ਪੁਲਾੜ 'ਤੇ ਕਬਜ਼ੇ ਦੀ ਤਿਆਰੀ 'ਚ ਅੰਬਾਨੀ ! 1600 ਸੈਟੇਲਾਈਟ ਨਾਲ ਕਰਨਗੇ ਵੱਡਾ ਖੇਡ, ਐਲਨ ਮਸਕ ਦੇ Starlink ਨੂੰ ਦੇਣਗੇ ਟੱਕਰ
ਰਿਪੋਰਟ ਮੁਤਾਬਕ, ਭਾਰਤ ਫਿਲਹਾਲ ਹਰ ਸਾਲ 15 ਤੋਂ ਵੀ ਘੱਟ ਸੈਟੇਲਾਈਟ ਬਣਾਉਂਦਾ ਹੈ, ਜਦੋਂਕਿ ਰਿਲਾਇੰਸ ਦੇ ਪ੍ਰਸਤਾਵਿਤ ਨੈੱਟਵਰਕ ਲਈ ਹਰ ਸਾਲ ਲਗਪਗ 200 ਸੈਟੇਲਾਈਟ ਬਣਾਉਣ ਦੀ ਲੋੜ ਹੋਵੇਗੀ। ਭਾਵ ਮੌਜੂਦਾ ਉਤਪਾਦਨ ਸਮਰੱਥਾ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਨਿਰਮਾਣ ਕਰਨਾ ਪਵੇਗਾ।
Publish Date: Wed, 18 Nov 2026 10:34 AM (IST)
Updated Date: Wed, 18 Nov 2026 10:38 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਮੁਕੇਸ਼ ਅੰਬਾਨੀ ਹੁਣ ਟੈਲੀਕਾਮ ਤੋਂ ਬਾਅਦ ਪੁਲਾੜ ਦੇ ਖੇਤਰ 'ਚ ਵੀ ਵੱਡਾ ਦਾਅ ਖੇਡਣ ਦੀ ਤਿਆਰੀ ਕਰ ਰਹੇ ਹਨ। ਰਿਲਾਇੰਸ ਜੀਓ ਐਲਨ ਮਸਕ ਦੀ ਕੰਪਨੀ Starlink ਨੂੰ ਚੁਣੌਤੀ ਦੇਣ ਲਈ 1,600 ਸੈਟੇਲਾਈਟ ਦਾ ਨੈੱਟਵਰਕ ਤਿਆਰ ਕਰਨਾ ਚਾਹੁੰਦੀ ਹੈ। ਇਸ ਲਈ ਕੰਪਨੀ ਭਾਰਤ ਅਤੇ ਵਿਦੇਸ਼ ਦੀਆਂ ਕੰਪਨੀਆਂ ਨਾਲ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਇਸ ਪ੍ਰਾਜੈਕਟ ਦਾ ਮਕਸਦ ਭਾਰਤ 'ਚ ਸੈਟੇਲਾਈਟ ਇੰਟਰਨੈੱਟ ਦੀ ਮਜ਼ਬੂਤ ਅਤੇ ਘਰੇਲੂ ਪ੍ਰਣਾਲੀ ਤਿਆਰ ਕਰਨਾ ਹੈ।
ਦਰਅਸਲ, ਰਿਲਾਇੰਸ ਗਰੁੱਪ ਆਪਣੇ ਇਸ ਖਾਹਸ਼ੀ ਪ੍ਰਾਜੈਕਟ ਲਈ ਸੈਟੇਲਾਈਟ ਨਿਰਮਾਣ ਦੇ ਖੇਤਰ 'ਚ ਭਾਰਤੀ ਕੰਪਨੀਆਂ, ਟੈਕਨਾਲੋਜੀ ਸਟਾਰਟਅੱਪ ਅਤੇ ਵੱਡੇ ਉਦਯੋਗਿਕ ਸਮੂਹਾਂ ਨਾਲ ਗੱਲਬਾਤ ਕਰ ਰਿਹਾ ਹੈ। ਕੰਪਨੀ ਇਸ ਕੰਮ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕਰਨ 'ਚ ਨਿਵੇਸ਼ ਕਰਨ ਦੀ ਪੇਸ਼ਕਸ਼ ਵੀ ਕਰ ਰਹੀ ਹੈ।
2035 ਤਕ ਤਿਆਰ ਹੋਵੇਗਾ 1,600 ਸੈਟੇਲਾਈਟ ਦਾ ਨੈੱਟਵਰਕ
ਰਿਲਾਇੰਸ ਦਾ ਟੀਚਾ ਲੋਅ ਅਰਥ ਆਰਬਿਟ (LEO) 'ਚ 1,600 ਸੈਟੇਲਾਈਟ ਦਾ ਨੈੱਟਵਰਕ ਤਿਆਰ ਕਰਨਾ ਹੈ। ਕੰਪਨੀ ਦੀ ਯੋਜਨਾ ਮੁਤਾਬਕ, ਸਤੰਬਰ 2027 'ਚ ਇਸ ਦਾ ਟੈਸਟ ਮਿਸ਼ਨ ਹੋ ਸਕਦਾ ਹੈ, ਜਦੋਂਕਿ ਵੱਡੇ ਪੱਧਰ 'ਤੇ ਸੈਟੇਲਾਈਟ ਤਾਇਨਾਤ ਕਰਨ ਦੀ ਸ਼ੁਰੂਆਤ 2028 ਦੀ ਸ਼ੁਰੂਆਤ ਤੋਂ ਕਰਨ ਦਾ ਟੀਚਾ ਹੈ। ਪਹਿਲਾਂ ਇਸ ਪੂਰੇ ਨੈੱਟਵਰਕ ਨੂੰ 2030 ਤੱਕ ਤਿਆਰ ਕਰਨ ਦੀ ਯੋਜਨਾ ਸੀ, ਪਰ ਸੈਟੇਲਾਈਟ ਨਿਰਮਾਣ ਅਤੇ ਲਾਂਚ ਨਾਲ ਜੁੜੀਆਂ ਚੁਣੌਤੀਆਂ ਕਾਰਨ ਹੁਣ ਇਸ ਦੀ ਸਮਾਂ-ਸੀਮਾ ਵਧਾ ਕੇ 2035 ਕਰ ਦਿੱਤੀ ਗਈ ਹੈ।
