- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਤੁਹਾਡੇ ਕੋਲ ਵੀ ਬੱਚਤ ਖਾਤਾ ਹੈ ਤੇ ਉਸ ’ਤੇ ਮਿਲਣ ਵਾਲੇ ਵਿਆਜ ਤੋਂ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਸਵੀਪ-ਇਨ ਐੱਫਡੀ ਸਹੂਲਤ ਦਾ ਲਾਭ ਲੈ ਸਕਦੇ ਹੋ। ਇਹ ਇਕ ਅਜਿਹੀ ਸਹੂਲਤ ਹੈ, ਜੋ ਖਾਤਾਧਾਰਕ ਨੂੰ ਬੱਚਤ ਖਾਤੇ ’ਚ ਜਮ੍ਹਾਂ ਰਕਮ ’ਤੇ ਵੱਧ ਵਿਆਜ ਹਾਸਲ ਕਰਨ ਦਾ ਬਦਲ ਦਿੰਦੀ ਹੈ।

ਅੱਜ ਦੇਸ਼ ’ਚ ਲਗਪਗ ਸਾਰੇ ਪਰਿਵਾਰਾਂ ਕੋਲ ਬੱਚਤ ਖਾਤਾ ਹੈ। ਇਨ੍ਹਾਂ ਖਾਤਿਆਂ ’ਚ ਹਜ਼ਾਰਾਂ ਕਰੋੜ ਰੁਪਏ ਦੀ ਰਕਮ ਜਮ੍ਹਾਂ ਹੈ ਅਤੇ ਇਸ ’ਤੇ ਬਹੁਤ ਘੱਟ ਦਰ ਨਾਲ ਵਿਆਜ ਮਿਲਦਾ ਹੈ। ਜੇ ਤੁਹਾਡੇ ਕੋਲ ਵੀ ਬੱਚਤ ਖਾਤਾ ਹੈ ਤੇ ਉਸ ’ਤੇ ਮਿਲਣ ਵਾਲੇ ਵਿਆਜ ਤੋਂ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਸਵੀਪ-ਇਨ ਐੱਫਡੀ ਸਹੂਲਤ ਦਾ ਲਾਭ ਲੈ ਸਕਦੇ ਹੋ। ਇਹ ਇਕ ਅਜਿਹੀ ਸਹੂਲਤ ਹੈ, ਜੋ ਖਾਤਾਧਾਰਕ ਨੂੰ ਬੱਚਤ ਖਾਤੇ ’ਚ ਜਮ੍ਹਾਂ ਰਕਮ ’ਤੇ ਵੱਧ ਵਿਆਜ ਹਾਸਲ ਕਰਨ ਦਾ ਬਦਲ ਦਿੰਦੀ ਹੈ। ਆਓ ਜਾਣਦੇ ਹਾਂ ਸਵੀਪ-ਇਨ ਐੱਫਡੀ ਸਹੂਲਤ ਬਾਰੇ ਸਭ ਕੁਝ...
----
ਕੀ ਹੈ ਸਵੀਪ-ਇਨ ਐੱਫਡੀ
ਸਵੀਪ-ਇਨ ਐੱਫਡੀ ਇਕ ਅਜਿਹੀ ਸਹੂਲਤ ਹੈ, ਜਿਸ ਤਹਿਤ ਤੁਹਾਡੇ ਬੱਚਤ ਖਾਤੇ ’ਚ ਜਮ੍ਹਾਂ ਵਾਧੂ ਪੈਸਾ ਆਪਣੇ ਆਪ ਫਿਕਸਡ ਡਿਪਾਜ਼ਿਟ (ਐੱਫਡੀ) ’ਚ ਚਲਾ ਜਾਂਦਾ ਹੈ। ਇਸ ਨਾਲ ਤੁਹਾਨੂੰ ਆਪਣੀ ਜਮ੍ਹਾਂ ਰਕਮ ’ਤੇ ਐੱਫਡੀ ਵਾਲੇ ਵੱਧ ਵਿਆਜ ਦਾ ਫ਼ਾਇਦਾ ਮਿਲਦਾ ਹੈ। ਨਾਲ ਹੀ ਲੋੜ ਪੈਣ ’ਤੇ ਤੁਸੀਂ ਆਪਣੇ ਪੈਸੇ ਆਸਾਨੀ ਨਾਲ ਕਢਵਾ ਵੀ ਸਕਦੇ ਹੋ। ਸਵੀਪ-ਇਨ ਐੱਫਡੀ ਦੀ ਖ਼ਾਸ ਗੱਲ ਇਹ ਹੈ ਕਿ ਇਸ ’ਚ ਪੈਸੇ ਜਮ੍ਹਾਂ ਕਰਵਾਉਣ ਅਤੇ ਕਢਵਾਉਣ ਲਈ ਤੁਹਾਨੂੰ ਵਾਰ-ਵਾਰ ਬੈਂਕ ਜਾਣ ਜਾਂ ਵੱਖਰੇ ਤੌਰ ’ਤੇ ਐੱਫਡੀ ਕਰਵਾਉਣ ਦੀ ਲੋੜ ਨਹੀਂ ਪੈਂਦੀ। ਇਹ ਸਹੂਲਤ ਤੁਹਾਡੇ ਬੱਚਤ ਖਾਤੇ ਨਾਲ ਜੁੜੀ ਹੁੰਦੀ ਹੈ ਅਤੇ ਬੈਂਕ ਦੇ ਤੈਅ ਨਿਯਮਾਂ ਮੁਤਾਬਕ ਆਪਣੇ ਆਪ ਕੰਮ ਕਰਦੀ ਹੈ।
-----
ਇਸ ਤਰ੍ਹਾਂ ਕੰਮ ਕਰਦੀ ਹੈ ਇਹ ਸਹੂਲਤ
ਸਵੀਪ-ਇਨ ਐੱਫਡੀ ਸਹੂਲਤ ਦਾ ਲਾਭ ਲੈਣ ਲਈ ਤੁਹਾਡੇ ਕੋਲ ਬੱਚਤ ਖਾਤਾ ਹੋਣਾ ਜ਼ਰੂਰੀ ਹੈ। ਜਿਸ ਬੈਂਕ ’ਚ ਤੁਹਾਡਾ ਬੱਚਤ ਖਾਤਾ ਹੋਵੇਗਾ, ਉਸੇ ’ਚ ਫਿਕਸਡ ਡਿਪਾਜ਼ਿਟ ਖਾਤਾ ਖੁੱਲ੍ਹੇਗਾ। ਇਸ ਸਹੂਲਤ ਨੂੰ ਸ਼ੁਰੂ ਕਰਵਾਉਣ ਸਮੇਂ ਬੈਂਕ ਤੁਹਾਡੇ ਖਾਤੇ ਲਈ ਇਕ ਤੈਅ ਰਕਮ ਤੈਅ ਕਰ ਦਿੰਦਾ ਹੈ। ਇਸ ਨੂੰ ਘੱਟੋ-ਘੱਟ ਬੈਲੇਂਸ ਦੀ ਹੱਦ ਕਿਹਾ ਜਾਂਦਾ ਹੈ। ਜਿਵੇਂ ਹੀ ਤੁਹਾਡੇ ਖਾਤੇ ’ਚ ਇਸ ਹੱਦ ਤੋਂ ਵੱਧ ਪੈਸੇ ਜਮ੍ਹਾਂ ਹੁੰਦੇ ਹਨ ਤਾਂ ਵਾਧੂ ਰਕਮ ਆਪਣੇ ਆਪ ਐੱਫਡੀ ਖਾਤੇ ’ਚ ਟਰਾਂਸਫਰ ਹੋ ਜਾਂਦੀ ਹੈ। ਜਿਵੇਂ ਹੀ ਬੱਚਤ ਖਾਤੇ ’ਚ ਪੈਸੇ ਤੈਅ ਹੱਦ ਤੋਂ ਘੱਟ ਹੁੰਦੇ ਹਨ ਤਾਂ ਐੱਫਡੀ ਖਾਤੇ ’ਚੋਂ ਰਕਮ ਬੱਚਤ ਖਾਤੇ ’ਚ ਆ ਜਾਂਦੀ ਹੈ। ਜਿੰਨਾ ਵਾਧੂ ਪੈਸਾ, ਜਿੰਨੇ ਦਿਨ ਐੱਫਡੀ ਖਾਤੇ ’ਚ ਰਹਿੰਦਾ ਹੈ, ਉਸ ’ਤੇ ਐੱਫਡੀ ਖਾਤੇ ਲਈ ਲਾਗੂ ਦਰ ਮੁਤਾਬਕ ਵਿਆਜ ਮਿਲਦਾ ਹੈ। ਵਿਆਜ ਦੀ ਦਰ ਬੈਂਕ ਅਤੇ ਐੱਫਡੀ ਦੀ ਮਿਆਦ ਮੁਤਾਬਕ ਵੱਖ-ਵੱਖ ਹੋ ਸਕਦੀ ਹੈ।
----
ਇਸ ਤਰ੍ਹਾਂ ਸਮਝੋ ਹਿਸਾਬ-ਕਿਤਾਬ
ਮੰਨ ਲਓ ਕਿ ਤੁਸੀਂ ਆਪਣੇ ਬੱਚਤ ਖਾਤੇ ’ਤੇ ਸਵੀਪ-ਇਨ ਐੱਫਡੀ ਸਹੂਲਤ ਦੀ ਚੋਣ ਕਰਦੇ ਹੋ। ਬੈਂਕ ਤੁਹਾਡੇ ਬੱਚਤ ਖਾਤੇ ਲਈ 30 ਹਜ਼ਾਰ ਰੁਪਏ ਦੀ ਘੱਟੋ-ਘੱਟ ਬੈਲੇਂਸ ਹੱਦ ਤੈਅ ਕਰਦਾ ਹੈ। ਇਸ ਤੋਂ ਵੱਧ ਰਕਮ ਖਾਤੇ ’ਚ ਜਮ੍ਹਾਂ ਹੋਣ ’ਤੇ ਵਾਧੂ ਪੈਸਾ ਆਪਣੇ ਆਪ ਐੱਫਡੀ ਖਾਤੇ ’ਚ ਚਲਾ ਜਾਵੇਗਾ। ਹੁਣ 30 ਹਜ਼ਾਰ ਰੁਪਏ ’ਤੇ ਬੱਚਤ ਖਾਤੇ ਲਈ ਲਾਗੂ ਦਰ ਮੁਤਾਬਕ ਵਿਆਜ ਮਿਲੇਗਾ, ਜਦਕਿ ਐੱਫਡੀ ਖਾਤੇ ’ਚ ਜਮ੍ਹਾਂ ਵਾਧੂ ਰਕਮ ’ਤੇ ਲਾਗੂ ਦਰ ਦੇ ਆਧਾਰ ’ਤੇ ਵਿਆਜ ਮਿਲੇਗਾ। ਭਾਵ ਇਸ ਸਹੂਲਤ ਨਾਲ ਤੁਸੀਂ ਬੱਚਤ ਖਾਤੇ ’ਚ ਪਈ ਇਕ ਤੈਅ ਹੱਦ ਤੋਂ ਵੱਧ ਰਕਮ ’ਤੇ ਜ਼ਿਆਦਾ ਵਿਆਜ ਕਮਾ ਸਕਦੇ ਹੋ।
-----
ਖ਼ਾਸ ਗੱਲਾਂ
- ਸਵੀਪ-ਇਨ ਐੱਫਡੀ ਸਹੂਲਤ ਸ਼ੁਰੂ ਕਰਨ ਤੋਂ ਪਹਿਲਾਂ ਬੈਂਕ ਤੁਹਾਨੂੰ ਐੱਫਡੀ ਦੀ ਇਕ ਨਿਸ਼ਚਿਤ ਮਿਆਦ ਚੁਣਨ ਲਈ ਕਹਿ ਸਕਦਾ ਹੈ।
- ਲੋੜ ਪੈਣ ’ਤੇ ਤੁਸੀਂ ਐੱਫਡੀ ਖਾਤੇ ’ਚੋਂ ਪੂਰੀ ਰਕਮ ਜਾਂ ਕੁਝ ਹਿੱਸਾ ਕਢਵਾ ਸਕਦੇ ਹੋ। ਇਸ ’ਤੇ ਸਮੇਂ ਤੋਂ ਪਹਿਲਾਂ ਪੈਸੇ ਕਢਵਾਉਣ ’ਤੇ ਕੋਈ ਜੁਰਮਾਨਾ ਨਹੀਂ ਲੱਗਦਾ। ਹਾਲਾਂਕਿ ਵੱਖ-ਵੱਖ ਬੈਂਕਾਂ ਦੇ ਨਿਯਮ ਵੱਖਰੇ ਹੋ ਸਕਦੇ ਹਨ।
- ਇਸ ਸਹੂਲਤ ਦਾ ਫ਼ਾਇਦਾ ਲੈਣ ਤੋਂ ਪਹਿਲਾਂ ਵੱਖ-ਵੱਖ ਬੈਂਕਾਂ ਦੀਆਂ ਵਿਆਜ ਦਰਾਂ, ਨਿਯਮਾਂ ਅਤੇ ਸ਼ਰਤਾਂ ਦੀ ਤੁਲਨਾ ਜ਼ਰੂਰ ਕਰੋ।
- ਇਸ ਸਹੂਲਤ ਤਹਿਤ ਐੱਫਡੀ ’ਤੇ ਮਿਲਣ ਵਾਲਾ ਵਿਆਜ ਟੈਕਸਯੋਗ ਹੁੰਦਾ ਹੈ ਅਤੇ ਬੈਂਕ ਟੀਡੀਐੱਸ ਦੀ ਕਟੌਤੀ ਕਰ ਸਕਦਾ ਹੈ।
- ਬੈਂਕਾਂ ਦੇ ਆਨਲਾਈਨ ਪੋਰਟਲ ਜਾਂ ਬੈਂਕ ਸ਼ਾਖਾ ’ਚ ਜਾ ਕੇ ਇਹ ਸਹੂਲਤ ਸ਼ੁਰੂ ਕਰਵਾਈ ਜਾ ਸਕਦੀ ਹੈ।
- ਇਸ ਸਹੂਲਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੈਂਕ ਤੁਹਾਡੇ ਤੋਂ ਪਛਾਣ ਅਤੇ ਪਤੇ ਦੀ ਪੁਸ਼ਟੀ ਲਈ ਦਸਤਾਵੇਜ਼ ਮੰਗ ਸਕਦਾ ਹੈ।
(ਨੋਟ : ਇਹ ਲੇਖ ਸਿਰਫ਼ ਜਾਣਕਾਰੀ ਲਈ ਹੈ। ਇਸ ਸਹੂਲਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਬੈਂਕ ਤੋਂ ਚੰਗੀ ਤਰ੍ਹਾਂ ਪੜਤਾਲ ਕਰ ਲਓ।)
(ਜਾਗਰਣ ਇਨਫੋ)