ਦੇਸ਼ ਦੇ ਤਿੰਨ ਸਭ ਤੋਂ ਅਮੀਰ ਮੁੱਖ ਮੰਤਰੀ ਹੁਣ ਦੱਖਣ ਭਾਰਤ ਤੋਂ ਹੀ ਹਨ। ਡੀਕੇ ਸ਼ਿਵਕੁਮਾਰ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ 931 ਕਰੋੜ ਰੁਪਏ ਨਾਲ ਦੂਜੇ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ਼ ਵਿਜੇ 648 ਕਰੋੜ ਰੁਪਏ ਦੇ ਨਾਲ ਤੀਜੇ ਸਥਾਨ 'ਤੇ ਹਨ।

ਆਸ਼ੀਸ਼ ਕੁਸ਼ਵਾਹਾ, ਨਵੀਂ ਦਿੱਲੀ : ਦੇਸ਼ ਦੀ ਰਾਜਨੀਤੀ 'ਚ ਲੀਡਰਾਂ ਦੀ ਜਾਇਦਾਦ ਨੂੰ ਲੈ ਕੇ ਹਮੇਸ਼ਾ ਚਰਚਾ ਹੁੰਦੀ ਹੈ ਪਰ ਇਸ ਵਾਰ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ADR) ਦੀ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਰਨਾਟਕ ਦੇ ਕੱਦਾਵਰ ਨੇਤਾ ਡੀਕੇ ਸ਼ਿਵਕੁਮਾਰ (DK Shivakumar) ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਬਣਨ ਜਾ ਰਹੇ ਹਨ। ਚੋਣ ਹਲਫ਼ਨਾਮੇ ਮੁਤਾਬਕ, ਉਨ੍ਹਾਂ ਦੀ ਕੁੱਲ ਐਲਾਨੀ ਸੰਪਤੀ ₹1,413 ਕਰੋੜ ਰੁਪਏ ਹੈ।
ਦਿਲਚਸਪ ਗੱਲ ਇਹ ਹੈ ਕਿ ਦੇਸ਼ ਦੇ ਤਿੰਨ ਸਭ ਤੋਂ ਅਮੀਰ ਮੁੱਖ ਮੰਤਰੀ ਹੁਣ ਦੱਖਣ ਭਾਰਤ ਤੋਂ ਹੀ ਹਨ। ਡੀਕੇ ਸ਼ਿਵਕੁਮਾਰ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ 931 ਕਰੋੜ ਰੁਪਏ ਨਾਲ ਦੂਜੇ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ਼ ਵਿਜੇ 648 ਕਰੋੜ ਰੁਪਏ ਦੇ ਨਾਲ ਤੀਜੇ ਸਥਾਨ 'ਤੇ ਹਨ। ਆਓ ਜਾਣਦੇ ਹਾਂ ਕਿ ਡੀਕੇ ਸ਼ਿਵਕੁਮਾਰ ਨੇ ਆਪਣਾ ਪੈਸਾ ਕਿੱਥੇ-ਕਿੱਥੇ ਨਿਵੇਸ਼ ਕੀਤਾ ਹੈ।
