India-US Trade Deal : ਅਮਰੀਕੀ ਟੈਰਿਫ ਅੱਗੇ ਭਾਰਤ ਕੋਲ ਹਨ 6 ਰਣਨੀਤਕ ਵਿਕਲਪ! MFN 'ਤੇ ਜ਼ੋਰ, ਖੇਤੀ ਉਤਪਾਦਾਂ ਨੂੰ ਲੈ ਕੇ ਕੀ ਹੋਵੇ ਰੁਖ?
ਸਮਝੌਤੇ 'ਚ ਸਭ ਤੋਂ ਸੰਵੇਦਨਸ਼ੀਲ ਮੁੱਦਾ ਟੈਰਿਫ ਨੂੰ ਮੁੜ ਲਾਗੂ ਕਰਨ ਯਾਨੀ 'ਸਨੈਪ-ਬੈਕ' (Snap-back) ਦਾ ਹੈ। ਭਾਰਤ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਮਰੀਕਾ ਸਿਰਫ਼ ਕਿਸੇ ਦੋਸ਼ ਜਾਂ ਆਪਣੇ ਪ੍ਰਸ਼ਾਸਨਿਕ ਫ਼ੈਸਲੇ ਦੇ ਆਧਾਰ 'ਤੇ ਪਹਿਲਾਂ ਦਿੱਤੀ ਗਈ ਟੈਰਿਫ ਛੋਟ ਵਾਪਸ ਨਾ ਲੈ ਸਕੇ।
Publish Date: Fri, 27 Nov 2026 02:15 PM (IST)
Updated Date: Fri, 27 Nov 2026 02:20 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰਕ ਸਮਝੌਤੇ ਨੂੰ ਲੈ ਕੇ ਗੱਲਬਾਤ ਜਾਰੀ ਹੈ। ਦੋਵਾਂ ਦੇਸ਼ਾਂ ਦੇ ਮੰਤਰੀਆਂ ਤੇ ਅਧਿਕਾਰੀਆਂ ਵੱਲੋਂ ਇਸ ਗੱਲਬਾਤ ਨੂੰ ਜਲਦੀ ਪੂਰਾ ਕਰਨ ਦੇ ਬਿਆਨ ਦਿੱਤੇ ਗਏ ਹਨ, ਪਰ ਇਸੇ ਦੌਰਾਨ ਅਮਰੀਕਾ ਵੱਲੋਂ ਟੈਰਿਫ ਨੂੰ ਲੈ ਕੇ ਨਵਾਂ ਪ੍ਰਸਤਾਵ ਵੀ ਸਾਹਮਣੇ ਆਇਆ ਹੈ। ਇਸ ਪੂਰੇ ਮਾਮਲੇ 'ਤੇ ਅੰਤਰਰਾਸ਼ਟਰੀ ਵਪਾਰ ਮਾਮਲਿਆਂ ਦੇ ਮਾਹਿਰ ਪ੍ਰੋਫੈਸਰ ਡਾ. ਰਾਮ ਸਿੰਘ ਨੇ ਆਪਣੀ ਰਾਏ ਦਿੱਤੀ ਹੈ।
ਕਰੀਬ ਡੇਢ ਸਾਲ ਦੀ ਗੱਲਬਾਤ ਤੋਂ ਬਾਅਦ ਅਮਰੀਕਾ ਵੱਲੋਂ ਭਾਰਤ ਲਈ 17 ਫ਼ੀਸਦੀ ਟੈਰਿਫ ਦਾ ਪ੍ਰਸਤਾਵ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਸਮਝੌਤਾ ਨਾ ਹੋਣ ਦੀ ਸੂਰਤ 'ਚ ਭਾਰਤ 'ਤੇ 25 ਫ਼ੀਸਦੀ ਟੈਰਿਫ ਲਗਾਉਣ ਦੀ ਗੱਲ ਕਹੀ ਗਈ ਸੀ। ਦੋਵਾਂ ਦਰਾਂ ਵਿਚਾਲੇ 8 ਫ਼ੀਸਦੀ ਅੰਕਾਂ ਦਾ ਫ਼ਰਕ ਹੈ। ਕਾਰੋਬਾਰ ਦੇ ਲਿਹਾਜ਼ ਨਾਲ ਇਹ ਫ਼ਰਕ ਕਾਫ਼ੀ ਮਹੱਤਵਪੂਰਨ ਹੈ, ਪਰ ਸਿਆਸੀ ਤੌਰ 'ਤੇ ਇਹ ਭੰਬਲਭੂਸਾ ਵੀ ਪੈਦਾ ਕਰ ਸਕਦਾ ਹੈ। ਇਸ ਨਾਲ ਅਜਿਹਾ ਲੱਗਦਾ ਹੈ ਕਿ ਅਮਰੀਕਾ ਨੇ ਭਾਰਤ ਨੂੰ ਰਾਹਤ ਦਿੱਤੀ ਹੈ, ਪਰ ਇਕ ਵੱਡਾ ਸਵਾਲ ਅਜੇ ਵੀ ਬਰਕਰਾਰ ਹੈ। ਜੇਕਰ ਭਾਰਤ ਸਮਝੌਤੇ ਤਹਿਤ ਆਪਣੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਦਿੰਦਾ ਹੈ ਤਾਂ ਬਾਅਦ 'ਚ ਅਮਰੀਕਾ ਨੂੰ ਸਮਝੌਤੇ ਦੀਆਂ ਸ਼ਰਤਾਂ ਬਦਲਣ ਤੋਂ ਕੌਣ ਰੋਕੇਗਾ?
ਅਜਿਹਾ ਵਪਾਰਕ ਸਮਝੌਤਾ, ਜੋ ਅੱਜ ਘੱਟ ਟੈਰਿਫ ਦੀ ਸਹੂਲਤ ਦੇਵੇ ਪਰ ਭਵਿੱਖ 'ਚ ਅਨਿਸ਼ਚਿਤਤਾ ਬਣਾਈ ਰੱਖੇ, ਭਾਰਤ ਦੀ ਲੰਬੇ ਸਮੇਂ ਦੀ ਰਣਨੀਤੀ ਦੀ ਬਜਾਏ ਜਲਦਬਾਜ਼ੀ 'ਚ ਲਿਆ ਗਿਆ ਕਾਰੋਬਾਰੀ ਫ਼ੈਸਲਾ ਸਾਬਤ ਹੋ ਸਕਦਾ ਹੈ। ਇਸ ਸਥਿਤੀ 'ਚ ਭਾਰਤ ਕੋਲ 6 ਵਿਕਲਪ ਹਨ। ਆਓ ਇਨ੍ਹਾਂ ਸਾਰੇ ਵਿਕਲਪਾਂ ਨੂੰ ਆਸਾਨੀ ਨਾਲ ਸਮਝਦੇ ਹਾਂ।
1. ਭਵਿੱਖ 'ਚ ਸਭ ਤੋਂ ਪਸੰਦੀਦਾ ਦੇਸ਼ (MFN) ਦਾ ਪ੍ਰਬੰਧ
ਭਾਰਤ ਨੂੰ ਸਮਝੌਤੇ 'ਚ ਭਵਿੱਖ ਲਈ ਮੋਸਟ ਫੇਵਰਡ ਨੇਸ਼ਨ (Most-Favoured-Nation-MFN) ਦਾ ਪ੍ਰਬੰਧ ਸ਼ਾਮਲ ਕਰਵਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਤਹਿਤ ਜੇਕਰ ਅਮਰੀਕਾ ਭਵਿੱਖ 'ਚ ਕਿਸੇ ਹੋਰ ਵਪਾਰਕ ਭਾਈਵਾਲ ਨੂੰ ਭਾਰਤ ਨਾਲੋਂ ਘੱਟ ਟੈਰਿਫ ਦੀ ਸਹੂਲਤ ਦਿੰਦਾ ਹੈ ਤਾਂ ਭਾਰਤ ਨੂੰ ਵੀ ਆਪਣੇ ਆਪ ਉਹੀ ਸਹੂਲਤ ਮਿਲਣੀ ਚਾਹੀਦੀ ਹੈ।
