- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਦਯੋਗ ਸੰਸਥਾ ਨੇ ਇਹ ਮੁਲਾਂਕਣ ਅਸਲ ਜੀਡੀਪੀ ਵਾਧੇ, ਬਰਾਮਦ ਵਾਧੇ, ਚਾਲੂ ਖਾਤੇ ਦੇ ਸੰਤੁਲਨ, ਸਰਕਾਰੀ ਕਰਜ਼ੇ, ਸਰਕਾਰੀ ਮਲੀਏ ਦਾ ਸੰਤੁਲਨ, ਪ੍ਰਤੀ ਵਿਅਕਤੀ ਅਸਲ ਜੀਡੀਪੀ ਵਾਧੇ, ਕੁੱਲ ਘਰੇਲੂ ਬਚਤ ਅਤੇ ਕੁੱਲ ਪੂੰਜੀ ਨਿਰਮਾਣ ਸਮੇਤ 10 ਵਿਆਪਕ ਆਰਥਿਕ ਸੂਚਕਾਂ ਦੇ ਆਧਾਰ ’ਤੇ ਕੀਤਾ ਹੈ।

ਬਿਜ਼ਨੈ੍ੱਸ ਡੈਸਕ: 2026-30 ਦੌਰਾਨ ਭਾਰਤ ਦੁਨੀਆ ਦੇ 10 ਪ੍ਰਮੁੱਖ ਅਰਥਚਾਰਿਆਂ ਵਿਚ ਸਭ ਤੋਂ ਮਜ਼ਬੂਤ ਅਰਥਚਾਰੇ ਵਜੋਂ ਉੱਭਰ ਸਕਦਾ ਹੈ। ਉਦਯੋਗ ਸੰਸਥਾ ਐਸੋਚੈਮ ਦੀ ‘ਭਾਰਤ ਦਾ ਚੋਟੀ ਦੇ 10 ਅਰਥਚਾਰਿਆਂ ’ਚ ਆਰਥਿਕ ਵਾਧਾ’ ਸਿਰਲੇਖ ਵਾਲੀ ਰਿਪੋਰਟ ਮੁਤਾਬਕ, ਇਸ ਮਿਆਦ ਲਈ ਭਾਰਤ 100 ਵਿਚੋਂ 71 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। 66 ਅੰਕਾਂ ਨਾਲ ਚੀਨ ਦੂਜੇ ਸਥਾਨ ’ਤੇ ਹੈ ਤੇ ਰੂਸ ਤੇ ਜਾਪਾਨ 60-60 ਅੰਕਾਂ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਹਨ। ਇਸ ਤੋਂ ਬਾਅਦ ਜਰਮਨੀ (59), ਇਟਲੀ ਅਤੇ ਬ੍ਰਾਜ਼ੀਲ (53-53), ਬ੍ਰਿਟੇਨ (52), ਫਰਾਂਸ (40) ਅਤੇ ਅਮਰੀਕਾ (36) ਦਾ ਨੰਬਰ ਆਉਂਦਾ ਹੈ।
ਕਿਵੇਂ ਕੀਤੀ ਗਈ ਦਰਜਾਬੰਦੀ?
ਉਦਯੋਗ ਸੰਸਥਾ ਨੇ ਇਹ ਮੁਲਾਂਕਣ ਅਸਲ ਜੀਡੀਪੀ ਵਾਧੇ, ਬਰਾਮਦ ਵਾਧੇ, ਚਾਲੂ ਖਾਤੇ ਦੇ ਸੰਤੁਲਨ, ਸਰਕਾਰੀ ਕਰਜ਼ੇ, ਸਰਕਾਰੀ ਮਲੀਏ ਦਾ ਸੰਤੁਲਨ, ਪ੍ਰਤੀ ਵਿਅਕਤੀ ਅਸਲ ਜੀਡੀਪੀ ਵਾਧੇ, ਕੁੱਲ ਘਰੇਲੂ ਬਚਤ ਅਤੇ ਕੁੱਲ ਪੂੰਜੀ ਨਿਰਮਾਣ ਸਮੇਤ 10 ਵਿਆਪਕ ਆਰਥਿਕ ਸੂਚਕਾਂ ਦੇ ਆਧਾਰ ’ਤੇ ਕੀਤਾ ਹੈ। ਆਈਐੱਮਐੱਫ ਦੇ ਵਿਸ਼ਵ ਆਰਥਿਕ ਨਜ਼ਰੀਆ ਦੇ ਅੰਕੜਿਆਂ ਦੀ ਵਰਤੋਂ ਕਰਦਿਆਂ, ਐਸੋਚੈਮ ਨੇ ਹਰ ਸੂਚਕ ਦੇ ਆਧਾਰ ’ਤੇ 10 ਅਰਥਚਾਰਿਆਂ ਦੀ ਦਰਜਾਬੰਦੀ ਕੀਤੀ। ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਦੇਸ਼ ਨੂੰ ਪਹਿਲਾ ਸਥਾਨ ਦਿੱਤਾ ਗਿਆ। ਇਨ੍ਹਾਂ ਦਰਜਾਬੰਦੀਆਂ ਨੂੰ ਅੰਕਾਂ ’ਚ ਬਦਲ ਕੇ ਕੁੱਲ ਅੰਕ ਤੈਅ ਕੀਤੇ ਗਏ।
ਪ੍ਰਤੀ ਵਿਅਕਤੀ ਅਸਲ ਜੀਡੀਪੀ ’ਚ ਭਾਰਤ ਪਹਿਲੇ ਸਥਾਨ ’ਤੇ
