ਇਨ੍ਹਾਂ 3 ਗਲਤੀਆਂ ਕਾਰਨ ਰਿਜੈਕਟ ਹੋ ਜਾਂਦੈ ਬਿਜ਼ਨੈੱਸ ਲੋਨ; ਅਪਲਾਈ ਕਰਨ ਤੋਂ ਪਹਿਲਾਂ ਕਿਹੜੀ ਤਿਆਰੀ ਹੈ ਜ਼ਰੂਰੀ? ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਜੇਕਰ ਬੈਂਕਾਂ ਰਾਹੀਂ ਲੋਨ ਅਪਲਾਈ ਕਰ ਰਹੇ ਹੋ ਤਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ MSME ਲਈ ਚਲਾਈਆਂ ਜਾ ਰਹੀਆਂ Government Schemes ਤਹਿਤ ਲੋਨ ਅਪਲਾਈ ਕਰਦੇ ਹੋ ਤਾਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰੋ।
Publish Date: Fri, 18 Sep 2026 04:44 PM (IST)
Updated Date: Fri, 18 Sep 2026 04:48 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਬਿਜ਼ਨੈੱਸ ਲੋਨ ਅਪਲਾਈ ਕਰਨ ਵਾਲੇ ਜ਼ਿਆਦਾਤਰ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਸਰਕਾਰ ਦੀ ਸਕੀਮ ਦਾ ਉਨ੍ਹਾਂ ਨੂੰ ਪੂਰਾ ਫਾਇਦਾ ਨਹੀਂ ਮਿਲਦਾ। ਬਹੁਤ ਸਾਰੇ ਲੋਕਾਂ ਦੀਆਂ ਲੋਨ ਅਰਜ਼ੀਆਂ ਰੱਦ ਹੋ ਜਾਂਦੀਆਂ ਹਨ। ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਜੇਕਰ ਬੈਂਕਾਂ ਰਾਹੀਂ ਲੋਨ ਅਪਲਾਈ ਕਰ ਰਹੇ ਹੋ ਤਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ MSME ਲਈ ਚਲਾਈਆਂ ਜਾ ਰਹੀਆਂ Government Schemes ਤਹਿਤ ਲੋਨ ਅਪਲਾਈ ਕਰਦੇ ਹੋ ਤਾਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰੋ। ਆਓ ਜਾਣਦੇ ਹਾਂ ਕਿ ਕਿਹੜੀਆਂ ਗਲਤੀਆਂ ਕਾਰਨ ਲੋਨ ਰਿਜੈਕਟ ਹੋ ਸਕਦਾ ਹੈ?