ਅਜਿਹਾ ਹੋਣ ਨਾਲ ਦੂਜੇ ਦੇਸ਼ਾਂ ਨੂੰ ਬਿਹਤਰ ਵਪਾਰਕ ਸ਼ਰਤਾਂ ਮਿਲਣ ਤੋਂ ਬਾਅਦ ਭਾਰਤ ਨੂੰ ਹਰ ਵਾਰ ਅਮਰੀਕਾ ਨਾਲ ਨਵੇਂ ਸਿਰੇ ਤੋਂ ਗੱਲਬਾਤ ਨਹੀਂ ਕਰਨੀ ਪਵੇਗੀ। ਭਵਿੱਖ ਲਈ MFN ਦਾ ਪ੍ਰਬੰਧ ਨਾ ਹੋਣ ਦੀ ਸੂਰਤ 'ਚ ਟੈਰਿਫ 'ਚ ਮਿਲਣ ਵਾਲੀ ਛੋਟ ਸਥਾਈ ਕਾਰੋਬਾਰੀ ਅਧਿਕਾਰ ਦੀ ਬਜਾਏ ਕੁਝ ਸਮੇਂ ਲਈ ਮਿਲੀ ਸਹੂਲਤ ਬਣ ਕੇ ਰਹਿ ਜਾਵੇਗੀ।
2. ਨਿਵੇਸ਼ ਦੇ ਮਾਮਲੇ 'ਚ ਵੀ MFN ਦਾ ਪ੍ਰਬੰਧ ਸ਼ਾਮਲ ਹੋਵੇ
ਸਮਝੌਤੇ 'ਚ ਨਿਵੇਸ਼ ਨਾਲ ਜੁੜਿਆ MFN ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਇਸ ਤਹਿਤ ਭਾਰਤੀ ਨਿਵੇਸ਼ਕਾਂ ਨੂੰ ਅਮਰੀਕਾ 'ਚ ਦੂਜੇ ਭਾਈਵਾਲ ਦੇਸ਼ਾਂ ਦੇ ਨਿਵੇਸ਼ਕਾਂ ਦੇ ਬਰਾਬਰ ਵਿਹਾਰ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਮਰੀਕਾ ਨੂੰ ਆਪਣੀਆਂ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਖ਼ਾਸ ਤੌਰ 'ਤੇ ਸੈਮੀਕੰਡਕਟਰ, ਰੱਖਿਆ, ਇਲੈਕਟ੍ਰਾਨਿਕਸ, ਮਹੱਤਵਪੂਰਨ ਖਣਿਜ ਅਤੇ ਸਵੱਛ ਊਰਜਾ ਵਰਗੇ ਖੇਤਰਾਂ 'ਚ ਅਮਰੀਕੀ ਕੰਪਨੀਆਂ ਦੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਭਾਰਤ 'ਚ ਕਾਰੋਬਾਰ ਨਾਲ ਜੁੜੇ ਨਿਯਮ ਸਪੱਸ਼ਟ ਅਤੇ ਸਥਿਰ ਹੋਣੇ ਚਾਹੀਦੇ ਹਨ, ਨਿਵੇਸ਼ ਦੀ ਪ੍ਰਕਿਰਿਆ ਆਸਾਨ ਹੋਣੀ ਚਾਹੀਦੀ ਹੈ ਅਤੇ ਤਕਨੀਕੀ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
3. 5 ਸਾਲ ਬਾਅਦ ਸਮਝੌਤੇ ਦੀ ਸਮੀਖਿਆ ਦਾ ਪ੍ਰਬੰਧ ਹੋਵੇ
