
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਅਗਲੇ ਇਕ-ਦੋ ਸਾਲਾਂ ’ਚ ਭਾਰਤ ਆਪਣੀ ਲੋੜ ਦੀਆਂ 10 ਫ਼ੀਸਦੀ ਚਿੱਪਾਂ ਦਾ ਨਿਰਮਾਣ ਘਰੇਲੂ ਪੱਧਰ ’ਤੇ ਕਰਨ ਲੱਗੇਗਾ। ਵਾਸ਼ਿੰਗ ਮਸ਼ੀਨ ਤੋਂ ਲੈ ਕੇ ਕਈ ਉਦਯੋਗਿਕ ਸੈਕਟਰਾਂ ’ਚ ਵਰਤੀਆਂ ਜਾਣ ਵਾਲੀਆਂ ਚਿੱਪਾਂ ਦਾ ਨਿਰਮਾਣ ਭਾਰਤ ’ਚ ਸ਼ੁਰੂ ਹੋ ਚੁੱਕਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਮੋਬਾਈਲ ਫੋਨਾਂ ਤੋਂ ਬਾਅਦ ਹੁਣ ਸੈਮੀਕੰਡਕਟਰ ਸੈਕਟਰ ’ਚ ਭਾਰਤ ਵੱਡਾ ਨਿਰਮਾਤਾ ਬਣਨ ਜਾ ਰਿਹਾ ਹੈ। ਸਰਕਾਰ ਨੇ ਸੋਮਵਾਰ ਨੂੰ ਸੈਮੀਕਾਨ 2.0 ਤਹਿਤ 1.27 ਲੱਖ ਕਰੋੜ ਰੁਪਏ ਦੇ ਪ੍ਰੋਤਸਾਹਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਰਕਮ ਨਾਲ ਸੈਮੀਕੰਡਕਟਰ ਸੈਕਟਰ ਨਾਲ ਜੁੜੇ ਨਿਵੇਸ਼ਕਾਂ ਨੂੰ ਤੈਅ ਨਿਯਮਾਂ ਮੁਤਾਬਕ ਵਿੱਤੀ ਮਦਦ ਦਿੱਤੀ ਜਾਵੇਗੀ। ਸੈਮੀਕਾਨ 1.0 ਤਹਿਤ ਇਸ ਸੈਕਟਰ ਦੀਆਂ ਕੰਪਨੀਆਂ ਨੂੰ ਭਾਰਤ ’ਚ ਨਿਰਮਾਣ ਸ਼ੁਰੂ ਕਰਨ ਲਈ 76,000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਸੀ। ਸੈਮੀਕਾਨ 1.0 ਤਹਿਤ ਸਾਲ 2022 ’ਚ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ ਦੇਸ਼ ’ਚ ਤਿੰਨ ਕੰਪਨੀਆਂ ਵੱਖ-ਵੱਖ ਕਿਸਮ ਦੀਆਂ ਚਿੱਪਾਂ ਦਾ ਨਿਰਮਾਣ ਸ਼ੁਰੂ ਕਰ ਚੁੱਕੀਆਂ ਹਨ।
ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਅਗਲੇ ਇਕ-ਦੋ ਸਾਲਾਂ ’ਚ ਭਾਰਤ ਆਪਣੀ ਲੋੜ ਦੀਆਂ 10 ਫ਼ੀਸਦੀ ਚਿੱਪਾਂ ਦਾ ਨਿਰਮਾਣ ਘਰੇਲੂ ਪੱਧਰ ’ਤੇ ਕਰਨ ਲੱਗੇਗਾ। ਵਾਸ਼ਿੰਗ ਮਸ਼ੀਨ ਤੋਂ ਲੈ ਕੇ ਕਈ ਉਦਯੋਗਿਕ ਸੈਕਟਰਾਂ ’ਚ ਵਰਤੀਆਂ ਜਾਣ ਵਾਲੀਆਂ ਚਿੱਪਾਂ ਦਾ ਨਿਰਮਾਣ ਭਾਰਤ ’ਚ ਸ਼ੁਰੂ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ’ਚ 85,000 ਇੰਜੀਨੀਅਰਾਂ ਨੂੰ ਸੈਮੀਕਾਨ ਸੈਕਟਰ ਲਈ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਜਿਸ ਰਫ਼ਤਾਰ ਨਾਲ ਭਾਰਤ ਸੈਮੀਕਾਨ ਸੈਕਟਰ ਦੇ ਉਤਪਾਦਨ ’ਚ ਅੱਗੇ ਵਧ ਰਿਹਾ ਹੈ, ਉਸ ਨੂੰ ਦੇਖਦਿਆਂ ਅਗਲੇ ਕੁਝ ਸਾਲਾਂ ’ਚ ਇਕ ਲੱਖ ਇੰਜੀਨੀਅਰਾਂ ਦੀ ਲੋੜ ਹੋਵੇਗੀ। ਚਿੱਪਾਂ ਦੇ ਨਿਰਮਾਣ ਲਈ ਦੇਸ਼ ’ਚ ਪੂਰਾ ਈਕੋ ਸਿਸਟਮ ਤਿਆਰ ਕਰਨਾ ਹੁੰਦਾ ਹੈ, ਜਿਸ ’ਚ ਕੈਮੀਕਲ ਅਤੇ ਗੈਸ ਨਿਰਮਾਣ ਤੋਂ ਲੈ ਕੇ ਵੱਖ-ਵੱਖ ਕਿਸਮ ਦੇ ਪੁਰਜ਼ੇ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਸੈਮੀਕੰਡਕਟਰ ਸੈਕਟਰ ’ਚ ਹਰ ਸਾਲ 50-60 ਹਜ਼ਾਰ ਸਿੱਧੇ ਰੁਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ। 2032 ਤੱਕ ਦੁਨੀਆ ’ਚ ਸੈਮੀਕੰਡਕਟਰ ਨਿਰਮਾਣ ਲਈ 10 ਲੱਖ ਇੰਜੀਨੀਅਰਾਂ ਦੀ ਲੋੜ ਹੋਵੇਗੀ ਅਤੇ ਇਸ ਦੇ ਵੱਡੇ ਸਪਲਾਇਰਾਂ ’ਚ ਭਾਰਤ ਸ਼ਾਮਲ ਹੋਵੇਗਾ।
ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਮੁਤਾਬਕ ਸੈਮੀਕਾਨ 2.0 ਤਹਿਤ ਛੇ ਖੇਤਰਾਂ ’ਚ ਸਰਕਾਰੀ ਮਦਦ ਦਿੱਤੀ ਜਾਵੇਗੀ। ਇਨ੍ਹਾਂ ’ਚ ਡਿਜ਼ਾਈਨ, ਮਸ਼ੀਨ ਅਤੇ ਮੈਟੀਰੀਅਲ, ਫੈਬ ਸੈਟਿੰਗ, ਏਟੀਐੱਮਪੀ (ਅਸੈਂਬਲਿੰਗ, ਟੈਸਟਿੰਗ, ਮਾਰਕਿੰਗ, ਪੈਕੇਜਿੰਗ) ਅਤੇ ਓਸੈਟ (ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ), ਖੋਜ ਅਤੇ ਵਿਕਾਸ ਅਤੇ ਟੇਲੈਂਟ ਡਿਵੈਲਪਮੈਂਟ ਸ਼ਾਮਲ ਹਨ। ਸੈਮੀਕਾਨ 2.0 ਦੀ ਮਿਆਦ ਛੇ ਸਾਲ ਹੋਵੇਗੀ ਅਤੇ ਇਸ ਤਹਿਤ 12 ਕੰਪਨੀਆਂ ਭਾਰਤ ’ਚ ਨਿਵੇਸ਼ ਲਈ ਆਪਣੀ ਦਿਲਚਸਪੀ ਦਿਖਾ ਚੁੱਕੀਆਂ ਹਨ। ਸੈਮੀਕਾਨ 1.0 ਤਹਿਤ ਦੇਸ਼ ’ਚ ਚਿੱਪ ਨਿਰਮਾਣ ਦਾ ਇਕ ਪੂਰਾ ਈਕੋ ਸਿਸਟਮ ਤਿਆਰ ਹੁੰਦਾ ਦਿਸ ਰਿਹਾ ਹੈ, ਇਸ ਲਈ ਕੰਪਨੀਆਂ ਅਗਲੇ 20-30 ਸਾਲਾਂ ਦੀ ਯੋਜਨਾ ਨੂੰ ਧਿਆਨ ’ਚ ਰੱਖਦੇ ਹੋਏ ਨਿਵੇਸ਼ ਕਰਨ ਜਾ ਰਹੀਆਂ ਹਨ। ਸਟਾਰਟਅੱਪਸ ਨੂੰ ਵੀ ਇਸ ਸਕੀਮ ਤਹਿਤ ਚਿੱਪ ਨਿਰਮਾਣ ਸੈਕਟਰ ’ਚ ਹੱਥ ਅਜਮਾਉਣ ਦਾ ਮੌਕਾ ਮਿਲੇਗਾ। ਮੰਤਰਾਲੇ ਦਾ ਕਹਿਣਾ ਹੈ ਕਿ ਸੈਮੀਕਾਨ 2.0 ਦਾ ਉਦੇਸ਼ ਦੇਸ਼ ’ਚ ਇਕ ਆਤਮ-ਨਿਰਭਰ ਅਤੇ ਮੁਕਾਬਲੇਬਾਜ਼ ਚਿੱਪ ਡਿਜ਼ਾਈਨਿੰਗ ਅਤੇ ਨਿਰਮਾਣ ਈਕੋ ਸਿਸਟਮ ਤਿਆਰ ਕਰਨਾ ਹੈ।