- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਐੱਸ ਮਹਿੰਦਰ ਦੀ ਕੰਪਨੀ ਹੱਟੀ ਕਾਪੀ ਦੀ ਕੀਮਤ ਲਗਪਗ 180 ਕਰੋੜ ਰੁਪਏ ਹੋ ਗਈ ਹੈ। ਬੈਂਗਲੁਰੂ 'ਚ 5 ਰੁਪਏ ਦੇ ਪਹਿਲੇ ਕੱਪ ਤੋਂ ਸ਼ੁਰੂ ਹੋਏ ਇਸ ਕਾਰੋਬਾਰ ਨੇ ਇੱਕ ਅਜਿਹਾ ਬ੍ਰਾਂਡ ਖੜ੍ਹਾ ਕੀਤਾ ਹੈ, ਜੋ ਰਵਾਇਤੀ ਫਿਲਟਰ ਕੌਫੀ ਨੂੰ ਸੰਗਠਿਤ ਪ੍ਰਚੂਨ ਕਾਰੋਬਾਰ ਅਤੇ ਵੱਡੀਆਂ ਸੰਸਥਾਵਾਂ ਤੱਕ ਸਪਲਾਈ ਦੇ ਨੈੱਟਵਰਕ ਨਾਲ ਜੋੜਦਾ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਸੋਚੋ, ਜੇਕਰ ਤੁਹਾਨੂੰ ਸਿਰਫ਼ 5 ਰੁਪਏ ਵਾਲੀ ਇੱਕ ਚੀਜ਼ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨਾ ਹੋਵੇ ਅਤੇ ਉਹ ਵੀ ਸਿਰਫ਼ 30 ਵਰਗ ਫੁੱਟ ਦੀ ਦੁਕਾਨ ਤੋਂ, ਤਾਂ ਕੀ ਤੁਸੀਂ ਅਰਬਪਤੀ ਬਣਨ ਦਾ ਸੁਪਨਾ ਦੇਖ ਸਕੋਗੇ? ਸ਼ਾਇਦ ਤੁਹਾਡਾ ਜਵਾਬ 'ਨਹੀਂ' ਹੋਵੇਗਾ। ਪਰ ਇੱਕ ਵਿਅਕਤੀ ਨੇ ਇਸ ਸੁਪਨੇ ਨੂੰ ਹਕੀਕਤ 'ਚ ਬਦਲ ਦਿੱਤਾ। ਇਹ ਕਹਾਣੀ ਹੈ ਯੂਐੱਸ ਮਹਿੰਦਰ ਦੀ, ਜਿਨ੍ਹਾਂ ਨੇ ਨਵੰਬਰ 2009 'ਚ ਬੈਂਗਲੁਰੂ ਦੇ ਗਾਂਧੀ ਬਾਜ਼ਾਰ 'ਚ ਕੌਫੀ ਦਾ ਇੱਕ ਛੋਟਾ ਜਿਹਾ ਆਊਟਲੈੱਟ ਖੋਲ੍ਹਿਆ ਸੀ। ਉਹ ਆਪਣੀ ਇਸ ਦੁਕਾਨ 'ਤੇ ਦੱਖਣੀ ਭਾਰਤੀ ਫਿਲਟਰ ਕੌਫੀ ਸਿਰਫ਼ 5 ਰੁਪਏ 'ਚ ਵੇਚਦੇ ਸਨ। ਫਿਰ ਉਨ੍ਹਾਂ ਨੂੰ ਕਿਵੇਂ ਮਿਲੀ ਸਫ਼ਲਤਾ? ਆਓ ਜਾਣਦੇ ਹਾਂ।
ਮਹਿੰਦਰ ਦੀ ਕੌਫੀ ਦੀ ਦੁਕਾਨ ਇੱਕ ਪੌੜੀ ਹੇਠਾਂ ਸੀ, ਜਿਸ ਦਾ ਆਕਾਰ ਲਗਭਗ 30 ਵਰਗ ਫੁੱਟ ਸੀ। ਹਾਲਾਂਕਿ, ਉਨ੍ਹਾਂ ਦਾ ਆਪਣਾ ਨਜ਼ਰੀਆ ਬਿਲਕੁਲ ਸਪੱਸ਼ਟ ਸੀ—ਗਾਹਕਾਂ ਨੂੰ ਰਵਾਇਤੀ ਭਾਰਤੀ ਫਿਲਟਰ ਕੌਫੀ ਸਸਤੇ ਭਾਅ 'ਤੇ ਅਤੇ ਬਿਨਾਂ ਕਿਸੇ ਤਾਮ-ਝਾਮ ਦੇ ਮੁਹੱਈਆ ਕਰਵਾਉਣਾ। ਉਨ੍ਹਾਂ ਦਾ ਇਹੀ ਵਿਚਾਰ ਅੱਗੇ ਚੱਲ ਕੇ ਉਨ੍ਹਾਂ ਦੇ ਆਪਣੇ ਕਾਰੋਬਾਰ 'ਹੱਟੀ ਕਾਪੀ' (Hatti Kaapi) ਦੀ ਨੀਂਹ ਬਣਿਆ। ਅੱਜ ਇਹ ਬੈਂਗਲੁਰੂ ਦੀ ਇੱਕ ਕੌਫੀ ਚੇਨ ਹੈ, ਜੋ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰੀ ਮਾਡਲਾਂ 'ਚ ਫੈਲ ਚੁੱਕੀ ਹੈ। ਇਸ 'ਚ ਹਾਈ-ਸਟ੍ਰੀਟ ਆਊਟਲੈੱਟ, ਹਵਾਈ ਅੱਡੇ ਤੇ ਕਾਰਪੋਰੇਟ ਕੈਂਪਸ ਸ਼ਾਮਲ ਹਨ।
ਮਹਿੰਦਰਾ ਕਰਨਾਟਕ ਦੇ ਹਾਸਨ ਤੋਂ ਆਉਂਦੇ ਹਨ, ਜਿੱਥੇ ਵੱਡੇ ਪੱਧਰ 'ਤੇ ਕੌਫੀ ਦੀ ਖੇਤੀ ਕੀਤੀ ਜਾਂਦੀ ਹੈ। ਇਸੇ ਕਰਕੇ ਉਨ੍ਹਾਂ ਨੇ ਕੌਫੀ ਦੇ ਕਾਰੋਬਾਰ 'ਚ ਕਦਮ ਰੱਖਿਆ। ਮਹਿੰਦਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਕੌਫੀ ਦੀ ਟ੍ਰੇਡਿੰਗ ਤੇ ਬ੍ਰੋਕਰੇਜ ਤੋਂ ਹੀ ਕੀਤੀ ਸੀ। ਇਸ ਨਾਲ ਉਨ੍ਹਾਂ ਨੂੰ ਇਸ ਉਤਪਾਦ ਅਤੇ ਇਸ ਦੀ ਖੇਤੀ ਕਰਨ ਵਾਲੇ ਕਿਸਾਨਾਂ ਬਾਰੇ ਡੂੰਘੀ ਸਮਝ ਹਾਸਲ ਹੋਈ।
ਮੀਡੀਆ ਰਿਪੋਰਟਾਂ ਮੁਤਾਬਕ ਇੱਕ ਇੰਟਰਵਿਊ 'ਚ ਮਹਿੰਦਰਾ ਨੇ ਕਿਹਾ ਸੀ ਕਿ ਕੌਫੀ ਸਾਡੇ ਡੀਐੱਨਏ 'ਚ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਕੈਫੇ ਕੌਫੀ ਡੇ (Café Coffee Day) ਦੇ ਸੰਸਥਾਪਕ ਵੀ.ਜੀ. ਸਿਧਾਰਥ ਤੋਂ ਵੀ ਪ੍ਰੇਰਣਾ ਮਿਲੀ। ਹਾਲਾਂਕਿ, ਮਹਿੰਦਰ ਨੇ ਗਾਹਕਾਂ ਦੀ ਇਕ ਵੱਖਰੀ ਪਸੰਦ ਨੂੰ ਧਿਆਨ 'ਚ ਰੱਖਦਿਆਂ ਆਪਣਾ ਕਾਰੋਬਾਰ ਅੱਗੇ ਵਧਾਇਆ।
'ਹੱਟੀ ਕਾਪੀ' ਦਾ ਨਾਂ ਕੰਨੜ ਸ਼ਬਦ 'ਹੱਟੀ' ਤੋਂ ਆਇਆ ਹੈ, ਜਿਸ ਦਾ ਅਰਥ 'ਘਰ' ਹੁੰਦਾ ਹੈ। ਕੰਪਨੀ ਨੇ ਕੈਫੇ ਦੀ ਸਜਾਵਟ ਜਾਂ ਮਹਿੰਗੇ ਪੀਣ ਵਾਲੇ ਪਦਾਰਥਾਂ 'ਤੇ ਨਿਰਭਰ ਰਹਿਣ ਦੀ ਬਜਾਏ, ਤਾਜ਼ੀ ਫਿਲਟਰ ਕੌਫੀ ਜਲਦੀ ਪਰੋਸਣ 'ਤੇ ਧਿਆਨ ਦਿੱਤਾ।
