₹10 ਹਜ਼ਾਰ ਕਿੱਲੋ ਵਾਲੀ ਚੀਜ਼ ਤੋਂ ਬਣੇਗਾ ਸੋਨਾ! ਇਸ ਕੰਪਨੀ ਦਾ ਵੱਡਾ ਦਾਅਵਾ, ਕੀ ਦੁਨੀਆ 'ਚ ਆਵੇਗਾ Gold ਦਾ ਹੜ੍ਹ?
2025 'ਚ ਯੂਰਪ ਦੀ ਪ੍ਰਮੁੱਖ ਵਿਗਿਆਨਕ ਸੰਸਥਾ CERN ਦੇ ਖੋਜਕਰਤਾਵਾਂ ਨੇ ਦੱਸਿਆ ਸੀ ਕਿ 'ਲਾਰਜ ਹੈਡ੍ਰੋਨ ਕੋਲਾਈਡਰ' 'ਚ ਕੀਤੇ ਗਏ ਪ੍ਰਯੋਗਾਂ ਦੌਰਾਨ ਉਨ੍ਹਾਂ ਨੇ ਬਹੁਤ ਘੱਟ ਮਾਤਰਾ 'ਚ ਸੋਨਾ ਤਿਆਰ ਕੀਤਾ। 2015 ਤੋਂ 2018 ਦਰਮਿਆਨ ਕੀਤੇ ਗਏ ਇਨ੍ਹਾਂ ਪ੍ਰਯੋਗਾਂ 'ਚ ਲਗਪਗ 29 ਪਿਕੋਗ੍ਰਾਮ ਸੋਨਾ ਬਣਿਆ, ਜੋ ਕਿ ਬਹੁਤ ਹੀ ਮਾਮੂਲੀ ਮਾਤਰਾ ਹੈ।
Publish Date: Mon, 26 Oct 2026 01:49 PM (IST)
Updated Date: Mon, 26 Oct 2026 02:19 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਅਜਿਹੇ 'ਚ ਜੇਕਰ ਪਾਰੇ (Mercury) ਤੋਂ ਸੋਨਾ ਬਣਾਉਣ ਦਾ ਤਰੀਕਾ ਸਫਲ ਹੋ ਜਾਂਦਾ ਹੈ, ਤਾਂ ਕੀ ਆਉਣ ਵਾਲੇ ਸਮੇਂ 'ਚ ਸੋਨਾ ਸਸਤਾ ਹੋ ਸਕਦਾ ਹੈ? ਵਿਗਿਆਨ ਦੀ ਦੁਨੀਆ ਤੋਂ ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਦਾਅਵਾ ਸਾਹਮਣੇ ਆਇਆ ਹੈ। ਸੈਨ ਫਰਾਂਸਿਸਕੋ ਦੀ ਇੱਕ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਨਿਊਕਲੀਅਰ ਫਿਊਜ਼ਨ ਤਕਨੀਕ ਦੀ ਮਦਦ ਨਾਲ ਪਾਰੇ ਨੂੰ ਸ਼ੁੱਧ ਸੋਨੇ 'ਚ ਬਦਲਣ 'ਚ ਸਫਲਤਾ ਹਾਸਲ ਕੀਤੀ ਹੈ। ਕੰਪਨੀ ਮੁਤਾਬਕ, ਸੋਨਾ ਬਣਾਉਣ ਦੀ ਉਸ ਦੀ ਦਰ 2025 'ਚ CERN ਵੱਲੋਂ ਦਰਜ ਕੀਤੇ ਗਏ ਰਿਕਾਰਡ ਨਾਲੋਂ 10 ਗੁਣਾ ਵੱਧ ਹੈ। ਹਾਲਾਂਕਿ, ਇਸ ਦਾਅਵੇ ਦੀ ਅਜੇ ਤੱਕ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
ਪਾਰੇ ਤੋਂ ਸੋਨਾ ਬਣਾਉਣ ਦਾ ਦਾਅਵਾ ਕਿਵੇਂ ਕੀਤਾ ਗਿਆ?
ਕੰਪਨੀ ਦਾ ਨਾਂ Marathon Fusion ਹੈ। ਅਮਰੀਕਾ ਦੇ ਇਸ ਸਟਾਰਟਅੱਪ ਨੇ ਇੱਕ ਵੱਡੀ ਵਿਗਿਆਨਕ ਉਪਲਬਧੀ ਦਾ ਦਾਅਵਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਨਿਊਕਲੀਅਰ ਫਿਊਜ਼ਨ ਤਕਨੀਕ ਦੀ ਵਰਤੋਂ ਕਰਕੇ ਪਾਰੇ ਨੂੰ ਸਥਿਰ ਸੋਨੇ 'ਚ ਬਦਲ ਦਿੱਤਾ ਹੈ। ਇਹ ਇੱਕ ਅਜਿਹਾ ਕਾਰਨਾਮਾ ਹੈ, ਜਿਸ ਨੂੰ ਸਦੀਆਂ ਪੁਰਾਣੀ 'ਕੀਮੀਆਗਿਰੀ' (Alchemy) ਦੀ ਖੋਜ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ। ਹਾਲਾਂਕਿ, ਕੰਪਨੀ ਦੇ ਇਨ੍ਹਾਂ ਦਾਅਵਿਆਂ ਦੀ ਅਜੇ ਤੱਕ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
ਸੈਨ ਫਰਾਂਸਿਸਕੋ ਸਥਿਤ 'ਮੈਰਾਥਨ ਫਿਊਜ਼ਨ' ਨੇ ਐਲਾਨ ਕੀਤਾ ਕਿ ਉਸ ਨੇ ਫਿਊਜ਼ਨ ਤੋਂ ਪੈਦਾ ਹੋਣ ਵਾਲੇ ਨਿਊਟ੍ਰੋਨ ਦੀ ਵਰਤੋਂ ਕਰਕੇ ਪਾਰੇ ਨੂੰ ਸੋਨੇ 'ਚ ਬਦਲ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਸੋਨਾ ਬਣਾਉਣ ਦੀ ਉਸ ਦੀ ਦਰ 2025 'ਚ CERN ਵੱਲੋਂ ਦੱਸੇ ਗਏ ਮਾਪਦੰਡ ਨਾਲੋਂ 10 ਗੁਣਾ ਵੱਧ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ 'ਚ ਸ਼ੁੱਧ ਤਰਲ ਪਾਰੇ (Liquid Mercury) ਦੀ ਆਮ ਕੀਮਤ ₹10,000 ਪ੍ਰਤੀ ਕਿਲੋਗ੍ਰਾਮ ਹੈ।
ਇਹ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ?
ਮੈਰਾਥਨ ਫਿਊਜ਼ਨ ਅਨੁਸਾਰ, ਇਹ ਪ੍ਰਕਿਰਿਆ 'ਨਿਊਕਲੀਅਰ ਟ੍ਰਾਂਸਮਿਊਟੇਸ਼ਨ' 'ਤੇ ਆਧਾਰਿਤ ਹੈ। ਇਹ ਇੱਕ ਅਜਿਹੀ ਤਕਨੀਕ ਹੈ, ਜਿਸ 'ਚ ਪਰਮਾਣੂ ਦੇ ਕੇਂਦਰਕ (Nucleus) 'ਚ ਬਦਲਾਅ ਕਰਕੇ ਇੱਕ ਤੱਤ ਨੂੰ ਦੂਜੇ ਤੱਤ 'ਚ ਬਦਲ ਦਿੱਤਾ ਜਾਂਦਾ ਹੈ। ਕੰਪਨੀ ਨੇ ਦੱਸਿਆ ਕਿ ਉਸ ਨੇ ਫਿਊਜ਼ਨ ਪ੍ਰਤੀਕਿਰਿਆਵਾਂ ਦੌਰਾਨ ਪੈਦਾ ਹੋਣ ਵਾਲੇ ਉੱਚ-ਊਰਜਾ ਵਾਲੇ ਨਿਊਟ੍ਰੋਨਾਂ ਦੇ ਸੰਪਰਕ 'ਚ ਮਰਕਰੀ-198 ਨੂੰ ਰੱਖਿਆ। ਇਸ ਨਾਲ ਮਰਕਰੀ-197 ਬਣਿਆ, ਜੋ ਇੱਕ ਰੇਡੀਓਐਕਟਿਵ ਆਈਸੋਟੋਪ ਹੈ ਅਤੇ ਅੰਤ 'ਚ ਟੁੱਟ ਕੇ ਸਥਿਰ ਗੋਲਡ-197 'ਚ ਬਦਲ ਜਾਂਦਾ ਹੈ।
ਪਰ ਇੱਥੇ ਕੋਈ ਆਮ ਰਸਾਇਣਕ ਪ੍ਰਕਿਰਿਆ ਨਹੀਂ ਹੁੰਦੀ। ਇਸ ਲਈ ਪਰਮਾਣੂ ਦੇ ਕੇਂਦਰ, ਯਾਨੀ ਨਿਊਕਲੀਅਸ 'ਚ ਬਦਲਾਅ ਕੀਤਾ ਜਾਂਦਾ ਹੈ। ਇਸ ਤਕਨੀਕ ਨੂੰ ਨਿਊਕਲੀਅਰ ਟ੍ਰਾਂਸਮਿਊਟੇਸ਼ਨ ਕਿਹਾ ਜਾਂਦਾ ਹੈ।
CERN ਦੇ ਰਿਕਾਰਡ ਨਾਲ ਇਸ ਦੀ ਤੁਲਨਾ ਕਿਵੇਂ ਕੀਤੀ ਜਾ ਸਕਦੀ ਹੈ?
