- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕੜਿਆਂ ਮੁਤਾਬਕ, ਅਗਸਤ ਵਿਚ ਬਾਬ-ਅਲ-ਮੰਦਬ ਰਾਹੀਂ ਹਰ ਰੋਜ਼ ਲਗਭਗ 2 ਲੱਖ ਬੈਰਲ ਡੀਜ਼ਲ ਯੂਰਪ ਭੇਜਿਆ ਗਿਆ। ਇਹ ਮਾਤਰਾ ਇਕ ਸਾਲ ਪਹਿਲਾਂ ਦੇ ਪੱਧਰ ਦੇ ਲਗਭਗ ਬਰਾਬਰ ਹੈ, ਜਦਕਿ ਮਾਰਚ ਅਤੇ ਅਪ੍ਰੈਲ ਵਿਚ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਰਾਹੀਂ ਡੀਜ਼ਲ ਦੀ ਆਵਾਜਾਈ ਲਗਭਗ ਠੱਪ ਹੋ ਗਈ ਸੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਰੂਸ ਤੋਂ ਡੀਜ਼ਲ ਦੀ ਸਪਲਾਈ ਵਿਚ ਭਾਰੀ ਗਿਰਾਵਟ ਅਤੇ ਅਮਰੀਕਾ ਤੋਂ ਯੂਰਪ ਜਾਣ ਵਾਲੀਆਂ ਈਂਧਨ ਦੀਆਂ ਖੇਪਾਂ ਵਿਚ ਕਮੀ ਦੇ ਵਿਚਕਾਰ ਭਾਰਤ ਯੂਰਪ ਲਈ ਡੀਜ਼ਲ ਦੇ ਇਕ ਮਹੱਤਵਪੂਰਨ ਸਰੋਤ ਵਜੋਂ ਉਭਰਿਆ ਹੈ। ਊਰਜਾ ਅਤੇ ਮਾਲ ਢੁਆਈ ਖੇਤਰ ਦੇ ਤੁਰੰਤ ਅੰਕੜੇ ਮੁਹੱਈਆ ਕਰਵਾਉਣ ਵਾਲੀ ਕੰਪਨੀ ਵੌਰਟੈਕਸਾ ਅਨੁਸਾਰ, ਅਗਸਤ ਵਿਚ ਬਾਬ-ਅਲ-ਮੰਦਬ ਤੋਂ ਯੂਰਪ ਵੱਲ ਜਾਣ ਵਾਲੇ ਡੀਜ਼ਲ ਵਿਚ ਭਾਰਤ ਦੀ ਹਿੱਸੇਦਾਰੀ ਲਗਭਗ 60 ਫੀਸਦੀ ਰਹੀ।
ਅੰਕੜਿਆਂ ਮੁਤਾਬਕ, ਅਗਸਤ ਵਿਚ ਬਾਬ-ਅਲ-ਮੰਦਬ ਰਾਹੀਂ ਹਰ ਰੋਜ਼ ਲਗਭਗ 2 ਲੱਖ ਬੈਰਲ ਡੀਜ਼ਲ ਯੂਰਪ ਭੇਜਿਆ ਗਿਆ। ਇਹ ਮਾਤਰਾ ਇਕ ਸਾਲ ਪਹਿਲਾਂ ਦੇ ਪੱਧਰ ਦੇ ਲਗਭਗ ਬਰਾਬਰ ਹੈ, ਜਦਕਿ ਮਾਰਚ ਤੇ ਅਪ੍ਰੈਲ 'ਚ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਰਾਹੀਂ ਡੀਜ਼ਲ ਦੀ ਆਵਾਜਾਈ ਲਗਭਗ ਠੱਪ ਹੋ ਗਈ ਸੀ।
