KCC Loan Limit: ਕਿਸਾਨ ਕ੍ਰੈਡਿਟ ਕਾਰਡ ਰਾਹੀਂ ਇਕ ਕਿਸਾਨ ਕਿੰਨੇ ਲੱਖ ਰੁਪਏ ਦਾ ਲੋਨ ਲੈ ਸਕਦਾ ਹੈ? ਜਾਣੋ ਤੁਹਾਨੂੰ ਕਿੰਨਾ ਮਿਲੇਗਾ
Kisan Credit Card ਰਾਹੀਂ ਕਿਸਾਨਾਂ ਨੂੰ ਕਿੰਨੇ ਰੁਪਏ ਤਕ ਦਾ ਖੇਤੀਬਾੜੀ ਲੋਨ ਮਿਲ ਸਕਦਾ ਹੈ? ਜਾਣੋ KCC ਦੀ 5 ਲੱਖ ਰੁਪਏ ਤਕ ਦੀ ਕ੍ਰੈਡਿਟ ਲਿਮਟ, ਬਿਨਾਂ ਗਾਰੰਟੀ ਵਾਲੇ ਲੋਨ ਤੇ ਲੋਨ ਲਿਮਟ ਤੈਅ ਕਰਨ ਦੇ ਨਿਯਮ।
Publish Date: Sun, 04 Oct 2026 12:59 PM (IST)
Updated Date: Sun, 04 Oct 2026 01:03 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਕਿਸਾਨਾਂ ਨੂੰ ਬੀਜ, ਖਾਦ, ਕੀਟਨਾਸ਼ਕ, ਸਿੰਚਾਈ ਤੇ ਖੇਤੀਬਾੜੀ ਨਾਲ ਜੁੜੇ ਹੋਰ ਖਰਚਿਆਂ ਲਈ ਪੈਸਿਆਂ ਦੀ ਲੋੜ ਪੈਂਦੀ ਹੈ। ਕਿਸਾਨਾਂ ਕੋਲ ਕਈ ਵਾਰ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਆਪਣੀ ਖੇਤੀ ਨੂੰ ਸਹੀ ਤਰੀਕੇ ਨਾਲ ਪੂਰਾ ਕਰ ਸਕਣ। ਇਸ ਲਈ ਸਰਕਾਰ ਕਿਸਾਨਾਂ ਲਈ ਸਮੇਂ-ਸਮੇਂ 'ਤੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾਉਂਦੀ ਹੈ ਜਿਵੇਂ ਕਿ ਪੀਐੱਮ ਕਿਸਾਨ ਯੋਜਨਾ, ਪੀਐੱਮ ਫਸਲ ਬੀਮਾ ਯੋਜਨਾ ਅਤੇ ਕਿਸਾਨ ਕ੍ਰੈਡਿਟ ਕਾਰਡ (KCC) ਆਦਿ। ਜੇਕਰ ਤੁਸੀਂ ਵੀ ਕਿਸਾਨ ਹੋ ਅਤੇ ਤੁਹਾਨੂੰ ਪੈਸਿਆਂ ਦੀ ਲੋੜ ਹੈ ਤਾਂ ਕਿਸਾਨ ਕ੍ਰੈਡਿਟ ਯੋਜਨਾ ਰਾਹੀਂ ਬੈਂਕ ਤੋਂ ਕਰਜ਼ ਲੈ ਸਕਦੇ ਹੋ। ਇਹ ਯੋਜਨਾ ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਐਗਰੀਕਲਚਰ ਲੋਨ ਉਪਲਬਧ ਕਰਵਾਉਣ ਲਈ ਬਣਾਈ ਗਈ ਹੈ।
ਪਰ ਕਈ ਕਿਸਾਨਾਂ ਦੇ ਮਨ 'ਚ ਇਹ ਸਵਾਲ ਰਹਿੰਦਾ ਹੈ ਕਿ KCC ਤਹਿਤ ਵੱਧ ਤੋਂ ਵੱਧ ਕਿੰਨੇ ਰੁਪਏ ਦਾ ਲੋਨ ਮਿਲ ਸਕਦਾ ਹੈ? ਕੀ ਹਰ ਕਿਸਾਨ ਨੂੰ ਇੱਕੋ ਜਿਹੀ ਲੋਨ ਲਿਮਿਟ ਮਿਲਦੀ ਹੈ ਜਾਂ ਇਹ ਖੇਤੀ ਅਤੇ ਜ਼ਮੀਨ ਦੇ ਆਧਾਰ 'ਤੇ ਤੈਅ ਹੁੰਦੀ ਹੈ? ਆਓ ਹਰ ਸਵਾਲ ਦਾ ਜਵਾਬ ਆਸਾਨ ਭਾਸ਼ਾ 'ਚ ਜਾਣਦੇ ਹਾਂ।
KCC ਤਹਿਤ ਕਿਸਾਨਾਂ ਨੂੰ ਕਿੰਨੇ ਰੁਪਏ ਤਕ ਮਿਲ ਸਕਦਾ ਹੈ ਲੋਨ?
KCC ਤਹਿਤ ਕਿਸਾਨ ਦੀ ਕੁੱਲ ਕ੍ਰੈਡਿਟ ਲਿਮਟ 5 ਲੱਖ ਰੁਪਏ ਤਕ ਹੋ ਸਕਦੀ ਹੈ। ਹਾਲਾਂਕਿ, ਇਸ ਦਾ ਇਹ ਮਤਲਬ ਨਹੀਂ ਹੈ ਕਿ ਹਰ ਕਿਸਾਨ ਨੂੰ ਸਿੱਧੇ 5 ਲੱਖ ਰੁਪਏ ਮਿਲ ਜਾਣਗੇ। ਕੇਂਦਰ ਸਰਕਾਰ ਨੇ KCC ਦੇ ਤਹਿਤ ਕਿਸਾਨਾਂ ਲਈ ਬਿਨਾਂ ਗਾਰੰਟੀ ਵਾਲੇ ਐਗਰੀ ਲੋਨ ਦੀ ਸੀਮਾ ਵਧਾ ਕੇ 2 ਲੱਖ ਰੁਪਏ ਕਰ ਦਿੱਤੀ ਹੈ। ਕੁਝ ਮਾਮਲਿਆਂ 'ਚ ਇਹ 3 ਲੱਖ ਰੁਪਏ ਹੋ ਸਕਦੀ ਹੈ।
ਭਾਵ ਯੋਗ ਕਿਸਾਨ ਇਸ ਸੀਮਾ ਤਕ ਦੇ ਲੋਨ ਲਈ ਬਿਨਾਂ ਗਾਰੰਟੀ ਦੇ ਯੋਗ ਹੋ ਸਕਦਾ ਹੈ। ਹਾਲਾਂਕਿ, ਅਸਲ KCC ਲਿਮਟ ਬੈਂਕ ਵੱਲੋਂ ਕਿਸਾਨ ਦੀ ਯੋਗਤਾ ਤੇ ਖੇਤੀਬਾੜੀ ਦੀ ਲੋੜ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ।
ਹਰ ਕਿਸਾਨ ਨੂੰ 5 ਲੱਖ ਤਕ ਦਾ ਲੋਨ ਕਿਉਂ ਨਹੀਂ ਮਿਲਦਾ?
