ਨਵੇਂ ਵਪਾਰੀ ਜਾਣ ਲੈਣ GST ਫਾਈਲਿੰਗ ਦਾ ਨਿਯਮ! ਟਰਨਓਵਰ, GSTR-1 ਤੇ GSTR-3B ਦੀ ਆਖਰੀ ਤਰੀਕ ਤੇ ਰਿਟਰਨ ਨਾ ਭਰਨ 'ਤੇ ਕੀ ਹੋਵੇਗੀ ਕਾਰਵਾਈ?
GST ਪੋਰਟਲ ਅਨੁਸਾਰ ਆਮ (Regular) ਟੈਕਸਪੇਅਰ ਨੂੰ GSTR-1 ਅਤੇ GSTR-3B ਰਿਟਰਨ ਫਾਈਲ ਕਰਨਾ ਹੁੰਦਾ ਹੈ। GSTR-1 'ਚ ਵਿਕਰੀ (Outward Supply) ਦਾ ਵੇਰਵਾ ਦਿੱਤਾ ਜਾਂਦਾ ਹੈ, ਜਦਕਿ GSTR-3B 'ਚ ਟੈਕਸ ਦੇਣਦਾਰੀ ਅਤੇ ਟੈਕਸ ਭੁਗਤਾਨ ਦੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ।
Publish Date: Wed, 16 Sep 2026 04:09 PM (IST)
Updated Date: Wed, 16 Sep 2026 04:12 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : GST ਰਜਿਸਟ੍ਰੇਸ਼ਨ ਕਰਵਾਉਣ ਵਾਲੇ ਛੋਟੇ ਕਾਰੋਬਾਰੀਆਂ ਅਤੇ ਵਪਾਰੀਆਂ ਲਈ ਸਮੇਂ ਸਿਰ GST ਰਿਟਰਨ ਫਾਈਲ ਕਰਨਾ ਬੇਹੱਦ ਜ਼ਰੂਰੀ ਹੈ। ਰਿਟਰਨ ਫਾਈਲ ਨਾ ਕਰਨ 'ਤੇ ਨਾ ਸਿਰਫ਼ ਲੇਟ ਫੀਸ ਤੇ ਵਿਆਜ ਦੇਣਾ ਪੈ ਸਕਦਾ ਹੈ, ਸਗੋਂ GST ਨੰਬਰ ਸਸਪੈਂਡ ਜਾਂ ਰੱਦ ਵੀ ਕੀਤਾ ਜਾ ਸਕਦਾ ਹੈ। ਅਜਿਹੇ 'ਚ ਕਾਰੋਬਾਰੀਆਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਕਿਹੜਾ ਰਿਟਰਨ ਕਦੋਂ ਦਾਖ਼ਲ ਕਰਨਾ ਹੈ।
GST ਪੋਰਟਲ ਅਨੁਸਾਰ ਆਮ (Regular) ਟੈਕਸਪੇਅਰ ਨੂੰ GSTR-1 ਅਤੇ GSTR-3B ਰਿਟਰਨ ਫਾਈਲ ਕਰਨਾ ਹੁੰਦਾ ਹੈ। GSTR-1 'ਚ ਵਿਕਰੀ (Outward Supply) ਦਾ ਵੇਰਵਾ ਦਿੱਤਾ ਜਾਂਦਾ ਹੈ, ਜਦਕਿ GSTR-3B 'ਚ ਟੈਕਸ ਦੇਣਦਾਰੀ ਅਤੇ ਟੈਕਸ ਭੁਗਤਾਨ ਦੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ।
ਕੀ ਹਨ GST ਫਾਈਲ ਕਰਨ ਦੇ ਨਿਯਮ?
ਜਿਨ੍ਹਾਂ ਕਾਰੋਬਾਰੀਆਂ ਦਾ ਸਾਲਾਨਾ ਟਰਨਓਵਰ ₹5 ਕਰੋੜ ਤਕ ਹੈ, ਉਹ QRMP (Quarterly Return Monthly Payment) ਯੋਜਨਾ ਤਹਿਤ ਤਿਮਾਹੀ ਆਧਾਰ 'ਤੇ GSTR-1 ਅਤੇ GSTR-3B ਦਾਖ਼ਲ ਕਰ ਸਕਦੇ ਹਨ। ਉੱਥੇ ਹੀ ਹੋਰ ਨਿਯਮਤ ਕਰਦਾਤਿਆਂ ਨੇ ਹਰ ਮਹੀਨੇ ਰਿਟਰਨ ਭਰਨਾ ਹੁੰਦਾ ਹੈ।
ਹਰ ਮਹੀਨੇ ਰਿਟਰਨ ਭਰਨ ਵਾਲੇ ਕਰਦਾਤਾਵਾਂ ਲਈ GSTR-3B ਦਾਖ਼ਲ ਕਰਨ ਦੀ ਆਮ ਆਖਰੀ ਤਰੀਕ ਅਗਲੇ ਮਹੀਨੇ ਦੀ 20 ਤਾਰੀਖ ਹੁੰਦੀ ਹੈ। ਉੱਥੇ ਹੀ QRMP ਯੋਜਨਾ ਤਹਿਤ ਤਿਮਾਹੀ ਰਿਟਰਨ ਭਰਨ ਵਾਲਿਆਂ ਲਈ ਵੱਖ-ਵੱਖ ਸੂਬਿਆਂ ਦੇ ਹਿਸਾਬ ਨਾਲ 22 ਜਾਂ 24 ਤਰੀਕ ਨਿਰਧਾਰਤ ਕੀਤੀ ਗਈ ਹੈ।
ਰਿਟਰਨ ਨਹੀਂ ਭਰਿਆ ਤਾਂ ਕੀ ਹੋਵੇਗਾ?
ਹੁਣ ਸਭ ਤੋਂ ਜ਼ਰੂਰੀ ਸਵਾਲ—ਜੇਕਰ GST ਨਿਯਮਾਂ ਤਹਿਤ ਰਿਟਰਨ ਦਾਖ਼ਲ ਨਾ ਕਰ ਸਕੇ ਤਾਂ ਕੀ ਹੋਵੇਗਾ? ਅਜਿਹੀ ਸਥਿਤੀ 'ਚ ਲੇਟ ਫੀਸ ਤੇ ਵਿਆਜ ਲਗਾਇਆ ਜਾ ਸਕਦਾ ਹੈ। ਲਗਾਤਾਰ ਰਿਟਰਨ ਨਾ ਭਰਨ ਵਾਲੇ ਟੈਕਸਪੇਅਰਾਂ ਦੇ GST ਰਜਿਸਟ੍ਰੇਸ਼ਨ 'ਤੇ ਕਾਰਵਾਈ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਖਰੀਦਦਾਰਾਂ ਨੂੰ ਇਨਪੁਟ ਟੈਕਸ ਕ੍ਰੈਡਿਟ (ITC) ਮਿਲਣ 'ਚ ਦਿੱਕਤ ਆ ਸਕਦੀ ਹੈ, ਜਿਸ ਨਾਲ ਕਾਰੋਬਾਰੀ ਸਬੰਧ ਵੀ ਪ੍ਰਭਾਵਿਤ ਹੋ ਸਕਦੇ ਹਨ।
ਕਾਰੋਬਾਰ ਨਹੀਂ ਹੋਇਆ ਤਾਂ ਵੀ ਰਿਟਰਨ ਜ਼ਰੂਰੀ?
ਕਈ ਛੋਟੇ ਵਪਾਰੀ ਇਹ ਮੰਨ ਲੈਂਦੇ ਹਨ ਕਿ ਜੇਕਰ ਕਿਸੇ ਮਹੀਨੇ ਕਾਰੋਬਾਰ ਨਹੀਂ ਹੋਇਆ ਤਾਂ ਰਿਟਰਨ ਦਾਖ਼ਲ ਕਰਨ ਦੀ ਲੋੜ ਨਹੀਂ ਹੈ। ਪਰ GST ਪੋਰਟਲ ਦੇ ਅਨੁਸਾਰ ਰੈਗੂਲਰ ਟੈਕਸਪੇਅਰ ਨੂੰ ‘Nil Return’ ਵੀ ਦਾਖ਼ਲ ਕਰਨੀ ਹੁੰਦੀ ਹੈ। ਭਾਵ, ਵਿਕਰੀ ਜਾਂ ਖਰੀਦ ਨਾ ਹੋਣ ਦੇ ਬਾਵਜੂਦ ਰਿਟਰਨ ਭਰਨਾ ਜ਼ਰੂਰੀ ਹੈ। ਅਜਿਹਾ ਨਾ ਕਰਨ 'ਤੇ ਰਿਟਰਨ ਫਾਈਲਿੰਗ ਬਕਾਇਆ ਮੰਨੀ ਜਾ ਸਕਦੀ ਹੈ।