- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਲਾਇੰਸ ਦੀ ਵਿਰਾਸਤ ਅਤੇ ਦਾਦਾ ਧੀਰੂਭਾਈ ਅੰਬਾਨੀ ਨੂੰ ਯਾਦ ਕਰਦਿਆਂ ਅਨੰਤ ਨੇ ਕਿਹਾ ਕਿ ਕਈ ਸਾਲ ਪਹਿਲਾਂ ਚੋਰਵਾੜ ਦੇ ਇਕ ਸਾਧਾਰਨ ਘਰ ਵਿੱਚੋਂ ਵੀ ਇਕ ਸੁਪਨਾ ਨਿਕਲਿਆ ਸੀ। ਇਕ ਮੁੰਡਾ, ਜੋ ਅਦਨ ਵਿਚ ਪੈਟਰੋਲ ਪੰਪ ’ਤੇ ਨੌਕਰੀ ਕਰਦਾ ਸੀ, ਜਿਸ ਕੋਲ ਨਾ ਪੈਸਾ ਸੀ ਅਤੇ ਨਾ ਹੀ ਪਛਾਣ। ਉਨ੍ਹਾਂ ਨੇ ਦਿਖਾਇਆ ਕਿ ਇਕ ਸਾਧਾਰਨ ਭਾਰਤੀ ਵੀ ਅਸਾਧਾਰਨ ਸੁਪਨਾ ਦੇਖ ਸਕਦਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਜੀਓ ਪਲੇਟਫਾਰਮਜ਼ ਦੇ ਨਿਰਦੇਸ਼ਕ ਅਨੰਤ ਅੰਬਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਜੀਓ ਦਿਖਾਈ ਨਹੀਂ ਦਿੰਦਾ, ਪਰ ਭਾਰਤ ਦੇ ਹਰ ਡਿਜੀਟਲ ਸੁਪਨੇ ਵਿਚ ਧੜਕਦਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਵਿਚ ਕਰਵਾਏ ਜੀਓ ਪਲੇਟਫਾਰਮਜ਼ ਲਿਮਟਿਡ (ਜੇਪੀਐੱਲ) ਦੇ ਇਤਿਹਾਸਕ ਲਿਸਟਿੰਗ ਸਮਾਰੋਹ ਵਿਚ ਅਨੰਤ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੂਰੇ ਦੇਸ਼ ਨੇ ਜੀਓ ਨੂੰ ਅਸ਼ੀਰਵਾਦ ਦਿੱਤਾ। 53 ਕਰੋੜ ਗਾਹਕਾਂ ਵਾਲੇ ਜੀਓ ਨੇ ਮੀਲਾਂ ਦੂਰ ਸਰਹੱਦ ’ਤੇ ਖੜ੍ਹੇ ਜਵਾਨ ਨੂੰ ਵੀਡੀਓ ਕਾਲ ਰਾਹੀਂ ਮਾਂ-ਧੀ ਨਾਲ ਮਿਲਵਾਇਆ, ਮੁੰਬਈ ਦਾ ਵੱਡਾ ਡਾਕਟਰ ਰਾਜਸਥਾਨ ਦੇ ਛੋਟੇ ਜਿਹੇ ਸ਼ਹਿਰ ਦੀ ਕੁੜੀ ਦੀ ਜਾਨ ਬਚਾ ਸਕਿਆ, ਛੋਟੇ ਸ਼ਹਿਰ ਦੀ ਇਕ ਛੋਟੀ ਜਿਹੀ ਕੁੜੀ ਨੂੰ ਲੱਖਾਂ ਲੋਕ ਫੋਨ ’ਤੇ ਸੁਣਨ ਲੱਗੇ ਅਤੇ ਉਹ ਦੇਖਦੇ ਹੀ ਦੇਖਦੇ ਇਨਫਲੂਐਂਸਰ ਬਣ ਗਈ। ਉਦੋਂ ਹੀ, ‘ਮਾਂ ਨੇ ਕਿਹਾ-ਜੀਓ ਮੇਰੇ ਲਾਲ। ਦਾਦੀ ਨੇ ਕਿਹਾ-ਜੁਗ-ਜੁਗ ਜੀਓ। ਅਤੇ ਦੋਸਤਾਂ ਨੇ ਕਿਹਾ-ਜੀਓ ਯਾਰ!’ ਜੀਓ ਦੁਨੀਆ ਦਾ ਪਹਿਲਾ ਅਜਿਹਾ ਨਾਂ ਹੈ, ਜੋ ਖ਼ੁਦ ਇਕ ਅਸ਼ੀਰਵਾਦ ਹੈ। ਅਨੰਤ ਦੇ ਭਾਸ਼ਣ ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਕਾਫ਼ੀ ਭਾਵੁਕ ਦਿਖਾਈ ਦਿੱਤੇ।
ਰਿਲਾਇੰਸ ਦੀ ਵਿਰਾਸਤ ਅਤੇ ਦਾਦਾ ਧੀਰੂਭਾਈ ਅੰਬਾਨੀ ਨੂੰ ਯਾਦ ਕਰਦਿਆਂ ਅਨੰਤ ਨੇ ਕਿਹਾ ਕਿ ਕਈ ਸਾਲ ਪਹਿਲਾਂ ਚੋਰਵਾੜ ਦੇ ਇਕ ਸਾਧਾਰਨ ਘਰ ਵਿੱਚੋਂ ਵੀ ਇਕ ਸੁਪਨਾ ਨਿਕਲਿਆ ਸੀ। ਇਕ ਮੁੰਡਾ, ਜੋ ਅਦਨ ਵਿਚ ਪੈਟਰੋਲ ਪੰਪ ’ਤੇ ਨੌਕਰੀ ਕਰਦਾ ਸੀ, ਜਿਸ ਕੋਲ ਨਾ ਪੈਸਾ ਸੀ ਅਤੇ ਨਾ ਹੀ ਪਛਾਣ। ਉਨ੍ਹਾਂ ਨੇ ਦਿਖਾਇਆ ਕਿ ਇਕ ਸਾਧਾਰਨ ਭਾਰਤੀ ਵੀ ਅਸਾਧਾਰਨ ਸੁਪਨਾ ਦੇਖ ਸਕਦਾ ਹੈ। ਪਿਤਾ ਮੁਕੇਸ਼ ਅੰਬਾਨੀ ਦਾ ਸੁਪਨਾ ਸੀ ਕਿ ਭਾਰਤ ਕਿਸੇ ਤੋਂ ਪਿੱਛੇ ਨਹੀਂ ਰਹੇਗਾ। ਜਾਮਨਗਰ ਦੀ ਬੰਜਰ ਜ਼ਮੀਨ ’ਤੇ ਦੁਨੀਆ ਦੀ ਸਭ ਤੋਂ ਵੱਡੀ ਰਿਫਾਇਨਰੀ ਖੜ੍ਹੀ ਕੀਤੀ। ਉਨ੍ਹਾਂ ਨੇ ਦਿਖਾਇਆ ਕਿ ਜਦੋਂ ਭਾਰਤ ਕੁਝ ਬਣਾਉਂਦਾ ਹੈ ਤਾਂ ਦੁਨੀਆ ਦੇਖਦੀ ਹੈ। ਅਨੰਤ ਨੇ ਡਿਜੀਟਲ ਇੰਡੀਆ ਵਿਜ਼ਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਅਨੰਤ ਨੇ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲਾ ਕੱਲ੍ਹ ਭਾਰਤ ਦਾ ਹੈ ਅਤੇ ਭਾਰਤ ਦਾ ਕੱਲ੍ਹ ਉਸ ਦੇ ਨੌਜਵਾਨਾਂ ਦਾ ਹੈ।