ਡੀਕੇ ਸ਼ਿਵਕੁਮਾਰ ਦੀ ਜਾਇਦਾਦ ਪਿਛਲੇ 15 ਸਾਲਾਂ 'ਚ 4287% ਤੋਂ ਜ਼ਿਆਦਾ ਵਧੀ ਹੈ। ਸਾਲ 2008 'ਚ ਉਨ੍ਹਾਂ ਦੀ ਐਲਾਨੀ ਜਾਇਦਾਦ ਮਹਿਜ਼ ₹75.5 ਕਰੋੜ ਸੀ। ਇਸ ਤੋਂ ਬਾਅਦ 2013 'ਚ ਵਧ ਕੇ ₹251 ਕਰੋੜ ਹੋਈ। ਉੱਥੇ ਹੀ 2018 'ਚ ਇਹ ਅੰਕੜਾ ₹840 ਕਰੋੜ ਤਕ ਪਹੁੰਚ ਗਿਆ। 2023 ਤਕ ਦੇ ਮਿਲੇ ਹਲਫ਼ਨਾਮੇ ਮੁਤਾਬਕ ਦੌਲਤ ਵਧ ਕੇ ₹1,413 ਕਰੋੜ ਰੁਪਏ ਤਕ ਹੋ ਗਈ ਹੈ।
ਇਸ ਜਾਇਦਾਦ ਦਾ ਵੱਡਾ ਹਿੱਸਾ ਉਨ੍ਹਾਂ ਨੂੰ ਆਪਣੇ ਪਿਤਾ ਤੇ ਦਾਦੀ ਦੀ ਵਸੀਅਤ ਤੋਂ ਮਿਲੀ ਖੇਤੀ ਦੀ ਜ਼ਮੀਨ, ਜ਼ਮੀਨਾਂ ਦੇ ਵਧਦੇ ਭਾਅ ਤੇ ਰੀਅਲ ਅਸਟੇਟ ਨਿਵੇਸ਼ ਕਾਰਨ ਹੋਇਆ ਹੈ। ਬੈਂਗਲੁਰੂ, ਮੈਸੂਰ, ਕਨਕਪੁਰਾ ਤੇ ਦਿੱਲੀ ਵਰਗੀਆਂ ਥਾਵਾਂ 'ਤੇ ਉਨ੍ਹਾਂ ਦੀਆਂ ਕਮਰਸ਼ੀਅਲ ਤੇ ਰਿਹਾਇਸ਼ੀ ਪ੍ਰਾਪਰਟੀਆਂ ਹਨ, ਜਿਨ੍ਹਾਂ ਵਿਚ ਬੈਂਗਲੁਰੂ ਦਾ ਵੱਡਾ ਮਾਲ ਵੀ ਸ਼ਾਮਲ ਹੈ।
ਡੀਕੇ ਸ਼ਿਵਕੁਮਾਰ ਦਾ ਪੋਰਟਫੋਲੀਓ ਕਾਫ਼ੀ ਡਾਇਵਰਸੀਫਾਈਡ ਹੈ। ਉਨ੍ਹਾਂ ਸਰਕਾਰੀ ਬੈਂਕਾਂ ਤੋਂ ਲੈ ਕੇ ਪ੍ਰਾਈਵੇਟ ਪ੍ਰੋਜੈਕਟਾਂ ਤੇ ਰੀਅਲ ਅਸਟੇਟ ਫਰਮਾਂ 'ਚ ਨਿਵੇਸ਼ ਕੀਤਾ ਹੈ। ਉਨ੍ਹਾਂ ਦੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਨੇ ਯੂਨੀਅਨ ਬੈਂਕ ਆਫ਼ ਇੰਡੀਆ ਦੇ 2,933 ਸ਼ੇਅਰ ਤੇ 1,469 ਸ਼ੇਅਰ ਖਰੀਦੇ ਹਨ ਜਿਸਦੀ ਕੁੱਲ ਵੈਲਿਊ 12 ਲੱਖ ਰੁਪਏ ਤੋਂ ਵੱਧ ਹੈ। ਬੈਂਕ ਆਫ਼ ਬੜੌਦਾ ਦੇ ਉਨ੍ਹਾਂ ਨੇ 200 ਸ਼ੇਅਰ ਖਰੀਦੇ ਹਨ।
ਆਦਰਸ਼ ਇਨ (P) ਲਿਮਟਿਡ: 42,818 ਸ਼ੇਅਰ (ਵੈਲਿਊ ₹2.14 ਕਰੋੜ ਤੋਂ ਵੱਧ)
ਕੌਸਤੁਭ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ: 50,429 ਸ਼ੇਅਰ ਅਤੇ 261 ਸ਼ੇਅਰ
ਵੀਕ੍ਰਾਸ ਡਿਵੈਲਪਰਸ ਪ੍ਰਾਈਵੇਟ ਲਿਮਟਿਡ: 15,300 ਸ਼ੇਅਰ, 14,700 ਸ਼ੇਅਰ ਅਤੇ ਲੱਖਾਂ ਦੇ ਡਿਬੈਂਚਰਜ਼
ਡਿਵਿਨਿਟੀ ਸਪੇਸੇਜ਼ LLP: ਕੈਪੀਟਲ ਅਕਾਊਂਟ ਵਿੱਚ ₹78 ਲੱਖ
ਪ੍ਰਿੰਸੀਪਲ ਜੂਨੀਅਰ ਕੈਪ ਫੰਡ (ਵਿਜਯਾ ਬੈਂਕ): ਕੁੱਲ 5,000 ਯੂਨਿਟਸ
ਮੈਸੂਰ ਫੀਡਸ ਪ੍ਰਾਈਵੇਟ ਲਿਮਟਿਡ: 7,582 ਸ਼ੇਅਰ
ਜਿੱਥੇ ਦੇਸ਼ ਦੇ ਕਈ ਆਗੂ ਸਾਦਗੀ ਦਾ ਚੋਲਾ ਪਹਿਨਣਾ ਪਸੰਦ ਕਰਦੇ ਹਨ, ਉੱਥੇ ਹੀ ਡੀਕੇ ਸ਼ਿਵਕੁਮਾਰ ਆਪਣੀ ਲਗਜ਼ਰੀ ਲਾਈਫਸਟਾਈਲ ਨੂੰ ਲੁਕਾਉਂਦੇ ਨਹੀਂ ਹਨ। ਉਨ੍ਹਾਂ ਦੇ ਵਾਰਡਰੋਬ 'ਚ ਦੁਨੀਆ ਦੇ ਸਭ ਤੋਂ ਮਹਿੰਗੇ ਤੇ ਮਸ਼ਹੂਰ ਬ੍ਰਾਂਡ ਸ਼ਾਮਲ ਹਨ। ਉਹ ਅਕਸਰ Louis Vuitton, Chanel, Prada, Burberry ਅਤੇ Gucci ਵਰਗੇ ਬ੍ਰਾਂਡਾਂ ਦੇ ਕੱਪੜਿਆਂ ਤੇ ਸਕਾਰਫ਼ 'ਚ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ Rolex ਤੇ Cartier ਵਰਗੀਆਂ ਪ੍ਰੀਮੀਅਮ ਘੜੀਆਂ ਦਾ ਵੀ ਸ਼ੌਕ ਹੈ। ਉਨ੍ਹਾਂ ਦੀ ਕਮੀਜ਼ ਅਤੇ ਕੁੜਤੇ 'ਤੇ ਉਨ੍ਹਾਂ ਦਾ ਪਰਸਨਲ ਸਿਗਨੇਚਰ 'dk' ਮੋਨੋਗ੍ਰਾਮ ਵੀ ਕਢਾਈ ਨਾਲ ਬਣਿਆ ਹੁੰਦਾ ਹੈ।
ਆਪਣੀ ਦੌਲਤ ਅਤੇ ਵਿਰੋਧੀਆਂ ਦੇ ਦੋਸ਼ਾਂ 'ਤੇ ਡੀਕੇ ਸ਼ਿਵਕੁਮਾਰ ਹਮੇਸ਼ਾ ਖੁੱਲ੍ਹ ਕੇ ਬੋਲਦੇ ਰਹੇ ਹਨ। ਉਨ੍ਹਾਂ ਇਕ ਇੰਟਰਵਿਊ 'ਚ ਕਿਹਾ ਸੀ, "ਦੇਸ਼ ਅਤੇ ਰਾਜ ਦੇ ਕਈ ਹੋਰ ਨੇਤਾਵਾਂ ਦੀਆਂ ਜਾਇਦਾਦਾਂ ਉਨ੍ਹਾਂ ਦੀਆਂ ਕੰਪਨੀਆਂ ਦੇ ਨਾਂ 'ਤੇ ਛਿਪੀਆਂ ਹੁੰਦੀਆਂ ਹਨ। ਪਰ ਮੈਂ ਆਪਣੀ ਜਾਇਦਾਦ ਤੇ ਦੇਣਦਾਰੀਆਂ ਨੂੰ ਲੈ ਕੇ ਬਿਲਕੁਲ ਸਿੱਧਾ ਅਤੇ ਪਾਰਦਰਸ਼ੀ ਹਾਂ। ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਹਰ ਇੱਕ ਸੰਪਤੀ ਨੂੰ ਹਲਫ਼ਨਾਮੇ ਵਿੱਚ ਸਾਫ਼-ਸਾਫ਼ ਦਿਖਾਇਆ ਹੈ।"
ਉਨ੍ਹਾਂ ਦੀ ਕੁੱਲ ₹1,413 ਕਰੋੜ ਦੀ ਸੰਪਤੀ 'ਚੋਂ ₹1,140 ਕਰੋੜ ਦੀ ਅਚੱਲ ਸੰਪਤੀ ਤੇ ₹273 ਕਰੋੜ ਦੀ ਚੱਲ ਸੰਪਤੀ ਸ਼ਾਮਲ ਹੈ, ਜਦਕਿ ਉਨ੍ਹਾਂ 'ਤੇ ₹265 ਕਰੋੜ ਦਾ ਕਰਜ਼ਾ ਵੀ ਹੈ।