ਭਾਰਤ ਦੇ ਸਭ ਤੋਂ ਪੁਰਾਣੇ ਹਲਵਾਈ : 231 ਸਾਲ ਤਕ ਪੁਰਾਣਾ ਹੈ ਇਤਿਹਾਸ, 231 ਸਾਲ ਪੁਰਾਣਾ ਇਤਿਹਾਸ, ਲਾਹੌਰ-ਕਰਾਚੀ ਦਾ ਸੁਆਦ ਦਿੱਲੀ-ਮੁੰਬਈ ਦੇ ਲੋਕਾਂ ਨੂੰ ਵੀ ਆਇਆ ਖ਼ੂਬ ਪਸੰਦ
ਧਨਤੇਰਸ, ਦੀਵਾਲੀ (Diwali 2026) ਅਤੇ ਨਵੇਂ ਸਾਲ ਵਰਗੇ ਮੌਕਿਆਂ 'ਤੇ ਇਸ ਦੀ ਮੰਗ ਹੋਰ ਵੀ ਤੇਜ਼ੀ ਨਾਲ ਵਧ ਜਾਂਦੀ ਹੈ। ਪਰ ਇਸ ਚਮਕਦੇ ਬਾਜ਼ਾਰ 'ਚ ਕੁਝ ਅਜਿਹੇ ਨਾਮ ਵੀ ਹਨ, ਜਿਨ੍ਹਾਂ ਨੇ ਅੱਜ ਤੋਂ ਦੋ-ਤਿੰਨ ਸਦੀਆਂ ਪਹਿਲਾਂ ਆਪਣੇ ਛੋਟੇ ਜਿਹੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਕਈ ਦੁਕਾਨਾਂ ਅੱਜ ਵੀ ਗਾਹਕਾਂ ਨੂੰ ਆਪਣੇ ਪੁਰਾਣੇ ਸੁਆਦ ਦਾ ਅਹਿਸਾਸ ਕਰਵਾ ਰਹੀਆਂ ਹਨ।
Publish Date: Sat, 07 Nov 2026 01:21 PM (IST)
Updated Date: Sat, 07 Nov 2026 01:30 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ 'ਚ ਮਠਿਆਈਆਂ ਦਾ ਕਾਰੋਬਾਰ ਸਿਰਫ਼ ਸੁਆਦ ਤਕ ਸੀਮਤ ਨਹੀਂ ਹੈ, ਸਗੋਂ ਇਸ ਨਾਲ ਸੈਂਕੜੇ ਸਾਲ ਪੁਰਾਣੀਆਂ ਪਰੰਪਰਾਵਾਂ ਤੇ ਕਾਰੋਬਾਰੀ ਵਿਰਾਸਤ ਵੀ ਜੁੜੀ ਹੋਈ ਹੈ। ਤਿਉਹਾਰ ਹੋਵੇ, ਵਿਆਹ-ਸ਼ਾਦੀ ਹੋਵੇ ਜਾਂ ਕੋਈ ਖ਼ਾਸ ਜਸ਼ਨ, ਮਿਠਾਈ ਤੋਂ ਬਿਨਾਂ ਹਰ ਖੁਸ਼ੀ ਅਧੂਰੀ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਕਿ ਦੇਸ਼ 'ਚ ਮਿਠਾਈਆਂ ਦਾ ਕਾਰੋਬਾਰ ਲਗਪਗ 50,000 ਕਰੋੜ ਰੁਪਏ ਤੋਂ ਵੀ ਵੱਧ ਦਾ ਮੰਨਿਆ ਜਾਂਦਾ ਹੈ।