ਇਸ ਨੈੱਟਵਰਕ ਰਾਹੀਂ ਜੀਓ ਪਲੇਟਫਾਰਮਜ਼ ਆਪਣੇ ਸੈਟੇਲਾਈਟ ਇੰਟਰਨੈੱਟ ਕਾਰੋਬਾਰ ਦਾ ਵਿਸਥਾਰ ਕਰਨਾ ਚਾਹੁੰਦੀ ਹੈ। ਖ਼ਾਸ ਗੱਲ ਇਹ ਹੈ ਕਿ ਰਿਲਾਇੰਸ ਦਾ ਇਹ ਨੈੱਟਵਰਕ ਮੁੱਖ ਤੌਰ 'ਤੇ ਭਾਰਤ ਦੀਆਂ ਕਨੈਕਟੀਵਿਟੀ ਸਬੰਧੀ ਲੋੜਾਂ ਪੂਰੀਆਂ ਕਰਨ 'ਤੇ ਕੇਂਦਰਿਤ ਹੋਵੇਗਾ।
ਭਾਰਤ 'ਚ ਹਰ ਸਾਲ ਬਣਾਉਣੇ ਪੈਣਗੇ 200 ਸੈਟੇਲਾਈਟ
ਰਿਪੋਰਟ ਮੁਤਾਬਕ, ਭਾਰਤ ਫਿਲਹਾਲ ਹਰ ਸਾਲ 15 ਤੋਂ ਵੀ ਘੱਟ ਸੈਟੇਲਾਈਟ ਬਣਾਉਂਦਾ ਹੈ, ਜਦੋਂਕਿ ਰਿਲਾਇੰਸ ਦੇ ਪ੍ਰਸਤਾਵਿਤ ਨੈੱਟਵਰਕ ਲਈ ਹਰ ਸਾਲ ਲਗਪਗ 200 ਸੈਟੇਲਾਈਟ ਬਣਾਉਣ ਦੀ ਲੋੜ ਹੋਵੇਗੀ। ਭਾਵ ਮੌਜੂਦਾ ਉਤਪਾਦਨ ਸਮਰੱਥਾ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਨਿਰਮਾਣ ਕਰਨਾ ਪਵੇਗਾ।
ਇਸ ਲਈ ਰਿਲਾਇੰਸ ਘਰੇਲੂ ਕੰਪਨੀਆਂ ਦੇ ਨਾਲ-ਨਾਲ ਵਿਦੇਸ਼ੀ ਕੰਪਨੀਆਂ ਦੀ ਵੀ ਮਦਦ ਲੈਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਅਮਰੀਕਾ ਤੋਂ ਘੱਟੋ-ਘੱਟ 400 ਸੈਟੇਲਾਈਟ ਖਰੀਦਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਦੋ ਅਮਰੀਕੀ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਯੂਰਪ ਦੇ ਸਪਲਾਇਰਾਂ ਦਾ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ।
Starlink ਦੇ 10 ਹਜ਼ਾਰ ਤੋਂ ਵੱਧ ਸੈਟੇਲਾਈਟ ਨੂੰ ਮਿਲੇਗੀ ਚੁਣੌਤੀ
ਐਲਨ ਮਸਕ ਦੀ ਕੰਪਨੀ SpaceX ਦਾ Starlink ਪਹਿਲਾਂ ਹੀ ਸੈਟੇਲਾਈਟ ਇੰਟਰਨੈੱਟ ਦੇ ਕਾਰੋਬਾਰ 'ਚ ਮਜ਼ਬੂਤ ਸਥਿਤੀ 'ਚ ਹੈ। ਇਸ ਦੇ ਨੈੱਟਵਰਕ 'ਚ 10 ਹਜ਼ਾਰ ਤੋਂ ਵੱਧ ਸੈਟੇਲਾਈਟ ਹਨ। ਅਜਿਹੇ 'ਚ ਰਿਲਾਇੰਸ ਦਾ 1,600 ਸੈਟੇਲਾਈਟ ਵਾਲਾ ਪ੍ਰਸਤਾਵਿਤ ਨੈੱਟਵਰਕ ਭਾਰਤ 'ਚ Starlink ਨੂੰ ਸਿੱਧੀ ਟੱਕਰ ਦੇਣ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।