ਖੰਡ ਦੀ ਕਮੀ ਵਿਚਾਲੇ ਸਰਕਾਰ ਦਾ ਸਖ਼ਤ ਕਦਮ, ਗੰਨੇ ਦੇ ਰਸ ਤੇ B-Heavy ਸ਼ੀਰੇ ਤੋਂ ਐਥੇਨੌਲ ਬਣਾਉਣ 'ਤੇ ਲਾਈ ਰੋਕ
ਸਰਕਾਰ ਦਾ ਇਹ ਕਦਮ ਅਜਿਹੇ ਸਮੇਂ ਆਇਆ ਹੈ, ਜਦੋਂ ਦੇਸ਼ 'ਚ ਚੀਨੀ ਦੀ ਘਰੇਲੂ ਉਪਲਬਧਤਾ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਚੀਨੀ ਉਤਪਾਦਕ ਦੇਸ਼ਾਂ 'ਚ ਸ਼ਾਮਲ ਹੈ, ਪਰ ਇਸ ਦੇ ਬਾਵਜੂਦ ਪਿਛਲੇ ਚੀਨੀ ਸੀਜ਼ਨ 2025-26 ਦੌਰਾਨ ਵੀ ਕਮੀ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2026-27 'ਚ ਵੀ ਅਜਿਹੀ ਸਥਿਤੀ ਬਣਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
Publish Date: Fri, 23 Oct 2026 12:19 PM (IST)
Updated Date: Fri, 23 Oct 2026 12:21 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੇਸ਼ 'ਚ ਚੀਨੀ ਦੀ ਘਰੇਲੂ ਉਪਲਬਧਤਾ ਬਣਾਈ ਰੱਖਣ ਲਈ ਕੇਂਦਰ ਸਰਕਾਰ ਨੇ ਐਥੇਨੌਲ ਸਪਲਾਈ ਸਾਲ 2026-27 ਦੌਰਾਨ ਗੰਨੇ ਦੇ ਰਸ, ਸ਼ਰਬਤ ਅਤੇ ਬੀ-ਹੈਵੀ ਸ਼ੀਰੇ (B-Heavy Molasses) ਤੋਂ ਐਥੇਨੌਲ ਬਣਾਉਣ 'ਤੇ ਰੋਕ ਲਾ ਦਿੱਤੀ ਹੈ। ਖੁਰਾਕ ਮੰਤਰਾਲੇ ਨੇ ਵੀਰਵਾਰ ਨੂੰ ਸਾਰੀਆਂ ਖੰਡ ਮਿੱਲਾਂ ਅਤੇ ਡਿਸਟਿਲਰੀਆਂ ਨੂੰ ਪੱਤਰ ਲਿਖ ਕੇ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ। ਸਰਕਾਰ ਨੇ ਚੀਨੀ ਉਤਪਾਦਕ ਸੂਬਿਆਂ ਦੇ ਸਬੰਧਤ ਵਿਭਾਗਾਂ ਨੂੰ ਵੀ ਇਸ ਹੁਕਮ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਐਥੇਨੌਲ ਸਪਲਾਈ ਸਾਲ 2026-27 ਨਵੰਬਰ 2026 ਤੋਂ ਅਕਤੂਬਰ 2027 