ਇਸ ਕਾਰੋਬਾਰ 'ਚ ਉਨ੍ਹਾਂ ਨੇ ਸਥਾਨਕ ਕਿਸਾਨਾਂ ਨੂੰ ਵੀ ਆਪਣੇ ਨਾਲ ਜੋੜਿਆ। ਉਨ੍ਹਾਂ ਨੇ ਸਕਲੇਸ਼ਪੁਰ ਦੇ ਜੰਬਰਾਡੀ ਪਿੰਡ ਦੇ ਲਗਪਗ 15 ਤੋਂ 20 ਕੌਫੀ ਕਿਸਾਨਾਂ ਨਾਲ ਸੰਪਰਕ ਕੀਤਾ। ਇਨ੍ਹਾਂ ਕਿਸਾਨਾਂ ਕੋਲ 5 ਤੋਂ 25 ਏਕੜ ਤੱਕ ਦੇ ਬਾਗ਼ ਸਨ ਅਤੇ ਮਹਿੰਦਰ ਨੇ ਉਨ੍ਹਾਂ ਤੋਂ ਕੌਫੀ ਖਰੀਦਣੀ ਸ਼ੁਰੂ ਕੀਤੀ।
ਹੱਟੀ ਕਾਪੀ ਨੂੰ ਸਿਰਫ਼ ਪ੍ਰਚੂਨ ਆਊਟਲੈੱਟਸ ਤਕ ਹੀ ਸਫ਼ਲਤਾ ਨਹੀਂ ਮਿਲੀ, ਸਗੋਂ ਇਸ ਨੇ ਕਾਰਪੋਰੇਟ ਕੈਂਪਸਾਂ 'ਚ ਵੀ ਆਪਣੀ ਪਛਾਣ ਬਣਾਈ। ਸਾਲ 2014 'ਚ ਇਨਫੋਸਿਸ ਨੇ 'ਹੱਟੀ ਕਾਪੀ' ਨੂੰ ਆਪਣੇ ਕੈਂਪਸ 'ਚ ਜਗ੍ਹਾ ਦਿੱਤੀ। ਇਸ ਤੋਂ ਬਾਅਦ ਡੈਲੋਇਟ (Deloitte) ਅਤੇ SAP ਵਰਗੀਆਂ ਕੰਪਨੀਆਂ ਦੇ ਦਫ਼ਤਰਾਂ ਅਤੇ ਕੈਂਪਸਾਂ 'ਚ ਵੀ ਇਸ ਦੀ ਕੌਫੀ ਮਿਲਣ ਲੱਗੀ।
ਇਸ ਤੋਂ ਬਾਅਦ ਹਵਾਈ ਅੱਡੇ ਵੀ ਕੰਪਨੀ ਲਈ ਵੰਡ ਦੇ ਇੱਕ ਮਹੱਤਵਪੂਰਨ ਮਾਧਿਅਮ ਵਜੋਂ ਉਭਰੇ। ਫਿਰ ਕੰਪਨੀ ਨੇ ਹੌਸਪਿਟੈਲਿਟੀ ਸਪਲਾਈ ਦੇ ਖੇਤਰ 'ਚ ਵੀ ਕਦਮ ਰੱਖਿਆ, ਜਿੱਥੇ ਇਹ ਮੈਰੀਅਟ ਇੰਟਰਨੈਸ਼ਨਲ ਨਾਲ ਜੁੜੀਆਂ ਜਾਇਦਾਦਾਂ ਨੂੰ ਕੌਫੀ ਸਪਲਾਈ ਕਰ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਯੂਐੱਸ ਮਹਿੰਦਰ ਦੀ ਕੰਪਨੀ ਹੱਟੀ ਕਾਪੀ ਦੀ ਕੀਮਤ ਲਗਪਗ 180 ਕਰੋੜ ਰੁਪਏ ਹੋ ਗਈ ਹੈ। ਬੈਂਗਲੁਰੂ 'ਚ 5 ਰੁਪਏ ਦੇ ਪਹਿਲੇ ਕੱਪ ਤੋਂ ਸ਼ੁਰੂ ਹੋਏ ਇਸ ਕਾਰੋਬਾਰ ਨੇ ਇੱਕ ਅਜਿਹਾ ਬ੍ਰਾਂਡ ਖੜ੍ਹਾ ਕੀਤਾ ਹੈ, ਜੋ ਰਵਾਇਤੀ ਫਿਲਟਰ ਕੌਫੀ ਨੂੰ ਸੰਗਠਿਤ ਪ੍ਰਚੂਨ ਕਾਰੋਬਾਰ ਅਤੇ ਵੱਡੀਆਂ ਸੰਸਥਾਵਾਂ ਤੱਕ ਸਪਲਾਈ ਦੇ ਨੈੱਟਵਰਕ ਨਾਲ ਜੋੜਦਾ ਹੈ।