ਭਾਰਤ ਨੂੰ ਸਮਝੌਤੇ 'ਚ 5 ਸਾਲ ਦੀ ਸਨਸੈੱਟ ਕਲਾਜ਼ (Sunset Clause) ਯਾਨੀ ਪੰਜ ਸਾਲ ਬਾਅਦ ਲਾਜ਼ਮੀ ਸਮੀਖਿਆ ਦਾ ਪ੍ਰਬੰਧ ਸ਼ਾਮਲ ਕਰਵਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਰਾਸ਼ਟਰਪਤੀ ਦੇ ਕਾਰਜਕਾਰੀ ਹੁਕਮਾਂ ਦੇ ਆਧਾਰ 'ਤੇ ਹੋਣ ਵਾਲੇ ਵਪਾਰਕ ਸਮਝੌਤਿਆਂ ਨੂੰ ਹਮੇਸ਼ਾ ਲਈ ਸਥਾਈ ਨਹੀਂ ਮੰਨਣਾ ਚਾਹੀਦਾ, ਖ਼ਾਸ ਕਰਕੇ ਉਦੋਂ ਜਦੋਂ ਆਰਥਿਕ ਹਾਲਾਤ ਲਗਾਤਾਰ ਬਦਲ ਰਹੇ ਹੋਣ।
5 ਸਾਲ ਬਾਅਦ ਸਮਝੌਤੇ ਦੀ ਸਮੀਖਿਆ ਨਾਲ ਇਹ ਪਤਾ ਲਗਾਇਆ ਜਾ ਸਕੇਗਾ ਕਿ ਦੋਵਾਂ ਦੇਸ਼ਾਂ ਨੂੰ ਕਿੰਨਾ ਫ਼ਾਇਦਾ ਹੋਇਆ ਹੈ, ਵਪਾਰ 'ਚ ਕੀ ਬਦਲਾਅ ਆਏ ਹਨ ਅਤੇ ਸਮਝੌਤੇ ਦੀਆਂ ਸ਼ਰਤਾਂ ਭਾਰਤ ਦੀਆਂ ਘਰੇਲੂ ਵਿਕਾਸ ਲੋੜਾਂ ਦੇ ਅਨੁਕੂਲ ਹਨ ਜਾਂ ਨਹੀਂ। ਇਸ ਨਾਲ ਕੋਈ ਅਸਥਾਈ ਸਮਝੌਤਾ ਬਿਨਾਂ ਸਮੀਖਿਆ ਦੇ ਹਮੇਸ਼ਾ ਲਈ ਲਾਗੂ ਰਹਿਣ ਵਾਲੀ ਪਾਬੰਦੀ ਵੀ ਨਹੀਂ ਬਣੇਗਾ। ਹਾਲਾਂਕਿ, ਸਮੀਖਿਆ ਦੇ ਇਸ ਪ੍ਰਬੰਧ ਦੀ ਵਰਤੋਂ ਮਨਮਰਜ਼ੀ ਨਾਲ ਸਮਝੌਤੇ ਤੋਂ ਬਾਹਰ ਨਿਕਲਣ ਲਈ ਨਹੀਂ ਹੋਣੀ ਚਾਹੀਦੀ।
4. ਟੈਰਿਫ ਮੁੜ ਵਧਾਉਣ ਦੀਆਂ ਸ਼ਰਤਾਂ ਵੀ ਸਪੱਸ਼ਟ ਹੋਣ
ਸਮਝੌਤੇ 'ਚ ਸਭ ਤੋਂ ਸੰਵੇਦਨਸ਼ੀਲ ਮੁੱਦਾ ਟੈਰਿਫ ਨੂੰ ਮੁੜ ਲਾਗੂ ਕਰਨ ਯਾਨੀ 'ਸਨੈਪ-ਬੈਕ' (Snap-back) ਦਾ ਹੈ। ਭਾਰਤ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਮਰੀਕਾ ਸਿਰਫ਼ ਕਿਸੇ ਦੋਸ਼ ਜਾਂ ਆਪਣੇ ਪ੍ਰਸ਼ਾਸਨਿਕ ਫ਼ੈਸਲੇ ਦੇ ਆਧਾਰ 'ਤੇ ਪਹਿਲਾਂ ਦਿੱਤੀ ਗਈ ਟੈਰਿਫ ਛੋਟ ਵਾਪਸ ਨਾ ਲੈ ਸਕੇ।
