
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਨ੍ਹਾਂ ਸਮਝੌਤਿਆਂ ’ਚ ਸਮੁੰਦਰੀ ਵਿਰਾਸਤ, ਖੁਰਾਕ ਸੁਰੱਖਿਆ ਤੇ ਦੂਰਸੰਚਾਰ ਤੇ ਪ੍ਰਸਾਰਣ ਨਿਯਮਾਂ ਦੇ ਖੇਤਰਾਂ ’ਚ ਸਹਿਯੋਗ ਸ਼ਾਮਲ ਹੈ। ਵਿੱਤ ਮੰਤਰਾਲੇ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ ਕਿ ਇਹ ਸਮਝੌਤੇ ਆਪਸੀ ਹਿੱਤ ਵਾਲੇ ਵੱਖ-ਵੱਖ ਖੇਤਰਾਂ 'ਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ।

ਸਿੰਗਾਪੁਰ (ਏਜੰਸੀ) : ਭਾਰਤ ਤੇ ਸਿੰਗਾਪੁਰ ਨੇ ਵੀਰਵਾਰ ਨੂੰ ਦੂਰਸੰਚਾਰ ਤੇ ਪ੍ਰਸਾਰਣ ਦੇ ਨਾਲ-ਨਾਲ ਸਮੁੰਦਰੀ ਵਿਰਾਸਤ ਤੇ ਖੁਰਾਕ ਸੁਰੱਖਿਆ ਦੇ ਖੇਤਰਾਂ ’ਚ ਦੁਵੱਲੇ ਸਹਿਯੋਗ ਮਜ਼ਬੂਤ ਕਰਨ ਲਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਵਿੱਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਦੋਵਾਂ ਦੇਸ਼ਾਂ ਨੇ ਚੌਥੀ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਬੈਠਕ (ਆਈਐੱਸਐੱਮਆਰ) ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਤੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਜਤਿਨ ਪ੍ਰਸਾਦ ਦੀ ਮੌਜੂਦਗੀ ’ਚ ਦੋ ਸਹਿਮਤੀ ਪੱਤਰਾਂ (ਐੱਮਓਯੂ) ’ਤੇ ਦਸਤਖ਼ਤ ਕੀਤੇ ਤੇ ਇਰਾਦੇ ਦੇ ਪੱਤਰ (ਐੱਲਓਆਈ) ਦਾ ਆਦਾਨ-ਪ੍ਰਦਾਨ ਕੀਤਾ।
ਇਨ੍ਹਾਂ ਸਮਝੌਤਿਆਂ ’ਚ ਸਮੁੰਦਰੀ ਵਿਰਾਸਤ, ਖੁਰਾਕ ਸੁਰੱਖਿਆ ਤੇ ਦੂਰਸੰਚਾਰ ਤੇ ਪ੍ਰਸਾਰਣ ਨਿਯਮਾਂ ਦੇ ਖੇਤਰਾਂ ’ਚ ਸਹਿਯੋਗ ਸ਼ਾਮਲ ਹੈ। ਵਿੱਤ ਮੰਤਰਾਲੇ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ ਕਿ ਇਹ ਸਮਝੌਤੇ ਆਪਸੀ ਹਿੱਤ ਵਾਲੇ ਵੱਖ-ਵੱਖ ਖੇਤਰਾਂ 'ਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ।
ਸਿੰਗਾਪੁਰ ਦੇ ਵਫ਼ਦ ਦੀ ਅਗਵਾਈ ਉਪ ਪ੍ਰਧਾਨ ਮੰਤਰੀ ਤੇ ਵਪਾਰ ਤੇ ਉਦਯੋਗ ਮੰਤਰੀ ਗੈਨ ਕਿਮ ਯੋਂਗ, ਸੀਨੀਅਰ ਮੰਤਰੀ ਤੇ ਰਾਸ਼ਟਰੀ ਸੁਰੱਖਿਆ ਲਈ ਤਾਲਮੇਲ ਮੰਤਰੀ ਕੇ. ਸ਼ਨਮੁਗਮ, ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ, ਡਿਜੀਟਲ ਵਿਕਾਸ ਤੇ ਸੂਚਨਾ ਮੰਤਰੀ ਜੋਸਫ਼ੀਨ ਟੀਓ ਤੇ ਆਵਾਜਾਈ ਮੰਤਰੀ ਤੇ ਦੂਜੇ ਵਿੱਤ ਮੰਤਰੀ ਜੈਫਰੀ ਸਿਓ ਨੇ ਕੀਤੀ। ਉਨ੍ਹਾਂ ਨੇ ਗੋਲਮੇਜ਼ ਬੈਠਕ ’ਚ ਵੀ ਹਿੱਸਾ ਲਿਆ।
ਚੌਥੀ ਆਈਐੱਸਐੱਮਆਰ ਬੈਠਕ ’ਚ ਛੇ ਪ੍ਰਮੁੱਖ ਥੰਮ੍ਹਾਂ—ਉੱਨਤ ਨਿਰਮਾਣ, ਕਨੈਕਟੀਵਿਟੀ, ਡਿਜੀਟਲੀਕਰਨ, ਸਿਹਤ ਸੰਭਾਲ ਤੇ ਦਵਾਈ, ਹੁਨਰ ਵਿਕਾਸ ਤੇ ਟਿਕਾਊਪਣ—ਤਹਿਤ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਤੇ ਨਵੇਂ ਮੌਕਿਆਂ ਦੀ ਭਾਲ ਕੀਤੀ ਗਈ। ਚਰਚਾ ਦੌਰਾਨ ਭਾਰਤ-ਸਿੰਗਾਪੁਰ ਭਾਈਵਾਲੀ ’ਚ ਮਜ਼ਬੂਤ ਰਫ਼ਤਾਰ ਤੇ ਇਸ ਨੂੰ ਠੋਸ ਨਤੀਜਿਆਂ 'ਚ ਬਦਲਣ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ, ਜਿਸ ਨਾਲ ਭਵਿੱਖ-ਮੁਖੀ ਅਤੇ ਆਪਸੀ ਲਾਭ ਵਾਲੀ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤੀ ਮਿਲੇਗੀ।