ਜੀਓ ਨੂੰ ਦੇਸ਼ ਦੇ ਕਰੋੜਾਂ ਲੋਕਾਂ ਦਾ ਸੁਪਨਾ ਦੱਸਦਿਆਂ ਉਨ੍ਹਾਂ ਕਿਹਾ ਕਿ ਅੱਜ ਐਕਸਚੇਂਜ ਦੀ ਘੰਟੀ ਉਨ੍ਹਾਂ ਲਈ ਮੰਦਰ ਦੀ ਘੰਟੀ ਵਰਗੀ ਹੈ, ਕਿਉਂਕਿ ਉਨ੍ਹਾਂ ਲਈ ਕਾਰੋਬਾਰ ਪੂਜਾ ਹੈ ਅਤੇ ਹਰ ਪੂਜਾ ਪ੍ਰਸਾਦ ਨਾਲ ਸਮਾਪਤ ਹੁੰਦੀ ਹੈ। ‘ਪ੍ਰਸਾਦ ਹਮੇਸ਼ਾ ਵੰਡਿਆ ਜਾਂਦਾ ਹੈ। ਅੱਜ ਜੀਓ ਭਾਰਤ ਨਾਲ ਵੰਡਿਆ ਜਾ ਰਿਹਾ ਹੈ।’ ਜੀਓ ਪਲੇਟਫਾਰਮਜ਼ ਦੇ ਸ਼ੇਅਰ ਬੁੱਧਵਾਰ ਨੂੰ 1,119 ਰੁਪਏ ਦੇ ਆਈਪੀਓ ਮੁੱਲ ਦੇ ਮੁਕਾਬਲੇ 1,358 ਰੁਪਏ ’ਤੇ ਸੂਚੀਬੱਧ ਹੋਏ, ਜੋ 21.36 ਫ਼ੀਸਦੀ ਦਾ ਪ੍ਰੀਮੀਅਮ ਹੈ। ਇਸ ਨਾਲ ਕੰਪਨੀ ਦਾ ਮਾਰਕੀਟ ਕੈਪ 13 ਲੱਖ ਕਰੋੜ ਰੁਪਏ ਹੋ ਗਿਆ।
ਜੀਓ ਦੇ ਨਿਵੇਸ਼ਕਾਂ ਦੀ ਦੀਵਾਲੀ ਪਹਿਲਾਂ ਹੀ ਮਨ ਗਈ
ਦੀਵਾਲੀ ਆਉਣ ਵਿਚ ਅਜੇ 10 ਦਿਨ ਬਾਕੀ ਹਨ, ਪਰ ਜੀਓ ਦੇ ਨਿਵੇਸ਼ਕਾਂ ਦੀ ਦੀਵਾਲੀ ਬੁੱਧਵਾਰ ਨੂੰ ਹੀ ਮਨ ਗਈ। ਬੁੱਧਵਾਰ ਨੂੰ ਟ੍ਰੇਡਿੰਗ ਦੇ ਪਹਿਲੇ ਹੀ ਦਿਨ ਜੀਓ ਦੇ ਨਿਵੇਸ਼ਕਾਂ ਦੇ ਖਾਤਿਆਂ ਵਿਚ 2.76 ਲੱਖ ਕਰੋੜ ਰੁਪਏ ਜੁੜ ਗਏ। ਲਿਸਟਿੰਗ ਦੇ ਪਹਿਲੇ ਹੀ ਦਿਨ ਨਿਵੇਸ਼ਕਾਂ ਦੇ ਖਾਤਿਆਂ ਵਿਚ ਇੰਨੀ ਵੱਡੀ ਰਕਮ ਪਹਿਲੀ ਵਾਰ ਆਈ ਹੈ। ਬਾਜ਼ਾਰ ਬੰਦ ਹੋਣ ਸਮੇਂ ਜੀਓ ਦੇ ਸ਼ੇਅਰ ਦੀ ਕੀਮਤ 1,419 ਰੁਪਏ ਦੱਸੀ ਗਈ। ਜੀਓ ਪਲੇਟਫਾਰਮਜ਼ ਦਾ ਮਾਰਕੀਟ ਕੈਪ 13.06 ਲੱਖ ਕਰੋੜ ਰੁਪਏ ਹੋ ਗਿਆ, ਜੋ ਸੂਚੀਬੱਧ ਕੰਪਨੀਆਂ ਵਿਚ ਦੂਜੇ ਸਥਾਨ ’ਤੇ ਹੈ। ਜੀਓ ਦਾ ਦਾਅਵਾ ਹੈ ਕਿ ਮਾਰਕੀਟ ਕੈਪ ਵਿਚ ਜੀਓ ਪਲੇਟਫਾਰਮਜ਼ ਭਾਰਤੀ ਏਅਰਟੈੱਲ ਤੋਂ 80,000 ਕਰੋੜ ਰੁਪਏ ਅੱਗੇ ਹੈ। ਏਅਰਟੈੱਲ ਜੀਓ ਦਾ ਸਭ ਤੋਂ ਨੇੜਲਾ ਮੁਕਾਬਲੇਬਾਜ਼ ਹੈ।