
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਹਾਰਾਸ਼ਟਰ ’ਚ ਦੇਸ਼ ਦਾ 60 ਫ਼ੀਸਦੀ ਪਿਆਜ਼ ਪੈਦਾ ਹੁੰਦਾ ਹੈ, ਜਿਸ ਵਿਚ ਨਾਸਿਕ ਦੀ ਹਿੱਸੇਦਾਰੀ ਲਗਪਗ 90 ਫ਼ੀਸਦੀ ਹੁੰਦੀ ਹੈ। ਨਾਸਿਕ ’ਚ ਪਿਆਜ਼ ਦੀਆਂ ਕਰੀਬ 27 ਵੱਡੀਆਂ ਮੰਡੀਆਂ ਹਨ। ਇਨ੍ਹਾਂ ’ਚ ਲਾਸਲਗੰਜ ਪ੍ਰਮੁੱਖ ਹੈ, ਜਿਸ ਨੂੰ ਦੇਸ਼ ਦੀਆਂ ਸਭ ਤੋਂ ਵੱਡੀਆਂ ਮੰਡੀਆਂ ’ਚ ਗਿਣਿਆ ਜਾਂਦਾ ਹੈ।

ਅਰਵਿੰਦ ਸ਼ਰਮਾ, ਜਾਗਰਣ, ਨਵੀਂ ਦਿੱਲੀ: ਪਿਆਜ਼ ਦੀਆਂ ਕੀਮਤਾਂ ਵਧਣ ਦੀ ਪਹਿਲੀ ਆਹਟ ਨਾਸਿਕ ’ਚ ਸੁਣਾਈ ਦਿੰਦੀ ਹੈ। ਇਸ ਦਾ ਕਾਰਨ ਸਿਰਫ਼ ਮਹਾਰਾਸ਼ਟਰ ’ਚ ਵੱਡੇ ਪੱਧਰ ’ਤੇ ਪਿਆਜ਼ ਦੀ ਪੈਦਾਵਾਰ ਹੋਣਾ ਨਹੀਂ ਹੈ, ਬਲਕਿ ਨਾਸਿਕ ’ਚ ਪੈਦਾਵਾਰ ਖੇਤਰ ਦੇ ਨਾਲ ਵੱਡੀਆਂ ਪਿਆਜ਼ ਮੰਡੀਆਂ, ਆੜ੍ਹਤੀਆਂ ਤੇ ਥੋਕ ਕਾਰੋਬਾਰੀਆਂ ਦਾ ਨੈੱਟਵਰਕ, ਵੇਅਰਹਾਊਸ ਤੇ ਦੇਸ਼-ਵਿਦੇਸ਼ ਦੇ ਬਾਜ਼ਾਰਾਂ ਤੱਕ ਪਹੁੰਚਣ ਵਾਲੀ ਸਪਲਾਈ ਚੇਨ ਵੀ ਜੁੜੀ ਹੋਈ ਹੈ। ਇਸ ਲਈ ਨਾਸਿਕ ਦੀਆਂ ਮੰਡੀਆਂ ’ਚ ਆਮਦ ਤੇ ਕੀਮਤਾਂ ’ਚ ਬਦਲਾਅ ਦੇਸ਼ ਭਰ ਦੇ ਪਿਆਜ਼ ਬਾਜ਼ਾਰ ’ਚ ਵਧਦੇ ਭਾਅ ਦਾ ਸੰਕੇਤ ਬਣ ਜਾਂਦਾ ਹੈ। ਮੌਜੂਦਾ ਤੇਜ਼ੀ ਵੀ ਇਸ ਦਾ ਉਦਾਹਰਣ ਹੈ। ਸੋਮਵਾਰ ਨੂੰ ਦਿੱਲੀ ਦੀਆਂ ਮੰਡੀਆਂ ’ਚ ਪਿਆਜ਼ ਕਰੀਬ 25 ਰੁਪਏ ਪ੍ਰਤੀ ਕਿੱਲੋ ਸੀ, ਜਦਕਿ ਨਾਸਿਕ ’ਚ 42 ਤੇ ਮੁੰਬਈ ’ਚ 35 ਰੁਪਏ ਕਿੱਲੋ ਤੱਕ ਭਾਅ ਪਹੁੰਚ ਗਿਆ ਸੀ। ਹਾਲਾਂਕਿ ਸਰਕਾਰ ਦੀ ਪਹਿਲ ਦੇ ਬਾਅਦ ਮੰਗਲਵਾਰ ਨੂੰ ਨਾਸਿਕ ਦੀਆਂ ਮੰਡੀਆਂ ’ਚ ਆਮਦ ਵਧੀ ਤੇ ਭਾਅ ’ਚ ਨਰਮੀ ਦਾ ਰੁਖ਼ ਦਿਸਿਆ।
ਮਹਾਰਾਸ਼ਟਰ ’ਚ ਦੇਸ਼ ਦਾ 60 ਫ਼ੀਸਦੀ ਪਿਆਜ਼ ਪੈਦਾ ਹੁੰਦਾ ਹੈ, ਜਿਸ ਵਿਚ ਨਾਸਿਕ ਦੀ ਹਿੱਸੇਦਾਰੀ ਲਗਪਗ 90 ਫ਼ੀਸਦੀ ਹੁੰਦੀ ਹੈ। ਨਾਸਿਕ ’ਚ ਪਿਆਜ਼ ਦੀਆਂ ਕਰੀਬ 27 ਵੱਡੀਆਂ ਮੰਡੀਆਂ ਹਨ। ਇਨ੍ਹਾਂ ’ਚ ਲਾਸਲਗੰਜ ਪ੍ਰਮੁੱਖ ਹੈ, ਜਿਸ ਨੂੰ ਦੇਸ਼ ਦੀਆਂ ਸਭ ਤੋਂ ਵੱਡੀਆਂ ਮੰਡੀਆਂ ’ਚ ਗਿਣਿਆ ਜਾਂਦਾ ਹੈ। ਪਿੰਪਲਗਾਂਵ ਬਸਵੰਤ, ਚਾਂਦਵੜ, ਦੇਵਲਾ, ਯੇਵਲਾ, ਨਿਫਾੜ, ਮਨਮਾੜ ਤੇ ਉਮਰਾਣੇ ਵਰਗੇ ਵੱਡੇ ਬਾਜ਼ਾਰਾਂ ’ਚ ਕਿਸਾਨ ਤੋਂ ਪਿਆਜ਼ ਖ਼ਰੀਦ ਕੇ ਏਜੰਟ ਤੇ ਕਾਰੋਬਾਰੀ ਦੂਜੇ ਸੂਬਿਆਂ ਦੇ ਬਾਜ਼ਾਰਾਂ ਤੱਕ ਪਹੁੰਚਾਉਂਦੇ ਹਨ। ਨਾਸਿਕ ’ਚ ਆੜ੍ਹਤੀਆਂ ਤੇ ਕਾਰੋਬਾਰੀਆਂ ਕੋਲ ਵੱਡੀ ਗਿਣਤੀ ’ਚ ਵੇਅਰਹਾਊਸ ਹਨ, ਜਿੱਥੇ ਛਟਾਈ, ਗ੍ਰੇਡਿੰਗ ਤੇ ਪੈਕਿੰਗ ਦੇ ਬਾਅਦ ਪਿਆਜ਼ ਨੂੰ ਮਹੀਨਿਆਂ ਤੱਕ ਸਟੋਰ ਕੀਤਾ ਜਾਂਦਾ ਹੈ।