2025 'ਚ ਯੂਰਪ ਦੀ ਪ੍ਰਮੁੱਖ ਵਿਗਿਆਨਕ ਸੰਸਥਾ CERN ਦੇ ਖੋਜਕਰਤਾਵਾਂ ਨੇ ਦੱਸਿਆ ਸੀ ਕਿ 'ਲਾਰਜ ਹੈਡ੍ਰੋਨ ਕੋਲਾਈਡਰ' 'ਚ ਕੀਤੇ ਗਏ ਪ੍ਰਯੋਗਾਂ ਦੌਰਾਨ ਉਨ੍ਹਾਂ ਨੇ ਬਹੁਤ ਘੱਟ ਮਾਤਰਾ 'ਚ ਸੋਨਾ ਤਿਆਰ ਕੀਤਾ। 2015 ਤੋਂ 2018 ਦਰਮਿਆਨ ਕੀਤੇ ਗਏ ਇਨ੍ਹਾਂ ਪ੍ਰਯੋਗਾਂ 'ਚ ਲਗਪਗ 29 ਪਿਕੋਗ੍ਰਾਮ ਸੋਨਾ ਬਣਿਆ, ਜੋ ਕਿ ਬਹੁਤ ਹੀ ਮਾਮੂਲੀ ਮਾਤਰਾ ਹੈ।
ਮੈਰਾਥਨ ਫਿਊਜ਼ਨ ਨੇ ਕਿਹਾ ਕਿ ਉਸ ਦੇ ਤਰੀਕੇ ਨਾਲ ਸੋਨੇ ਦੇ ਉਤਪਾਦਨ ਦੀ ਦਰ ਇਸ ਮਾਪਦੰਡ ਨਾਲੋਂ 10 ਗੁਣਾ ਵੱਧ ਰਹੀ। ਹਾਲਾਂਕਿ, ਕੰਪਨੀ ਨੇ ਤਿਆਰ ਕੀਤੇ ਗਏ ਸੋਨੇ ਦੀ ਮਾਤਰਾ, ਉਸ ਦੀ ਸ਼ੁੱਧਤਾ, ਸੋਨਾ ਪ੍ਰਾਪਤ ਕਰਨ ਦੀ ਕੁਸ਼ਲਤਾ ਜਾਂ ਇਸ ਪ੍ਰਕਿਰਿਆ ਦੀ ਲਾਗਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਕਾਰਨ ਇਸ ਦਾਅਵੇ ਦਾ ਸੁਤੰਤਰ ਮੁਲਾਂਕਣ ਕਰਨਾ ਮੁਸ਼ਕਲ ਹੋ ਗਿਆ ਹੈ।
— Marathon Fusion (@MarathonFusion) October 21, 2026
ਕੀ ਹੁਣ ਬਾਜ਼ਾਰ 'ਚ ਸਸਤਾ ਹੋ ਜਾਵੇਗਾ ਸੋਨਾ?
ਇਹੀ ਉਹ ਸਵਾਲ ਹੈ, ਜਿਸ 'ਤੇ ਨਿਵੇਸ਼ਕਾਂ ਅਤੇ ਸੋਨਾ ਖਰੀਦਣ ਵਾਲਿਆਂ ਦੀ ਨਜ਼ਰ ਰਹੇਗੀ। ਜੇਕਰ ਭਵਿੱਖ 'ਚ ਪ੍ਰਯੋਗਸ਼ਾਲਾ 'ਚ ਵੱਡੇ ਪੱਧਰ 'ਤੇ ਸੋਨਾ ਬਣਾਉਣਾ ਸੰਭਵ ਹੋ ਜਾਂਦਾ ਹੈ, ਤਾਂ ਇਸ ਦੀ ਸਪਲਾਈ 'ਤੇ ਅਸਰ ਪੈ ਸਕਦਾ ਹੈ। ਪਰ ਫਿਲਹਾਲ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਜਾਂ ਗਹਿਣੇ ਸਸਤੇ ਹੋਣ ਦਾ ਸਿੱਟਾ ਕੱਢਣਾ ਜਲਦਬਾਜ਼ੀ ਹੋਵੇਗੀ।
ਕੰਪਨੀ ਨੇ ਪਹਿਲਾਂ ਅਨੁਮਾਨ ਲਗਾਇਆ ਸੀ ਕਿ ਭਵਿੱਖ 'ਚ ਇੱਕ ਫਿਊਜ਼ਨ ਪਾਵਰ ਪਲਾਂਟ ਤੋਂ ਸਾਲਾਨਾ ਲਗਭਗ ਦੋ ਟਨ ਸੋਨਾ ਤਿਆਰ ਕੀਤਾ ਜਾ ਸਕਦਾ ਹੈ। ਇਹ ਅਜੇ ਸਿਰਫ਼ ਇੱਕ ਸਿਧਾਂਤਕ ਅਨੁਮਾਨ ਹੈ, ਨਾ ਕਿ ਵਪਾਰਕ ਉਤਪਾਦਨ ਦਾ ਸਬੂਤ। ਇਸ ਲਈ ਉੱਨਤ ਤਕਨੀਕ, ਵੱਡੇ ਨਿਵੇਸ਼ ਅਤੇ ਵਪਾਰਕ ਪੱਧਰ 'ਤੇ ਸਫਲ ਫਿਊਜ਼ਨ ਰਿਐਕਟਰਾਂ ਦੀ ਲੋੜ ਹੋਵੇਗੀ।