ਧਨਤੇਰਸ, ਦੀਵਾਲੀ (Diwali 2026) ਅਤੇ ਨਵੇਂ ਸਾਲ ਵਰਗੇ ਮੌਕਿਆਂ 'ਤੇ ਇਸ ਦੀ ਮੰਗ ਹੋਰ ਵੀ ਤੇਜ਼ੀ ਨਾਲ ਵਧ ਜਾਂਦੀ ਹੈ। ਪਰ ਇਸ ਚਮਕਦੇ ਬਾਜ਼ਾਰ 'ਚ ਕੁਝ ਅਜਿਹੇ ਨਾਮ ਵੀ ਹਨ, ਜਿਨ੍ਹਾਂ ਨੇ ਅੱਜ ਤੋਂ ਦੋ-ਤਿੰਨ ਸਦੀਆਂ ਪਹਿਲਾਂ ਆਪਣੇ ਛੋਟੇ ਜਿਹੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਕਈ ਦੁਕਾਨਾਂ ਅੱਜ ਵੀ ਗਾਹਕਾਂ ਨੂੰ ਆਪਣੇ ਪੁਰਾਣੇ ਸੁਆਦ ਦਾ ਅਹਿਸਾਸ ਕਰਵਾ ਰਹੀਆਂ ਹਨ। ਆਓ ਜਾਣਦੇ ਹਾਂ ਦੇਸ਼ ਦੀਆਂ ਕੁਝ ਅਜਿਹੀਆਂ ਇਤਿਹਾਸਕ ਮਿਠਾਈਆਂ ਦੀਆਂ ਦੁਕਾਨਾਂ ਬਾਰੇ।
ਭਗਤ ਹਲਵਾਈ: 1795 'ਚ ਰੱਖੀ ਗਈ ਸੀ ਕਾਰੋਬਾਰ ਦੀ ਨੀਂਹ
ਆਗਰਾ ਦੀ ਪਛਾਣ ਸਿਰਫ਼ ਤਾਜ ਮਹਿਲ ਅਤੇ ਪੇਠੇ ਤੱਕ ਸੀਮਤ ਨਹੀਂ ਹੈ। ਇੱਥੇ 1795 'ਚ ਸ਼ੁਰੂ ਹੋਇਆ ਭਗਤ ਹਲਵਾਈ ਵੀ ਆਪਣੀ ਵੱਖਰੀ ਪਛਾਣ ਰੱਖਦਾ ਹੈ। ਲੇਖ ਰਾਜ ਭਗਤ ਨੇ ਇਸ ਮਿਠਾਈ ਦੀ ਦੁਕਾਨ ਦੀ ਨੀਂਹ ਰੱਖੀ ਸੀ। 231 ਸਾਲ ਦਾ ਸਫ਼ਰ ਪੂਰਾ ਕਰ ਚੁੱਕਾ ਇਹ ਕਾਰੋਬਾਰ ਅੱਜ ਵੀ ਮਿਠਾਈਆਂ ਦੇ ਨਾਲ-ਨਾਲ ਸਨੈਕਸ ਦੇ ਬਾਜ਼ਾਰ 'ਚ ਸਰਗਰਮ ਹੈ। ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ 322 ਰੁਪਏ ਤੋਂ ਲੈ ਕੇ 1,000 ਰੁਪਏ ਤੋਂ ਵੱਧ ਕੀਮਤ ਵਾਲੇ ਪੈਕ 'ਚ ਉਪਲਬਧ ਹਨ। ਇੰਨੇ ਲੰਬੇ ਸਮੇਂ ਬਾਅਦ ਵੀ ਇਸ ਨਾਮ ਦਾ ਕਾਰੋਬਾਰ 'ਚ ਬਣੇ ਰਹਿਣਾ ਇਸ ਦੀ ਖ਼ਾਸ ਪਛਾਣ ਹੈ।
ਘਸੀਟਾਰਾਮ ਸਵੀਟਸ: ਕਰਾਚੀ ਤੋਂ ਮੁੰਬਈ ਪਹੁੰਚਿਆ ਸੁਆਦ