ਅਧੂਰੀ ਪ੍ਰਾਜੈਕਟ ਰਿਪੋਰਟ (DPR) ਕਿਸੇ ਵੀ ਸਰਕਾਰੀ ਸਕੀਮ ਤਹਿਤ ਬਿਜ਼ਨੈੱਸ ਲੋਨ ਲੈਣ ਲਈ DPR (Detailed Project Report) 'ਚ ਸਪੱਸ਼ਟਤਾ ਬਹੁਤ ਜ਼ਰੂਰੀ ਹੈ। ਇਹ ਅਜਿਹਾ ਦਸਤਾਵੇਜ਼ ਹੈ ਜਿਸ 'ਚ ਤੁਹਾਡੇ ਬਿਜ਼ਨੈੱਸ ਦੀ ਪੂਰੀ ਜਾਣਕਾਰੀ, ਭਵਿੱਖ ਦੀ ਕਮਾਈ ਦਾ ਅਨੁਮਾਨ ਤੇ ਫਾਈਨੈਂਸ਼ੀਅਲ ਪਲਾਨ ਹੁੰਦਾ ਹੈ। ਇਸ 'ਚ ਮਾਰਕੀਟ ਰਿਸਰਚ, ਕਿੱਥੋਂ ਮਾਲ ਲੈਣਾ ਹੈ ਅਤੇ ਕਿਸ ਨੂੰ ਵੇਚਣਾ ਹੈ, ਬਿਜ਼ਨੈੱਸ ਸ਼ੁਰੂ ਕਰਨ 'ਚ ਕਿੰਨਾ ਖ਼ਰਚ ਆਵੇਗਾ, ਮਸ਼ੀਨਾਂ 'ਤੇ ਕਿੰਨਾ ਤੇ ਰਾਅ ਮੈਟੀਰੀਅਲ 'ਤੇ ਕਿੰਨਾ ਖ਼ਰਚ ਹੋਵੇਗਾ, ਕਿੰਨੇ ਵਰਕਫੋਰਸ ਦੀ ਲੋੜ ਹੈ, ਟਰਨਓਵਰ ਦਾ ਅਨੁਮਾਨ ਤੇ ਲੋਨ ਚੁਕਾਉਣ ਦੀ ਯੋਜਨਾ ਵਰਗੀ ਜਾਣਕਾਰੀ ਦੇਣੀ ਹੁੰਦੀ ਹੈ। ਜੇਕਰ ਤੁਹਾਡੀ DPR ਅਧੂਰੀ ਹੈ ਜਾਂ ਸਪੱਸ਼ਟ ਨਹੀਂ ਹੈ ਤਾਂ ਬੈਂਕ ਦੇ ਵਿਸ਼ਲੇਸ਼ਣ ਦੌਰਾਨ ਤੁਹਾਡਾ ਲੋਨ ਰਿਜੈਕਟ ਹੋ ਸਕਦਾ ਹੈ।
ਸਿਬਿਲ ਸਕੋਰ ਤੇ ਡਿਫਾਲਟਰ ਹੋਣਾ ਘੱਟ ਸਿੱਬਲ ਸਕੋਰ ਤੇ ਬੈਂਕ ਜਾਂ ਵਿੱਤੀ ਸੰਸਥਾਵਾਂ ਵੱਲੋਂ ਡਿਫਾਲਟਰ ਐਲਾਨੇ ਜਾਣ 'ਤੇ ਵੀ ਲੋਨ ਰਿਜੈਕਟ ਹੋ ਸਕਦਾ ਹੈ। ਕਿਸੇ ਵੀ ਸਰਕਾਰੀ ਯੋਜਨਾ ਦਾ ਲਾਭ ਲੈਣ ਲਈ ਤੁਹਾਡਾ ਸਿੱਬਲ ਸਕੋਰ ਘੱਟੋ-ਘੱਟ 750+ ਹੋਣਾ ਜ਼ਰੂਰੀ ਹੈ। ਇਸ ਨਾਲ ਬੈਂਕ ਇਹ ਤੈਅ ਕਰਦਾ ਹੈ ਕਿ ਤੁਸੀਂ ਸਮੇਂ ਸਿਰ ਰਿਪੇਮੈਂਟ ਕਰਦੇ ਹੋ ਜਾਂ ਨਹੀਂ?
ਉੱਥੇ ਡਿਫਾਲਟਰ ਦਾ ਮਤਲਬ ਹੈ ਕਿ ਤੁਸੀਂ ਲਗਾਤਾਰ 90 ਦਿਨਾਂ ਤੋਂ ਵੱਧ ਸਮੇਂ ਤੱਕ ਆਪਣੇ ਲੋਨ ਦੀਆਂ ਕਿਸ਼ਤਾਂ ਨਹੀਂ ਚੁਕਾਈਆਂ ਅਤੇ ਬੈਂਕ ਨੇ ਤੁਹਾਡੇ ਖਾਤੇ ਨੂੰ NPA (Non-Performing Asset) ਮੰਨ ਲਿਆ ਹੈ। ਜੇਕਰ ਤੁਹਾਡੇ ਕੋਲ ਪੈਸੇ ਹੋਣ ਦੇ ਬਾਵਜੂਦ ਤੁਸੀਂ ਲੋਨ ਨਹੀਂ ਚੁਕਾ ਰਹੇ ਹੋ ਤਾਂ ਬੈਂਕ ਤੁਹਾਨੂੰ 'ਵਿਲਫੁਲ ਡਿਫਾਲਟਰ' ਐਲਾਨ ਸਕਦਾ ਹੈ। ਦੋਵਾਂ ਸਥਿਤੀਆਂ 'ਚ ਬੈਂਕ ਤੁਹਾਡਾ ਲੋਨ ਰਿਜੈਕਟ ਕਰ ਸਕਦਾ ਹੈ।
