- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ, ਵਿਭਾਗ ਵੱਲੋਂ ਭੌਤਿਕ ਨੋਟਿਸ ਰਾਹੀਂ ਵੀ ਜ਼ਰੂਰੀ ਸੂਚਨਾਵਾਂ ਦਿੱਤੀਆਂ ਜਾਂਦੀਆਂ ਹਨ। ਕਰਦਾਤਿਆਂ ਨੂੰ ਆਮਦਨ ਕਰ ਵਿਭਾਗ ਵੱਲੋਂ ਮੰਗੀ ਜਾਣ ਵਾਲੀ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ। ਇਸ ਨਾਲ ਆਮਦਨ ਕਰ ਰਿਟਰਨ ਸਫਲਤਾਪੂਰਵਕ ਦਾਖ਼ਲ ਕਰਨ, ਰਿਫੰਡ ਪ੍ਰਾਪਤ ਕਰਨ ਅਤੇ ਭਵਿੱਖ ’ਚ ਹੋਣ ਵਾਲੀ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ’ਚ ਮਦਦ ਮਿਲ ਸਕਦੀ ਹੈ।

ਬਿਜ਼ਨੈੱਸ ਡੈਸਕ। ਹਰ ਤਰ੍ਹਾਂ ਦੇ ਵਿਅਕਤੀਗਤ ਕਰਦਾਤਿਆਂ ਲਈ ਆਮਦਨ ਕਰ ਰਿਟਰਨ (ਆਈਟੀਆਰ) ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ ਲੰਘ ਚੁੱਕੀ ਹੈ। ਕੇਂਦਰੀ ਸਿੱਧੇ ਕਰ ਬੋਰਡ (ਸੀਬੀਡੀਟੀ) ਦੇ ਅੰਕੜਿਆਂ ਮੁਤਾਬਕ, ਮੁਲਾਂਕਣ ਸਾਲ 2026-27 ਲਈ 31 ਅਗਸਤ ਤੱਕ 7.8 ਕਰੋੜ ਤੋਂ ਵੱਧ ਆਈਟੀਆਰ ਦਾਖ਼ਲ ਹੋ ਚੁੱਕੇ ਹਨ। ਪਰ ਅੱਜ ਵੀ ਵੱਡੀ ਗਿਣਤੀ ’ਚ ਕਰਦਾਤਾ ਆਪਣੇ ਆਮਦਨ ਕਰ ਰਿਫੰਡ ਦੀ ਉਡੀਕ ਕਰ ਰਹੇ ਹਨ। ਆਮਦਨ ਕਰ ਵਿਭਾਗ ਮੁਤਾਬਕ, ਈ-ਤਸਦੀਕ ਤੋਂ ਬਾਅਦ ਰਿਫੰਡ ਆਮ ਤੌਰ ’ਤੇ ਕਰੀਬ 4-5 ਹਫ਼ਤਿਆਂ ’ਚ ਜਾਰੀ ਹੋ ਜਾਂਦਾ ਹੈ। ਹਾਲਾਂਕਿ, ਕਈ ਮਾਮਲਿਆਂ ’ਚ ਦੋ-ਪੰਜ ਦਿਨਾਂ ’ਚ ਵੀ ਰਿਫੰਡ ਜਾਰੀ ਹੋ ਜਾਂਦਾ ਹੈ। ਜੇ ਤੁਹਾਨੂੰ ਅਜੇ ਤੱਕ ਆਮਦਨ ਕਰ ਰਿਫੰਡ ਨਹੀਂ ਮਿਲਿਆ ਹੈ ਤਾਂ ਇਸ ਦੀਆਂ ਕਈ ਵਜ੍ਹਾ ਹੋ ਸਕਦੀਆਂ ਹਨ। ਆਮਦਨ ਕਰ ਰਿਫੰਡ ’ਚ ਦੇਰੀ ਦੀਆਂ ਵਜ੍ਹਾਵਾਂ ਅਤੇ ਇਨ੍ਹਾਂ ਦੇ ਹੱਲ ਦੱਸ ਰਹੇ ਹਨ ਮਨੋਜ ਕੁਮਾਰ।
ਰਿਟਰਨ ਦੀ ਪ੍ਰੋਸੈਸਿੰਗ ’ਚ ਦੇਰੀ
ਕਰਦਾਤਾ ਵੱਲੋਂ ਆਈਟੀਆਰ ਦਾਖ਼ਲ ਕਰਨ ਅਤੇ ਇਸ ਦੀ ਈ-ਤਸਦੀਕ ਤੋਂ ਬਾਅਦ ਆਮਦਨ ਕਰ ਵਿਭਾਗ ਇਸ ਦੀ ਪ੍ਰੋਸੈਸਿੰਗ (ਸੰਸਾਧਨ) ਕਰਦਾ ਹੈ। ਇਸ ਦੌਰਾਨ ਵਿਭਾਗ ਉਪਲਬਧ ਜਾਣਕਾਰੀ ਦਾ ਮਿਲਾਨ ਕਰਦਾ ਹੈ। ਅਜਿਹੇ ’ਚ ਕਈ ਵਾਰ ਈ-ਤਸਦੀਕ ਤੋਂ ਬਾਅਦ ਵੀ ਰਿਫੰਡ ਜਾਰੀ ਹੋਣ ’ਚ ਸਮਾਂ ਲੱਗ ਜਾਂਦਾ ਹੈ। ਅਜਿਹੀ ਸਥਿਤੀ ’ਚ ਕਰਦਾਤਾ ਈ-ਫਾਈਲਿੰਗ ਪੋਰਟਲ ’ਤੇ ਲਾਗਇਨ ਕਰਕੇ ਰਿਟਰਨ ਦੀ ਸਥਿਤੀ ਦੇਖ ਸਕਦੇ ਹਨ। ਇਸ ਲਈ ਈ-ਫਾਈਲ > ਇਨਕਮ ਟੈਕਸ ਰਿਟਰਨਜ਼ > ਵਿਊ ਫਾਈਲਡ ਰਿਟਰਨਜ਼ ’ਤੇ ਜਾਓ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਰਿਟਰਨ ਦੀ ਤਸਦੀਕ ਹੋਈ ਹੈ ਜਾਂ ਨਹੀਂ, ਇਸ ਦੀ ਪ੍ਰਕਿਰਿਆ ਪੂਰੀ ਹੋਈ ਹੈ ਜਾਂ ਨਹੀਂ ਅਤੇ ਰਿਫੰਡ ਜਾਰੀ, ਸਮਾਯੋਜਿਤ ਜਾਂ ਅਸਫਲ ਹੋਇਆ ਹੈ ਜਾਂ ਨਹੀਂ।
ਟੀਡੀਐੱਸ ਜਾਂ ਟੈਕਸ ਕ੍ਰੈਡਿਟ ’ਚ ਅੰਤਰ
ਕਈ ਵਾਰ ਕਰਦਾਤਾ ਵੱਲੋਂ ਆਈਟੀਆਰ ’ਚ ਦੱਸੇ ਗਏ ਟੈਕਸ ਕ੍ਰੈਡਿਟ ਅਤੇ ਆਮਦਨ ਕਰ ਵਿਭਾਗ ਕੋਲ ਉਪਲਬਧ ਜਾਣਕਾਰੀ ’ਚ ਅੰਤਰ ਆ ਸਕਦਾ ਹੈ। ਇਸ ਨਾਲ ਵੀ ਰਿਫੰਡ ਜਾਰੀ ਹੋਣ ’ਚ ਦੇਰੀ ਹੋ ਸਕਦੀ ਹੈ। ਅਜਿਹੀ ਸਥਿਤੀ ’ਚ ਕਰਦਾਤਾ ਨੂੰ ਆਪਣੇ ਟੀਡੀਐੱਸ ਅਤੇ ਟੀਸੀਐੱਸ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਦਾ ਫਾਰਮ 26ਏਐੱਸ, ਏਆਈਐੱਸ ਅਤੇ ਟੀਆਈਐੱਸ ’ਚ ਦਿੱਤੇ ਵੇਰਵਿਆਂ ਨਾਲ ਮਿਲਾਨ ਕਰਨਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦਾ ਅੰਤਰ ਮਿਲਣ ’ਤੇ ਆਮਦਨ ਕਰ ਵਿਭਾਗ ਵੱਲੋਂ ਤੈਅ ਪ੍ਰਕਿਰਿਆ ਮੁਤਾਬਕ ਜਾਣਕਾਰੀ ਨੂੰ ਸਹੀ ਕਰਨਾ ਚਾਹੀਦਾ ਹੈ।