ਘਸੀਟਾਰਾਮ ਸਵੀਟਸ ਦੀ ਕਹਾਣੀ ਭਾਰਤ-ਪਾਕਿਸਤਾਨ ਦੀ ਵੰਡ ਨਾਲ ਵੀ ਜੁੜੀ ਹੋਈ ਹੈ। ਇਸ ਕਾਰੋਬਾਰ ਦੀ ਸ਼ੁਰੂਆਤ 1916 'ਚ ਘਸੀਟਾਰਾਮ ਦਾਸ ਬਜਾਜ ਨੇ ਕਰਾਚੀ 'ਚ ਕੀਤੀ ਸੀ। ਉਸ ਸਮੇਂ ਕਰਾਚੀ ਅਣਵੰਡੇ ਭਾਰਤ ਦਾ ਹਿੱਸਾ ਸੀ। 1947 'ਚ ਦੇਸ਼ ਦੀ ਵੰਡ ਤੋਂ ਬਾਅਦ ਪਰਿਵਾਰ ਨੂੰ ਆਪਣਾ ਕਾਰੋਬਾਰ ਨਵੇਂ ਸਿਰੇ ਤੋਂ ਖੜ੍ਹਾ ਕਰਨਾ ਪਿਆ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੋਵਰਧਨਦਾਸ ਬਜਾਜ ਨੇ ਮੁੰਬਈ 'ਚ ਇਸ ਕਾਰੋਬਾਰ ਨੂੰ ਮੁੜ ਸ਼ੁਰੂ ਕੀਤਾ। ਅੱਜ ਇਹ ਬ੍ਰਾਂਡ ਬੇਸਣ ਦੇ ਲੱਡੂ, ਪੇੜਾ, ਕਾਜੂ ਕਤਲੀ ਸਮੇਤ ਕਈ ਰਵਾਇਤੀ ਮਿਠਾਈਆਂ ਲਈ ਜਾਣਿਆ ਜਾਂਦਾ ਹੈ।
ਪਾਰਸੀ ਡੇਅਰੀ ਫਾਰਮ: 1916 ਤੋਂ ਬਰਕਰਾਰ ਹੈ ਪੁਰਾਣੀ ਪਛਾਣ
ਮੁੰਬਈ ਦੇ ਪਾਰਸੀ ਡੇਅਰੀ ਫਾਰਮ ਨੇ ਵੀ 1916 'ਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਹ ਦੁਕਾਨ ਸਿਰਫ਼ ਮਿਠਾਈਆਂ ਲਈ ਹੀ ਨਹੀਂ, ਸਗੋਂ ਰਵਾਇਤੀ ਡੇਅਰੀ ਉਤਪਾਦਾਂ ਲਈ ਵੀ ਜਾਣੀ ਜਾਂਦੀ ਹੈ। ਇੱਥੇ ਤਾਜ਼ਾ ਦੁੱਧ ਅਤੇ ਪੁਰਾਣੇ ਪਾਰਸੀ ਡੇਅਰੀ ਪਕਵਾਨਾਂ ਦੇ ਨਾਲ 80 ਤੋਂ ਵੱਧ ਕਿਸਮਾਂ ਦੀਆਂ ਮਿਠਾਈਆਂ ਮਿਲਦੀਆਂ ਹਨ। ਸਮੇਂ ਦੇ ਨਾਲ ਖਾਣ-ਪੀਣ ਦੀ ਪਸੰਦ ਬਦਲੀ ਹੈ, ਪਰ ਇਸ ਡੇਅਰੀ ਫਾਰਮ ਨੇ ਆਪਣੇ ਰਵਾਇਤੀ ਉਤਪਾਦਾਂ ਦੀ ਪਛਾਣ ਬਰਕਰਾਰ ਰੱਖੀ ਹੈ।
ਕੰਵਰਜੀ ਮਿਠਾਈ ਵਾਲੇ: 1850 ਤੋਂ ਮਿਠਾਸ ਵੰਡ ਰਿਹਾ ਹੈ ਇਹ ਨਾਮ
ਦਿੱਲੀ ਦੇ ਚਾਂਦਨੀ ਚੌਕ ਦੀਆਂ ਗਲੀਆਂ 'ਚ ਖਾਣ-ਪੀਣ ਦੇ ਕਈ ਪੁਰਾਣੇ ਟਿਕਾਣੇ ਮੌਜੂਦ ਹਨ। ਇਨ੍ਹਾਂ 'ਚੋਂ ਇੱਕ ਨਾਮ ਕੰਵਰਜੀ ਮਿਠਾਈ ਵਾਲਿਆਂ ਦਾ ਵੀ ਹੈ। ਇਸ ਦੀ ਸ਼ੁਰੂਆਤ 1850 'ਚ ਹੋਈ ਸੀ। ਪਰਾਂਠੇ ਵਾਲੀ ਗਲੀ ਦੇ ਆਸ-ਪਾਸ ਸਥਿਤ ਇਸ ਦੁਕਾਨ ਦੀ ਖ਼ਾਸ ਪਛਾਣ ਇਸ ਦਾ ਪਿਸਤਾ ਲੌਜ ਹੈ। ਪੁਰਾਣੀ ਦਿੱਲੀ ਦੇ ਖਾਣ-ਪੀਣ ਦੇ ਸੱਭਿਆਚਾਰ 'ਚ ਇਸ ਦੁਕਾਨ ਦਾ ਆਪਣਾ ਵੱਖਰਾ ਸਥਾਨ ਹੈ ਅਤੇ ਇਸ ਦੀ ਵਿਰਾਸਤ 170 ਸਾਲ ਤੋਂ ਵੀ ਵੱਧ ਪੁਰਾਣੀ ਹੈ।
ਕੇਸੀ ਦਾਸ: ਰਸਗੁੱਲੇ ਨੂੰ ਡੱਬੇ 'ਚ ਬੰਦ ਕਰ ਦੁਨੀਆ ਤੱਕ ਪਹੁੰਚਾਇਆ
ਕੋਲਕਾਤਾ ਦੀਆਂ ਮਿਠਾਈਆਂ ਦਾ ਜ਼ਿਕਰ ਰਸਗੁੱਲੇ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ। ਇਸੇ ਰਸਗੁੱਲੇ ਨੂੰ ਨਵੀਂ ਪਛਾਣ ਦੇਣ ਵਾਲੇ ਨਾਮਾਂ 'ਚ ਕੇਸੀ ਦਾਸ ਦਾ ਮਹੱਤਵਪੂਰਨ ਸਥਾਨ ਹੈ। ਇਸ ਕਾਰੋਬਾਰ ਦੀ ਸ਼ੁਰੂਆਤ 1866 'ਚ ਹੋਈ ਸੀ। ਇਸ ਦੇ ਸੰਸਥਾਪਕ ਕੇਸੀ ਦਾਸ ਦੇ ਨਾਮ ਨਾਲ ਜੁੜੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ 'ਚ 1930 'ਚ ਡੱਬਾਬੰਦ ਰਸਗੁੱਲਾ ਲਾਂਚ ਕਰਨਾ ਸ਼ਾਮਲ ਹੈ। ਇਸ ਪਹਿਲਕਦਮੀ ਨੇ ਰਸਗੁੱਲੇ ਨੂੰ ਸਿਰਫ਼ ਦੁਕਾਨਾਂ ਤੱਕ ਸੀਮਤ ਰੱਖਣ ਦੀ ਬਜਾਏ ਦੂਰ-ਦੁਰਾਡੇ ਦੇ ਬਾਜ਼ਾਰਾਂ ਤੱਕ ਪਹੁੰਚਾਉਣ ਦਾ ਰਾਹ ਖੋਲ੍ਹਿਆ।
ਚੈਨਾ ਰਾਮ ਸਿੰਧੀ ਕਨਫੈਕਸ਼ਨਰਜ਼: ਲਾਹੌਰ ਤੋਂ ਦਿੱਲੀ ਤਕ ਦਾ ਸਫ਼ਰ
ਪੁਰਾਣੀ ਦਿੱਲੀ ਦੇ ਚਾਂਦਨੀ ਚੌਕ 'ਚ ਮੌਜੂਦ ਚੈਨਾ ਰਾਮ ਸਿੰਧੀ ਕਨਫੈਕਸ਼ਨਰਜ਼ ਦੀ ਕਹਾਣੀ ਵੀ ਦੇਸ਼ ਦੀ ਵੰਡ ਨਾਲ ਜੁੜੀ ਹੋਈ ਹੈ। ਇਸ ਦੁਕਾਨ ਦੀ ਸ਼ੁਰੂਆਤ 1947 'ਚ ਹੋਈ ਸੀ, ਪਰ ਇਸ ਦਾ ਇਤਿਹਾਸ ਇਸ ਤੋਂ ਪਹਿਲਾਂ ਲਾਹੌਰ ਦੇ ਅਨਾਰਕਲੀ ਬਾਜ਼ਾਰ ਨਾਲ ਜੁੜਿਆ ਹੋਇਆ ਹੈ। ਵੰਡ ਤੋਂ ਬਾਅਦ ਕਾਰੋਬਾਰ ਦਿੱਲੀ ਪਹੁੰਚਿਆ ਅਤੇ ਚਾਂਦਨੀ ਚੌਕ 'ਚ ਇਸ ਦੀ ਨਵੀਂ ਪਛਾਣ ਬਣੀ। ਇਸ ਤਰ੍ਹਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚੀ ਮਿਠਾਈ ਦੀ ਇਹ ਦੁਕਾਨ ਅੱਜ ਵੀ ਆਪਣੀ ਪੁਰਾਣੀ ਕਾਰੋਬਾਰੀ ਵਿਰਾਸਤ ਲਈ ਜਾਣੀ ਜਾਂਦੀ ਹੈ।
ਪੰਜਾਬੀ ਚੰਦੂ ਹਲਵਾਈ: 1896 'ਚ ਸ਼ੁਰੂ ਹੋਇਆ ਮਿਠਾਸ ਦਾ ਸਫ਼ਰ
ਪੰਜਾਬੀ ਚੰਦੂ ਹਲਵਾਈ ਦੀ ਸ਼ੁਰੂਆਤ 1896 'ਚ ਹੋਈ ਸੀ। ਇਸ ਦੇ ਸੰਸਥਾਪਕ ਚੰਦੂਲਾਲ ਬਹਿਲ ਕਰਾਚੀ ਤੋਂ ਮੁੰਬਈ ਆਏ ਸਨ ਅਤੇ ਇੱਥੇ ਉਨ੍ਹਾਂ ਨੇ ਮਿਠਾਈਆਂ ਦਾ ਕਾਰੋਬਾਰ ਖੜ੍ਹਾ ਕੀਤਾ। ਸਮੇਂ ਦੇ ਨਾਲ ਇਸ ਦੁਕਾਨ ਨੇ ਆਪਣੀ ਵੱਖਰੀ ਪਛਾਣ ਬਣਾਈ। ਇਸ ਦੀ ਸਿੰਧੀ ਜਲੇਬੀ ਖ਼ਾਸ ਤੌਰ 'ਤੇ ਮਸ਼ਹੂਰ ਹੈ। ਰਵਾਇਤੀ ਸੁਆਦ ਅਤੇ ਪੁਰਾਣੇ ਤਰੀਕਿਆਂ ਨਾਲ ਜੁੜੀ ਪਛਾਣ ਨੇ ਇਸ ਅਦਾਰੇ ਨੂੰ ਮੁੰਬਈ ਦੀਆਂ ਪੁਰਾਣੀਆਂ ਮਿਠਾਈਆਂ ਦੀਆਂ ਦੁਕਾਨਾਂ 'ਚ ਸ਼ਾਮਲ ਕਰ ਦਿੱਤਾ ਹੈ।
ਬਾਸ਼ਾ ਹਲਵਾਵਾਲਾ: ਚੇਨਈ ਦੇ ਹਲਵੇ ਦੀ ਵੱਖਰੀ ਪਛਾਣ
ਚੇਨਈ ਦੀ ਬਾਸ਼ਾ ਹਲਵਾਵਾਲਾ ਦੁਕਾਨ ਲਗਪਗ 85 ਸਾਲ ਪੁਰਾਣੀ ਹੈ। ਇੱਥੇ ਮਿਲਣ ਵਾਲਾ 'ਦਮ ਕਾ ਰੋਸਟ' ਖ਼ਾਸ ਖਿੱਚ ਦਾ ਕੇਂਦਰ ਹੈ, ਜਿਸ ਨੂੰ ਸ਼ਹਿਦ 'ਚ ਤਿਆਰ ਕੀਤਾ ਜਾਂਦਾ ਹੈ। ਹਲਵੇ ਦੀ ਇਸ ਖ਼ਾਸ ਕਿਸਮ ਤੋਂ ਇਲਾਵਾ ਦੁਕਾਨ 'ਤੇ ਕਈ ਹੋਰ ਕਿਸਮਾਂ ਵੀ ਉਪਲਬਧ ਹਨ। ਇਨ੍ਹਾਂ ਦੀ ਕੀਮਤ ਲਗਪਗ 480 ਤੋਂ 700 ਰੁਪਏ ਪ੍ਰਤੀ ਕਿਲੋ ਤੱਕ ਦੱਸੀ ਜਾਂਦੀ ਹੈ। ਦੱਖਣੀ ਭਾਰਤ ਦੀ ਮਿਠਾਈ ਪਰੰਪਰਾ 'ਚ ਇਸ ਦੁਕਾਨ ਨੇ ਆਪਣੀ ਵੱਖਰੀ ਥਾਂ ਬਣਾਈ ਹੈ।