ਭਾਰਤ ਦਾ ਪਹਿਲਾ AC ਬਣਾਉਣ ਵਾਲੀ ਕੰਪਨੀ ਦੇ ਚੇਅਰਮੈਨ ਨਹੀਂ ਰਹਿਣਗੇ ਨੋਏਲ ਟਾਟਾ, 23 ਸਾਲ ਪਹਿਲਾਂ ਵੋਲਟਾਸ 'ਚ ਹੋਈ ਸੀ ਐਂਟਰੀ
ਕੰਪਨੀ ਐਕਟ 2013 ਮੁਤਾਬਕ, 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਮੈਨੇਜਿੰਗ ਡਾਇਰੈਕਟਰ ਜਾਂ ਹੋਲ-ਟਾਈਮ ਡਾਇਰੈਕਟਰ ਵਜੋਂ ਨਿਯੁਕਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਹ ਇਸ ਅਹੁਦੇ 'ਤੇ ਬਣਿਆ ਰਹਿ ਸਕਦਾ ਹੈ। ਨੋਏਲ ਟਾਟਾ ਦਾ ਜਨਮ 12 ਨਵੰਬਰ 1956 ਨੂੰ ਹੋਇਆ ਸੀ ਅਤੇ 12 ਨਵੰਬਰ 2026 ਨੂੰ ਉਹ 70 ਸਾਲ ਦੇ ਹੋ ਜਾਣਗੇ। ਉਹ ਸਾਲ 2003 ਤੋਂ ਵੋਲਟਾਸ ਨਾਲ ਜੁੜੇ ਹੋਏ ਹਨ।
Publish Date: Sat, 07 Nov 2026 01:06 PM (IST)
Updated Date: Sat, 07 Nov 2026 01:16 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਟਾਟਾ ਟਰੱਸਟਸ ਦੇ ਚੇਅਰਮੈਨ ਨੋਏਲ ਟਾਟਾ ਨੂੰ ਭਾਰਤ ਦੀ ਪਹਿਲੀ AC ਬਣਾਉਣ ਵਾਲੀ ਕੰਪਨੀ ਵੋਲਟਾਸ ਦਾ 'ਚੇਅਰਮੈਨ ਐਮੇਰਿਟਸ' (ਮਾਨਦ ਚੇਅਰਮੈਨ) ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਕੂਲਿੰਗ ਪ੍ਰੋਡਕਟਸ ਬਣਾਉਣ ਵਾਲੀ ਇਸ ਪ੍ਰਮੁੱਖ ਕੰਪਨੀ ਦੇ ਚੇਅਰਮੈਨ ਅਤੇ ਡਾਇਰੈਕਟਰ ਦੇ ਅਹੁਦੇ ਤੋਂ ਉਨ੍ਹਾਂ ਦੀ ਸੇਵਾਮੁਕਤੀ ਤੋਂ ਇਕ ਦਿਨ ਬਾਅਦ ਕੀਤੀ ਗਈ ਹੈ।
ਟਾਟਾ ਗਰੁੱਪ ਦੇ ਗਵਰਨੈਂਸ ਨਿਯਮਾਂ ਮੁਤਾਬਕ, ਨੋਏਲ ਟਾਟਾ 11 ਨਵੰਬਰ 2026 ਨੂੰ ਸੇਵਾਮੁਕਤੀ ਦੀ ਉਮਰ ਪੂਰੀ ਹੋਣ 'ਤੇ ਵੋਲਟਾਸ ਲਿਮਟਿਡ ਦੇ ਚੇਅਰਮੈਨ ਅਤੇ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋ ਜਾਣਗੇ। ਟਾਟਾ ਗਰੁੱਪ ਦੀ ਕੰਪਨੀ ਵੋਲਟਾਸ ਨੇ ਆਪਣੀ ਰੈਗੂਲੇਟਰੀ ਫਾਈਲਿੰਗ 'ਚ ਦੱਸਿਆ ਹੈ ਕਿ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਬੋਰਡ ਨੇ ਉਨ੍ਹਾਂ ਨੂੰ 12 ਨਵੰਬਰ 2026 ਤੋਂ ਕੰਪਨੀ ਦਾ 'ਚੇਅਰਮੈਨ ਐਮੇਰਿਟਸ' ਨਿਯੁਕਤ ਕੀਤਾ ਹੈ।
ਕੀ ਹੈ ਕੰਪਨੀ ਐਕਟ?
ਕੰਪਨੀ ਐਕਟ 2013 ਮੁਤਾਬਕ, 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਮੈਨੇਜਿੰਗ ਡਾਇਰੈਕਟਰ ਜਾਂ ਹੋਲ-ਟਾਈਮ ਡਾਇਰੈਕਟਰ ਵਜੋਂ ਨਿਯੁਕਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਹ ਇਸ ਅਹੁਦੇ 'ਤੇ ਬਣਿਆ ਰਹਿ ਸਕਦਾ ਹੈ। ਨੋਏਲ ਟਾਟਾ ਦਾ ਜਨਮ 12 ਨਵੰਬਰ 1956 ਨੂੰ ਹੋਇਆ ਸੀ ਅਤੇ 12 ਨਵੰਬਰ 2026 ਨੂੰ ਉਹ 70 ਸਾਲ ਦੇ ਹੋ ਜਾਣਗੇ। ਉਹ ਸਾਲ 2003 ਤੋਂ ਵੋਲਟਾਸ ਨਾਲ ਜੁੜੇ ਹੋਏ ਹਨ।
ਕੌਣ ਬਣਿਆ ਨਵਾਂ ਚੇਅਰਮੈਨ?
