- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਈ ਵੀ ਕੰਪਨੀ ਕੁਝ ਖ਼ਾਸ ਬਿਮਾਰੀਆਂ ਜਾਂ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਲਈ ਤੁਰੰਤ ਬੀਮਾ ਸਹੂਲਤ ਉਪਲਬਧ ਨਹੀਂ ਕਰਵਾਉਂਦੀ। ਇਸ ਲਈ ਇਕ ਤੈਅ ਸਮੇਂ ਤੱਕ (ਵੇਟਿੰਗ ਪੀਰੀਅਡ) ਇੰਤਜ਼ਾਰ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਹੀ ਬੀਮੇ ਦਾ ਲਾਭ ਮਿਲਦਾ ਹੁੰਦਾ ਹੈ।

ਅੱਜਕੱਲ੍ਹ ਦੀ ਜੀਵਨ ਸ਼ੈਲੀ ਵਿਚ ਗੰਭੀਰ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਇਨ੍ਹਾਂ ਬਿਮਾਰੀਆਂ ਦਾ ਇਲਾਜ ਵੀ ਕਾਫ਼ੀ ਮਹਿੰਗਾ ਹੁੰਦਾ ਹੈ। ਬਹੁਤ ਸਾਰੇ ਲੋਕ ਕਰਜ਼ਾ ਲੈ ਕੇ ਜਾਂ ਜੱਦੀ ਜਾਇਦਾਦ ਵੇਚ ਕੇ ਇਲਾਜ ਕਰਵਾਉਣ ਲਈ ਮਜਬੂਰ ਹੋ ਜਾਂਦੇ ਹਨ। ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਲੋਕ ਸਿਹਤ ਬੀਮਾ ਕਰਵਾਉਂਦੇ ਹਨ। ਜੇਕਰ ਪਾਲਿਸੀ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਨਹੀਂ ਪੜ੍ਹਿਆ ਜਾਂਦਾ, ਤਾਂ ਜ਼ਰੂਰਤ ਦੇ ਸਮੇਂ ਸਿਹਤ ਬੀਮੇ ਦਾ ਪੂਰਾ ਲਾਭ ਨਹੀਂ ਮਿਲਦਾ। ਸਿਹਤ ਬੀਮਾ ਪਾਲਿਸੀ ਦੇ ਭਾਰੀ-ਭਾਰੀ ਸ਼ਬਦਾਂ ਬਾਰੇ ਜਾਣਕਾਰੀ ਦੇ ਰਹੇ ਹਨ ਮਨੋਜ ਕੁਮਾਰ।
ਸਮ ਇਨਸ਼ੋਰਡ