ਨਾਸਿਕ ਦੀ ਨੈੱਟਵਰਕ ਤੇ ਸਟੋਰੇਜ ਦੀ ਸਹੂਲਤ ਦੇ ਕਾਰਨ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼• ਤੇ ਕਰਨਾਟਕ ਦੇ ਕਾਰੋਬਾਰੀ ਵੀ ਪਿਆਜ਼ ਇੱਥੇ ਸਟੋਰ ਕਰਦੇ ਹਨ। ਮੁੰਬਈ ਬੰਦਰਗਾਹ ਵੀ ਨਜ਼ਦੀਕ ਹੈ, ਜਿਸ ਤੋਂ ਬਰਾਮਦ ’ਚ ਸਹੂਲਤ ਹੁੰਦੀ ਹੈ। ਕਰਨਾਟਕ ਦੇ ਪਿਆਜ਼ ਦਾ ਵੱਡਾ ਹਿੱਸਾ ਵੀ ਨਾਸਿਕ ਤੋਂ ਹੀ ਬਰਾਮਦ ਹੁੰਦਾ ਹੈ।
ਸਰਕਾਰ ਨੇ ਵੀ ਜੁਲਾਈ ’ਚ ਸੰਕੇਤ ਦਿੱਤਾ ਸੀ ਕਿ ਨਾਸਿਕ ’ਚ ਕਾਰੋਬਾਰੀਆਂ ਦਾ ਇਕ ਵਰਗ ਸੱਟੇਬਾਜ਼ੀ ਵਾਲੀ ਖ਼ਰੀਦ ਕਰ ਰਿਹਾ ਸੀ। ਉਸ ਸਮੇਂ ਦੇਸ਼ ’ਚ ਪਿਆਜ਼ ਦੀ ਉਪਲਬਧਤਾ ਨੂੰ ਲੈ ਕੇ ਕੋਈ ਵੱਡੀ ਚਿੰਤਾ ਨਹੀਂ ਸੀ ਤੇ ਮਹਾਰਾਸ਼ਟਰ ਦੀਆਂ ਮੰਡੀਆਂ ’ਚ ਰੋਜ਼ਾਨਾ 30 ਹਜ਼ਾਰ ਟਨ ਤੋਂ ਜ਼ਿਆਦਾ ਪਿਆਜ਼ ਦੀ ਆਮਦ ਹੋ ਰਹੀ ਸੀ। ਅਜਿਹੇ ’ਚ ਵੱਡੀ ਮਾਤਰਾ ’ਚ ਪਿਆਜ਼ ਦਾ ਤਤਕਾਲ ਬਾਜ਼ਾਰ ’ਚ ਨਾ ਆਉਣਾ ਕੀਮਤ ’ਤੇ ਦਬਾਅ ਵਧਾ ਸਕਦਾ ਹੈ। ਲਾਸਲਗਾਂਵ ਵਰਗੇ ਵੱਡੇ ਬਾਜ਼ਾਰ ’ਚ ਭਾਅ ਵਧਦੇ ਹੀ ਦੂਜੇ ਸੂਬਿਆਂ ਦੇ ਥੋਕ ਕਾਰੋਬਾਰੀ ਵੀ ਆਪਣੀ ਖ਼ਰੀਦ ਕੀਮਤ ਵਧਾ ਦਿੰਦੇ ਹਨ। ਨਾਸਿਕ ਤੋਂ ਦਿੱਲੀ, ਬਿਹਾਰ, ਬੰਗਾਲ, ਗੁਜਰਾਤ, ਅਸਾਮ ਤੇ ਦੱਖਣੀ ਭਾਰਤ ਤੱਕ ਪਿਆਜ਼ ਜਾਂਦਾ ਹੈ। ਇਸ ਲਈ ਇੱਥੋਂ ਦਾ ਭਾਅ ਤੇਜ਼ੀ ਨਾਲ ਦੂਜੇ ਬਾਜ਼ਾਰਾਂ ਤੱਕ ਪਹੁੰਚਦਾ ਹੈ ਤੇ ਪਰਚੂਨ ਕੀਮਤ ’ਤੇ ਅਸਰ ਪੈਂਦਾ ਹੈ।
