- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਹੂਲਤ ਤਹਿਤ ਮੈਂਬਰ ਈਪੀਐੱਫ਼ਓ ਦੇ ਨਿਯਮਾਂ ਅਨੁਸਾਰ ਰਕਮ ਕਢਵਾ ਸਕਦੇ ਹਨ। ਹੁਣ ਤੱਕ ਮੁਲਾਜ਼ਮਾਂ ਲਈ ਆਪਣੇ ਪੀਐੱਫ਼ ਖਾਤੇ ’ਚ ਘੱਟੋ-ਘੱਟ 25 ਫ਼ੀਸਦ ਰਕਮ ਬਰਕਰਾਰ ਰੱਖਣੀ ਲਾਜ਼ਮੀ ਸੀ। ਹੁਣ ਇਸ ਨੂੰ ਘਟਾ ਕੇ 10 ਫ਼ੀਸਦ ਕਰ ਦਿੱਤਾ ਗਿਆ ਹੈ। ਇਸ ਨੂੰ ਲਾਕ-ਇਨ ਰਕਮ ਵੀ ਕਿਹਾ ਜਾਂਦਾ ਹੈ।

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫ਼ਓ) ਦੇ ਟਰੱਸਟੀ ਬੋਰਡ ਨੇ ਹਾਲ ਹੀ ’ਚ ਹੋਈ ਮੀਟਿੰਗ ਦੌਰਾਨ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ (ਪੀਐੱਫ਼) ਖਾਤੇ ’ਚ ਜਮ੍ਹਾਂ ਰਾਸ਼ੀ ਨੂੰ ਲੈ ਕੇ ਤਿੰਨ ਅਹਿਮ ਫ਼ੈਸਲੇ ਕੀਤੇ ਹਨ। ਇਨ੍ਹਾਂ ’ਚ ਸੇਵਾਮੁਕਤੀ ਤੋਂ ਬਾਅਦ ਪੀਐੱਫ਼ ਖਾਤੇ ’ਚ ਜਮ੍ਹਾਂ ਰਕਮ ਨੂੰ ਕਿਸ਼ਤਾਂ ’ਚ ਕਢਵਾਉਣ ਦਾ ਬਦਲ, ਨੌਕਰੀ ਛੱਡਣ ਤੋਂ ਬਾਅਦ ਪੀਐੱਫ਼ ਖਾਤੇ ਦੇ ਅੰਤਿਮ ਨਿਪਟਾਰੇ ਦੀ ਮਿਆਦ ਘਟਾਉਣ ਤੇ ਪੀਐੱਫ਼ ਖਾਤੇ ’ਚ ਮੁਲਾਜ਼ਮ ਦੇ ਹਿੱਸੇ ਦੀ ਘੱਟੋ-ਘੱਟ ਰਾਸ਼ੀ ਘਟਾਉਣਾ ਪ੍ਰਮੁੱਖ ਹਨ। ਇਨ੍ਹਾਂ ਤਿੰਨਾਂ ਫ਼ੈਸਲਿਆਂ ਦਾ ਮੁਲਾਜ਼ਮਾਂ ਦੇ ਪੀਐੱਫ਼ ਖਾਤੇ ’ਤੇ ਪੈਣ ਵਾਲੇ ਅਸਰ ਬਾਰੇ ਜਾਣੋ ਸਭ ਕੁਝ...
