UPI ਦੀ ਹਰ ਸਮੱਸਿਆ ਦਾ ਇਕ ਥਾਂ 'ਤੇ ਹੱਲ! NPCI ਨੇ ਲਾਂਚ ਕੀਤਾ MyUPI ਪਲੇਟਫਾਰਮ, ਮਿਲਣਗੇ 8 ਸ਼ਾਨਦਾਰ ਫੀਚਰ
NPCI ਨੇ MyUPI ਨਾਂ ਦਾ ਪਲੇਟਫਾਰਮ ਲਾਂਚ ਕੀਤਾ ਹੈ। ਇੱਥੇ ਤੁਹਾਨੂੰ UPI ਨਾਲ ਜੁੜੀ ਸਾਰੀ ਜਾਣਕਾਰੀ ਇਕ ਹੀ ਥਾਂ 'ਤੇ ਮਿਲੇਗੀ। ਇਸ ਤੋਂ ਇਲਾਵਾ UPI ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਤੁਹਾਨੂੰ ਵੱਖ-ਵੱਖ ਥਾਵਾਂ 'ਤੇ ਜਾਣ ਦੀ ਲੋੜ ਨਹੀਂ ਪਵੇਗੀ। ਤੁਸੀਂ MyUPI ਰਾਹੀਂ ਕਈ ਕੰਮ ਆਸਾਨੀ ਨਾਲ ਕਰ ਸਕੋਗੇ।
Publish Date: Tue, 24 Nov 2026 01:53 PM (IST)
Updated Date: Tue, 24 Nov 2026 01:54 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਵੀ ਰੋਜ਼ਾਨਾ ਦੇ ਖ਼ਰਚਿਆਂ ਲਈ UPI ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਹ ਬੇਹੱਦ ਅਹਿਮ ਖ਼ਬਰ ਹੈ। ਹਾਲ ਹੀ 'ਚ NPCI ਨੇ MyUPI ਨਾਂ ਦਾ ਇਕ ਸ਼ਾਨਦਾਰ ਪਲੇਟਫਾਰਮ ਲਾਂਚ ਕੀਤਾ ਹੈ, ਜਿੱਥੇ ਤੁਸੀਂ UPI ਨਾਲ ਜੁੜੀ ਹਰ ਸਮੱਸਿਆ ਦਾ ਹੱਲ ਲੱਭ ਸਕਦੇ ਹੋ। ਹੁਣ ਜੇਕਰ ਕਦੇ ਗਲਤੀ ਨਾਲ ਤੁਸੀਂ ਕਿਸੇ ਗ਼ਲਤ UPI ID 'ਤੇ ਪੈਸੇ ਭੇਜ ਦਿੰਦੇ ਹੋ ਤਾਂ ਘਬਰਾਉਣ ਦੀ ਲੋੜ ਨਹੀਂ। ਇਸ ਪਲੇਟਫਾਰਮ ਦੀ ਮਦਦ ਨਾਲ ਤੁਸੀਂ UPI ਨਾਲ ਜੁੜੀਆਂ ਕਈ ਸਹੂਲਤਾਂ ਦਾ ਲਾਭ ਲੈ ਸਕਦੇ ਹੋ।
NPCI ਨੇ ਕੀ ਲਾਂਚ ਕੀਤਾ ਹੈ?
ਹਾਲ ਹੀ 'ਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ MyUPI ਨਾਂ ਦਾ ਪਲੇਟਫਾਰਮ ਲਾਂਚ ਕੀਤਾ ਹੈ। ਇੱਥੇ ਤੁਹਾਨੂੰ UPI ਨਾਲ ਜੁੜੀ ਸਾਰੀ ਜਾਣਕਾਰੀ ਇਕ ਹੀ ਥਾਂ 'ਤੇ ਮਿਲੇਗੀ। ਇਸ ਤੋਂ ਇਲਾਵਾ UPI ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਤੁਹਾਨੂੰ ਵੱਖ-ਵੱਖ ਥਾਵਾਂ 'ਤੇ ਜਾਣ ਦੀ ਲੋੜ ਨਹੀਂ ਪਵੇਗੀ। ਤੁਸੀਂ MyUPI ਰਾਹੀਂ ਕਈ ਕੰਮ ਆਸਾਨੀ ਨਾਲ ਕਰ ਸਕੋਗੇ।
MyUPI 'ਚ ਕੀ ਹੋਵੇਗਾ ਖ਼ਾਸ?
