
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੇਸ਼ ਵਿੱਚ ਅੱਜ-ਕੱਲ੍ਹ ਪਿਆਜ਼ ਦੀਆਂ ਕੀਮਤਾਂ ਅਸਮਾਨੀਂ ਚੜ੍ਹੀਆਂ ਹੋਈਆਂ ਹਨ। ਇਸ ਦਾ ਅਸਰ ਘਰ ਦੀ ਰਸੋਈ ਤੋਂ ਲੈ ਕੇ ਸਟ੍ਰੀਟ ਫੂਡ ਮਾਰਕੀਟ ਤੱਕ ਦਿਖਾਈ ਦੇਣ ਲੱਗਾ ਹੈ। ਪਿਆਜ਼ ਦੇ ਦਾਮ ਵਧਣ ਨਾਲ ਵੈਜ-ਨਾਨਵੈਜ ਥਾਲੀ ਦਾ ਬਜਟ ਵੀ ਵਿਗੜ ਗਿਆ ਹੈ

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਦੇਸ਼ ਵਿੱਚ ਅੱਜ-ਕੱਲ੍ਹ ਪਿਆਜ਼ ਦੀਆਂ ਕੀਮਤਾਂ ਅਸਮਾਨੀਂ ਚੜ੍ਹੀਆਂ ਹੋਈਆਂ ਹਨ। ਇਸ ਦਾ ਅਸਰ ਘਰ ਦੀ ਰਸੋਈ ਤੋਂ ਲੈ ਕੇ ਸਟ੍ਰੀਟ ਫੂਡ ਮਾਰਕੀਟ ਤੱਕ ਦਿਖਾਈ ਦੇਣ ਲੱਗਾ ਹੈ। ਪਿਆਜ਼ ਦੇ ਦਾਮ ਵਧਣ ਨਾਲ ਵੈਜ-ਨਾਨਵੈਜ ਥਾਲੀ ਦਾ ਬਜਟ ਵੀ ਵਿਗੜ ਗਿਆ ਹੈ। ਦੇਸ਼ ਭਰ ਵਿੱਚ ਰਿਟੇਲ ਪਿਆਜ਼ ਔਸਤਨ ₹70 ਪ੍ਰਤੀ ਕਿੱਲੋ ਦੇ ਪਾਰ ਪਹੁੰਚ ਗਿਆ ਹੈ, ਜਦਕਿ ਕਈ ਇਲਾਕਿਆਂ ਵਿੱਚ ਇਸ ਦੀ ਕੀਮਤ ₹80 ਪ੍ਰਤੀ ਕਿੱਲੋ ਵੀ ਦੇਖੀ ਗਈ ਹੈ। ਹਾਲਾਂਕਿ ਹੁਣ ਸਰਕਾਰ ਵੱਲੋਂ ਪਿਆਜ਼ ਸਸਤੇ ਰੇਟ 'ਤੇ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਦੀ ਸਪਲਾਈ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ 'ਤੇ ਵੀ ਵਿਰਾਮ ਲੱਗ ਗਿਆ ਹੈ।
ਅੱਧੀ ਕੀਮਤ 'ਚ ਵਿਕ ਰਿਹਾ ਹੈ ਪਿਆਜ਼
ਦੇਸ਼ ਭਰ 'ਚ ਪਿਆਜ਼ ਦੀ ਔਸਤਨ ਫੁੱਟਕਲ ਕੀਮਤ ₹70 ਪ੍ਰਤੀ ਕਿੱਲੋ ਤੱਕ ਪਹੁੰਚਣ ਤੋਂ ਬਾਅਦ, ਕੀਮਤਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੇ ਆਪਣੇ ਸਰਕਾਰੀ ਏਜੰਸੀਆਂ ਦੇ ਸਾਰੇ ਸਟਾਕ ਨੂੰ ਇੱਕੋ ਵਾਰ ਰਿਟੇਲ ਮਾਰਕੀਟ 'ਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਦੀ ਸਕੱਤਰ ਨਿਧੀ ਖਰੇ ਨੇ ਬੀਤੇ ਦਿਨੀਂ ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਗਾਹਕਾਂ ਲਈ ਖ਼ਾਸ ਵੈਨਾਂ ਨੂੰ ਕ੍ਰਿਸ਼ੀ ਭਵਨ, ਨਵੀਂ ਦਿੱਲੀ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਸਰਕਾਰ ਦੇ 'ਪ੍ਰਾਈਸ ਸਟੈਬਿਲਾਈਜ਼ੇਸ਼ਨ ਬਫ਼ਰ' ਵਿੱਚੋਂ ਪਿਆਜ਼ ਨੂੰ NCCF, NAFED ਅਤੇ ਕੇਂਦਰੀ ਭੰਡਾਰ ਦੇ ਆਊਟਲੈੱਟਾਂ ਰਾਹੀਂ ਵੇਚਿਆ ਜਾ ਰਿਹਾ ਹੈ। ਇਹ ਬਫ਼ਰ ਪਿਆਜ਼ ਫਿਲਹਾਲ ਦਿੱਲੀ-NCR ਦੀਆਂ ਫੁੱਟਕਲ ਦੁਕਾਨਾਂ ਅਤੇ ਮੋਬਾਈਲ ਵੈਨਾਂ ਰਾਹੀਂ ₹35 ਪ੍ਰਤੀ ਕਿੱਲੋ ਦੀ ਰਿਆਇਤੀ ਦਰ 'ਤੇ ਮਿਲ ਰਿਹਾ ਹੈ। ਇਸ ਪਹਿਲ ਦਾ ਉਦੇਸ਼ ਮੌਸਮੀ ਮਹਿੰਗਾਈ ਦੇ ਦਬਾਅ ਨੂੰ ਘਟਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਆਮ ਜਨਤਾ ਨੂੰ ਕਿਫ਼ਾਇਤੀ ਦਰਾਂ 'ਤੇ ਪਿਆਜ਼ ਮਿਲਦਾ ਰਹੇ।
ਪਿਆਜ਼ ਦੇ ਸਟਾਕ ਅਤੇ ਸਪਲਾਈ 'ਤੇ ਚਿੰਤਾ?
ਇਸ ਸਾਲ ਦੇ ਬਫ਼ਰ ਸਟਾਕ ਲਈ ਸਰਕਾਰੀ ਏਜੰਸੀਆਂ ਨੇ 2 ਲੱਖ ਟਨ ਪਿਆਜ਼ ਖ਼ਰੀਦਣ ਦਾ ਟੀਚਾ ਰੱਖਿਆ ਸੀ, ਪਰ ਕਿਸਾਨਾਂ ਨੇ ਸਰਕਾਰੀ ਏਜੰਸੀਆਂ ਦੀ ਬਜਾਏ ਸਥਾਨਕ ਮੰਡੀਆਂ ਵਿੱਚ ਪਿਆਜ਼ ਵੇਚਣਾ ਸ਼ੁਰੂ ਕਰ ਦਿੱਤਾ ਕਿਉਂਕਿ ਉੱਥੇ ਉਨ੍ਹਾਂ ਨੂੰ ਬਿਹਤਰ ਭਾਅ ਮਿਲ ਰਹੇ ਸਨ। ਰਿਪੋਰਟਾਂ ਅਨੁਸਾਰ ਇਸ ਸਾਲ ਸਿਰਫ਼ 1.20 ਲੱਖ ਟਨ ਹੀ ਪਿਆਜ਼ ਦੀ ਸਰਕਾਰੀ ਖ਼ਰੀਦ ਹੋ ਸਕੀ ਸੀ, ਜਿਸ ਕਾਰਨ ਸਟਾਕ ਅਤੇ ਸਪਲਾਈ ਨੂੰ ਲੈ ਕੇ ਖਪਤਕਾਰਾਂ ਵਿੱਚ ਚਿੰਤਾ ਵਧ ਗਈ ਸੀ।
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇਸ 'ਤੇ ਸਪੱਸ਼ਟ ਕੀਤਾ ਹੈ ਕਿ ਸਾਲ 2025-26 ਵਿੱਚ ਅਨੁਮਾਨਿਤ 307 ਲੱਖ ਮੀਟ੍ਰਿਕ ਟਨ ਤੋਂ ਵੱਧ ਉਤਪਾਦਨ ਦੇ ਚਲਦਿਆਂ ਆਉਣ ਵਾਲੇ ਮਹੀਨਿਆਂ ਵਿੱਚ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਪਿਆਜ਼ ਦੀ ਲੋੜੀਂਦੀ ਉਪਲਬਧਤਾ ਹੈ। ਮੰਤਰਾਲੇ ਅਨੁਸਾਰ ਮਜ਼ਬੂਤ ਉਤਪਾਦਨ, ਭਰਪੂਰ ਸਟਾਕ ਅਤੇ ਸਰਕਾਰ ਦੇ ਸਮੇਂ ਸਿਰ ਦਖ਼ਲ ਨਾਲ ਆਉਣ ਵਾਲੇ ਦਿਨਾਂ ਵਿੱਚ ਸਪਲਾਈ ਸੁਚਾਰੂ ਰਹੇਗੀ ਅਤੇ ਕੀਮਤਾਂ 'ਚ ਗਿਰਾਵਟ ਆਵੇਗੀ।