Jio IPO 2026: ਕੱਲ੍ਹ ਖੁੱਲ੍ਹੇਗਾ ਜੀਓ ਦਾ ਮੈਗਾ IPO, GMP 'ਚ ₹245 ਦੀ ਛਾਲ! ਲਿਸਟਿੰਗ 'ਤੇ 22% ਕਮਾਈ ਦਾ ਸੰਕੇਤ, ਨਿਵੇਸ਼ਕ ਕੀ ਕਰਨ?
ਬ੍ਰੋਕਰੇਜ ਫਰਮ Emkay Global ਨੇ ਇਸ IPO ਨੂੰ 'ਸਬਸਕ੍ਰਾਈਬ' ਕਰਨ ਦੀ ਸਲਾਹ ਦਿੱਤੀ ਹੈ। ਹਾਲਾਂਕਿ, ਕੰਪਨੀ ਦੇ ਕਾਰੋਬਾਰ ਨੂੰ ਲਗਾਤਾਰ ਵੱਡੇ ਨਿਵੇਸ਼ ਦੀ ਲੋੜ, ਸਾਈਬਰ ਸੁਰੱਖਿਆ ਅਤੇ ਨੈੱਟਵਰਕ ਨਾਲ ਜੁੜੇ ਜੋਖ਼ਮ ਵੀ ਧਿਆਨ 'ਚ ਰੱਖਣੇ ਚਾਹੀਦੇ ਹਨ।
Publish Date: Tue, 20 Oct 2026 01:17 PM (IST)
Updated Date: Tue, 20 Oct 2026 01:31 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਚਰਚਿਤ IPO 'ਚ ਪੈਸਾ ਲਗਾਉਣ ਦਾ ਮੌਕਾ ਹੁਣ ਸਿਰਫ਼ ਇਕ ਦਿਨ ਦੂਰ ਹੈ। ਮੁਕੇਸ਼ ਅੰਬਾਨੀ (Mukesh Ambani) ਦੀ ਕੰਪਨੀ ਜਿਓ ਪਲੇਟਫਾਰਮਜ਼ (Jio Platforms) ਦਾ IPO ਕੱਲ੍ਹ ਯਾਨੀ 21 ਅਕਤੂਬਰ ਤੋਂ ਖੁੱਲ੍ਹਣ ਜਾ ਰਿਹਾ ਹੈ। ਬਾਜ਼ਾਰ 'ਚ ਇਸ ਮੈਗਾ IPO ਨੂੰ ਲੈ ਕੇ ਜ਼ੋਰਦਾਰ ਚਰਚਾ ਹੈ ਅਤੇ ਗ੍ਰੇ ਮਾਰਕੀਟ ਪ੍ਰੀਮੀਅਮ (GMP) 'ਚ ਤੇਜ਼ੀ ਨੇ ਨਿਵੇਸ਼ਕਾਂ ਦੀ ਦਿਲਚਸਪੀ ਹੋਰ ਵਧਾ ਦਿੱਤੀ ਹੈ। ਇਸ਼ੂ ਖੁੱਲ੍ਹਣ ਤੋਂ ਠੀਕ ਪਹਿਲਾਂ GMP ਲਗਪਗ ₹245 ਤੱਕ ਪਹੁੰਚ ਗਿਆ ਹੈ, ਜੋ ਉੱਪਰੀ ਪ੍ਰਾਈਸ ਬੈਂਡ ਦੇ ਮੁਕਾਬਲੇ ਕਰੀਬ 22 ਫ਼ੀਸਦੀ ਪ੍ਰੀਮੀਅਮ ਦਾ ਸੰਕੇਤ ਦਿੰਦਾ ਹੈ।
GMP ਤੋਂ ਕਿੰਨੀ ਕਮਾਈ ਦਾ ਸੰਕੇਤ?
ਇਕਨਾਮਿਕ ਟਾਈਮਜ਼ ਦੀ 20 ਅਕਤੂਬਰ ਦੀ ਰਿਪੋਰਟ ਮੁਤਾਬਕ, ਜਿਓ IPO ਦਾ GMP ₹245 ਹੈ। ਕੰਪਨੀ ਨੇ ਸ਼ੇਅਰ ਦੀ ਕੀਮਤ ਦਾ ਬੈਂਡ ₹1,065 ਤੋਂ ₹1,119 ਤੈਅ ਕੀਤਾ ਹੈ। ਅਜਿਹੇ 'ਚ ਉੱਪਰੀ ਪ੍ਰਾਈਸ ਬੈਂਡ ਦੇ ਆਧਾਰ 'ਤੇ ਸ਼ੇਅਰ ਦੀ ਸੰਭਾਵਿਤ ਲਿਸਟਿੰਗ ਕੀਮਤ ਲਗਪਗ ₹1,364 ਬਣਦੀ ਹੈ।
- IPO ਦਾ ਅੱਪਰ ਪ੍ਰਾਈਸ ਬੈਂਡ: ₹1,119
- ਮੌਜੂਦਾ GMP: ₹245
- ਸੰਭਾਵੀ ਲਿਸਟਿੰਗ ਕੀਮਤ: ₹1,364
- ਪ੍ਰਤੀ ਸ਼ੇਅਰ ਸੰਭਾਵਿਤ ਅੰਤਰ: ₹245
- ਸੰਕੇਤਕ ਪ੍ਰੀਮੀਅਮ: ਲਗਪਗ 22%