ਭਾਰਤ ਦੀਆਂ ਰਿਫਾਈਨਰੀ ਇਕਾਈਆਂ ਹੁਣ ਯੂਰਪ ਦੀ ਡੀਜ਼ਲ ਸਪਲਾਈ ਵਿਚ ਵੱਡੀ ਭੂਮਿਕਾ ਨਿਭਾ ਰਹੀਆਂ ਹਨ। ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਤੇਲ ਸ਼ੋਧਨ (ਰਿਫਾਈਨਿੰਗ) ਕਰਨ ਵਾਲਾ ਦੇਸ਼ ਹੈ। ਇਸ ਦੀ ਸਥਾਪਿਤ ਸ਼ੋਧਨ ਸਮਰੱਥਾ 25.81 ਕਰੋੜ ਟਨ ਸਾਲਾਨਾ ਹੈ, ਜੋ ਘਰੇਲੂ ਈਂਧਨ ਦੀ ਮੰਗ ਤੋਂ ਵੱਧ ਹੈ।
ਵਿੱਤੀ ਸਾਲ 2025-26 ਵਿਚ ਭਾਰਤ ਨੇ 6.15 ਕਰੋੜ ਟਨ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਕੀਤਾ ਸੀ ਅਤੇ ਇਹ ਦੁਨੀਆ ਦੇ ਪ੍ਰਮੁੱਖ ਰਿਫਾਈਨਡ ਪੈਟਰੋਲੀਅਮ ਉਤਪਾਦਾਂ ਦੇ ਨਿਰਯਾਤਕਾਂ ਵਿਚ ਸ਼ਾਮਲ ਹੈ। ਭਾਰਤੀ ਈਂਧਨ ਦੀ ਮੰਗ ਹੁਣ ਯੂਰਪ ਦੇ ਨਾਲ-ਨਾਲ ਰੂਸ ਵਿਚ ਵੀ ਵਧ ਰਹੀ ਹੈ। ਹਾਲਾਂਕਿ, ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਕੱਚੇ ਤੇਲ ਦੀ ਉਪਲਬਧਤਾ ਹੋ ਸਕਦੀ ਹੈ।
ਵੌਰਟੈਕਸਾ ਦੇ ਅਨੁਸਾਰ, ਅਗਸਤ ਵਿਚ ਭਾਰਤ ਵਿਚ ਕੱਚੇ ਤੇਲ ਅਤੇ ਕੰਡਨਸੇਟ ਦੀ ਆਮਦ ਲਗਾਤਾਰ ਦੂਜੇ ਮਹੀਨੇ ਘਟ ਕੇ ਲਗਭਗ 38 ਲੱਖ ਬੈਰਲ ਪ੍ਰਤੀ ਦਿਨ ਰਹਿ ਗਈ, ਜਦਕਿ ਇਕ ਸਾਲ ਪਹਿਲਾਂ ਇਹ ਲਗਭਗ 48 ਲੱਖ ਬੈਰਲ ਪ੍ਰਤੀ ਦਿਨ ਸੀ।
ਅਜਿਹੇ ਵਿਚ ਜੇਕਰ ਕੱਚੇ ਤੇਲ ਦੀ ਸਪਲਾਈ ’ਤੇ ਦਬਾਅ ਬਣਿਆ ਰਹਿੰਦਾ ਹੈ ਤਾਂ ਭਾਰਤੀ ਰਿਫਾਈਨਰੀ ਇਕਾਈਆਂ ਕੋਲ ਨਿਰਯਾਤ ਲਈ ਉਪਲਬਧ ਵਾਧੂ ਡੀਜ਼ਲ ਦੀ ਮਾਤਰਾ ਵੀ ਪ੍ਰਭਾਵਿਤ ਹੋ ਸਕਦੀ ਹੈ। ਦੂਜੇ ਪਾਸੇ, ਰੂਸ ਤੋਂ ਡੀਜ਼ਲ ਦੀ ਸਪਲਾਈ ਵਿਚ ਭਾਰੀ ਗਿਰਾਵਟ ਜਾਰੀ ਹੈ।
ਅਗਸਤ ਦੇ ਪਹਿਲੇ 25 ਦਿਨਾਂ ਵਿਚ ਰੂਸ ਦਾ ਸਮੁੰਦਰੀ ਡੀਜ਼ਲ ਅਤੇ ਗੈਸੋਇਲ ਨਿਰਯਾਤ ਔਸਤਨ ਸਿਰਫ਼ ਲਗਭਗ 1.5 ਲੱਖ ਬੈਰਲ ਪ੍ਰਤੀ ਦਿਨ ਰਿਹਾ। ਇਹ ਇਕ ਸਾਲ ਪਹਿਲਾਂ ਦੇ ਮੁਕਾਬਲੇ ਲਗਭਗ 6.1 ਲੱਖ ਬੈਰਲ ਪ੍ਰਤੀ ਦਿਨ ਘੱਟ ਅਤੇ ਪੰਜ ਸਾਲ ਦੀ ਔਸਤ ਨਾਲੋਂ 81 ਫੀਸਦੀ ਹੇਠਾਂ ਹੈ।
1 ਸਤੰਬਰ ਤੋਂ ਰੂਸ ਦੇ ਡੀਜ਼ਲ ਬਰਾਮਦ ਪਾਬੰਦੀ ਵਿਚ ਅੰਸ਼ਕ ਢਿੱਲ ਦੀ ਉਮੀਦ ਸੀ, ਪਰ ਇਸ ਨਾਲ ਤੁਰੰਤ ਸਪਲਾਈ ਵਿਚ ਸੁਧਾਰ ਦੀ ਸੰਭਾਵਨਾ ਘੱਟ ਹੈ। ਯੂਕਰੇਨ ਦੇ ਡਰੋਨ ਹਮਲਿਆਂ ਨੇ ਰੂਸ ਦੀਆਂ ਰਿਫਾਈਨਰੀ ਇਕਾਈਆਂ ਅਤੇ ਨਿਰਯਾਤ ਢਾਂਚੇ ਨੂੰ ਲਗਾਤਾਰ ਪ੍ਰਭਾਵਿਤ ਕੀਤਾ ਹੈ।
ਜੁਲਾਈ ਅਤੇ ਅਗਸਤ ਵਿਚ ਰੂਸ ਦੀਆਂ ਰਿਫਾਈਨਰੀਆਂ ’ਤੇ 32 ਹਮਲੇ ਦਰਜ ਕੀਤੇ ਗਏ। ਲਗਭਗ 2.6 ਲੱਖ ਬੈਰਲ ਪ੍ਰਤੀ ਦਿਨ ਦੀ ਸਮਰੱਥਾ ਵਾਲੀ ਪਰਮ ਰਿਫਾਈਨਰੀ ’ਤੇ ਹੋਏ ਹਮਲੇ ਤੋਂ ਬਾਅਦ ਇਸ ਦੀ ਸੰਚਾਲਨ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਰੂਸ ਦੇ ਡੀਜ਼ਲ ਨਿਰਯਾਤ ਵਿਚ ਬਲੈਕ ਸੀ ਖੇਤਰ ਦੀ ਵੀ ਮਹੱਤਵਪੂਰਨ ਭੂਮਿਕਾ ਰਹੀ ਹੈ। ਪਿਛਲੇ ਸਾਲ ਰੂਸ ਦੇ ਕੁੱਲ ਡੀਜ਼ਲ ਅਤੇ ਗੈਸੋਇਲ ਨਿਰਯਾਤ ਦਾ ਲਗਭਗ 44 ਫੀਸਦੀ, ਯਾਨੀ 3.8 ਲੱਖ ਬੈਰਲ ਪ੍ਰਤੀ ਦਿਨ, ਇਸੇ ਖੇਤਰ ਤੋਂ ਹੋਇਆ ਸੀ। ਪਰ ਬੰਦਰਗਾਹਾਂ ਅਤੇ ਰਿਫਾਈਨਰੀਆਂ ਵਿਚ ਪਏ ਵਿਘਨ ਕਾਰਨ ਇੱਥੋਂ ਉਪਲਬਧ ਸਪਲਾਈ ਘਟ ਗਈ ਹੈ। ਮਈ ਵਿਚ ਹੋਏ ਹਮਲੇ ਤੋਂ ਬਾਅਦ ਤੁਆਪਸੇ ਬੰਦਰਗਾਹ ਤੋਂ ਡੀਜ਼ਲ ਦੀ ਕਿਸੇ ਖੇਪ ਦਾ ਨਿਰਯਾਤ ਨਹੀਂ ਹੋਇਆ।