NPCI ਨੇ MyUPI ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਕਿ ਆਮ ਯੂਜ਼ਰ ਨੂੰ ਆਪਣੀਆਂ ਛੋਟੀਆਂ-ਵੱਡੀਆਂ ਸਮੱਸਿਆਵਾਂ ਲਈ ਬੈਂਕਾਂ ਜਾਂ ਕਸਟਮਰ ਕੇਅਰ ਦੇ ਚੱਕਰ ਨਾ ਕੱਟਣੇ ਪੈਣ। ਇਸ ਪਲੇਟਫਾਰਮ ਦੇ 8 ਮੁੱਖ ਫੀਚਰ ਹਨ।
1. Safety Switch: ਇਹ ਫੀਚਰ ਕਾਫ਼ੀ ਕੰਮ ਦਾ ਹੈ। ਜੇਕਰ ਤੁਹਾਡਾ ਫ਼ੋਨ ਕਿਤੇ ਗੁੰਮ ਹੋ ਜਾਂਦਾ ਹੈ ਜਾਂ ਤੁਹਾਨੂੰ ਧੋਖਾਧੜੀ ਦਾ ਸ਼ੱਕ ਹੁੰਦਾ ਹੈ ਤਾਂ ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਬੈਂਕ ਖਾਤੇ ਨਾਲ ਜੁੜੀਆਂ ਸਾਰੀਆਂ UPI ਪੇਮੈਂਟ ਸੇਵਾਵਾਂ ਨੂੰ ਤੁਰੰਤ ਬਲਾਕ ਕਰ ਸਕਦੇ ਹੋ।
2. Ask AI: ਇਸ ਫੀਚਰ ਰਾਹੀਂ ਤੁਹਾਨੂੰ AI ਦੀ ਮਦਦ ਨਾਲ ਸਵਾਲਾਂ ਦੇ ਤੁਰੰਤ ਜਵਾਬ ਮਿਲਣਗੇ। ਜੇਕਰ ਕੋਈ ਤਕਨੀਕੀ ਸਮੱਸਿਆ ਹੈ, ਕੋਈ ਸ਼ੱਕ ਹੈ ਜਾਂ ਤੁਹਾਨੂੰ UPI ਨਾਲ ਜੁੜਿਆ ਕੋਈ ਨਿਯਮ ਸਮਝ ਨਹੀਂ ਆ ਰਿਹਾ ਤਾਂ ਤੁਸੀਂ AI ਤੋਂ ਪੁੱਛ ਸਕਦੇ ਹੋ।
3. Pay Safe: ਗਲਤੀ ਨਾਲ ਕਿਸੇ ਗ਼ਲਤ ਵਿਅਕਤੀ ਜਾਂ ਧੋਖਾਧੜੀ ਵਾਲੇ ਖਾਤੇ 'ਚ ਪੈਸੇ ਜਾਣ ਤੋਂ ਰੋਕਣ ਲਈ ਇਹ ਟੂਲ ਮਦਦਗਾਰ ਹੋਵੇਗਾ। ਪੈਸੇ ਟ੍ਰਾਂਸਫਰ ਕਰਨ ਤੋਂ ਪਹਿਲਾਂ ਇਹ ਪ੍ਰਾਪਤਕਰਤਾ (Payee) ਬਾਰੇ ਜ਼ਰੂਰੀ ਤਸਦੀਕ ਅਤੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।