ਬਕਾਇਆ ਟੈਕਸ ਮੰਗ
ਕਈ ਵਾਰ ਪਿਛਲੇ ਮੁਲਾਂਕਣ ਸਾਲ ਦਾ ਬਕਾਇਆ ਟੈਕਸ ਵੀ ਰਿਫੰਡ ਜਾਰੀ ਹੋਣ ’ਚ ਦੇਰੀ ਦਾ ਇਕ ਕਾਰਨ ਹੋ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਪੁਰਾਣੀ ਟੈਕਸ ਮੰਗ ਹੋਣ ’ਤੇ ਆਮਦਨ ਕਰ ਵਿਭਾਗ ਕਰਦਾਤਾ ਨੂੰ ਨੋਟਿਸ ਭੇਜ ਕੇ ਉਸ ਦਾ ਜਵਾਬ ਮੰਗਦਾ ਹੈ। ਕਰਦਾਤਾ ਵੱਲੋਂ ਨੋਟਿਸ ਦਾ ਕੋਈ ਜਵਾਬ ਨਾ ਦਿੱਤੇ ਜਾਣ ’ਤੇ ਵਿਭਾਗ ਰਿਫੰਡ ਦੀ ਰਕਮ ਨੂੰ ਪੁਰਾਣੀ ਟੈਕਸ ਰਾਸ਼ੀ ਨਾਲ ਸਮਾਯੋਜਿਤ ਕਰ ਸਕਦਾ ਹੈ। ਅਜਿਹੇ ਮਾਮਲਿਆਂ ਦੀ ਜਾਂਚ ਕਰਨ ਲਈ ਈ-ਫਾਈਲਿੰਗ ਪੋਰਟਲ ’ਤੇ ਲਾਗਇਨ ਕਰੋ। ਇਸ ਤੋਂ ਬਾਅਦ ਪੈਂਡਿੰਗ ਐਕਸ਼ਨਜ਼ ਸੈਕਸ਼ਨ ’ਚ ਰਿਸਪਾਂਸ ਟੂ ਆਊਟਸਟੈਂਡਿੰਗ ਡਿਮਾਂਡ ’ਤੇ ਕਲਿੱਕ ਕਰਕੇ ਦੇਖੋ। ਜੇ ਵਿਭਾਗ ਵੱਲੋਂ ਕੋਈ ਪੁਰਾਣੀ ਟੈਕਸ ਮੰਗ ਕੀਤੀ ਗਈ ਹੈ ਤਾਂ ਉਸ ਦਾ ਜਵਾਬ ਦਿਓ।
ਬੈਂਕ ਖਾਤੇ ਨਾਲ ਜੁੜੀ ਸਮੱਸਿਆ
ਕਈ ਵਾਰ ਆਮਦਨ ਕਰ ਵਿਭਾਗ ਵੱਲੋਂ ਰਿਫੰਡ ਤੈਅ ਕਰ ਦਿੱਤਾ ਜਾਂਦਾ ਹੈ, ਪਰ ਕਰਦਾਤਾ ਦੇ ਬੈਂਕ ਖਾਤੇ ਨਾਲ ਜੁੜੀ ਸਮੱਸਿਆ ਕਾਰਨ ਪੈਸਾ ਜਮ੍ਹਾਂ ਨਹੀਂ ਹੋ ਪਾਉਂਦਾ। ਇਹ ਬੈਂਕ ਖਾਤੇ ਦੀ ਪਹਿਲਾਂ ਤੋਂ ਤਸਦੀਕ ਨਾ ਹੋਣ, ਖਾਤਾ ਬੰਦ ਹੋ ਜਾਣ, ਆਈਐੱਫਐੱਸਸੀ ਕੋਡ ਗਲਤ ਹੋਣ ਜਾਂ ਬੈਂਕ ਖਾਤੇ ’ਚ ਦਰਜ ਨਾਮ ਅਤੇ ਪੈਨ ਦੀ ਜਾਣਕਾਰੀ ’ਚ ਅੰਤਰ ਹੋਣ ਕਾਰਨ ਹੋ ਸਕਦਾ ਹੈ। ਅਜਿਹੀ ਸਮੱਸਿਆ ਹੋਣ ’ਤੇ ਕਰਦਾਤਾ ਈ-ਫਾਈਲਿੰਗ ਪੋਰਟਲ ’ਤੇ ਜਾ ਕੇ ਮਾਈ ਪ੍ਰੋਫਾਈਲ ਸੈਕਸ਼ਨ ’ਚ ਮੌਜੂਦਾ ਖਾਤੇ ਨੂੰ ਰੀਵੈਲੀਡੇਟ (ਮੁੜ ਤਸਦੀਕ) ਕਰ ਸਕਦੇ ਹਨ। ਇਸ ਤੋਂ ਬਾਅਦ ਈ-ਫਾਈਲਿੰਗ ਪੋਰਟਲ ’ਤੇ ਰਿਫੰਡ ਲਈ ਮੁੜ ਬੇਨਤੀ ਕਰਨੀ ਹੋਵੇਗੀ। ਇਸ ਤੋਂ ਇਲਾਵਾ, ਪੈਨ ਦੇ ਅਕਿਰਿਆਸ਼ੀਲ ਹੋਣ ’ਤੇ ਵੀ ਰਿਫੰਡ ਮਿਲਣ ’ਚ ਸਮੱਸਿਆ ਆ ਸਕਦੀ ਹੈ।
ਆਮਦਨ ਕਰ ਵਿਭਾਗ ਦੇ ਸੁਨੇਹਿਆਂ ’ਤੇ ਜ਼ਰੂਰ ਦਿਓ ਧਿਆਨ
ਸਾਰੇ ਕਰਦਾਤਿਆਂ ਨੂੰ ਆਮਦਨ ਕਰ ਵਿਭਾਗ ਵੱਲੋਂ ਭੇਜੀਆਂ ਜਾਣ ਵਾਲੀਆਂ ਈ-ਮੇਲ ਅਤੇ ਮੈਸੇਜ ’ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਇਸ ਦਾ ਕਾਰਨ ਇਹ ਹੈ ਕਿ ਆਮਦਨ ਕਰ ਵਿਭਾਗ ਅਕਸਰ ਈ-ਫਾਈਲਿੰਗ ਖਾਤੇ ’ਚ ਕਿਸੇ ਵੀ ਤਰ੍ਹਾਂ ਦੀ ਗਲਤੀ, ਰਿਟਰਨ ’ਚ ਅੰਤਰ ਜਾਂ ਹੋਰ ਸਮੱਸਿਆਵਾਂ ਦੀ ਜਾਣਕਾਰੀ ਇਨ੍ਹਾਂ ਮਾਧਿਅਮਾਂ ਰਾਹੀਂ ਦਿੰਦਾ ਹੈ। ਇਸ ਤੋਂ ਇਲਾਵਾ, ਵਿਭਾਗ ਵੱਲੋਂ ਭੌਤਿਕ ਨੋਟਿਸ ਰਾਹੀਂ ਵੀ ਜ਼ਰੂਰੀ ਸੂਚਨਾਵਾਂ ਦਿੱਤੀਆਂ ਜਾਂਦੀਆਂ ਹਨ। ਕਰਦਾਤਿਆਂ ਨੂੰ ਆਮਦਨ ਕਰ ਵਿਭਾਗ ਵੱਲੋਂ ਮੰਗੀ ਜਾਣ ਵਾਲੀ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ। ਇਸ ਨਾਲ ਆਮਦਨ ਕਰ ਰਿਟਰਨ ਸਫਲਤਾਪੂਰਵਕ ਦਾਖ਼ਲ ਕਰਨ, ਰਿਫੰਡ ਪ੍ਰਾਪਤ ਕਰਨ ਅਤੇ ਭਵਿੱਖ ’ਚ ਹੋਣ ਵਾਲੀ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ’ਚ ਮਦਦ ਮਿਲ ਸਕਦੀ ਹੈ।
(ਨੋਟ: ਇਹ ਲੇਖ ਸਿਰਫ਼ ਜਾਣਕਾਰੀ ਲਈ ਹੈ। ਰਿਫੰਡ ਆਉਣ ’ਚ ਦੇਰੀ ਹੋਣ ’ਤੇ ਕਰ ਮਾਹਿਰਾਂ ਤੋਂ ਸਲਾਹ ਲਓ।)