ਰਿਪੋਰਟ ਮੁਤਾਬਕ, ਮੁਲਾਂਕਣ ਵਿਚ ਅਸਲ ਜੀਡੀਪੀ ਵਾਧੇ ਅਤੇ ਪ੍ਰਤੀ ਵਿਅਕਤੀ ਅਸਲ ਜੀਡੀਪੀ ਵਾਧੇ ਦੇ ਮਾਮਲੇ ਵਿਚ ਭਾਰਤ ਪਹਿਲੇ ਸਥਾਨ ’ਤੇ ਰਿਹਾ। ਕੁੱਲ ਬੱਚਤ ਅਤੇ ਕੁੱਲ ਪੂੰਜੀ ਨਿਰਮਾਣ ਵਿਚ ਇਸ ਨੂੰ ਦੂਜਾ, ਬਰਾਮਦ ਵਾਧੇ ਤੇ ਕਰਜ਼ਾ-ਜੀਡੀਪੀ ਅਨੁਪਾਤ ਵਿਚ ਤੀਜਾ, ਮੁੱਢਲੇ ਰਾਜਕੋਸ਼ੀ ਸੰਤੁਲਨ ਵਿਚ ਪੰਜਵਾਂ, ਚਾਲੂ ਖਾਤੇ ਦੇ ਸੰਤੁਲਨ ਅਤੇ ਢਾਂਚਾਗਤ ਰਾਜਕੋਸ਼ੀ ਸੰਤੁਲਨ ਵਿਚ ਸੱਤਵਾਂ ਅਤੇ ਸਮੁੱਚੇ ਰਾਜਕੋਸ਼ੀ ਸੰਤੁਲਨ ਵਿਚ ਅੱਠਵਾਂ ਸਥਾਨ ਮਿਲਿਆ।
ਬਰਾਮਦ ਵਾਧੇ ਤੇ ਕੁੱਲ ਬੱਚਤ ’ਚ ਚੀਨ ਪਹਿਲੇ ਨੰਬਰ ’ਤੇ
ਚੀਨ ਨੇ ਬਰਾਮਦ ਵਾਧੇ, ਕੁੱਲ ਬੱਚਤ ਅਤੇ ਕੁੱਲ ਪੂੰਜੀ ਨਿਰਮਾਣ ਵਿਚ ਪਹਿਲਾ ਸਥਾਨ ਹਾਸਲ ਕੀਤਾ। ਅਸਲ ਜੀਡੀਪੀ ਵਾਧੇ ਅਤੇ ਪ੍ਰਤੀ ਵਿਅਕਤੀ ਅਸਲ ਜੀਡੀਪੀ ਵਾਧੇ ਦੇ ਮਾਮਲੇ ਵਿਚ ਉਹ ਦੂਜੇ ਸਥਾਨ ’ਤੇ ਰਿਹਾ।
ਲਾਗਤਾਂ ਘਟਾਉਣ ਦੀ ਲੋੜ ’ਤੇ ਜ਼ੋਰ
ਰਿਪੋਰਟ ਵਿਚ ਲਾਗਤਾਂ ਘਟਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਗਿਆ ਹੈ ਕਿ ਨੀਤੀਆਂ ਰਾਹੀਂ ਕਾਰੋਬਾਰ ਕਰਨਾ ਆਸਾਨ ਬਣਾਉਣ ਦੇ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਏ ਜਾਣ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਹੋਰ ਮੌਕੇ ਦਿੱਤੇ ਜਾਣ। ਪੂੰਜੀ, ਬਿਜਲੀ, ਨਿਯਮਾਂ ਦੀ ਪਾਲਣਾ, ਲਾਜਿਸਟਿਕਸ ਅਤੇ ਮਜ਼ਦੂਰੀ ਦੀ ਲਾਗਤ ਘਟਾਉਣ ਨਾਲ ਦੇਸ਼ ਅੰਦਰ ਸਭ ਨੂੰ ਬਰਾਬਰ ਮੌਕੇ ਮਿਲਣਗੇ ਅਤੇ ਭਾਰਤ ਪ੍ਰਮੁੱਖ ਅਰਥਚਾਰਿਆਂ ਵਿਚ ਸਭ ਤੋਂ ਮਜ਼ਬੂਤ ਬਣਿਆ ਰਹੇਗਾ।
‘ਭਾਰਤ ਦਾ ਆਰਥਿਕ ਪ੍ਰਦਰਸ਼ਨ ਨੀਤੀ-ਘਾੜਿਆਂ, ਕਾਰੋਬਾਰੀਆਂ ਅਤੇ ਕਿਰਤ-ਸ਼ਕਤੀ ਦੇ ਯੋਗਦਾਨ ਨੂੰ ਦਰਸਾਉਂਦਾ ਹੈ। ਦੇਸ਼ ਦੀ ਨਿਰੰਤਰ ਤਰੱਕੀ ਲਈ ਸੁਧਾਰ ਜਾਰੀ ਰੱਖਣੇ, ਨਿੱਜੀ ਨਿਵੇਸ਼ ਵਧਾਉਣਾ, ਨਿਰਮਾਣ ਅਤੇ ਨਿਰਯਾਤ ਦਾ ਵਿਸਥਾਰ ਕਰਨਾ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇਯੋਗ ਕਾਰਜਬਲ ਤਿਆਰ ਕਰਨਾ ਅਹਿਮ ਹੋਵੇਗਾ।’
— ਐੱਸਪੀ ਸ਼ਰਮਾ, ਮੁੱਖ ਅਰਥਸ਼ਾਸਤਰੀ, ਐਸੋਚੈਮ•