ਤੱਕ ਚੱਲੇਗਾ। ਮੰਤਰਾਲੇ ਮੁਤਾਬਕ, ਇਸ ਸਮੇਂ ਦੌਰਾਨ ਚੀਨੀ ਨੂੰ ਐਥੇਨੌਲ ਦੇ ਉਤਪਾਦਨ ਲਈ ਵਰਤਣ ਦੀ ਇਜਾਜ਼ਤ ਨਹੀਂ ਹੋਵੇਗੀ। ਸੂਬਿਆਂ ਦੇ ਆਬਕਾਰੀ ਵਿਭਾਗਾਂ ਨੂੰ ਕਿਹਾ ਗਿਆ ਹੈ ਕਿ ਉਹ ਸਬੰਧਤ ਇਕਾਈਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਨ ਅਤੇ ਨਿਗਰਾਨੀ ਰੱਖਣ, ਤਾਂ ਜੋ ਗੰਨੇ ਦੇ ਰਸ ਅਤੇ ਬੀ-ਹੈਵੀ ਸ਼ੀਰੇ ਤੋਂ ਐਥੇਨੌਲ ਦਾ ਉਤਪਾਦਨ ਨਾ ਹੋਵੇ।
ਚੀਨੀ ਦੀ ਕਮੀ ਕਾਰਨ ਲਿਆ ਗਿਆ ਫ਼ੈਸਲਾ
ਸਰਕਾਰ ਦਾ ਇਹ ਕਦਮ ਅਜਿਹੇ ਸਮੇਂ ਆਇਆ ਹੈ, ਜਦੋਂ ਦੇਸ਼ 'ਚ ਚੀਨੀ ਦੀ ਘਰੇਲੂ ਉਪਲਬਧਤਾ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਚੀਨੀ ਉਤਪਾਦਕ ਦੇਸ਼ਾਂ 'ਚ ਸ਼ਾਮਲ ਹੈ, ਪਰ ਇਸ ਦੇ ਬਾਵਜੂਦ ਪਿਛਲੇ ਚੀਨੀ ਸੀਜ਼ਨ 2025-26 ਦੌਰਾਨ ਵੀ ਕਮੀ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2026-27 'ਚ ਵੀ ਅਜਿਹੀ ਸਥਿਤੀ ਬਣਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਪਿਛਲੇ ਸੀਜ਼ਨ ਦੌਰਾਨ ਸਰਕਾਰ ਨੇ 15 ਲੱਖ ਟਨ ਚੀਨੀ ਦੀ ਬਰਾਮਦ ਦੀ ਇਜਾਜ਼ਤ ਦੇਣ ਤੋਂ ਬਾਅਦ ਇਸ 'ਤੇ ਰੋਕ ਲਾ ਦਿੱਤੀ ਸੀ। ਇਸ ਤੋਂ ਇਲਾਵਾ, ਅਗਸਤ 2026 'ਚ 10 ਲੱਖ ਟਨ ਕੱਚੀ ਚੀਨੀ ਦੇ ਡਿਊਟੀ-ਮੁਕਤ ਆਯਾਤ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ, ਇਸ ਲਈ ਲਗਪਗ 8 ਲੱਖ ਟਨ ਦੇ ਆਯਾਤ ਪਰਮਿਟ ਜਾਰੀ ਕੀਤੇ ਗਏ ਸਨ।