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ GMP ਗ਼ੈਰ-ਰਸਮੀ ਬਾਜ਼ਾਰ ਦਾ ਅਨੁਮਾਨ ਹੈ। ਇਹ ਲਿਸਟਿੰਗ 'ਤੇ ਹੋਣ ਵਾਲੇ ਮੁਨਾਫ਼ੇ ਦੀ ਗਾਰੰਟੀ ਨਹੀਂ ਦਿੰਦਾ।
₹30,213 ਕਰੋੜ ਦਾ ਦੇਸ਼ ਦਾ ਸਭ ਤੋਂ ਵੱਡਾ IPO
ਜੀਓ ਪਲੇਟਫਾਰਮਜ਼ ਦਾ ਇਹ ਇਸ਼ੂ ਲਗਪਗ ₹30,213 ਕਰੋੜ ਦਾ ਹੈ। ਇਸ ਰਾਹੀਂ ਕੰਪਨੀ 27 ਕਰੋੜ ਨਵੇਂ ਸ਼ੇਅਰ ਜਾਰੀ ਕਰੇਗੀ। ਇਸ ਆਕਾਰ ਨਾਲ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO ਬਣ ਸਕਦਾ ਹੈ। ਇਸ ਤੋਂ ਪਹਿਲਾਂ ਅਕਤੂਬਰ 2024 'ਚ ਹੁੰਡਈ ਮੋਟਰ ਇੰਡੀਆ ਦਾ ₹27,856 ਕਰੋੜ ਦਾ IPO ਸਭ ਤੋਂ ਵੱਡਾ ਸੀ।
IPO ਲਈ 21 ਅਕਤੂਬਰ ਤੋਂ 23 ਅਕਤੂਬਰ ਤੱਕ ਅਰਜ਼ੀ ਦਿੱਤੀ ਜਾ ਸਕੇਗੀ। ਸ਼ੇਅਰਾਂ ਦਾ ਪ੍ਰਾਈਸ ਬੈਂਡ ₹1,065 ਤੋਂ ₹1,119 ਹੈ। ਰਿਟੇਲ ਨਿਵੇਸ਼ਕਾਂ ਲਈ ਇਕ ਲਾਟ 'ਚ 12 ਸ਼ੇਅਰ ਰੱਖੇ ਗਏ ਹਨ। ਉੱਪਰੀ ਪ੍ਰਾਈਸ ਬੈਂਡ 'ਤੇ ਇਕ ਲਾਟ ਲਈ ਘੱਟੋ-ਘੱਟ ₹13,428 ਨਿਵੇਸ਼ ਕਰਨੇ ਪੈਣਗੇ।
ਇਕੱਠੀ ਕੀਤੀ ਰਕਮ ਦਾ ਕੀ ਕਰੇਗੀ ਕੰਪਨੀ?
ਜਿਓ ਪਲੇਟਫਾਰਮਜ਼ ਦੇ IPO ਤੋਂ ਮਿਲਣ ਵਾਲੀ ਰਕਮ 'ਚੋਂ ₹27,500 ਕਰੋੜ ਆਪਣੀ ਮੁੱਖ ਸਹਾਇਕ ਕੰਪਨੀ ਰਿਲਾਇੰਸ ਜਿਓ ਇਨਫੋਕਾਮ ਦੇ ਕੁਝ ਕਰਜ਼ਿਆਂ ਦੀ ਅਦਾਇਗੀ ਕਰਨ ਜਾਂ ਸਮੇਂ ਤੋਂ ਪਹਿਲਾਂ ਕਰਜ਼ਾ ਚੁਕਾਉਣ ਲਈ ਵਰਤੇਗੀ। ਬਾਕੀ ਰਕਮ ਦੀ ਵਰਤੋਂ ਆਮ ਕਾਰਪੋਰੇਟ ਲੋੜਾਂ ਲਈ ਕੀਤੀ ਜਾ ਸਕਦੀ ਹੈ।
ਕੀ IPO 'ਚ ਨਿਵੇਸ਼ ਕਰਨਾ ਚਾਹੀਦਾ ਹੈ?
ਜੀਓ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਵਿਸ਼ਾਲ ਟੈਲੀਕਾਮ ਨੈੱਟਵਰਕ ਅਤੇ ਡਿਜੀਟਲ ਕਾਰੋਬਾਰ ਹੈ। ਕੰਪਨੀ ਮੋਬਾਈਲ ਕਨੈਕਟੀਵਿਟੀ ਤੋਂ ਇਲਾਵਾ ਬ੍ਰਾਡਬੈਂਡ, ਐਂਟਰਪ੍ਰਾਈਜ਼ ਤਕਨਾਲੋਜੀ ਅਤੇ ਡਿਜੀਟਲ ਸੇਵਾਵਾਂ ਦੇ ਖੇਤਰ 'ਚ ਵੀ ਕੰਮ ਕਰਦੀ ਹੈ।
ਬ੍ਰੋਕਰੇਜ ਫਰਮ Emkay Global ਨੇ ਇਸ IPO ਨੂੰ 'ਸਬਸਕ੍ਰਾਈਬ' ਕਰਨ ਦੀ ਸਲਾਹ ਦਿੱਤੀ ਹੈ। ਹਾਲਾਂਕਿ, ਕੰਪਨੀ ਦੇ ਕਾਰੋਬਾਰ ਨੂੰ ਲਗਾਤਾਰ ਵੱਡੇ ਨਿਵੇਸ਼ ਦੀ ਲੋੜ, ਸਾਈਬਰ ਸੁਰੱਖਿਆ ਅਤੇ ਨੈੱਟਵਰਕ ਨਾਲ ਜੁੜੇ ਜੋਖ਼ਮ ਵੀ ਧਿਆਨ 'ਚ ਰੱਖਣੇ ਚਾਹੀਦੇ ਹਨ।