ਸਬਸਿਡੀ ਦੀ ਗਲਤ ਵਰਤੋਂ ਕੁਝ ਲੋਕ ਸਰਕਾਰੀ ਸਕੀਮ ਤਹਿਤ ਮਿਲਣ ਵਾਲੀ ਸਬਸਿਡੀ ਦੀ ਗਲਤ ਵਰਤੋਂ ਕਰਦੇ ਹਨ। ਜਿਵੇਂ ਮਸ਼ੀਨਾਂ ਦੇ ਕੋਟੇਸ਼ਨ (Quotations) ਫਰਜ਼ੀ ਜਾਂ ਬਹੁਤ ਮਹਿੰਗੇ ਬਣਵਾਉਂਦੇ ਹਨ ਅਤੇ ਮਾਰਕੀਟ ਰੇਟ ਤੋਂ ਬਹੁਤ ਮਹਿੰਗੀਆਂ ਮਸ਼ੀਨਾਂ ਦਿਖਾ ਦਿੰਦੇ ਹਨ। ਇਸ ਤੋਂ ਇਲਾਵਾ ਆਪਣੀ ਪੂੰਜੀ (Margin Money) ਦੇਣ ਤੋਂ ਵੀ ਆਨਾਕਾਨੀ ਕਰਦੇ ਹਨ। ਜਿਵੇਂ ਹਰ ਸਰਕਾਰੀ ਲੋਨ 'ਚ ਬਿਨੈਕਾਰ ਨੂੰ ਕੁੱਲ ਲਾਗਤ ਦਾ 5% ਤੋਂ 10% ਆਪਣਾ ਪੈਸਾ ਲਗਾਉਣਾ ਹੁੰਦਾ ਹੈ।
ਜੇਕਰ ਤੁਸੀਂ ਬੈਂਕ ਨੂੰ ਕਹਿੰਦੇ ਹੋ ਕਿ ਤੁਹਾਡੇ ਕੋਲ ਕੋਈ ਪੂੰਜੀ ਨਹੀਂ ਹੈ ਅਤੇ ਸਾਰਾ ਪੈਸਾ ਲੋਨ ਤੇ ਸਬਸਿਡੀ ਤੋਂ ਹੀ ਐਡਜਸਟ ਕਰਵਾਉਣਾ ਚਾਹੁੰਦੇ ਹੋ ਤਾਂ ਬੈਂਕ ਸਮਝ ਸਕਦਾ ਹੈ ਕਿ ਬਿਜ਼ਨਸ 'ਚ ਤੁਹਾਡਾ ਕੋਈ ਨਿੱਜੀ ਰਿਸਕ ਨਹੀਂ ਹੈ। ਇਸ ਕਾਰਨ ਇਹ ਮੰਨਿਆ ਜਾ ਸਕਦਾ ਹੈ ਕਿ ਤੁਸੀਂ ਪ੍ਰਾਫਿਟ ਅਤੇ ਰਿਪੇਮੈਂਟ ਲਈ ਲੋੜੀਂਦੀ ਕੋਸ਼ਿਸ਼ ਨਹੀਂ ਕਰੋਗੇ। ਇਸ ਲਈ ਲੋਨ ਰਿਜੈਕਟ ਹੋ ਸਕਦਾ ਹੈ।
ਲੋਨ ਰਿਜੈਕਟ ਹੋਣ ਤੋਂ ਬਚਣ ਦੇ ਉਪਾਅ
ਬਿਹਤਰ DPR ਤਿਆਰ ਕਰੋ ਅਤੇ ਜਾਣਕਾਰੀ ਸਪੱਸ਼ਟ ਤੌਰ 'ਤੇ ਲਿਖੋ। ਕੁਝ ਵੀ ਨਾ ਲੁਕਾਓ। ਸਿੱਬਲ ਸਕੋਰ ਮੇਨਟੇਨ ਰੱਖੋ ਅਤੇ ਸਮੇਂ ਸਿਰ ਰਿਪੇਮੈਂਟ ਕਰਨ ਦੀ ਆਦਤ ਬਣਾਓ। ਮੈਨੂਫੈਕਚਰਿੰਗ ਸੈਕਟਰ ਨਾਲ ਜੁੜੀਆਂ ਮਸ਼ੀਨਾਂ ਦੇ ਸਹੀ ਕੋਟੇਸ਼ਨ ਦਿਖਾਓ। ਮਾਰਜਿਨ ਮਨੀ ਤਿਆਰ ਰੱਖੋ ਤੇ ਲੋਨ ਲੈਣ ਤੋਂ ਪਹਿਲਾਂ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਸਪੱਸ਼ਟ ਕਰੋ। ਡਾਕੂਮੈਂਟਸ 'ਚ ਨਾਮ, ਪਤਾ ਅਤੇ ਜ਼ਮੀਨ ਨਾਲ ਸਬੰਧਤ ਜਾਣਕਾਰੀ ਗਲਤ ਨਾ ਦਿਖਾਓ।