇਂ ਦਿੱਗਜ ਉਦਯੋਗਪਤੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਕੱਛ ਦੇ ਸੁੱਕੇ ਰੇਗਿਸਤਾਨੀ ਇਲਾਕਿਆਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਗ੍ਰੀਨ ਐਨਰਜੀ ਪ੍ਰਾਜੈਕਟਾਂ 'ਚ ਬਦਲ ਰਹੇ ਹਨ। ਜਿੱਥੇ ਅਡਾਨੀ ਦਾ ਸੋਲਰ ਪਾਰਕ ਪੈਰਿਸ ਤੋਂ ਪੰਜ ਗੁਣਾ ਵੱਡਾ ਹੈ, ਉੱਥੇ ਹੀ ਅੰਬਾਨੀ ਸਿੰਗਾਪੁਰ ਤੋਂ ਤਿੰਨ ਗੁਣਾ ਵੱਡੇ ਖੇਤਰ 'ਚ ਇਕ ਕੰਪਲੈਕਸ ਵਿਕਸਤ ਕਰ ਰਹੇ ਹਨ।
ਊਰਜਾ ਦੀ ਵੱਡੀ ਖਪਤ ਕਰਨ ਵਾਲੇ ਡਾਟਾ ਸੈਂਟਰਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ ਲੋੜੀਂਦੇ ਬੁਨਿਆਦੀ ਢਾਂਚੇ 'ਤੇ ਅਡਾਨੀ ਦਾ ਕੰਟਰੋਲ ਹੈ, ਜਦਕਿ ਅੰਬਾਨੀ ਕੋਲ 5 ਕਰੋੜ ਤੋਂ ਵੱਧ ਟੈਲੀਕਾਮ ਗਾਹਕ ਹਨ, ਜੋ AI ਸੇਵਾਵਾਂ ਲਈ ਇਕ ਸੰਭਾਵਿਤ ਬਾਜ਼ਾਰ ਬਣ ਸਕਦੇ ਹਨ।
ਹਾਲਾਂਕਿ, AI ਡਾਟਾ ਸੈਂਟਰਾਂ ਦੀ ਸਮਰੱਥਾ 'ਚ ਹੋਣ ਵਾਲੇ ਸੰਭਾਵਿਤ ਵਾਧੇ ਦੀ ਵਰਤੋਂ ਕਰਨ ਲਈ ਸਥਾਨਕ ਕੰਪਨੀਆਂ ਦੀ ਮੰਗ ਕਾਫ਼ੀ ਘੱਟ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਅਰਬਪਤੀਆਂ ਦੇ ਮਹੱਤਵਾਕਾਂਖੀ ਪ੍ਰਾਜੈਕਟਾਂ ਨੂੰ ਸਰਕਾਰ ਦੇ 'ਇੰਡੀਆ AI ਮਿਸ਼ਨ' (IndiaAI Mission) ਤਹਿਤ ਚੁਣੀਆਂ ਗਈਆਂ 'ਨਿਓ-ਕਲਾਊਡਸ' ਕੰਪਨੀਆਂ ਨਾਲ ਵੀ ਜਗ੍ਹਾ ਹਾਸਲ ਕਰਨ ਲਈ ਮੁਕਾਬਲਾ ਕਰਨਾ ਪਵੇਗਾ।