ਨਾਸਿਕ ਦਾ ਮਹੱਤਵ ਇਸ ਗੱਲ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਸਰਕਾਰ ਆਪਣੇ ਬਫ਼ਰ ਸਟਾਕ ਲਈ ਪਿਆਜ਼ ਦੀ ਖ਼ਰੀਦ ਇੱਥੋਂ ਕਰਦੀ ਹੈ। 2023 ’ਚ ਨਾਫੇਡ ਤੇ ਐੱਨਸੀਸੀਐੱਫ ਨੇ ਮਹਾਰਾਸ਼ਟਰ ਤੋਂ ਖ਼ਰੀਦੇ ਤਿੰਨ ਲੱਖ ਟਨ ਗਰਮੀਆਂ ਦੇ ਪਿਆਜ਼ ’ਚੋਂ ਕਰੀਬ 90 ਫ਼ੀਸਦੀ ਨਾਸਿਕ ਜ਼ਿਲ੍ਹੇ ਤੋਂ ਖ਼ਰੀਦਿਆ ਸੀ। ਇਸ ਵਾਰ ਕੀਮਤ ਵਧਣ ’ਤੇ ਸਰਕਾਰ ਇਸੇ ਨੈੱਟਵਰਕ ਤੋਂ ਉਲਟਾ ਕੰਮ ਕਰ ਰਹੀ ਹੈ। ਨਾਸਿਕ ਤੋਂ ਬਫਰ ਸਟਾਕ ਕੱਢ ਕੇ ਦੂਜੇ ਸ਼ਹਿਰਾਂ ’ਚ ਭੇਜਿਆ ਜਾ ਰਿਹਾ ਹੈ।
ਸਰਕਾਰ ਦਿੱਲੀ ’ਚ ਅੱਜ ਤੋਂ ਵੇਚੇਗੀ 35 ਰੁਪਏ ਕਿੱਲੋ ਪਿਆਜ਼
ਖ਼ਪਤਕਾਰ ਮਾਮਲਿਆਂ ਦੇ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਕਾਂਦਾ ਐਕਸਪ੍ਰੈੱਸ ਤੋਂ 800 ਟਨ ਪਿਆਜ਼ ਬੁੱਧਵਾਰ ਨੂੰ ਦਿੱਲੀ ਪਹੁੰਚ ਜਾਏਗਾ, ਜਿਸ ਨੂੰ 35 ਰੁਪਏ ਕਿੱਲੋ ਦੀ ਰਿਆਇਤੀ ਦਰ ’ਤੇ ਵੇਚਿਆ ਜਾਏਗਾ। ਨਾਫੇਡ, ਐੱਨਸੀਸੀਐੱਫ ਤੇ ਕੇਂਦਰੀ ਭੰਡਾਰ ਦੀਆਂ ਦੁਕਾਨਾਂ ਦੇ ਜ਼ਰੀਏ ਇਸ ਦੀ ਪਰਚੂਨ ਵਿਕਰੀ ਹੋਵੇਗੀ। ਰੇਲਵੇ ਰੈਕ ਤੋਂ ਚੇਨਈ, ਏਰਨਾਕੁਲਮ, ਮਦੁਰਾਈ ਤੇ ਗੁਹਾਟੀ ਵੀ ਪਿਆਜ਼ ਭੇਜਿਆ ਜਾ ਰਿਹਾ ਹੈ। ਭਾਵ ਜਿਸ ਨਾਸਿਕ ਤੋਂ ਬਾਜ਼ਾਰ ’ਚ ਤੇਜ਼ੀ ਦਾ ਸੰਕੇਤ ਮਿਲਦਾ ਹੈ, ਉੱਥੋਂ ਸਰਕਾਰੀ ਬਫਰ ਕੱਢ ਕੇ ਦੇਸ਼ ਦੇ ਦੂਜੇ ਹਿੱਸਿਆਂ ’ਚ ਕੀਮਤ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।