ਜੇਕਰ ਕਿਸੇ ਪੱਖ 'ਤੇ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਦਾ ਦੋਸ਼ ਲੱਗਦਾ ਹੈ ਤਾਂ ਟੈਰਿਫ ਵਧਾਉਣ ਤੋਂ ਪਹਿਲਾਂ ਕੁਝ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ 'ਚ ਇਕ ਨਿਸ਼ਚਿਤ ਸਮੇਂ ਤੱਕ ਫ਼ੈਸਲਾ ਰੋਕਣਾ, ਦੋਵਾਂ ਪੱਖਾਂ ਵਿਚਾਲੇ ਗੱਲਬਾਤ, ਪਾਰਦਰਸ਼ੀ ਜਾਂਚ, ਆਪਣਾ ਪੱਖ ਰੱਖਣ ਦਾ ਮੌਕਾ ਅਤੇ ਸੁਤੰਤਰ ਸਮੀਖਿਆ ਸ਼ਾਮਲ ਹੋਣੀ ਚਾਹੀਦੀ ਹੈ।
ਸਮਝੌਤੇ 'ਚ ਇਹ ਵੀ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਸਥਿਤੀਆਂ 'ਚ ਟੈਰਿਫ ਮੁੜ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਕਾਰਵਾਈ ਕਥਿਤ ਉਲੰਘਣਾ ਦੇ ਅਨੁਪਾਤ 'ਚ ਹੋਣੀ ਚਾਹੀਦੀ ਹੈ ਅਤੇ ਜਵਾਬੀ ਡਿਊਟੀ ਦੀ ਵੱਧ ਤੋਂ ਵੱਧ ਹੱਦ ਵੀ ਤੈਅ ਹੋਣੀ ਚਾਹੀਦੀ ਹੈ। ਜੇਕਰ ਕਿਸੇ ਇਕ ਦੇਸ਼ ਕੋਲ ਆਪਣੀ ਮਰਜ਼ੀ ਨਾਲ ਸਮਝੌਤੇ ਦੀਆਂ ਸ਼ਰਤਾਂ ਬਦਲਣ ਦੀ ਅਸੀਮਤ ਤਾਕਤ ਹੋਵੇਗੀ ਤਾਂ ਦੋਵਾਂ ਦੇਸ਼ਾਂ ਵਿਚਾਲੇ ਬਰਾਬਰੀ ਵਾਲਾ ਸਮਝੌਤਾ ਕਾਇਮ ਨਹੀਂ ਰਹਿ ਸਕੇਗਾ।
5. ਅਮਰੀਕੀ ਖੇਤੀ ਉਤਪਾਦਾਂ ਲਈ ਸੀਮਤ ਬਾਜ਼ਾਰ ਖੋਲ੍ਹਣ 'ਤੇ ਹੋਵੇ ਵਿਚਾਰ
ਬਾਜ਼ਾਰ ਤੱਕ ਪਹੁੰਚ ਦਾ ਮੁੱਦਾ ਵੀ ਇਸ ਸਮਝੌਤੇ ਦੀ ਸਫ਼ਲਤਾ ਲਈ ਮਹੱਤਵਪੂਰਨ ਹੈ। ਭਾਰਤ ਅਮਰੀਕਾ ਦੇ ਕੁਝ ਚੋਣਵੇਂ ਖੇਤੀ ਉਤਪਾਦਾਂ ਲਈ ਟੈਰਿਫ-ਰੇਟ ਕੋਟਾ (Tariff-Rate Quotas-TRQs) 'ਤੇ ਵਿਚਾਰ ਕਰ ਸਕਦਾ ਹੈ। ਇਸ ਪ੍ਰਬੰਧ ਤਹਿਤ ਕਿਸੇ ਉਤਪਾਦ ਦੀ ਇਕ ਨਿਸ਼ਚਿਤ ਮਾਤਰਾ ਨੂੰ ਘੱਟ ਆਯਾਤ ਡਿਊਟੀ 'ਤੇ ਭਾਰਤ 'ਚ ਆਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਪਰ ਤੈਅ ਹੱਦ ਤੋਂ ਵੱਧ ਆਯਾਤ ਹੋਣ 'ਤੇ ਜ਼ਿਆਦਾ ਡਿਊਟੀ ਲਗਾਈ ਜਾ ਸਕਦੀ ਹੈ। ਇਸ ਨਾਲ ਅਮਰੀਕੀ ਖੇਤੀ ਉਤਪਾਦਾਂ ਨੂੰ ਭਾਰਤੀ ਬਾਜ਼ਾਰ 'ਚ ਸੀਮਤ ਪਹੁੰਚ ਮਿਲੇਗੀ ਅਤੇ ਘਰੇਲੂ ਉਤਪਾਦਕਾਂ ਨੂੰ ਵੀ ਸੁਰੱਖਿਆ ਮਿਲ ਸਕੇਗੀ।
ਹਾਲਾਂਕਿ, ਇਹ ਛੋਟ ਸਾਰੇ ਖੇਤੀ ਉਤਪਾਦਾਂ ਲਈ ਨਹੀਂ ਹੋਣੀ ਚਾਹੀਦੀ। ਹਰ ਉਤਪਾਦ ਲਈ ਵੱਖਰਾ ਕੋਟਾ ਤੈਅ ਕੀਤਾ ਜਾਣਾ ਚਾਹੀਦਾ ਹੈ। ਇਸ 'ਚ ਭਾਰਤ ਦੇ ਘਰੇਲੂ ਕਿਸਾਨਾਂ ਅਤੇ ਸੰਵੇਦਨਸ਼ੀਲ ਖੇਤੀ ਖੇਤਰਾਂ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ। ਕੋਟੇ ਦੀ ਸਮੇਂ-ਸਮੇਂ 'ਤੇ ਸਮੀਖਿਆ ਹੋਣੀ ਚਾਹੀਦੀ ਹੈ ਅਤੇ ਇਸ ਦੀ ਹੱਦ ਆਪਣੇ ਆਪ ਨਹੀਂ ਵਧਣੀ ਚਾਹੀਦੀ। ਬਾਜ਼ਾਰ ਖੋਲ੍ਹਣ ਦਾ ਉਦੇਸ਼ ਮੁਕਾਬਲੇ ਨੂੰ ਬਿਹਤਰ ਬਣਾਉਣਾ ਹੋਣਾ ਚਾਹੀਦਾ ਹੈ, ਨਾ ਕਿ ਘਰੇਲੂ ਉਤਪਾਦਕਾਂ ਨੂੰ ਅਜਿਹੀ ਮੁਸ਼ਕਲ 'ਚ ਪਾਉਣਾ, ਜਿਸ 'ਚੋਂ ਬਾਹਰ ਨਿਕਲਣਾ ਉਨ੍ਹਾਂ ਲਈ ਸੰਭਵ ਨਾ ਹੋਵੇ।
6. ਭਾਰਤ ਵਪਾਰ ਅਤੇ ਰਣਨੀਤਕ ਆਜ਼ਾਦੀ ਵਿਚਾਲੇ ਸੰਤੁਲਨ ਬਣਾਏ
ਇਸ ਪੂਰੇ ਮਾਮਲੇ 'ਚ ਸਭ ਤੋਂ ਮਹੱਤਵਪੂਰਨ ਸਵਾਲ ਭਾਰਤ ਦੀ ਗੱਲਬਾਤ ਕਰਨ ਦੀ ਤਾਕਤ ਦਾ ਹੈ। ਭਾਰਤ ਸਿਰਫ਼ ਅਮਰੀਕੀ ਬਾਜ਼ਾਰ 'ਚ ਵੱਧ ਪਹੁੰਚ ਨੂੰ ਆਪਣਾ ਅੰਤਿਮ ਟੀਚਾ ਮੰਨ ਕੇ ਆਪਣੀ ਰਣਨੀਤਕ ਆਜ਼ਾਦੀ ਦਾ ਦਾਅਵਾ ਨਹੀਂ ਕਰ ਸਕਦਾ। ਦੂਜੇ ਪਾਸੇ, ਅੰਤਰਰਾਸ਼ਟਰੀ ਵਪਾਰ ਤੋਂ ਬਿਨਾਂ ਸੋਚੇ-ਸਮਝੇ ਪਿੱਛੇ ਹਟ ਕੇ ਵੀ ਉਦਯੋਗਿਕ ਆਤਮਨਿਰਭਰਤਾ ਹਾਸਲ ਨਹੀਂ ਕੀਤੀ ਜਾ ਸਕਦੀ। ਭਾਰਤ ਸਾਹਮਣੇ ਚੁਣੌਤੀ ਖੁੱਲ੍ਹੇ ਵਪਾਰ ਅਤੇ ਆਪਣੀਆਂ ਨੀਤੀਆਂ ਬਣਾਉਣ ਦੀ ਆਜ਼ਾਦੀ ਵਿਚਾਲੇ ਸੰਤੁਲਨ ਬਣਾਉਣ ਦੀ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਅਜਿਹਾ ਸਮਝੌਤਾ ਹੋਣਾ ਚਾਹੀਦਾ ਹੈ, ਜਿਸ ਦੀਆਂ ਸ਼ਰਤਾਂ ਦੋਵਾਂ ਪੱਖਾਂ ਲਈ ਸਪੱਸ਼ਟ ਅਤੇ ਭਰੋਸੇਯੋਗ ਹੋਣ।
ਇਸ ਲਈ 17 ਫ਼ੀਸਦੀ ਟੈਰਿਫ ਦਾ ਪ੍ਰਸਤਾਵ ਸਮਝੌਤੇ ਦੀ ਅੰਤਿਮ ਮੰਜ਼ਿਲ ਨਹੀਂ, ਸਗੋਂ ਗੱਲਬਾਤ ਦੀ ਸ਼ੁਰੂਆਤ ਮੰਨਿਆ ਜਾਣਾ ਚਾਹੀਦਾ ਹੈ। ਭਾਰਤ ਨੂੰ ਨਾ ਤਾਂ ਤੁਰੰਤ ਟੈਰਿਫ 'ਚ ਰਾਹਤ ਹਾਸਲ ਕਰਨ ਲਈ ਜਲਦਬਾਜ਼ੀ ਕਰਨੀ ਚਾਹੀਦੀ ਹੈ ਅਤੇ ਨਾ ਹੀ ਸਿਰਫ਼ ਵਿਰੋਧ ਕਰਨ ਨੂੰ ਆਪਣੀ ਜਿੱਤ ਮੰਨਣਾ ਚਾਹੀਦਾ ਹੈ। ਇਕ ਚੰਗਾ ਵਪਾਰਕ ਸਮਝੌਤਾ ਉਹ ਨਹੀਂ ਹੁੰਦਾ, ਜਿਸ 'ਚ ਦੋਵੇਂ ਦੇਸ਼ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰਨ। ਅਸਲ ਸਫ਼ਲਤਾ ਉਦੋਂ ਹੋਵੇਗੀ ਜਦੋਂ ਸਮਝੌਤੇ 'ਤੇ ਦਸਤਖ਼ਤ ਹੋਣ ਤੋਂ ਬਾਅਦ ਕੋਈ ਵੀ ਦੇਸ਼ ਆਪਣੀ ਮਰਜ਼ੀ ਨਾਲ ਇਹ ਤੈਅ ਨਾ ਕਰ ਸਕੇ ਕਿ ਸਮਝੌਤੇ ਦੀਆਂ ਸ਼ਰਤਾਂ ਦਾ ਕੀ ਮਤਲਬ ਹੋਵੇਗਾ।
17 ਅਤੇ 25 ਫ਼ੀਸਦੀ ਟੈਰਿਫ ਵਿਚਾਲੇ ਫ਼ਰਕ ਮਹੱਤਵਪੂਰਨ ਜ਼ਰੂਰ ਹੈ, ਪਰ ਭਾਰਤ-ਅਮਰੀਕਾ ਵਪਾਰਕ ਸਮਝੌਤੇ ਦੀ ਅਸਲ ਪਰਖ ਇਹ ਹੋਵੇਗੀ ਕਿ ਭਵਿੱਖ 'ਚ ਇਸ ਦੀਆਂ ਸ਼ਰਤਾਂ ਕਿੰਨੀਆਂ ਸਥਿਰ, ਸਪੱਸ਼ਟ ਅਤੇ ਦੋਵਾਂ ਦੇਸ਼ਾਂ ਲਈ ਭਰੋਸੇਯੋਗ ਰਹਿੰਦੀਆਂ ਹਨ।
ਲੇਖਕ: ਪ੍ਰੋਫੈਸਰ ਡਾ. ਰਾਮ ਸਿੰਘ (ਅੰਤਰਰਾਸ਼ਟਰੀ ਵਪਾਰਕ ਮਾਮਲਿਆਂ ਦੇ ਮਾਹਿਰ)