ਨੌਕਰੀ ਤੋਂ ਬਾਅਦ ਪੈਸਾ ਕਿਸ਼ਤਾਂ ’ਚ ਕਢਵਾਉਣ ਦੀ ਸਹੂਲਤ
ਪਹਿਲੇ ਫ਼ੈਸਲੇ ਤਹਿਤ ਬੋਰਡ ਨੇ ਮੈਂਬਰਾਂ ਜਾਂ ਖਾਤਾਧਾਰਕਾਂ ਨੂੰ ਸੇਵਾਮੁਕਤੀ ਤੋਂ ਬਾਅਦ ਪੀਐੱਫ਼ ਖਾਤੇ ’ਚ ਜਮ੍ਹਾਂ ਪੈਸੇ ਇਕਮੁਸ਼ਤ ਕਢਵਾਉਣ ਦੀ ਬਜਾਏ ਕਿਸ਼ਤਾਂ ’ਚ ਕਢਵਾਉਣ ਦੀ ਸਹੂਲਤ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਮੁਲਾਜ਼ਮ ਤਨਖ਼ਾਹ ਵਾਂਗ ਹਰ ਮਹੀਨੇ, ਤਿੰਨ ਮਹੀਨਿਆਂ ਜਾਂ ਛੇ ਮਹੀਨਿਆਂ ਬਾਅਦ ਆਪਣੇ ਪੀਐੱਫ਼ ਖਾਤੇ ’ਚੋਂ ਰਕਮ ਕਢਵਾ ਸਕਣਗੇ। ਇਸ ਨਾਲ ਉਨ੍ਹਾਂ ਨੂੰ ਸੇਵਾਮੁਕਤੀ ਤੋਂ ਬਾਅਦ ਮਿਲਣ ਵਾਲੀ ਇਕਮੁਸ਼ਤ ਰਕਮ ਨੂੰ ਨਿਵੇਸ਼ ਕਰਨ ਦੀ ਚਿੰਤਾ ਤੋਂ ਵੀ ਰਾਹਤ ਮਿਲੇਗੀ। ਇਸ ਫ਼ੈਸਲੇ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਰਕਮ ਕਢਵਾਉਣ ਤੋਂ ਬਾਅਦ ਪੀਐੱਫ਼ ਖਾਤੇ ’ਚ ਸਾਲ ਦੇ ਅੰਤ ’ਤੇ ਬਾਕੀ ਬਚੀ ਜਮ੍ਹਾਂ ਰਾਸ਼ੀ ’ਤੇ ਤੈਅ ਦਰ ਨਾਲ ਵਿਆਜ ਵੀ ਮਿਲੇਗਾ। ਕਿਸ਼ਤਾਂ ’ਚ ਰਕਮ ਕਢਵਾਉਣ ਦੀ ਸਹੂਲਤ ਵਿਕਲਪਿਕ ਹੈ ਅਤੇ ਮੁਲਾਜ਼ਮ ਚਾਹੇ ਤਾਂ ਇਕੋ ਵਾਰ ਆਪਣੇ ਪੀਐੱਫ਼ ਖਾਤੇ ’ਚ ਜਮ੍ਹਾਂ ਪੂਰੀ ਰਕਮ ਵੀ ਕਢਵਾ ਸਕਦਾ ਹੈ। ਇਸ ਤੋਂ ਇਲਾਵਾ ਮੈਂਬਰਾਂ ਕੋਲ ਸਿਰਫ਼ ਵਿਆਜ ਦੀ ਰਕਮ ਕਢਵਾਉਣ ਦਾ ਬਦਲ ਵੀ ਹੋਵੇਗਾ। ਪੀਐੱਫ਼ ਖਾਤਾਧਾਰਕ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਯੋਗ ਮੈਂਬਰਾਂ ਜਾਂ ਲਾਭਪਾਤਰੀਆਂ ਨੂੰ ਵੀ ਇਹ ਸਹੂਲਤ ਮਿਲੇਗੀ। ਇਹ ਸਹੂਲਤ ਕਰਮਚਾਰੀ ਪੈਨਸ਼ਨ ਯੋਜਨਾ (ਈਪੀਐੱਸ) ਤੋਂ ਬਿਲਕੁਲ ਵੱਖਰੀ ਹੈ।