4. Complaints: ਜੇਕਰ ਕੋਈ ਟ੍ਰਾਂਜ਼ੈਕਸ਼ਨ ਫੇਲ੍ਹ ਹੋ ਜਾਂਦਾ ਹੈ ਜਾਂ ਖਾਤੇ 'ਚੋਂ ਪੈਸੇ ਕੱਟਣ ਤੋਂ ਬਾਅਦ ਫਸ ਜਾਂਦੇ ਹਨ ਤਾਂ ਇਸ ਫੀਚਰ ਰਾਹੀਂ ਸਿੱਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਯੂਜ਼ਰ ਸਬੂਤ ਵਜੋਂ ਸਕ੍ਰੀਨਸ਼ਾਟ ਜਾਂ ਰੈਫਰੈਂਸ ਨੰਬਰ ਅਪਲੋਡ ਕਰ ਸਕਦੇ ਹਨ ਅਤੇ ਆਪਣੀ ਸ਼ਿਕਾਇਤ ਦਾ ਰੀਅਲ-ਟਾਈਮ ਸਟੇਟਸ ਵੀ ਦੇਖ ਸਕਦੇ ਹਨ।
5. UPI Autopay: OTT ਪਲੇਟਫਾਰਮਾਂ, EMI ਜਾਂ ਬਿੱਲਾਂ ਦੀ ਅਦਾਇਗੀ ਲਈ ਤੈਅ ਕੀਤੇ ਗਏ ਵਾਰ-ਵਾਰ ਹੋਣ ਵਾਲੇ ਭੁਗਤਾਨਾਂ (Recurring Payments) ਨੂੰ ਤੁਸੀਂ ਆਪਣੀ ਮਰਜ਼ੀ ਅਨੁਸਾਰ ਕਦੇ ਵੀ ਰੋਕ ਸਕਦੇ ਹੋ, ਮੁੜ ਸ਼ੁਰੂ ਕਰ ਸਕਦੇ ਹੋ ਜਾਂ ਰੱਦ ਕਰ ਸਕਦੇ ਹੋ।
6. Transactions: ਹੁਣ ਵੱਖ-ਵੱਖ ਐਪਸ 'ਚ ਜਾ ਕੇ ਪਾਸਬੁੱਕ ਦੇਖਣ ਦੀ ਲੋੜ ਨਹੀਂ ਪਵੇਗੀ। ਇਸ ਫੀਚਰ ਰਾਹੀਂ ਪਿਛਲੇ 60 ਦਿਨਾਂ ਦੇ ਸਾਰੇ ਟ੍ਰਾਂਜ਼ੈਕਸ਼ਨਾਂ ਦੀ ਪੂਰੀ ਸੂਚੀ ਫਿਲਟਰ ਆਪਸ਼ਨ ਦੇ ਨਾਲ ਇਕ ਹੀ ਥਾਂ 'ਤੇ ਮਿਲ ਜਾਵੇਗੀ।
7. UPI Number (ਮੋਬਾਈਲ ਲਿੰਕਿੰਗ ਮੈਨੇਜਮੈਂਟ): ਤੁਸੀਂ ਆਸਾਨੀ ਨਾਲ ਦੇਖ ਸਕੋਗੇ ਕਿ ਤੁਹਾਡਾ ਮੋਬਾਈਲ ਨੰਬਰ ਕਿਸ ਬੈਂਕ ਖਾਤੇ ਨਾਲ ਲਿੰਕ ਹੈ। ਲੋੜ ਪੈਣ 'ਤੇ ਇਸ ਲਿੰਕ ਨੂੰ ਹਟਾਉਣ (Delete) ਦੀ ਸਹੂਲਤ ਵੀ ਮਿਲੇਗੀ।
8. Repeat a Payment: ਜਿਸ ਵਿਅਕਤੀ ਜਾਂ ਦੁਕਾਨਦਾਰ ਨੂੰ ਤੁਸੀਂ ਪਹਿਲਾਂ ਪੈਸੇ ਭੇਜ ਚੁੱਕੇ ਹੋ, ਉਸ ਨੂੰ ਬਿਨਾਂ ਮੁੜ ਮੋਬਾਈਲ ਨੰਬਰ ਜਾਂ QR ਕੋਡ ਲੱਭੇ ਸਿਰਫ਼ ਇਕ ਕਲਿੱਕ ਨਾਲ ਦੁਬਾਰਾ ਪੇਮੈਂਟ ਕਰ ਸਕੋਗੇ।