ਹੁਣ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (DGFT) ਨੇ ਇਨ੍ਹਾਂ ਆਯਾਤ ਪਰਮਿਟਾਂ ਦੀ ਮਿਆਦ 31 ਅਕਤੂਬਰ 2026 ਤੋਂ ਵਧਾ ਕੇ 31 ਦਸੰਬਰ 2026 ਕਰ ਦਿੱਤੀ ਹੈ। ਇਸ ਤਹਿਤ ਕੱਚੀ ਚੀਨੀ ਦੇ ਆਯਾਤ ਲਈ ਨਿਰਧਾਰਤ ਸਮਾਂ-ਸੀਮਾ ਵਧਾਈ ਗਈ ਹੈ, ਜਦਕਿ ਨੋਟੀਫਿਕੇਸ਼ਨ ਦੀਆਂ ਹੋਰ ਸ਼ਰਤਾਂ ਪਹਿਲਾਂ ਵਾਂਗ ਲਾਗੂ ਰਹਿਣਗੀਆਂ।
ਕਾਰੋਬਾਰੀਆਂ ਨੇ 3-4 ਲੱਖ ਟਨ ਦਾ ਆਯਾਤ ਕੋਟਾ ਛੱਡਿਆ
ਉਦਯੋਗ ਨਾਲ ਜੁੜੇ ਮੀਡੀਆ ਸੂਤਰਾਂ ਮੁਤਾਬਕ, ਘਰੇਲੂ ਬਾਜ਼ਾਰ 'ਚ ਚੀਨੀ ਦੀਆਂ ਕੀਮਤਾਂ ਘਟਣ ਤੋਂ ਬਾਅਦ ਆਯਾਤ ਦੀ ਲਾਗਤ ਅਤੇ ਘਰੇਲੂ ਬਾਜ਼ਾਰ ਦੀਆਂ ਕੀਮਤਾਂ ਵਿਚਲਾ ਫ਼ਰਕ ਘੱਟ ਹੋ ਗਿਆ ਹੈ। ਇਸ ਕਾਰਨ ਹੁਣ ਤੱਕ ਚੀਨੀ ਦਾ ਆਯਾਤ ਨਹੀਂ ਹੋ ਸਕਿਆ।
ਮੀਡੀਆ ਸੂਤਰਾਂ ਦਾ ਕਹਿਣਾ ਹੈ ਕਿ ਕਾਰੋਬਾਰੀਆਂ ਨੇ ਲਗਪਗ 3 ਤੋਂ 4 ਲੱਖ ਟਨ ਚੀਨੀ ਦਾ ਆਯਾਤ ਕੋਟਾ ਵਾਪਸ ਕਰ ਦਿੱਤਾ ਹੈ। ਹਾਲਾਂਕਿ, ਇਸ ਅੰਕੜੇ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਮਹਾਰਾਸ਼ਟਰ ਦੀਆਂ 70 ਮਿੱਲਾਂ 'ਚ ਗੰਨੇ ਦੀ ਪਿੜਾਈ ਸ਼ੁਰੂ
ਮਹਾਰਾਸ਼ਟਰ 'ਚ ਲਗਪਗ 70 ਖੰਡ ਮਿੱਲਾਂ ਨੇ ਘੱਟ ਰਿਕਵਰੀ ਦੇ ਬਾਵਜੂਦ ਗੰਨੇ ਦੀ ਪਿੜਾਈ ਸ਼ੁਰੂ ਕਰ ਦਿੱਤੀ ਹੈ। ਮੌਜੂਦਾ ਸੀਜ਼ਨ ਦੌਰਾਨ ਹੁਣ ਤੱਕ ਲਗਪਗ 1.25 ਲੱਖ ਟਨ ਚੀਨੀ ਦਾ ਉਤਪਾਦਨ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਮੀਡੀਆ ਰਿਪੋਰਟ ਮੁਤਾਬਕ, ਸਰਕਾਰ ਨੇ ਮਿੱਲਾਂ ਨੂੰ ਅਕਤੂਬਰ ਅਤੇ ਨਵੰਬਰ ਦੌਰਾਨ ਤਿਆਰ ਹੋਣ ਵਾਲੀ ਚੀਨੀ ਨੂੰ ਵੱਖਰੀ ਇਜਾਜ਼ਤ ਤੋਂ ਬਿਨਾਂ ਵੇਚਣ ਦੀ ਛੋਟ ਦਿੱਤੀ ਹੈ। ਇਹ ਮਾਤਰਾ ਉਨ੍ਹਾਂ ਦੇ ਨਿਯਮਤ ਮਹੀਨਾਵਾਰ ਵਿਕਰੀ ਕੋਟੇ ਤੋਂ ਵਾਧੂ ਹੋਵੇਗੀ।