ਉਦਾਹਰਨ: ਸੇਵਾਮੁਕਤੀ ਤੋਂ ਬਾਅਦ ਕਿਸੇ ਵਿਅਕਤੀ ਦੇ ਪੀਐੱਫ਼ ਖਾਤੇ ’ਚ 50 ਲੱਖ ਰੁਪਏ ਜਮ੍ਹਾਂ ਹਨ। ਉਹ ਇਕ ਸਾਲ ’ਚ ਪੰਜ ਲੱਖ ਰੁਪਏ ਕਢਵਾਉਣ (ਮਹੀਨਾਵਾਰ, ਤਿਮਾਹੀ ਜਾਂ ਛਿਮਾਹੀ) ਦਾ ਬਦਲ ਚੁਣਦਾ ਹੈ। ਅਜਿਹੇ ’ਚ ਅਗਲੇ ਸਾਲ ਦੇ ਅੰਤ ’ਤੇ ਉਸ ਦੇ ਖਾਤੇ ’ਚ 45 ਲੱਖ ਰੁਪਏ ਬਾਕੀ ਰਹਿ ਜਾਣਗੇ। ਜੇਕਰ ਵਿਆਜ ਦੀ ਦਰ ਸਾਲਾਨਾ ਅੱਠ ਫ਼ੀਸਦ ਹੈ ਤਾਂ ਉਸ ਨੂੰ ਬਾਕੀ ਬਚੇ 45 ਲੱਖ ਰੁਪਏ ’ਤੇ 3.60 ਲੱਖ ਰੁਪਏ ਵਿਆਜ ਮਿਲੇਗਾ। ਇਸ ਤਰ੍ਹਾਂ ਦੂਜੇ ਸਾਲ ਮੁਲਾਜ਼ਮ ਦੇ ਖਾਤੇ ’ਚ ਕੁੱਲ 48.60 ਲੱਖ ਰੁਪਏ ਜਮ੍ਹਾਂ ਹੋਣਗੇ।
----------
ਅੰਤਿਮ ਨਿਪਟਾਰੇ ਲਈ ਉਡੀਕ ਦੀ ਮਿਆਦ ਘਟੀ
ਦੂਜੇ ਫ਼ੈਸਲੇ ਤਹਿਤ ਈਪੀਐੱਫ਼ਓ ਦੇ ਟਰੱਸਟੀ ਬੋਰਡ ਨੇ ਕਿਸੇ ਮੁਲਾਜ਼ਮ ਵੱਲੋਂ ਨੌਕਰੀ ਛੱਡਣ ਤੋਂ ਬਾਅਦ ਪੀਐੱਫ਼ ਖਾਤੇ ਦੇ ਅੰਤਿਮ ਨਿਪਟਾਰੇ ਲਈ ਉਡੀਕ ਦੀ ਮਿਆਦ 12 ਮਹੀਨਿਆਂ ਤੋਂ ਘਟਾ ਕੇ ਦੋ ਮਹੀਨੇ ਕਰ ਦਿੱਤੀ ਹੈ। ਮੌਜੂਦਾ ਵਿਵਸਥਾ ਤਹਿਤ ਜੇਕਰ ਕੋਈ ਮੁਲਾਜ਼ਮ ਨੌਕਰੀ ਛੱਡਣ ਜਾਂ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ 12 ਮਹੀਨਿਆਂ ਤੱਕ ਮੁੜ ਰਸਮੀ ਰੁਜ਼ਗਾਰ ’ਚ ਨਹੀਂ ਆਉਂਦਾ ਸੀ ਤਾਂ ਉਸ ਨੂੰ ਆਪਣੇ ਪੀਐੱਫ਼ ਖਾਤੇ ’ਚੋਂ ਪੂਰੀ ਰਕਮ ਕਢਵਾਉਣ ਦੀ ਇਜਾਜ਼ਤ ਸੀ। ਇਸ ’ਚ ਮੁਲਾਜ਼ਮ ਦਾ ਯੋਗਦਾਨ, ਕੰਪਨੀ ਜਾਂ ਮਾਲਕ ਦਾ ਯੋਗਦਾਨ ਅਤੇ ਪੈਨਸ਼ਨ ਦਾ ਹਿੱਸਾ (ਜੇਕਰ ਕੋਈ ਹੋਵੇ) ਸ਼ਾਮਲ ਹਨ। ਤਾਜ਼ਾ ਫ਼ੈਸਲੇ ਤੋਂ ਬਾਅਦ ਨੌਕਰੀ ਛੱਡਣ ਜਾਂ ਕੱਢੇ ਜਾਣ ਦੇ ਦੋ ਮਹੀਨਿਆਂ ਬਾਅਦ ਹੀ ਕਿਸੇ ਵਿਅਕਤੀ ਨੂੰ ਇਹ ਸਹੂਲਤ ਮਿਲਣ ਲੱਗੇਗੀ ਅਤੇ ਉਹ ਆਪਣੇ ਪੀਐੱਫ਼ ਖਾਤੇ ਦਾ ਅੰਤਿਮ ਨਿਪਟਾਰਾ ਕਰਵਾ ਕੇ ਪੂਰੀ ਰਕਮ ਕਢਵਾ ਸਕੇਗਾ। ਇੱਥੇ ਇਹ ਵੀ ਜਾਣ ਲਓ ਕਿ ਪੀਐੱਫ਼ ਖਾਤੇ ਦਾ ਅੰਤਿਮ ਨਿਪਟਾਰਾ ਹੋ ਜਾਣ ਤੋਂ ਬਾਅਦ ਮੁੜ ਨੌਕਰੀ ਸ਼ੁਰੂ ਕਰਨ ’ਤੇ ਨਵੇਂ ਪੀਐੱਫ਼ ਖਾਤੇ ’ਚ ਪੁਰਾਣੇ ਖਾਤੇ ਦਾ ਕੋਈ ਵੀ ਲਾਭ ਤਬਦੀਲ ਜਾਂ ਜਮ੍ਹਾਂ ਨਹੀਂ ਹੋ ਸਕੇਗਾ।
ਖਾਤੇ ’ਚ ਘੱਟੋ-ਘੱਟ ਰਕਮ ਰੱਖਣ ਦੀ ਲਾਜ਼ਮੀ ਸ਼ਰਤ
ਈਪੀਐੱਫ਼ਓ ਆਪਣੇ ਮੈਂਬਰਾਂ ਨੂੰ ਵੱਖ-ਵੱਖ ਕਾਰਨਾਂ, ਜਿਵੇਂ ਬਿਮਾਰੀ ਦੇ ਇਲਾਜ, ਮਕਾਨ ਬਣਾਉਣ, ਬੱਚਿਆਂ ਦੀ ਪੜ੍ਹਾਈ, ਆਪਣੇ ਜਾਂ ਬੱਚਿਆਂ ਦੇ ਵਿਆਹ ਆਦਿ ਲਈ ਪੀਐੱਫ਼ ਖਾਤੇ ’ਚੋਂ ਅੰਸ਼ਕ ਰਕਮ ਕਢਵਾਉਣ ਦੀ ਸਹੂਲਤ ਦਿੰਦਾ ਹੈ। ਇਹ ਰਕਮ ਸਿਰਫ਼ ਮੁਲਾਜ਼ਮ ਦੇ ਯੋਗਦਾਨ ਵਾਲੇ ਹਿੱਸੇ ’ਚੋਂ ਹੀ ਕਢਵਾਈ ਜਾ ਸਕਦੀ ਹੈ। ਇਸ ਸਹੂਲਤ ਤਹਿਤ ਮੈਂਬਰ ਈਪੀਐੱਫ਼ਓ ਦੇ ਨਿਯਮਾਂ ਅਨੁਸਾਰ ਰਕਮ ਕਢਵਾ ਸਕਦੇ ਹਨ। ਹੁਣ ਤੱਕ ਮੁਲਾਜ਼ਮਾਂ ਲਈ ਆਪਣੇ ਪੀਐੱਫ਼ ਖਾਤੇ ’ਚ ਘੱਟੋ-ਘੱਟ 25 ਫ਼ੀਸਦ ਰਕਮ ਬਰਕਰਾਰ ਰੱਖਣੀ ਲਾਜ਼ਮੀ ਸੀ। ਹੁਣ ਇਸ ਨੂੰ ਘਟਾ ਕੇ 10 ਫ਼ੀਸਦ ਕਰ ਦਿੱਤਾ ਗਿਆ ਹੈ। ਇਸ ਨੂੰ ਲਾਕ-ਇਨ ਰਕਮ ਵੀ ਕਿਹਾ ਜਾਂਦਾ ਹੈ।