ਸਮ ਇਨਸ਼ੋਰਡ ਦਾ ਮਤਲਬ ਬੀਮਾ ਰਕਮ ਹੁੰਦਾ ਹੈ। ਇਸ ਦਾ ਅਰਥ ਇਹ ਹੈ ਕਿ ਇਕ ਸਾਲ ਵਿਚ ਕਿਸੇ ਵੀ ਬਿਮਾਰੀ ਦੇ ਇਲਾਜ ਉੱਤੇ ਬੀਮਾ ਕੰਪਨੀ ਵੱਧ ਤੋਂ ਵੱਧ ਕਿੰਨਾ ਭੁਗਤਾਨ ਕਰੇਗੀ। ਮਿਸਾਲ ਵਜੋਂ, ਜੇ ਤੁਹਾਡੇ ਇਲਾਜ ’ਤੇ 15 ਲੱਖ ਰੁਪਏ ਦਾ ਖ਼ਰਚ ਆਇਆ ਹੈ ਅਤੇ ਤੁਹਾਡੇ ਸਿਹਤ ਬੀਮੇ ਦਾ ਸਮ ਇਨਸ਼ੋਰਡ 10 ਲੱਖ ਰੁਪਏ ਹੈ, ਤਾਂ ਬੀਮਾ ਕੰਪਨੀ 10 ਲੱਖ ਰੁਪਏ ਤੱਕ ਹੀ ਭੁਗਤਾਨ ਕਰੇਗੀ। ਬਾਕੀ ਦੇ ਪੰਜ ਲੱਖ ਰੁਪਏ ਦਾ ਭੁਗਤਾਨ ਤੁਹਾਨੂੰ ਖ਼ੁਦ ਕਰਨਾ ਪਵੇਗਾ।
ਨੋ-ਕਲੇਮ ਬੋਨਸ
ਜੇਕਰ ਪਾਲਿਸੀ ਧਾਰਕ ਪੂਰੇ ਸਾਲ ਕੋਈ ਕਲੇਮ ਨਹੀਂ ਲੈਂਦਾ, ਤਾਂ ਬੀਮਾ ਕੰਪਨੀਆਂ ਇਸ ਦੇ ਬਦਲੇ ਵਿਚ ਬੋਨਸ ਦਿੰਦੀਆਂ ਹਨ। ਇਸ ਨੂੰ ਨੋ-ਕਲੇਮ ਬੋਨਸ ਕਿਹਾ ਜਾਂਦਾ ਹੈ। ਇਸ ਨਾਲ ਅਗਲੇ ਸਾਲ ਸਮ ਇਨਸ਼ੋਰਡ ਬਿਨਾਂ ਕਿਸ਼ਤ ਵਧਾਏ 10-50 ਫੀਸਦੀ ਤੱਕ ਵੱਧ ਜਾਂਦਾ ਹੈ ਜਾਂ ਪਾਲਿਸੀ ਨਵੀਨੀਕਰਨ ਦੇ ਸਮੇਂ ਪ੍ਰੀਮੀਅਮ ਵਿਚ ਛੋਟ ਮਿਲ ਜਾਂਦੀ ਹੈ। ਹਾਲਾਂਕਿ, ਨੋ-ਕਲੇਮ ਬੋਨਸ ਬਾਰੇ ਹਰ ਕੰਪਨੀ ਦੇ ਵੱਖ-ਵੱਖ ਨਿਯਮ ਹੁੰਦੇ ਹਨ। ਇਸ ਲਈ ਸਿਹਤ ਬੀਮਾ ਕਰਵਾਉਣ ਵੇਲੇ ਇਸ ਬਾਰੇ ਚੰਗੀ ਤਰ੍ਹਾਂ ਜਾਣ ਲਓ।
ਕੈਸ਼ਲੈੱਸ
ਇਸ ਦਾ ਮਤਲਬ ਇਹ ਹੈ ਕਿ ਪਾਲਿਸੀ ਧਾਰਕ ਨੂੰ ਇਲਾਜ ਕਰਵਾਉਣ ਲਈ ਹਸਪਤਾਲ ਨੂੰ ਆਪਣੀ ਜੇਬ ਤੋਂ ਇਕ ਰੁਪਿਆ ਨਹੀਂ ਦੇਣਾ ਪਵੇਗਾ। ਹਾਲਾਂਕਿ, ਇਸ ਦਾ ਲਾਭ ਲੈਣ ਲਈ ਪਾਲਿਸੀ ਧਾਰਕ ਨੂੰ ਬੀਮਾ ਕੰਪਨੀ ਦੇ ਨੈੱਟਵਰਕ ਵਾਲੇ ਹਸਪਤਾਲ ਵਿਚ ਹੀ ਇਲਾਜ ਕਰਵਾਉਣਾ ਪਵੇਗਾ। ਹਸਪਤਾਲ ਅਤੇ ਬੀਮਾ ਕੰਪਨੀ ਆਪਸ ਵਿਚ ਇਲਾਜ ਦੇ ਬਿੱਲ ਦਾ ਨਿਪਟਾਰਾ ਕਰ ਲੈਂਦੇ ਹਨ। ਇਸ ਤੋਂ ਇਲਾਵਾ, ਕੁਝ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਖ਼ਰਚਾ ਬੀਮਾ ਕੰਪਨੀ ਨਹੀਂ ਉਠਾਉਂਦੀ। ਇਸ ਵਿਚ ਕਾਸਮੈਟਿਕ ਸਰਜਰੀ, ਖ਼ੁਦ ਨੂੰ ਪਹੁੰਚਾਏ ਗਏ ਨੁਕਸਾਨ ਜਾਂ ਦੰਦਾਂ ਦਾ ਇਲਾਜ ਸ਼ਾਮਲ ਹੈ। ਪਾਲਿਸੀ ਕਰਵਾਉਣ ਤੋਂ ਪਹਿਲਾਂ ਅਜਿਹੀਆਂ ਬਿਮਾਰੀਆਂ ਜਾਂ ਚੀਜ਼ਾਂ ਦੀ ਸੂਚੀ ਨੂੰ ਧਿਆਨ ਨਾਲ ਪੜ੍ਹ ਲਓ। ਇਸ ਨਾਲ ਭਵਿੱਖ ਵਿਚ ਮੁਸ਼ਕਲਾਂ ਨਹੀਂ ਆਉਣਗੀਆਂ।
ਡਿਡਕਟੇਬਲ ਰਕਮ
ਇਹ ਬੀਮੇ ਨਾਲ ਸਬੰਧਤ ਅਹਿਮ ਸ਼ਬਦ ਹੈ। ਇਸ ਦਾ ਸਿੱਧਾ ਮਤਲਬ ਹੈ ਉਹ ਤੈਅ ਰਕਮ ਜੋ ਬੀਮਾ ਕੰਪਨੀ ਵੱਲੋਂ ਕਲੇਮ ਦਾ ਭੁਗਤਾਨ ਕਰਨ ਤੋਂ ਪਹਿਲਾਂ ਪਾਲਿਸੀ ਧਾਰਕ ਨੂੰ ਆਪਣੀ ਜੇਬ ਤੋਂ ਦੇਣੀ ਹੁੰਦੀ ਹੈ। ਸਧਾਰਨ ਸ਼ਬਦਾਂ ਵਿਚ ਇਲਾਜ ਦੇ ਖ਼ਰਚੇ ਦਾ ਸ਼ੁਰੂਆਤੀ ਹਿੱਸਾ ਤੁਹਾਨੂੰ ਖ਼ੁਦ ਉਠਾਉਣਾ ਪੈਂਦਾ ਹੈ ਅਤੇ ਬਾਅਦ ਦਾ ਪੂਰਾ ਖ਼ਰਚਾ ਬੀਮਾ ਕੰਪਨੀ ਦਿੰਦੀ ਹੈ। ਇਸ ਨੂੰ ਦੋ ਉਦਾਹਰਣਾਂ ਨਾਲ ਸਮਝੋ। ਮੰਨ ਲਓ ਤੁਹਾਡੇ ਪਾਲਿਸੀ ਵਿਚ ਡਿਡਕਟੇਬਲ ਰਕਮ 50 ਹਜ਼ਾਰ ਰੁਪਏ ਹੈ। ਜੇ ਇਲਾਜ ’ਤੇ 40 ਹਜ਼ਾਰ ਰੁਪਏ ਦਾ ਖਰਚ ਆਇਆ ਹੈ, ਤਾਂ ਬੀਮਾ ਕੰਪਨੀ ਕੋਈ ਪੈਸਾ ਨਹੀਂ ਦੇਵੇਗੀ ਅਤੇ ਇਹ ਪੂਰਾ ਖ਼ਰਚਾ ਤੁਹਾਨੂੰ ਹੀ ਕਰਨਾ ਪਵੇਗਾ। ਇਸੇ ਤਰ੍ਹਾਂ ਜੇ ਤੁਹਾਡੇ ਇਲਾਜ ਉੱਤੇ ਤਿੰਨ ਲੱਖ ਰੁਪਏ ਦਾ ਖ਼ਰਚਾ ਆਇਆ ਹੈ, ਤਾਂ ਸ਼ੁਰੂਆਤੀ 50 ਹਜ਼ਾਰ ਰੁਪਏ ਤੁਹਾਨੂੰ ਦੇਣੇ ਪੈਣਗੇ। ਬਾਅਦ ਦੇ 2.5 ਲੱਖ ਰੁਪਏ ਦਾ ਭੁਗਤਾਨ ਬੀਮਾ ਕੰਪਨੀ ਕਰੇਗੀ।
ਵੇਟਿੰਗ ਪੀਰੀਅਡ