ਹਾਲਾਂਕਿ, ਕਾਰੋਬਾਰੀਆਂ ਦਾ ਕਹਿਣਾ ਹੈ ਕਿ ਅਕਤੂਬਰ 'ਚ ਮਿੱਲਾਂ ਪਿਛਲੇ ਸੀਜ਼ਨ ਦੇ ਬਚੇ ਹੋਏ ਸਟਾਕ 'ਚੋਂ ਵੀ ਚੀਨੀ ਵੇਚ ਰਹੀਆਂ ਹਨ। ਪਿਛਲਾ ਚੀਨੀ ਸੀਜ਼ਨ 30 ਸਤੰਬਰ 2026 ਨੂੰ ਖ਼ਤਮ ਹੋਇਆ ਸੀ। ਉਸ ਸਮੇਂ ਦੇਸ਼ 'ਚ ਚੀਨੀ ਦਾ ਸ਼ੁਰੂਆਤੀ ਸਟਾਕ ਲਗਪਗ 32 ਤੋਂ 35 ਲੱਖ ਟਨ ਦੱਸਿਆ ਗਿਆ ਸੀ।
ਅਜਿਹੇ 'ਚ ਨਵੰਬਰ ਲਈ ਵਿਕਰੀ ਕੋਟਾ ਤੈਅ ਕਰਦੇ ਸਮੇਂ ਅਕਤੂਬਰ 'ਚ ਹੋਏ ਉਤਪਾਦਨ ਅਤੇ ਵਿਕਰੀ ਨੂੰ ਧਿਆਨ 'ਚ ਰੱਖਣਾ ਪਵੇਗਾ।
ਉੱਤਰ ਪ੍ਰਦੇਸ਼ 'ਚ ਗੰਨੇ ਦੀ ਪਿੜਾਈ ਸ਼ੁਰੂ ਹੋਣ 'ਚ ਦੇਰੀ
ਉੱਤਰ ਪ੍ਰਦੇਸ਼ 'ਚ ਗੰਨੇ ਦੀ ਪਿੜਾਈ ਸ਼ੁਰੂ ਹੋਣ 'ਚ ਦੇਰੀ ਵੀ ਚੀਨੀ ਦੀ ਸਪਲਾਈ ਨੂੰ ਲੈ ਕੇ ਚਿੰਤਾ ਵਧਾ ਰਹੀ ਹੈ। ਰਿਪੋਰਟ ਮੁਤਾਬਕ, ਕੁਝ ਮਿੱਲਾਂ ਗੰਨੇ ਤੋਂ ਚੀਨੀ ਦੀ ਰਿਕਵਰੀ 7 ਫ਼ੀਸਦੀ ਤੋਂ ਵੀ ਘੱਟ ਰਹਿਣ ਦੇ ਖ਼ਦਸ਼ੇ ਕਾਰਨ ਪਿੜਾਈ ਸ਼ੁਰੂ ਕਰਨ ਤੋਂ ਬਚ ਰਹੀਆਂ ਹਨ।
ਰਿਕਵਰੀ ਘੱਟ ਹੋਣ ਨਾਲ ਮਿੱਲਾਂ ਦੀ ਲਾਗਤ ਵਧ ਸਕਦੀ ਹੈ ਅਤੇ ਮੁਨਾਫ਼ੇ 'ਤੇ ਦਬਾਅ ਪੈ ਸਕਦਾ ਹੈ। ਸਰਕਾਰ ਮਿੱਲਾਂ ਨੂੰ ਪਿੜਾਈ ਸ਼ੁਰੂ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ, ਪਰ ਘੱਟ ਰਿਕਵਰੀ ਦੀ ਸੰਭਾਵਨਾ ਕਾਰਨ ਮਿੱਲ ਸੰਚਾਲਕ ਆਰਥਿਕ ਨੁਕਸਾਨ ਤੋਂ ਬਚਣ ਲਈ ਸਾਵਧਾਨੀ ਵਰਤ ਰਹੇ ਹਨ।
ਘਰੇਲੂ ਬਾਜ਼ਾਰ 'ਚ ਚੀਨੀ ਦੀ ਉਪਲਬਧਤਾ ਬਣਾਈ ਰੱਖਣ ਲਈ ਸਰਕਾਰ ਇੱਕ ਪਾਸੇ ਚੀਨੀ ਨੂੰ ਐਥੇਨੌਲ ਉਤਪਾਦਨ 'ਚ ਵਰਤਣ 'ਤੇ ਰੋਕ ਲਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕੱਚੀ ਚੀਨੀ ਦੇ ਆਯਾਤ ਦੀ ਸਮਾਂ-ਸੀਮਾ ਵਧਾ ਕੇ ਬਾਜ਼ਾਰ 'ਚ ਸਪਲਾਈ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।