ਉਦਾਹਰਨ ਲਈ: ਜੇਕਰ ਕਿਸੇ ਮੁਲਾਜ਼ਮ ਦੇ ਪੀਐੱਫ਼ ਖਾਤੇ ’ਚ ਉਸ ਦੇ ਆਪਣੇ ਯੋਗਦਾਨ ਵਾਲੇ ਹਿੱਸੇ ’ਚ ਇਕ ਲੱਖ ਰੁਪਏ ਜਮ੍ਹਾਂ ਹਨ ਤਾਂ ਉਹ 90 ਹਜ਼ਾਰ ਰੁਪਏ ਤੱਕ ਕਢਵਾ ਸਕਦਾ ਹੈ। ਪਹਿਲਾਂ ਸਿਰਫ਼ 75 ਹਜ਼ਾਰ ਰੁਪਏ ਤੱਕ ਕਢਵਾਉਣ ਦੀ ਇਜਾਜ਼ਤ ਸੀ।
ਹੋਰ ਫ਼ੈਸਲੇ
- ਈਡੀਐੱਲਆਈ ਛੋਟ ਦੇ ਮਾਮਲਿਆਂ ’ਚ ਰਾਹਤ: ਬੋਰਡ ਨੇ ਈਡੀਐੱਲਆਈ ਯੋਜਨਾ, 2026 ’ਚ ਸੋਧਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਯੋਗ ਸੰਸਥਾਵਾਂ ਨੂੰ ਆਪਣੀਆਂ ਖ਼ਤਮ ਹੋ ਚੁੱਕੀਆਂ ਛੋਟਾਂ ਦਾ ਨਵੀਨੀਕਰਨ ਕਰਵਾਉਣ ਲਈ ਛੇ ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਤਸਦੀਕਯੋਗ ਤਬਦੀਲੀ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਯੋਗਦਾਨ, ਵਿਆਜ ਅਤੇ ਜੁਰਮਾਨੇ ਤੋਂ ਵੀ ਰਾਹਤ ਦਿੱਤੀ ਜਾਵੇਗੀ।
- ਬਦਲਵੇਂ ਨਿਵੇਸ਼ ਫੰਡਾਂ ’ਚ ਨਿਵੇਸ਼: ਬੋਰਡ ਨੇ ਸਿਧਾਂਤਕ ਤੌਰ ’ਤੇ ਮਨਜ਼ੂਰੀ ਦਿੱਤੀ ਹੈ ਕਿ ਮੌਜੂਦਾ ਕੁੱਲ ਨਿਵੇਸ਼ ਦੀ ਹੱਦ ਅੰਦਰ ਯੋਗ ਬਦਲਵੇਂ ਨਿਵੇਸ਼ ਫੰਡਾਂ (ਏਆਈਐੱਫ਼) ’ਚ ਨਵੇਂ ਨਿਵੇਸ਼ ਦਾ ਤਿੰਨ ਫ਼ੀਸਦ ਤੱਕ ਹਿੱਸਾ ਲਾਇਆ ਜਾ ਸਕਦਾ ਹੈ। ਸ਼ੁਰੂਆਤ ’ਚ ਇਹ ਨਿਵੇਸ਼ ਸਰਕਾਰੀ ਸੰਸਥਾਵਾਂ ਰਾਹੀਂ ਕੀਤਾ ਜਾਵੇਗਾ। ਇਸ ਫ਼ੈਸਲੇ ਦਾ ਉਦੇਸ਼ ਈਪੀਐੱਫ਼ਓ ਦੇ ਨਿਵੇਸ਼ ਪੋਰਟਫੋਲੀਓ ’ਚ ਵਿਭਿੰਨਤਾ ਲਿਆਉਣਾ ਹੈ।
(ਨੋਟ: ਇਹ ਸਾਰੀਆਂ ਤਬਦੀਲੀਆਂ ਅੰਤਿਮ ਨੋਟੀਫਿਕੇਸ਼ਨ ’ਤੇ ਨਿਰਭਰ ਹਨ ਅਤੇ ਇਨ੍ਹਾਂ ’ਚ ਤਬਦੀਲੀ ਵੀ ਹੋ ਸਕਦੀ ਹੈ। ਇਨ੍ਹਾਂ ਦੇ ਦੋ ਮਹੀਨਿਆਂ ’ਚ ਲਾਗੂ ਹੋਣ ਦੀ ਸੰਭਾਵਨਾ ਹੈ।)
(ਜਾਗਰਣ ਇਨਫੋ)