ਕੋਈ ਵੀ ਕੰਪਨੀ ਕੁਝ ਖ਼ਾਸ ਬਿਮਾਰੀਆਂ ਜਾਂ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਲਈ ਤੁਰੰਤ ਬੀਮਾ ਸਹੂਲਤ ਉਪਲਬਧ ਨਹੀਂ ਕਰਵਾਉਂਦੀ। ਇਸ ਲਈ ਇਕ ਤੈਅ ਸਮੇਂ ਤੱਕ (ਵੇਟਿੰਗ ਪੀਰੀਅਡ) ਇੰਤਜ਼ਾਰ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਹੀ ਬੀਮੇ ਦਾ ਲਾਭ ਮਿਲਦਾ ਹੁੰਦਾ ਹੈ। ਜੇ ਤੁਹਾਨੂੰ ਪਹਿਲਾਂ ਤੋਂ ਕੋਈ ਬਿਮਾਰੀ ਹੈ ਅਤੇ ਪਾਲਿਸੀ ਮੁਤਾਬਕ ਵੇਟਿੰਗ ਪੀਰੀਅਡ ਛੇ ਮਹੀਨੇ ਹੈ, ਤਾਂ ਬੀਮਾ ਸਹੂਲਤ ਤਹਿਤ ਉਸ ਬਿਮਾਰੀ ਦਾ ਇਲਾਜ ਕਰਵਾਉਣ ਲਈ ਤੈਅ ਸਮੇਂ ਤੱਕ ਇੰਤਜ਼ਾਰ ਕਰਨਾ ਪਵੇਗਾ। ਸਿਹਤ ਬੀਮਾ ਕਰਵਾਉਣ ਸਮੇਂ ਆਪਣੀਆਂ ਪੁਰਾਣੀਆਂ ਬਿਮਾਰੀਆਂ ਦੀ ਸਹੀ ਜਾਣਕਾਰੀ ਦਿਓ, ਤਾਂ ਜੋ ਜ਼ਰੂਰਤ ਦੇ ਸਮੇਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਕੋ-ਪੇ
ਇਹ ਗ੍ਰਾਹਕ ਅਤੇ ਬੀਮਾ ਕੰਪਨੀ ਦਰਮਿਆਨ ਅਜਿਹਾ ਸਮਝੌਤਾ ਹੈ ਜਿਸ ਵਿਚ ਹਸਪਤਾਲ ਦੇ ਖ਼ਰਚੇ ਦਾ ਇਕ ਤੈਅ ਹਿੱਸਾ ਪਾਲਿਸੀ ਧਾਰਕ ਨੂੰ ਅਤੇ ਬਾਕੀ ਹਿੱਸਾ ਕੰਪਨੀ ਨੂੰ ਉਠਾਉਣਾ ਪੈਂਦਾ ਹੈ। ਆਮ ਤੌਰ 'ਤੇ ਇਹ ਸਮਝੌਤਾ ਵਡੇਰੀ ਉਮਰ ਦੇ ਨਾਗਰਿਕਾਂ ਜਾਂ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਦੇ ਮਾਮਲਿਆਂ ਵਿਚ ਲਾਗੂ ਹੁੰਦਾ ਹੈ। ਇਸ ਨਾਲ ਪ੍ਰੀਮੀਅਮ ਤਾਂ ਘੱਟ ਜਾਂਦਾ ਹੈ ਪਰ ਇਲਾਜ ਦੇ ਸਮੇਂ ਕੁਝ ਖਰਚ ਪਾਲਿਸੀ ਧਾਰਕ ਨੂੰ ਵੀ ਉਠਾਉਣਾ ਪੈਂਦਾ ਹੈ।