ਸ਼ੇਅਰ ਬਾਜ਼ਾਰ 'ਚ ਹਾਹਾਕਾਰ! ਇੱਕੋ ਦਿਨ 'ਚ ਡੁੱਬੇ ਨਿਵੇਸ਼ਕਾਂ ਦੇ 5.30 ਲੱਖ ਕਰੋੜ ਰੁਪਏ, 25,400 ਤੋਂ ਹੇਠਾਂ ਬੰਦ ਹੋਇਆ ਨਿਫਟੀ
Share Market Today : ਅੱਜ ਬਾਜ਼ਾਰ 'ਚ ਆਈ ਗਿਰਾਵਟ ਕਾਰਨ ਨਿਵੇਸ਼ਕਾਂ ਦੇ 5 ਲੱਖ ਕਰੋੜ ਰੁਪਏ ਤੋਂ ਵੱਧ ਡੁੱਬ ਗਏ। ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਸਮੇਂ ਸੈਂਸੈਕਸ ਦੀਆਂ ਸਾਰੀਆਂ ਕੰਪਨੀਆਂ ਦਾ ਕੁੱਲ ਮਾਰਕੀਟ ਕੈਪੀਟਲਾਈਜ਼ੇਸ਼ਨ 5,14,18,274.69 ਕਰੋੜ ਰੁਪਏ ਸੀ, ਜੋ ਅੱਜ ਬਾਜ਼ਾਰ ਬੰਦ ਹੋਣ ਤੱਕ 5.30 ਲੱਖ ਕਰੋੜ ਰੁਪਏ ਘਟ ਕੇ 5,08,87,869.46 ਕਰੋੜ ਰੁਪਏ ਰਹਿ ਗਿਆ।
Publish Date: Mon, 23 Nov 2026 03:51 PM (IST)
Updated Date: Mon, 23 Nov 2026 03:54 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : 23 ਨਵੰਬਰ ਨੂੰ ਭਾਰਤੀ ਇਕੁਇਟੀ ਬਾਜ਼ਾਰ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਨਿਫਟੀ 25,400 ਦੇ ਪੱਧਰ ਤੋਂ ਹੇਠਾਂ ਆ ਗਿਆ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 1,483.72 ਅੰਕ ਜਾਂ 1.77 ਫ਼ੀਸਦੀ ਦੀ ਗਿਰਾਵਟ ਨਾਲ 82,435.99 'ਤੇ ਬੰਦ ਹੋਇਆ, ਜਦਕਿ ਨਿਫਟੀ 434.20 ਅੰਕ ਜਾਂ 1.68 ਫ਼ੀਸਦੀ ਡਿੱਗ ਕੇ 25,366.40 'ਤੇ ਆ ਗਿਆ।
ਅੱਜ ਬਾਜ਼ਾਰ 'ਚ ਆਈ ਗਿਰਾਵਟ ਕਾਰਨ ਨਿਵੇਸ਼ਕਾਂ ਦੇ 5 ਲੱਖ ਕਰੋੜ ਰੁਪਏ ਤੋਂ ਵੱਧ ਡੁੱਬ ਗਏ। ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਸਮੇਂ ਸੈਂਸੈਕਸ ਦੀਆਂ ਸਾਰੀਆਂ ਕੰਪਨੀਆਂ ਦਾ ਕੁੱਲ ਮਾਰਕੀਟ ਕੈਪੀਟਲਾਈਜ਼ੇਸ਼ਨ 5,14,18,274.69 ਕਰੋੜ ਰੁਪਏ ਸੀ, ਜੋ ਅੱਜ ਬਾਜ਼ਾਰ ਬੰਦ ਹੋਣ ਤੱਕ 5.30 ਲੱਖ ਕਰੋੜ ਰੁਪਏ ਘਟ ਕੇ 5,08,87,869.46 ਕਰੋੜ ਰੁਪਏ ਰਹਿ ਗਿਆ।
ਇਨ੍ਹਾਂ ਸ਼ੇਅਰਾਂ 'ਚ ਆਈ ਸਭ ਤੋਂ ਵੱਧ ਗਿਰਾਵਟ