KCC ਦੀ ਲਿਮਿਟ ਤੈਅ ਕਰਦੇ ਸਮੇਂ ਬੈਂਕ ਕਿਸਾਨ ਦੀ ਖੇਤੀ ਦੀ ਲੋੜ ਅਤੇ ਲੋਨ ਵਾਪਸ ਕਰਨ ਦੀ ਸਮਰੱਥਾ ਸਮੇਤ ਕਈ ਗੱਲਾਂ ਨੂੰ ਦੇਖਦਾ ਹੈ। ਇਸ ਲਈ ਕਿਸੇ ਕਿਸਾਨ ਨੂੰ 1 ਲੱਖ ਰੁਪਏ, ਕਿਸੇ ਨੂੰ 2 ਲੱਖ ਰੁਪਏ ਤੇ ਕਿਸੇ ਹੋਰ ਕਿਸਾਨ ਨੂੰ ਇਸ ਤੋਂ ਵੱਧ ਦੀ ਲਿਮਟ ਮਿਲ ਸਕਦੀ ਹੈ।
ਕਿਸਾਨ ਦੀ KCC ਲਿਮਟ ਤੈਅ ਕਰਨ 'ਚ ਆਮ ਤੌਰ 'ਤੇ ਇਹ ਗੱਲਾਂ ਮਹੱਤਵਪੂਰਨ ਹੁੰਦੀਆਂ ਹਨ:
- ਕਿਸਾਨ ਕੋਲ ਕਿੰਨੀ ਖੇਤੀਬਾੜੀ ਜ਼ਮੀਨ ਹੈ।
- ਕਿਹੜੀ ਫਸਲ ਉਗਾਈ ਜਾ ਰਹੀ ਹੈ।
- ਫਸਲ ਦੀ ਅਨੁਮਾਨਿਤ ਲਾਗਤ ਕਿੰਨੀ ਹੈ।
- ਕਿਸਾਨ ਨੂੰ ਖੇਤੀ ਲਈ ਕਿੰਨੀ ਕਾਰਜਸ਼ੀਲ ਪੂੰਜੀ ਦੀ ਲੋੜ ਹੈ।
- ਸਿੰਚਾਈ ਅਤੇ ਖੇਤੀ ਨਾਲ ਜੁੜੇ ਹੋਰ ਖਰਚੇ ਕਿੰਨੇ ਹਨ।
- ਬੈਂਕ ਦੇ ਨਿਯਮਾਂ ਮੁਤਾਬਕ ਕਿਸਾਨ ਦੀ ਕਰਜ਼ਾ ਯੋਗਤਾ ਕਿੰਨੀ ਹੈ।
ਇਸ ਲਈ ਸਿਰਫ਼ ਜ਼ਮੀਨ ਦਾ ਰਕਬਾ ਦੇਖ ਕੇ KCC ਦੀ ਅੰਤਿਮ ਲਿਮਿਟ ਤੈਅ ਨਹੀਂ ਹੁੰਦੀ। ਬੈਂਕ ਖੇਤੀ ਨਾਲ ਜੁੜੇ ਕੁੱਲ ਖਰਚਿਆਂ ਅਤੇ ਕਿਸਾਨ ਦੀ ਯੋਗਤਾ ਨੂੰ ਧਿਆਨ 'ਚ ਰੱਖਦਾ ਹੈ। ਬੈਂਕ ਕਿਸਾਨ ਦੀ ਫਸਲ, ਜ਼ਮੀਨ, ਅਨੁਮਾਨਿਤ ਖਰਚੇ ਅਤੇ ਹੋਰ ਯੋਗਤਾਵਾਂ ਨੂੰ ਦੇਖ ਕੇ ਕ੍ਰੈਡਿਟ ਲਿਮਟ ਤੈਅ ਕਰਦਾ ਹੈ। ਇਸ ਲਈ ਅਰਜ਼ੀ ਦੇਣ ਤੋਂ ਬਾਅਦ ਬੈਂਕ ਵੱਲੋਂ ਤੈਅ ਕੀਤੀ ਗਈ ਲਿਮਟ ਦੇ ਅਨੁਸਾਰ ਹੀ ਕਿਸਾਨ KCC ਤੋਂ ਪੈਸੇ ਕਢਵਾ ਸਕਦਾ ਹੈ।