ਯੂਰਪ ਨੂੰ ਰੂਸ ਦੀ ਕਮੀ ਦੀ ਭਰਪਾਈ ਵਿਚ ਅਮਰੀਕਾ ਤੋਂ ਵੀ ਮਦਦ ਮਿਲੀ ਹੈ, ਪਰ ਹੁਣ ਉੱਥੋਂ ਆਉਣ ਵਾਲੀ ਸਪਲਾਈ ਵੀ ਕਮਜ਼ੋਰ ਪੈਣ ਲੱਗੀ ਹੈ। ਅਗਸਤ ਵਿਚ ਯੂਰਪ ਤੋਂ ਬਾਹਰਲੇ ਖੇਤਰਾਂ ਤੋਂ ਆਉਣ ਵਾਲੇ ਸਮੁੰਦਰੀ ਡੀਜ਼ਲ ਆਯਾਤ ਵਿਚ ਅਮਰੀਕਾ ਦੀ ਹਿੱਸੇਦਾਰੀ ਲਗਭਗ ਅੱਧੀ ਰਹੀ।
ਹੋਰਮੁਜ਼ ਦੀ ਖਾੜੀ ਤੋਂ ਵੀ ਸਾਫ਼ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਵਿਚ ਫਿਲਹਾਲ ਜ਼ਿਆਦਾ ਰਾਹਤ ਨਹੀਂ ਮਿਲ ਰਹੀ। ਅਗਸਤ ਦੇ ਪਹਿਲੇ 27 ਦਿਨਾਂ ਵਿਚ MR2 ਜਾਂ ਇਸ ਤੋਂ ਵੱਡੇ ਟੈਂਕਰਾਂ ਰਾਹੀਂ ਸਾਫ਼ ਪੈਟਰੋਲੀਅਮ ਉਤਪਾਦਾਂ ਦੀਆਂ ਸਿਰਫ਼ 37 ਆਵਾਜਾਈਆਂ ਦਰਜ ਕੀਤੀਆਂ ਗਈਆਂ, ਜਦਕਿ ਜੁਲਾਈ ਵਿਚ ਇਹ ਗਿਣਤੀ 55 ਅਤੇ ਜੂਨ ਵਿਚ 69 ਸੀ।
ਓਮਾਨ ਦੇ ਤੱਟ ਨੇੜੇ ਜਹਾਜ਼ ਤੋਂ ਜਹਾਜ਼ ਵਿਚ ਤੇਲ ਦਾ ਤਬਾਦਲਾ ਜਾਰੀ ਹੈ, ਪਰ ਇਸ ਵਿਚ ਜ਼ਿਆਦਾਤਰ ਕੱਚਾ ਤੇਲ ਸ਼ਾਮਲ ਹੈ। ਸਾਫ਼ ਪੈਟਰੋਲੀਅਮ ਉਤਪਾਦਾਂ ਦਾ ਇਹ ਕਾਰੋਬਾਰ ਵੀ ਜੂਨ ਦੇ ਮੁਕਾਬਲੇ ਕਾਫ਼ੀ ਘਟ ਗਿਆ ਹੈ। ਅਜਿਹੇ ਵਿਚ ਯੂਰਪ ਦੀ ਡੀਜ਼ਲ ਸਪਲਾਈ ਲੜੀ ਪਹਿਲਾਂ ਦੇ ਮੁਕਾਬਲੇ ਸੀਮਤ ਸਰੋਤਾਂ ’ਤੇ ਵਧੇਰੇ ਨਿਰਭਰ ਹੋ ਗਈ ਹੈ।
ਰੂਸ ਦੀ ਸਪਲਾਈ ਕਮਜ਼ੋਰ ਬਣੀ ਹੋਈ ਹੈ, ਅਮਰੀਕਾ ਤੋਂ ਆਉਣ ਵਾਲੀਆਂ ਖੇਪਾਂ ਘਟ ਰਹੀਆਂ ਹਨ ਅਤੇ ਹੋਰਮੁਜ਼ ਮਾਰਗ ਤੋਂ ਵਾਧੂ ਸਪਲਾਈ ਵੀ ਸੀਮਤ ਹੈ। ਅਜਿਹੀ ਸਥਿਤੀ ਵਿਚ ਭਾਰਤ ਯੂਰਪ ਲਈ ਡੀਜ਼ਲ ਦੀ ਸਪਲਾਈ ਬਣਾਈ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।