ਨਿਫਟੀ 'ਚ ਸਭ ਤੋਂ ਵੱਧ ਗਿਰਾਵਟ ਦਰਜ ਕਰਨ ਵਾਲੇ ਸ਼ੇਅਰਾਂ 'ਚ ਟਾਟਾ ਸਟੀਲ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਹਿੰਡਾਲਕੋ ਅਤੇ ਐੱਸਬੀਆਈ ਸ਼ਾਮਲ ਰਹੇ। ਜਦਕਿ ਤੇਜ਼ੀ ਦਿਖਾਉਣ ਵਾਲੇ ਸ਼ੇਅਰਾਂ 'ਚ ਟੀਸੀਐੱਸ, ਟੈੱਕ ਮਹਿੰਦਰਾ, ਸ਼੍ਰੀਰਾਮ ਫਾਈਨਾਂਸ, ਐੱਚਸੀਐੱਲ ਟੈਕਨਾਲੋਜੀਜ਼ ਅਤੇ ਟਾਈਟਨ ਕੰਪਨੀ ਸ਼ਾਮਲ ਸਨ।
ਇਨਫਰਮੇਸ਼ਨ ਟੈਕਨਾਲੋਜੀ ਅਤੇ ਕੰਜ਼ਿਊਮਰ ਡਿਊਰੇਬਲਜ਼ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਲ ਸੂਚਕ ਅੰਕ ਗਿਰਾਵਟ ਨਾਲ ਬੰਦ ਹੋਏ। ਮੈਟਲ, ਆਇਲ ਐਂਡ ਗੈਸ, ਪੀਐੱਸਯੂ ਬੈਂਕ, ਪ੍ਰਾਈਵੇਟ ਬੈਂਕ, ਇਨਫਰਾ ਅਤੇ ਐਨਰਜੀ ਸੈਕਟਰ 'ਚ 1 ਤੋਂ 3 ਫ਼ੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਮਿਡਕੈਪ ਅਤੇ ਸਮਾਲਕੈਪ ਸੂਚਕ ਅੰਕਾਂ 'ਚ ਵੀ 0.7 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਬਾਜ਼ਾਰ 'ਚ ਗਿਰਾਵਟ ਦੇ ਇਹ ਰਹੇ 3 ਵੱਡੇ ਕਾਰਨ
1. ਮੁਨਾਫ਼ਾ ਵਸੂਲੀ (ਪ੍ਰੋਫਿਟ ਬੁਕਿੰਗ)
ਦੋਵੇਂ ਬੈਂਚਮਾਰਕ ਸੂਚਕ ਅੰਕਾਂ 'ਚ 0.7 ਫ਼ੀਸਦੀ ਤੱਕ ਦੀ ਤੇਜ਼ੀ ਆਉਣ ਤੋਂ ਬਾਅਦ ਉੱਚੇ ਪੱਧਰਾਂ 'ਤੇ ਮੁਨਾਫ਼ਾ ਵਸੂਲੀ ਦੇਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬਾਰ ਦੌਰਾਨ 65,000 ਦਾ ਨਵਾਂ ਉੱਚ ਪੱਧਰ ਛੂਹਣ ਤੋਂ ਬਾਅਦ ਬੈਂਕ ਨਿਫਟੀ 2,000 ਅੰਕਾਂ ਤੋਂ ਵੱਧ ਯਾਨੀ 3 ਫ਼ੀਸਦੀ ਡਿੱਗ ਗਿਆ। ਸੈਂਸੈਕਸ ਵੀ ਦਿਨ ਦੇ ਉੱਚ ਪੱਧਰ ਤੋਂ 1,800 ਅੰਕ ਹੇਠਾਂ ਆ ਗਿਆ।
ਪਿਛਲੇ ਚਾਰ ਹਫ਼ਤਿਆਂ 'ਚ 19.1 ਫ਼ੀਸਦੀ ਅਤੇ 18.8 ਫ਼ੀਸਦੀ ਦਾ ਵਾਧਾ ਦਰਜ ਕਰਨ ਵਾਲੇ ਬੈਂਕ ਅਤੇ ਪ੍ਰਾਈਵੇਟ ਬੈਂਕ ਸੂਚਕ ਅੰਕਾਂ 'ਚ 3-3 ਫ਼ੀਸਦੀ ਦੀ ਗਿਰਾਵਟ ਆਈ, ਜਿਸ ਨਾਲ ਬੈਂਚਮਾਰਕ ਸੂਚਕ ਅੰਕਾਂ 'ਤੇ ਦਬਾਅ ਵਧਿਆ। ਪਿਛਲੇ ਚਾਰ ਹਫ਼ਤਿਆਂ 'ਚ ਕ੍ਰਮਵਾਰ 18.3 ਫ਼ੀਸਦੀ ਅਤੇ 22.4 ਫ਼ੀਸਦੀ ਦੀ ਤੇਜ਼ੀ ਤੋਂ ਬਾਅਦ ਅੱਜ ਵਿੱਤੀ ਕੰਪਨੀਆਂ ਅਤੇ ਸਰਕਾਰੀ ਬੈਂਕਾਂ ਦੇ ਸ਼ੇਅਰਾਂ 'ਚ ਵੀ ਗਿਰਾਵਟ ਆਈ।
2. ਵਿਸ਼ਵ ਪੱਧਰ 'ਤੇ ਨਕਾਰਾਤਮਕ ਸੰਕੇਤ