ਬੋਰਡ ਨੇ ਸੁਨੀਲ ਡਿਸੂਜ਼ਾ ਨੂੰ ਵੋਲਟਾਸ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਡਿਸੂਜ਼ਾ ਫਿਲਹਾਲ ਟਾਟਾ ਗਰੁੱਪ ਦੀ FMCG ਕੰਪਨੀ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ 'ਚ ਮੈਨੇਜਿੰਗ ਡਾਇਰੈਕਟਰ ਅਤੇ ਚੀਫ ਐਗਜ਼ੀਕਿਊਟਿਵ ਅਫਸਰ ਵਜੋਂ ਕੰਮ ਕਰ ਰਹੇ ਹਨ। ਇਹ ਕੰਪਨੀ ਕਈ ਤਰ੍ਹਾਂ ਦੇ ਖਪਤਕਾਰ ਉਤਪਾਦ ਵੇਚਦੀ ਹੈ, ਜਿਨ੍ਹਾਂ 'ਚ ਨਮਕ, ਚਾਹ, ਕੌਫੀ, ਪੈਕਡ ਫੂਡ ਅਤੇ ਪੀਣ ਵਾਲੇ ਪਦਾਰਥ ਸ਼ਾਮਲ ਹਨ। ਇਹ ਉਤਪਾਦ ਟਾਟਾ ਸਾਲਟ, ਟਾਟਾ ਟੀ, ਟੈਟਲੀ ਅਤੇ ਟਾਟਾ ਸੰਪੰਨ ਵਰਗੇ ਬ੍ਰਾਂਡਾਂ ਤਹਿਤ ਵੇਚੇ ਜਾਂਦੇ ਹਨ।
ਹੋਰ ਕਿਹੜੇ ਬਦਲਾਅ ਹੋਏ?
ਵੋਲਟਾਸ ਨੇ ਦੱਸਿਆ, 'ਬੋਰਡ ਨੇ ਸੁਨੀਲ ਐਲਰਿਕ ਡਿਸੂਜ਼ਾ ਨੂੰ 12 ਨਵੰਬਰ 2026 ਤੋਂ ਕੰਪਨੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ।' ਇਸ ਦੇ ਨਾਲ ਹੀ ਵੋਲਟਾਸ ਦੇ ਮੈਨੇਜਿੰਗ ਡਾਇਰੈਕਟਰ ਸੀਪੀ ਮੁਕੁੰਦਨ ਮੈਨਨ ਦਾ ਕਾਰਜਕਾਲ 24 ਮਈ 2027 ਨੂੰ ਖ਼ਤਮ ਹੋਵੇਗਾ। ਉਸ ਦਿਨ ਉਹ ਟਾਟਾ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰਾਂ ਲਈ ਬਣਾਈ ਗਈ ਸੇਵਾਮੁਕਤੀ ਨੀਤੀ ਤਹਿਤ ਕੰਪਨੀ ਦੀਆਂ ਸੇਵਾਵਾਂ ਤੋਂ ਰਿਟਾਇਰ ਹੋ ਜਾਣਗੇ।
ਬੋਰਡ ਨੇ ਜਯੰਤ ਬਾਲਨ ਨੂੰ ਐਡੀਸ਼ਨਲ ਡਾਇਰੈਕਟਰ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤ ਕਰਨ ਦੀ ਮਨਜ਼ੂਰੀ ਵੀ ਦਿੱਤੀ ਹੈ। ਉਹ ਇਸ ਸਮੇਂ 'ਰੂਮ ਏਅਰ ਕੰਡੀਸ਼ਨਰ' ਬਿਜ਼ਨਸ ਦੇ ਮੁਖੀ ਹਨ। ਉਨ੍ਹਾਂ ਦੀ ਇਹ ਨਿਯੁਕਤੀ 25 ਮਈ 2027 ਤੋਂ ਪੰਜ ਸਾਲ ਦੇ ਕਾਰਜਕਾਲ ਲਈ ਹੋਵੇਗੀ, ਜਿਸ ਵਾਸਤੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਲਈ ਜਾਵੇਗੀ।
ਉੱਤਰਾਧਿਕਾਰੀ ਨਿਯੁਕਤੀ ਦੀ ਪ੍ਰਕਿਰਿਆ
ਵੋਲਟਾਸ ਮੁਤਾਬਕ, ਉੱਤਰਾਧਿਕਾਰੀ ਨਿਯੁਕਤੀ ਦੀ ਪ੍ਰਕਿਰਿਆ ਤਹਿਤ ਬੋਰਡ ਨੇ 'ਨੋਮੀਨੇਸ਼ਨ ਐਂਡ ਰੈਮਿਊਨਰੇਸ਼ਨ ਕਮੇਟੀ' ਦੀ ਸਿਫ਼ਾਰਸ਼ ਦੇ ਆਧਾਰ 'ਤੇ ਜਯੰਤ ਬਾਲਨ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ।
ਜਯੰਤ ਬਾਲਨ, ਜੋ ਇਸ ਸਮੇਂ 'ਰੂਮ ਏਅਰ ਕੰਡੀਸ਼ਨਰ ਬਿਜ਼ਨੈੱਸ' ਦੇ ਮੁਖੀ ਹਨ, ਹੁਣ ਕੰਪਨੀ ਦੇ ਐਡੀਸ਼ਨਲ ਡਾਇਰੈਕਟਰ ਅਤੇ ਮੈਨੇਜਿੰਗ ਡਾਇਰੈਕਟਰ ਹੋਣਗੇ। ਉਨ੍ਹਾਂ ਦਾ ਪੰਜ ਸਾਲ ਦਾ ਕਾਰਜਕਾਲ 25 ਮਈ 2027 ਤੋਂ ਸ਼ੁਰੂ ਹੋਵੇਗਾ।