ਦੱਖਣੀ ਕੋਰੀਆ ਅਤੇ ਚੀਨ ਦੇ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਪਤਾ ਲੱਗਦਾ ਹੈ ਕਿ ਏਸ਼ੀਆਈ ਅਧਿਕਾਰੀਆਂ ਵੱਲੋਂ ਸਹਾਇਤਾ ਉਪਾਅ ਕੀਤੇ ਜਾਣ ਅਤੇ ਅਮਰੀਕੀ ਬਾਜ਼ਾਰਾਂ 'ਚ ਸਥਿਰਤਾ ਦੇ ਸੰਕੇਤ ਮਿਲਣ ਦੇ ਬਾਵਜੂਦ AI ਟ੍ਰੇਡ ਨੂੰ ਲੈ ਕੇ ਨਿਵੇਸ਼ਕਾਂ ਦਾ ਭਰੋਸਾ ਅਜੇ ਵੀ ਕਮਜ਼ੋਰ ਹੈ।
ਸ਼ੁੱਕਰਵਾਰ ਨੂੰ ਵਾਲ ਸਟਰੀਟ 'ਚ ਆਈ ਗਿਰਾਵਟ ਤੋਂ ਬਾਅਦ ਬੈਂਚਮਾਰਕ ਕੋਸਪੀ (Kospi) ਸੂਚਕ ਅੰਕ 'ਚ 5.5 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਕਾਰਨ S&P 500 'ਟੈਕਨੀਕਲ ਕਰੈਕਸ਼ਨ' ਦੇ ਦੌਰ 'ਚ ਪਹੁੰਚ ਗਿਆ, ਜਦਕਿ ਨੈਸਡੈਕ 100 (Nasdaq 100) ਨੇ ਮਾਰਚ 2020 ਤੋਂ ਬਾਅਦ ਆਪਣਾ ਸਭ ਤੋਂ ਖ਼ਰਾਬ ਹਫ਼ਤਾ ਦਰਜ ਕੀਤਾ।
3. ਤਕਨੀਕੀ ਕਾਰਨ
ਮਾਹਿਰਾਂ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਅੱਗੇ ਹੋਰ ਤੇਜ਼ੀ ਦੇਖਣ ਲਈ ਨਿਫਟੀ ਦਾ 26,000 ਦੇ ਪੱਧਰ ਤੋਂ ਉੱਪਰ ਕਾਰੋਬਾਰ ਕਰਨਾ ਜ਼ਰੂਰੀ ਹੈ। ਥੋੜ੍ਹੇ ਸਮੇਂ ਦਾ ਰੁਝਾਨ ਪੂਰੀ ਤਰ੍ਹਾਂ ਸਕਾਰਾਤਮਕ ਹੈ। ਆਉਣ ਵਾਲੇ ਕਾਰੋਬਾਰੀ ਸੈਸ਼ਨਾਂ 'ਚ ਸੂਚਕ ਅੰਕ 26,100 ਅਤੇ 26,373 ਦੇ ਪੱਧਰਾਂ ਵੱਲ ਵਧ ਸਕਦਾ ਹੈ।
ਨਿਫਟੀ ਲਈ 25,500 ਦੇ ਪੱਧਰ 'ਤੇ ਤੁਰੰਤ ਸਪੋਰਟ ਮੌਜੂਦ ਹੈ, ਜਦਕਿ ਥੋੜ੍ਹੇ ਸਮੇਂ ਲਈ ਸਪੋਰਟ ਪੱਧਰ ਵਧਾ ਕੇ 25,100 ਤੋਂ 24,800 ਕਰ ਦਿੱਤਾ ਗਿਆ ਹੈ।
ਸ਼ੇਅਰ ਬਾਜ਼ਾਰ ਨਾਲ ਜੁੜੇ ਆਪਣੇ ਸਵਾਲ ਤੁਸੀਂ business@jagrannewmedia.com 'ਤੇ ਭੇਜ ਸਕਦੇ ਹੋ। ਡਿਸਕਲੇਮਰ: ਇੱਥੇ ਸ਼ੇਅਰ ਬਾਜ਼ਾਰ ਨਾਲ ਜੁੜੀ ਜਾਣਕਾਰੀ ਦਿੱਤੀ ਗਈ ਹੈ, ਨਿਵੇਸ਼ ਦੀ ਸਲਾਹ ਨਹੀਂ। ਜਾਗਰਣ ਬਿਜ਼ਨੈੱਸ ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਦੀ ਸਲਾਹ ਨਹੀਂ ਦਿੰਦਾ। ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਦੇ ਜੋਖ਼ਮਾਂ ਦੇ ਅਧੀਨ ਹੈ। ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਨਿਵੇਸ਼ ਸਲਾਹਕਾਰ ਨਾਲ ਜ਼ਰੂਰ ਸਲਾਹ ਕਰੋ।